
ਇਸ ਫ਼ੈਸਲੇ ਨਾਲ ਚਰਚਾਵਾਂ ਛਿੜ ਪਈਆਂ ਕਿ ਹੁਣ ਚੋਣਾਂ ਦੀਆਂ ਹਵਾਵਾਂ ਦਾ ਰੁਖ਼ ਬਦਲ ਰਿਹਾ ਹੈ।
Arvind Kejriwal: ਜਦ ‘ਆਪ’ ਦੇ ਮੰਤਰੀ ਤੇ ਹੋਰਨਾਂ ਦੀ ਜ਼ਮਾਨਤ ਲਗਾਤਾਰ ਨਾਮਨਜ਼ੂਰ ਕੀਤੀ ਜਾ ਰਹੀ ਸੀ, ਉਥੇ ਸੁਪਰੀਮ ਕੋਰਟ ਦਾ ਫ਼ੈਸਲਾ ਈ.ਡੀ ਨੂੰ ਹੀ ਨਹੀਂ ਬਲਕਿ ਸੱਭ ਨੂੰ ਹੈਰਾਨ ਕਰ ਗਿਆ। ਈ.ਡੀ ਵਲੋਂ ਐਨ ਆਖ਼ਰੀ ਮੌਕੇ, ਇਕ ਹੋਰ ਦਲੀਲ ਵੀ ਦਾਖ਼ਲ ਕੀਤੀ ਗਈ ਪਰ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਅੰਤਰਮ ਜ਼ਮਾਨਤ ਮੰਜ਼ੂਰ ਕਰ ਕੇ ਅਤੇ ਚੋਣਾਂ ਵਿਚ ਅਪਣੀ ਪਾਰਟੀ ਵਾਸਤੇ ਪ੍ਰਚਾਰ ਕਰਨ ਦੀ ਇਜਾਜ਼ਤ ਦੇ ਕੇ ਈਡੀ ਨੂੰ ਦਰਸਾ ਦਿਤਾ ਕਿ ਉਹ ਹੁਣ ਚੋਣ ਪ੍ਰਚਾਰ ਵਿਚ ਵਿਰੋਧੀਆਂ ਵਾਸਤੇ ਔਕੜਾਂ ਖੜੀਆਂ ਕਰਦਾ ਸਾਫ਼ ਨਜ਼ਰ ਆ ਰਿਹਾ ਹੈ। ਇਸ ਫ਼ੈਸਲੇ ਨਾਲ ਚਰਚਾਵਾਂ ਛਿੜ ਪਈਆਂ ਕਿ ਹੁਣ ਚੋਣਾਂ ਦੀਆਂ ਹਵਾਵਾਂ ਦਾ ਰੁਖ਼ ਬਦਲ ਰਿਹਾ ਹੈ।
ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਨਾ ਸਿਰਫ਼ ਚੋਣ ਨਤੀਜੇ ਸਗੋਂ ਪੂਰੀ ਪਾਰਟੀ, ਚਰਚਾਵਾਂ ਤੇ ਅੰਦਾਜ਼ਿਆਂ ਦਾ ਮੁੱਖ ਕੇਂਦਰ ਬਣੀ ਹੋਈ ਸੀ। ਅਰਵਿੰਦ ਕੇਜਰੀਵਾਲ ਹੁਣ ਜੇਲ ਤੋਂ ਇਕ ਜ਼ਖ਼ਮੀ ਸ਼ੇਰ ਵਾਂਗ ਹੋਰ ਤਾਕਤ ਨਾਲ ਹੀ ਨਹੀਂ ਆਏ, ਸਗੋਂ ਉਹ ਹੁਣ ਇਸ ਜਾਣਕਾਰੀ ਨਾਲ ਲੈਸ ਹੋ ਕੇ ਆਏ ਹਨ ਕਿ ਉਨ੍ਹਾਂ ਨਾਲ ਉਨ੍ਹਾਂ ਦੀ ਅਪਣੀ ਪਾਰਟੀ ਵਿਚ ਕੌਣ ਕੌਣ ਖੜਾ ਹੈ।
Hemant Soren
ਉਨ੍ਹਾਂ ਨਾਲ ਜਿਸ ਤਰ੍ਹਾਂ ਪੂਰਾ ‘ਇੰਡੀਆ’ ਸੰਗਠਨ ਰਾਮ ਲੀਲਾ ਮੈਦਾਨ ਵਿਚ ਖੜਾ ਹੋਇਆ, ਏਨਾ ਹੇਮੰਤ ਸੋਰੇਨ ਨਾਲ ਨਹੀਂ ਸੀ ਖੜਾ ਹੋਇਆ। ਸਾਫ਼ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਕੱਦ ਰਾਸ਼ਟਰ ਪੱਧਰ ’ਤੇ ਕਿਥੇ ਪਹੁੰਚ ਗਿਆ ਹੈ। ਉਨ੍ਹਾਂ ਦੀ ਦਹਾੜ ਹੁਣ ਸਿਰਫ਼ ‘ਆਪ’ ਨੂੰ ਦਿੱਲੀ ਤੇ ਪੰਜਾਬ ਹੀ ਵਿਚ ਤਾਕਤਵਰ ਨਹੀਂ ਬਣਾਏਗੀ ਸਗੋਂ ਹੁਣ ਉਹ ਇੰਡੀਆ ਦੇ ਮੰਚਾਂ ’ਤੇ ਵਿਰੋਧੀਆਂ ਨੂੰ ਤਾਕਤਵਰ ਬਣਾਏਗੀ।
ਉਨ੍ਹਾਂ ਦੇ ਬਾਹਰ ਆਉਣ ਤੋਂ ਬਾਅਦ ਦੀਆਂ ਹੋਰ ਤਕਰੀਰਾਂ ਨੇ ਭਾਜਪਾ ਨੂੰ ਅਪਣੀ ਸਫ਼ਾਈ ਦੇਣ ਤੇ ਲਾ ਦਿਤਾ ਹੈ। ਹੁਣ ਉਹ ਅਪਣੀਆਂ ਗਰੰਟੀਆਂ ਦੇ ਕੇ ਫਿਰ ਵਿਰੋਧੀਆਂ ਨੂੰ ਸਿੱਧੀ ਚੁਨੌਤੀ ਦੇ ਰਹੇ ਹਨ। ਕੇਜਰੀਵਾਲ ਦੀ ਸਿਆਸੀ ਤਾਕਤ ਹੀ ਇਹ ਰਹੀ ਹੈ ਕਿ ਉਹ ਬੜੇ ਸ਼ਾਂਤ ਤੇ ਭੋਲੀ ਆਵਾਜ਼ ਵਿਚ ਇਕ ਧਮਾਕੇਦਾਰ ਬਿਆਨ ਦੇ ਜਾਂਦੇ ਹਨ ਜਿਸ ਦਾ ਬਾਕੀ ਸਿਆਸਤਦਾਨ ਮੁਕਾਬਲਾ ਨਹੀਂ ਕਰ ਸਕਦੇ।
Supreme Court
ਪਰ ਬਾਹਰ ਆਉਂਦੇ ਹੀ ਉਨ੍ਹਾਂ ਨੂੰ ਇਕ ਨਵੇਂ ਵਿਵਾਦ ਵਿਚ ਘਸੀਟ ਕੇ ਉਨ੍ਹਾਂ ਦੇ ਇਕ ‘ਲਾਪਤਾ ਰਾਜ ਸਭਾ’ ਮੈਂਬਰ ਦਾ ਨਾਂ ਵਰਤਿਆ ਜਾ ਰਿਹਾ ਹੈ। ਜਿਥੇ ਸੁਪ੍ਰੀਮ ਕੋਰਟ ਵਿਚ ਕੇਜਰੀਵਾਲ ਨੂੰ ਇਕ ਵੱਡੀ ਸਫ਼ਲਤਾ ਮਿਲੀ ਹੈ, ਉਥੇ ਇਸ ਨਵੇਂ ਵਿਵਾਦ ਨੂੰ, ਉਨ੍ਹਾਂ ਦੇ ਸਮਰਥਕ ਪਿਠ ਵਿਚ ਛੁਰਾ ਮਾਰਨ ਵਜੋਂ ਵੇਖਣਗੇ ਤੇ ਕੇਜਰੀਵਾਲ ਨੂੰ ਦਬਾਉਣ ਦੇ ਇਕ ਹੋਰ ਉਪਰਾਲੇ ਵਜੋਂ ਲਿਆ ਜਾਵੇਗਾ।
ਸਿਆਸਤਦਾਨ ਨੂੰ ਕੋਈ ਖ਼ਾਸ ਰਿਆਇਤ ਨਹੀਂ ਮਿਲਣੀ ਚਾਹੀਦੀ ਪਰ ਸਿਆਸਤਦਾਨ ਦੀ ਕਾਬਲੀਅਤ ਕਾਰਨ ਉਸ ਨੂੰ ਖ਼ਾਸ ਨਿਸ਼ਾਨਾ ਵੀ ਨਹੀਂ ਬਣਾਉਣਾ ਚਾਹੀਦਾ। ਚੋਣਾਂ ਦੇ ਸਿਖ਼ਰ ਤੇ ਅਰਵਿੰਦ ਕੇਜਰੀਵਾਲ ਨੂੰ ਐਸੇ ਵਿਵਾਦਤ ਮਸਲਿਆਂ ਨਾਲ ਕਾਬੂ ਕਰਨ ਨਾਲ ਸਾਫ਼ ਹੈ ਕਿ ਉਨ੍ਹਾਂ ਦੀ ਤਾਕਤ ਦਾ ਤੋੜ ਨਹੀਂ ਹੈ। ਪਰ ਅਜੇ ਅਗਲੇ 21 ਦਿਨ ਉਨ੍ਹਾਂ ਵਾਸਤੇ ਹੋਰ ਜ਼ਿਆਦਾ ਔਕੜਾਂ ਭਰਪੂਰ ਹੋ ਸਕਦੇ ਹਨ। ਜਿਥੇ ਆਮ ਪਾਰਟੀ ਦੇ ਸਾਰੇ ਲੀਡਰ ਤੇ ਵਰਕਰ ਅਪਣੇ ਮੁਖੀ ਨਾਲ ਖੜੇ ਰਹੇ, ਇਹ ਇਕ ਖ਼ਾਸ ਰਾਜ ਸਭਾ ਮੈਂਬਰ ਨੂੰ ਕਮਜ਼ੋਰ ਕੜੀ ਸਾਬਤ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਾਵੇਗੀ।
- ਨਿਮਰਤ ਕੌਰ