
ਜਿਨ੍ਹਾਂ ਲੋਕਾਂ ਤੋਂ ਕਦੇ ਵੋਟ ਮੰਗਦੇ ਸਨ, ਅੱਜ ਉਨ੍ਹਾਂ ਨੂੰ ਇਕ ਰੋਟੀ ਦੀ ਭੀਖ ਦੇ ਕੇ ਫ਼ੋਟੋ ਖਿਚਵਾਉਣ ਵਾਲੇ ਵਿਧਾਇਕਾਂ ...
ਹਰਿਆਣਾ ਤੋਂ ਇਕ ਵੀਡੀਉ ਸਾਹਮਣੇ ਆਈ ਹੈ ਜਿਥੇ ਇਕ ਹੜ੍ਹ ਪ੍ਰਭਾਵਤ ਮਹਿਲਾ ਵਲੋਂ ਜੇਜੇਪੀ ਦੇ ਇਕ ਐਮਐਲਏ ਨੂੰ ਥੱਪੜ ਮਾਰ ਦਿਤਾ ਗਿਆ। ਔਰਤ 37 ਸਾਲ ਤੋਂ ਬੰਨ੍ਹ ਕਾਰਨ ਹੋਈ ਬਰਬਾਦੀ ਤੇ ਜ਼ਿੰਦਗੀ ਦੀ ਤਬਾਹੀ ਕਾਰਨ ਕ੍ਰੋਧਿਤ ਸੀ ਤੇ ਐਮ.ਐਲ.ਏ. ਨੂੰ ਜ਼ਿੰਮੇਵਾਰ ਠਹਿਰਾ ਰਹੀ ਸੀ। ਵਿਧਾਇਕ ਮੁਤਾਬਕ ਇਹ ਸਿਰਫ਼ ਕੁਦਰਤ ਦੀ ਕ੍ਰੋਪੀ ਸਦਕਾ ਆਇਆ ਹੜ੍ਹ ਹੈ ਤੇ ਵਿਧਾਇਕ ਨੇ ਅਪਣਾ ਵਡੱਪਣ ਵਿਖਾਉਂਦੇ ਹੋਏੇ ਉਸ ਮਹਿਲਾ ਵਿਰੁਧ ਕੋਈ ਕਾਰਵਾਈ ਨਾ ਕਰਨ ਦਾ ਵੱਡੇ ਦਿਲ ਨਾਲ ਐਲਾਨ ਕੀਤਾ ਹੈ। ਹੁਣ ਸਾਡੇ ਤਾਕਤਵਰ ਸਿਆਸਤਦਾਨਾਂ ਵਾਸਤੇ ਕਿਸੇ ਨੂੰ ਮਾਫ਼ ਕਰਨਾ ਅਸਲ ਵਿਚ ਇਕ ਵੱਡੀ ਗੱਲ ਹੈ ਕਿਉਂਕਿ ਸਾਡੇ ਸਿਆਸਤਦਾਨ ਝੱਟ ਕਹਿ ਦੇਂਦੇ ਹਨ ਕਿ ਉਨ੍ਹਾਂ ਦੀ ਤਾਂ ਗ਼ਲਤੀ ਹੀ ਕੋਈ ਨਹੀਂ ਤੇ ਹਰ ਮਾੜਾ ਕੰਮ ਜਾਂ ਕਿਸੇ ਹੋਰ ਦੀ ਗ਼ਲਤੀ ਨੂੰ ਵੀ ਸਿਆਸੀ ਲੀਡਰਾਂ ਦੇ ਸਿਰ ਐਵੇਂ ਹੀ ਮੜ੍ਹ ਦਿਤਾ ਜਾਂਦਾ ਹੈ।
ਉਸ ਔਰਤ ਦਾ ਕ੍ਰੋਧ ਸਮਝ ਆਉਂਦਾ ਹੈ ਤੇ ਉਸ ਦਾ ਦਰਦ ਮਹਿਸੂਸ ਹੁੰਦਾ ਹੈ ਕਿਉਂਕਿ ਜੋ ਤਬਾਹੀ ਅਸੀ ਵੇਖ ਰਹੇ ਹਾਂ, ਉਸ ਦਾ ਅੰਦਾਜ਼ਾ ਸਾਡੇ ਸਿਆਸਤਦਾਨਾਂ ਨੂੰ ਰਿਹਾ ਹੀ ਨਹੀਂ। ਪੰਜਾਬ ਹੋਵੇ, ਹਰਿਆਣਾ ਹੋਵੇ, ਹਿਮਾਚਲ ਹੋਵੇ, ਸਾਡੇ ਸਿਆਸਤਦਾਨਾਂ ਨੂੰ ਇਸ ਕਹਿਰ ਵਿਚ ਸਿਰਫ਼ ਇਕ ਫ਼ੋਟੋ ਖਿਚਵਾਉਣ ਦਾ ਮੌਕਾ ਨਜ਼ਰ ਆ ਰਿਹਾ ਹੈ। ਇਕ ਐਮ.ਐਲ.ਏ. ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇੰਜ ਪੇਸ਼ ਕੀਤੀਆਂ ਜਾ ਰਹੀਆਂ ਹਨ ਜਿਵੇਂ ਉਹ ਹੜ੍ਹ ਵਿਚ ਇਕ ਸਫ਼ਾਈ ਕਰਮਚਾਰੀ ਵਾਂਗ ਕੰਮ ਕਰ ਰਿਹਾ ਹੋਵੇ ਜਦਕਿ ਛਪੀ ਹੋਈ ਤਸਵੀਰ ਦਰਸਾਉਂਦੀ ਹੈ ਕਿ ਉਹ ਸਿਰਫ਼ ਫ਼ੋਟੋ ਸ਼ੂਟ ਕਰਵਾ ਰਿਹਾ ਹੈ। ਜਿਹੜੇ ਸਿਆਸਤਦਾਨਾਂ ਤੇ ਅਫ਼ਸਰਾਂ ਨੇ ਕੰਮ ਕਰਨਾ ਹੈ, ਉਨ੍ਹਾਂ ਨੇ ਤਾਂ ਕਮਾਨ ਸੰਭਾਲੀ ਹੋਈ ਹੈ ਤੇ ਸਾਰੀ ਮਸ਼ੀਨਰੀ ਨੂੰ ਬਚਾਅ ਦੇ ਕੰਮਾਂ ’ਤੇ ਲਗਾਇਆ ਹੋਇਆ ਹੈ। ਪਰ ਜਿਹੜੇ ਵੀ ਜੇਜੇਪੀ ਦੇ ਇਸ ਸਿਆਸਤਦਾਨ ਵਾਂਗ ਕੰਮ ਕਰਨ ਦੀ ਬਜਾਏ ਵੋਟਾਂ ਵਾਸਤੇ ਲੋਕਾਂ ਨੂੰ ਇਸਤੇਮਾਲ ਕਰਨ ਵਿਚ ਲੱਗੇ ਹੋਏ ਹਨ, ਉਥੇ ਸ਼ਾਇਦ ਅਦਾਲਤ ਵੀ ਇਸ ਔਰਤ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਸ ਵਲੋਂ ਮਾਰੇ ਥੱਪੜ ਨੂੰ ਮੁਆਫ਼ ਕਰ ਦੇਵੇ।
ਸਾਡੇ ਸਿਆਸਤਦਾਨਾਂ ਨੂੰ ਜਿਹੜੀ ਗੱਲ ਸਮਝ ਨਹੀਂ ਆ ਰਹੀ, ਉਹ ਇਹ ਹੈ ਕਿ ਜਿਸ ਨੂੰ ਕੁਦਰਤ ਦਾ ਕਹਿਰ ਆਖਿਆ ਜਾ ਰਿਹਾ ਹੈ, ਉਸ ਨੂੰ ਟਾਲਿਆ ਜਾ ਸਕਦਾ ਸੀ। ਜੇ ਇਨ੍ਹਾਂ ਸਿਆਸਤਦਾਨਾਂ ਕੋਲ ਦੂਰ-ਅੰਦੇਸ਼ੀ ਵਾਲੀ ਸੋਚ ਹੁੰਦੀ ਤਾਂ ਦਰਿਆਵਾਂ ਦੀ ਸਫ਼ਾਈ, ਕੂੜੇ ਦੀ ਸੰਭਾਲ ਤੇ ਨਾਲਿਆਂ ਦੀ ਦੇਖ ਰੇਖ ਦਾ ਕੰਮ ਹੁਣ ਨਹੀਂ, ਬਹੁਤ ਪਹਿਲਾਂ ਕਰ ਚੁੱਕੇ ਹੁੰਦੇ। ਅੱਜ ਤੁਸੀ ਕਿਸੇ ਵੀ ਸਰਕਾਰੀ ਦਫ਼ਤਰ ਚਲੇ ਜਾਉ, ਪਾਣੀ ਇਕ ਛੋਟੀ ਬੋਤਲ ਵਿਚ ਮਿਲਦਾ ਹੈ ਜਿਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਧਰਤੀ ਤੇ ਬੋਝ ਬਣਾ ਦਿਤਾ ਜਾਂਦਾ ਹੈ। ਪਰ ਇਹ ਨਾ ਤਾਂ ਇਕ ਛੋਟਾ ਕਦਮ ਹੈ ਤੇ ਨਾ ਹੀ ਇਹ ਯੋਜਨਾਬਧ ਤਰੀਕੇ ਨਾਲ ਕੰਮ ਕਰਨ ਦੀ ਸੇਧ ਹੀ ਕਿਧਰੋਂ ਲੈ ਸਕਦੇ ਹਨ।
ਜਿਸ ਔਰਤ ਨੇ ਥੱਪੜ ਮਾਰਿਆ, ਉਸ ਵਰਗੇ ਅਨੇਕਾਂ ਲੋਕਾਂ ਦੇ ਘਰ ਤਬਾਹ ਹੋ ਗਏ ਹੋਣਗੇ। ਜ਼ਰੂਰੀ ਕਾਗ਼ਜ਼ਾਂ ਤੋਂ ਲੈ ਕੇ ਸਾਰੀ ਉਮਰ ਦੀਆਂ ਯਾਦਾਂ ਤੁਹਾਡੇ ਸਾਹਮਣੇ ਰੁੜ੍ਹ ਗਈਆਂ ਹਨ। ਇਕ ਆਮ ਇਨਸਾਨ ਪਾਈ ਪਾਈ ਜੋੜ ਕੇ ਅਪਣਾ ਘਰ ਬਣਾਉਂਦਾ ਹੈ ਤੇ ਜਦ ਬੜੀ ਮਿਹਨਤ ਨਾਲ ਕੀਤੀ ਕਮਾਈ ਨਾਲ ਇਕ ਘਰ ਬਣਦਾ ਹੈ, ਉਸ ਵਿਚ ਪੈਸੇ ਤੋਂ ਵੱਧ ਇਕ ਪ੍ਰਵਾਰ ਦੇ ਹਰ ਜੀਅ ਦੀਆਂ ਸਾਰੀਆਂ ਜ਼ਿੰਦਗੀਆਂ ਲਗੀਆਂ ਹੁੰਦੀਆਂ ਹਨ। ਪਰ ਟੈਕਸ ਦੇ ਪੈਸੇ ਤੇ ਐਸ਼ ਕਰਦਾ ਵਿਧਾਇਕ ਇਸ ਦਰਦ ਨੂੰ ਨਹੀਂ ਸਮਝ ਰਿਹਾ। ਉਸ ਵਾਸਤੇ ਤਾਂ ਇਹ ਸਿਰਫ਼ ਅਪਣੀ ਤਸਵੀਰ ਖਿਚਵਾਉਣ ਦਾ ਇਕ ਮੌਕਾ ਹੈ। ਜਿਨ੍ਹਾਂ ਲੋਕਾਂ ਤੋਂ ਕਦੇ ਵੋਟ ਮੰਗਦੇ ਸਨ, ਅੱਜ ਉਨ੍ਹਾਂ ਨੂੰ ਇਕ ਰੋਟੀ ਦੀ ਭੀਖ ਦੇ ਕੇ ਫ਼ੋਟੋ ਖਿਚਵਾਉਣ ਵਾਲੇ ਵਿਧਾਇਕਾਂ ਨਾਲ ਹੋਰ ਸਲੂਕ ਵੀ ਕੀ ਕੀਤਾ ਜਾਣਾ ਚਾਹੀਦਾ ਹੈ?
- ਨਿਮਰਤ ਕੌਰ