Editorial: ਵਾਤਾਵਰਣ ਦੀ ਅਣਦੇਖੀ ਤੋਂ ਖ਼ਤਰੇ ਹੀ ਖ਼ਤਰੇ...
Published : Jan 15, 2025, 1:01 pm IST
Updated : Jan 15, 2025, 1:01 pm IST
SHARE ARTICLE
Dangers from environmental neglect...
Dangers from environmental neglect...

ਸੱਭ ਤੋਂ ਵੱਧ ਕਹਿਰ ਲਾਸ ਏਂਜਲਸ ਵਰਗੀ ਸੁਪਨ-ਨਗਰੀ ਉੱਤੇ ਵਰਿਆ ਹੈ।

 

Editorial: ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਜੰਗਲਾਂ ਨੂੰ ਲੱਗੀਆਂ ਅੱਗਾਂ ਨੇ ਸ਼ਹਿਰੀ ਇਲਾਕਿਆਂ ਉੱਤੇ ਕਹਿਰ ਢਾਹੁਣਾ ਜਾਰੀ ਰੱਖਿਆ ਹੋਇਆ ਹੈ। ਸੱਭ ਤੋਂ ਵੱਧ ਕਹਿਰ ਲਾਸ ਏਂਜਲਸ ਵਰਗੀ ਸੁਪਨ-ਨਗਰੀ ਉੱਤੇ ਵਰਿਆ ਹੈ। ਇਸ ਮਹਾਂਨਗਰ ਅਤੇ ਇਸ ਦੇ ਉਪ-ਨਗਰਾਂ ਵਿਚ ਹਜ਼ਾਰਾਂ ਘਰ ਤੇ ਕਾਰੋਬਾਰੀ ਕੇਂਦਰ ਸੜ ਗਏ ਤੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਕੈਲੇਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਇਨ੍ਹਾਂ ਅਗਨੀ ਕਾਂਡਾਂ ਨੂੰ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਕੁਦਰਤੀ ਆਫ਼ਤ ਦਸਿਆ ਹੈ।

ਮੰਗਲਵਾਰ ਇਸ ਆਫ਼ਤ ਦਾ ਸਤਵਾਂ ਦਿਨ ਸੀ ਅਤੇ ਉਸ ਦਿਨ ਵੀ ਦੋ ਇਲਾਕਿਆਂ ਵਿਚ ਅੱਗਾਂ ਜਾਰੀ ਸਨ। ਮੀਡੀਆ ਰਿਪੋਰਟਾਂ ਅਨੁਸਾਰ ਤਿੰਨ ਦੇਸ਼ਾਂ - ਅਮਰੀਕਾ, ਕੈਨੇਡਾ ਤੇ ਮੈਕਸਿਕੋ ਦੇ ਅੱਗ-ਬੁਝਾਊ ਅਮਲੇ ਦੇ ਅਣਥੱਕ ਯਤਨਾਂ ਦੇ ਬਾਵਜੂਦ ਇਸ ਆਫ਼ਤ ਦਾ ਅੰਤ ਅਜੇ ਨੇੜੇ ਨਹੀਂ ਜਾਪਦਾ ਕਿਉਂਕਿ ਅਗਲੇ ਦੋ ਦਿਨਾਂ ਦੌਰਾਨ ਬਹੁਤ ਤੇਜ਼ ਹਵਾਵਾਂ ਚੱਲਣ ਦੀਆਂ ਪੇਸ਼ੀਨਗੋਈਆਂ ਹਨ। ਇਹ ਹਵਾਵਾਂ ਅੱਗਾਂ ਦਾ ਰੁਖ਼ ਕਿਹੜੇ ਪਾਸੇ ਮੋੜ ਦੇਣਗੀਆਂ, ਇਸ ਦਾ ਅਜੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅਧਿਕਾਰਤ ਅੰਕੜਿਆਂ ਦੌਰਾਨ 12300 ਤੋਂ ਵੱਧ ਇਮਾਰਤੀ ਢਾਂਚੇ ਸੋਮਵਾਰ ਸ਼ਾਮ ਤਕ ਅੱਗਾਂ ਕਾਰਨ ਤਬਾਹ ਹੋ ਚੁੱਕੇ ਸਨ।

70 ਹਜ਼ਾਰ ਏਕੜ ਤੋਂ ਵੱਧ ਰਕਬੇ ਵਿਚ ਵਣ-ਬੂਟੇ ਪੂਰੀ ਤਰ੍ਹਾਂ ਝੁਲਸ ਚੁੱਕੇ ਸਨ ਅਤੇ ਸੜ ਮਰਨ ਜਾਂ ਧੂੰਏਂ ਕਾਰਨ ਸਾਹ ਘੁੱਟਣ ਕਰ ਕੇ ਮਰਨ ਵਾਲੇ ਪਸ਼ੂ-ਪੰਛੀਆਂ ਦੀ ਤਾਦਾਦ ਹਜ਼ਾਰਾਂ ਵਿਚ ਸੀ। ਅਜਿਹੇ ਵਿਆਪਕ ਅਗਨੀ ਕਾਂਡਾਂ ਤੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਪੰਜ ਸੂਬਿਆਂ ਵਿਚ ਜ਼ਬਰਦਸਤ ਬਰਫ਼ੀਲਾ ਤੂਫ਼ਾਨ ਆਇਆ। ਪੱਛਮੀ ਤੋਂ ਪੂਰਬੀ-ਸਾਹਿਲ ਵਲ ਚਲੇ ਇਸ ਬਰਫ਼ਾਨੀ ਤੂਫ਼ਾਨ ਨੇ ਫਲੋਰਿਡਾ ਤੇ ਟੈਕਸਾਸ ਵਰਗੇ ਖ਼ੁਸ਼ਕ ਸੂਬਿਆਂ ਨੂੰ ਬਰਫ਼ਾਂ ਨਾਲ ਢੱਕ ਦਿਤਾ ਸੀ। ਇਨ੍ਹਾਂ ਦੋਵਾਂ ਰਾਜਾਂ ਵਿਚ ਅਜਿਹੇ ਮੌਸਮ ਲਈ ਆਮ ਲੋਕ ਤਿਆਰ ਨਹੀਂ ਸਨ।

ਲਿਹਾਜ਼ਾ, 21 ਮੌਤਾਂ ਹੋਣ ਤੋਂ ਇਲਾਵਾ ਸੈਂਕੜੇ ਬਿਮਾਰ ਲੋਕਾਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਉਣਾ ਪਿਆ ਸੀ। ਜੇਕਰ ਵਾਤਾਵਰਣ ਵਿਗਾੜਾਂ ਤੋਂ ਉਪਜੀਆਂ ਕੁਦਰਤੀ ਆਫ਼ਤਾਂ ਕਾਰਨ ਅਮਰੀਕਾ ਵਰਗੇ ਧਨਾਢ ਮੁਲਕ ਦਾ ਇਸ ਕਿਸਮ ਦਾ ਨੁਕਸਾਨ ਹੋ ਰਿਹਾ ਹੈ ਤਾਂ ਬਾਕੀ ਦੁਨੀਆਂ ਨੂੰ ਕਿਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। 

ਮੌਸਮ ਵਿਗਿਆਨੀ ਇਕ-ਮੱਤ ਹਨ ਕਿ ਸਾਲ 2024 ਦੁਨੀਆਂ ਦਾ ਸੱਭ ਤੋਂ ਵੱਧ ਗਰਮ ਸਾਲ ਸੀ। ਯੂਰੋਪੀਅਨ ਯੂਨੀਅਨ (ਈ.ਯੂ) ਦੀ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ (ਸੀ.ਸੀ.ਸੀ.ਐੱਸ) ਮੁਤਾਬਿਕ ਇਸ ਸਾਲ ਆਲਮੀ ਪੱਧਰ ’ਤੇ ਤਾਪਮਾਨ 1.6 ਡਿਗਰੀ ਸੈਲਸੀਅਸ ਤਕ ਵਧਿਆ। ਇਹ ਤਾਪਮਾਨ 2023 ਦੌਰਾਨ ਵਧੇ ਤਾਪਮਾਨ ਤੋਂ 0.1 ਡਿਗਰੀ ਸੈਲਸੀਅਸ ਵੱਧ ਸੀ।

ਤਪਸ਼ ਦੇ ਵਾਧੇ ਦੀ ਉਪਰੋਕਤ ਦਰ ਦਰਸਾਉਂਦੀ ਹੈ ਕਿ ਸਾਡੇ ਜਹਾਨ ਨੇ ਵਾਤਾਵਰਣ ਵਿਚ ਤਬਦੀਲੀਆਂ ਬਾਰੇ ਭਵਿੱਖਬਾਣੀਆਂ ਤੇ ਚਿਤਾਵਨੀਆਂ ਉੱਤੇ ਤਨਦੇਹੀ ਨਾਲ ਗੌਰ ਨਹੀਂ ਕੀਤਾ। ਅਜਿਹੀ ਅਣਦੇਖੀ ਹੁਣ ਵੀ ਜਾਰੀ ਹੈ। ਅਮਰੀਕਾ ਮੌਸਮੀ ਅੱਗਾਂ ਨਾਲ ਜੂਝ ਰਿਹਾ ਹੈ ਪਰ ਹੋਰ ਧਨਾਢ ਜਾਂ ਵਿਕਸਿਤ ਮੁਲਕ ਅਜਿਹੀਆਂ ਹੀ ਆਫ਼ਤਾਂ ਤੋਂ ਬਚਣ ਲਈ ਲੋੜੀਂਦੀਆਂ ਪੇਸ਼ਬੰਦੀਆਂ ਕਰਨ ਤੋਂ ਅਜੇ ਵੀ ਇਨਕਾਰੀ ਹਨ।

ਸਿਰਫ਼ ਅੱਜ ਬਾਰੇ ਸੋਚਿਆ ਜਾ ਰਿਹਾ ਹੈ, ਭਲਕ ਬਾਰੇ ਨਹੀਂ। ਇਹ ਕਿਆਮਤ ਨੂੰ ਖ਼ੁਦ ਹੀ ਸੱਦਾ ਦੇਣ ਵਾਲਾ ਰਵੱਈਆ ਹੈ। ਅੱਠ ਵਰ੍ਹੇ ਪਹਿਲਾਂ ਪੈਰਿਸ ਕਨਵੈਨਸ਼ਨ ਨੇ ਸਾਲ 2030 ਤਕ ਆਲਮੀ ਤਪਸ਼ ਵਿਚ ਵਾਧਾ 2 ਫ਼ੀ ਸਦੀ ਤੋਂ ਜ਼ਿਆਦਾ ਨਾ ਰਹਿਣ ਦਾ ਟੀਚਾ ਤੈਅ ਕੀਤਾ ਸੀ, ਪਰ ਜਿਸ ਹਿਸਾਬ ਨਾਲ ਇਹ ਤਪਸ਼ ਵੱਧ ਰਹੀ ਹੈ, ਉਸ ਦੇ ਮੱਦੇਨਜ਼ਰ ਉਪ੍ਰੋਕਤ ਵਾਧਾ 3 ਫ਼ੀਸਦੀ ਤੋਂ ਘੱਟ ਨਹੀਂ ਰਹਿਣ ਵਾਲਾ।

ਇਸ ਵਾਧੇ ਤੋਂ ਭਾਵ ਹੈ ਕਿ ਮਨੁੱਖੀ ਵਸੋਂ ਵਾਲੀ ਧਰਤੀ ਦਾ 7 ਫ਼ੀ ਸਦੀ ਹੋਰ ਹਿੱਸਾ ਅਗਲੇ ਕੁੱਝ ਵਰਿ੍ਹਆਂ ਦੌਰਾਨ ਸਮੁੰਦਰੀ ਪਾਣੀਆਂ ਹੇਠ ਆ ਸਕਦਾ ਹੈ। ਪਹਿਲਾਂ ਹੀ ਚਾਰ ਮਹਾਂਸਾਗਰਾਂ ਅੰਦਰਲੇ 230 ਟਾਪੂ, ਪਾਣੀ ਹੇਠ ਆ ਚੁੱਕੇ ਹਨ। ਇਨ੍ਹਾਂ ਵਿਚੋਂ 21 ਮਨੁੱਖੀ ਵਸੋਂ ਵਾਲੇ ਸਨ। 

ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂ.ਐਨ.ਈ.ਪੀ.) ਵਲੋਂ ਕਰਵਾਏ ਇਕ ਅਧਿਐਨ ਮੁਤਾਬਿਕ ਜੇਕਰ ਅਸੀ ਆਲਮੀ ਤਪਸ਼ ਦੇ ਪੈਰਿਸ ਕਨਵੈਨਸ਼ਨ ਵਲੋਂ ਨਿਰਧਾਰਤ ਟੀਚੇ ਨੂੰ ਸੰਭਵ ਬਣਾਉਣਾ ਹੈ ਤਾਂ ਅਗਲੇ 10 ਵਰਿ੍ਹਆਂ ਦੌਰਾਨ ਸਾਨੂੰ ਤਾਪਮਾਨ ਦਾ ਇਜ਼ਾਫ਼ਾ ਸਖ਼ਤੀ ਨਾਲ ਰੋਕਣਾ ਹੋਵੇਗਾ। ਅਜਿਹਾ ਕਰਨ ਵਾਸਤੇ ਫ਼ਿਜ਼ਾ ਵਿਚ ਕਾਰਬਨ ਛੱਡਣ ਦੀ ਦਰ ਹਰ ਸਾਲ ਘੱਟੋ ਘੱਟ 42 ਫ਼ੀ ਸਦੀ ਘਟਾਉਣਾ ਸਾਡਾ ਮੁੱਖ ਕਰਤੱਵ ਹੋਣਾ ਚਾਹੀਦਾ ਹੈ। ਇਸ ਕਰਤੱਵ ਦੀ ਪੂਰੀ ਹਿੱਤ ਮੋਟਰ ਵਾਹਨਾਂ ਦੀ ਸੰਖਿਆ ਘਟਾਈ ਜਾਣੀ ਚਾਹੀਦੀ ਹੈ।

ਇਹੋ ਰਣਨੀਤੀ ਉਸਾਰੀਆਂ, ਖ਼ਾਸ ਕਰ ਕੇ ਸੜਕਾਂ-ਪੁਲਾਂ-ਸ਼ਾਹਰਾਹਾਂ ਦੀ ਉਸਾਰੀ ਦੇ ਮਾਮਲੇ ਵਿਚ ਅਪਣਾਈ ਜਾਣੀ ਚਾਹੀਦੀ ਹੈ। ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਂਟਾਂ ਉਪਰ ਨਿਰਭਰਤਾ ਘਟਾਉਣ ਦੇ ਹੀਲੇ ਵੀ ਪੂਰੀ ਸੰਜੀਦਗੀ ਨਾਲ ਕੀਤੇ ਜਾਣੇ ਚਾਹੀਦੇ ਹਨ।

ਜੰਗਲਾਂ ਦੀ ਕਟਾਈ ਸਖ਼ਤੀ ਨਾਲ ਰੋਕਣੀ ਚਾਹੀਦੀ ਹੈ। ਅਜਿਹੀ ਕਟਾਈ ਦੀ ਭਰਪਾਈ ਘਰਾਂ-ਪਾਰਕਾਂ ਵਿਚ ਸਜਾਵਟੀ ਬੂਟੇ ਲਾ ਕੇ ਨਹੀਂ ਕੀਤੀ ਜਾ ਸਕਦੀ। ਯੂ.ਕੇ. ਦੇ ਮੌਸਮ ਦਫ਼ਤਰ ਦਾ ਕਹਿਣਾ ਹੈ ਕਿ 2025 ਲਗਾਤਾਰ ਤੀਜਾ ਸੱਭ ਤੋਂ ਗਰਮ ਵਰ੍ਹਾ ਹੋਵੇਗਾ। ਇਸ ਅਨੁਮਾਨ ਨੂੰ ਗ਼ਲਤ ਸਾਬਤ ਕਰਨ ਦੇ ਉਪਾਅ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਹੋ ਜਾਣੇ ਚਾਹੀਦੇ ਹਨ। ਇਹਦੇ ਵਿਚ ਹੀ ਇਨਸਾਨੀ ਨਸਲ ਦਾ ਵੀ ਭਲਾ ਹੈ ਅਤੇ ਸੈਂਕੜੇ ਹੋਰ ਜੀਵ ਜਾਤੀਆਂ ਦਾ ਵੀ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement