
Editorial: ਜੰਮੂ ਖਿੱਤੇ ਵਿਚ ਕੰਟਰੋਲ ਰੇਖਾ (ਐਲ.ਓ.ਸੀ.) ’ਤੇ ਗੋਲੀਬੰਦੀ ਬਰਕਰਾਰ ਰਹਿਣ ਬਾਰੇ ਭਾਰਤੀ ਥਲ ਸੈਨਾ ਦਾ ਐਲਾਨ ਸਵਾਗਤਯੋਗ
ਜੰਮੂ ਖਿੱਤੇ ਵਿਚ ਕੰਟਰੋਲ ਰੇਖਾ (ਐਲ.ਓ.ਸੀ.) ’ਤੇ ਗੋਲੀਬੰਦੀ ਬਰਕਰਾਰ ਰਹਿਣ ਬਾਰੇ ਭਾਰਤੀ ਥਲ ਸੈਨਾ ਦਾ ਐਲਾਨ ਸਵਾਗਤਯੋਗ ਹੈ। ਬੁੱਧਵਾਰ ਨੂੰ ਪੁਣਛ ਜ਼ਿਲ੍ਹੇ ਦੇ ਪਿੰਡ ਤਾਰਕੁੰਡੀ ਨੇੜੇ ਕੰਟਰੋਲ ਰੇਖਾ ਦੇ ਪਾਰੋਂ ਗੋਲੀਬਾਰੀ ਹੋਣ ਅਤੇ ਭਾਰਤੀ ਸੈਨਾ ਵਲੋਂ ਇਸ ਦਾ ਜਵਾਬ ਦਿੱਤੇ ਜਾਣ ਮਗਰੋਂ ਇਹ ਖ਼ਦਸ਼ੇ ਉੱਭਰ ਆਏ ਸਨ ਕਿ ਹੋਰਨਾਂ ਸੈਕਟਰਾਂ ਵਿਚ ਵੀ ਗੋਲੀਬੰਦੀ ਦਾ ਸਿਲਸਿਲਾ ਭੰਗ ਹੋ ਸਕਦਾ ਹੈ। ਪਰ ਭਾਰਤੀ ਥਲ ਸੈਨਾ ਨੇ ਵੀਰਵਾਰ ਨੂੰ ਇਕ ਸੰਖੇਪ ਜਹੀ ਪ੍ਰੈੱਸ ਰਿਲੀਜ਼ ਰਾਹੀਂ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ ਵਾਲੇ ਪਾਸਿਉਂ 10-15 ਗੋਲੀਆਂ ਆਉਣ ’ਤੇ ਭਾਰਤੀ ਫ਼ੌਜ ਨੇ ਵੀ ਇਸ ਦਾ ਜਵਾਬ ਦਿੱਤਾ ਸੀ।
ਇਹ ਜਵਾਬ ਪਾਕਿਸਤਾਨੀ ਫ਼ਾਇਰਿੰਗ ਦੇ ਅਨੁਪਾਤ ਵਿਚ ਹੀ ਸੀ। ਦੁਵੱਲੀ ਗੋਲੀਬਾਰੀ 15 ਕੁ ਮਿੰਟ ਜਾਰੀ ਰਹੀ ਅਤੇ ਫਿਰ ਅਮਨ-ਚੈਨ ਪਰਤ ਆਇਆ। ਥਲ ਸੈਨਾ ਦੀ ਇਸ ਰਿਲੀਜ਼ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਸਨਸਨੀਖੇਜ਼ ਦਾਅਵੇ ਕੀਤੇ ਗਏ ਸਨ ਕਿ ਭਾਰਤ ਦੀ ਜਵਾਬੀ ਕਾਰਵਾਈ ਕਾਰਨ ਪਾਕਿਸਤਾਨੀ ਪਾਸੇ ਭਰਵਾਂ ਨੁਕਸਾਨ ਹੋਇਆ ਹੈ। ਅਜਿਹੀਆਂ ਮੀਡੀਆ ਰਿਪੋਰਟਾਂ ਤੇ ਸੋਸ਼ਲ ਮੀਡੀਆ ਪੋਸਟਾਂ ਦੇ ਪ੍ਰਸੰਗ ਵਿਚ ਥਲ ਸੈਨਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਾਕਿਸਤਾਨੀ ਪਾਸੇ ਹੋਏ ਕਿਸੇ ਨੁਕਸਾਨ ਦੀ ਪੁਸ਼ਟੀ ਨਹੀਂ ਕਰ ਸਕਦੀ ਅਤੇ ਨਾ ਹੀ ਉਸ ਨੇ ਨੁਕਸਾਨ ਸਬੰਧੀ ਕੋਈ ਦਾਅਵਾ ਅਧਿਕਾਰਤ ਤੌਰ ’ਤੇ ਕੀਤਾ ਹੈ। ਥਲ ਸੈਨਾ ਦੇ ਇਸ ਸਪੱਸ਼ਟੀਕਰਨ ਮਗਰੋਂ ਭਾਰਤੀ ਮੀਡੀਆ ਅੰਦਰਲੇ ਅੰਧਰਾਸ਼ਟਰੀ ਹਲਕਿਆਂ ਦੀ ਜੰਗਬਾਜ਼ਾਨਾ ਸੁਰ ਮੱਠੀ ਪੈ ਜਾਣੀ ਚਾਹੀਦੀ ਹੈ।
ਇਹ ਸੁਰ, ਦਰਅਸਲ, ਪਾਕਿਸਤਾਨ-ਆਧਾਰਿਤ ਦਹਿਸ਼ਤੀ ਗੁੱਟ ਜੈਸ਼-ਇ-ਮੁਹੰਮਦ ਦੀ ਇਕਾਈ ਪੀ.ਏ.ਐਫ਼.ਐਫ਼. (ਪੀਪਲਜ਼ ਐਂਟੀ-ਫਾਸਿਸਟ ਫਰੰਟ) ਦੇ ਵੀਰਵਾਰ ਦੇ ਇਸ ਦਾਅਵੇ ਕਾਰਨ ਇਕ ਵਾਰ ਫਿਰ ਤਿੱਖੀ ਹੋ ਗਈ ਸੀ ਕਿ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਵਿਚ ਮੰਗਲਵਾਰ ਨੂੰ ਭਾਰਤੀ ਕੈਪਟਨ ਸਮੇਤ ਦੋ ਫ਼ੌਜੀ ਅਫ਼ਸਰਾਂ ਦੀਆਂ ਜਾਨਾਂ ਲੈਣ ਵਾਲਾ ਬੰਬ ਧਮਾਕਾ ਉਸ ਨੇ ਕੀਤਾ ਸੀ। ਭਾਰਤੀ ਥਲ ਸੈਨਾ ਨੇ ਇਸ ਦਾਅਵੇ ਬਾਰੇ ਕੋਈ ਸਿੱਧੀ ਟਿੱਪਣੀ ਤੋਂ ਪਰਹੇਜ਼ ਕਰਦਿਆਂ ਸਿਰਫ਼ ਏਨਾ ਹੀ ਕਿਹਾ ਹੈ ਕਿ ਕੰਟਰੋਲ ਰੇਖਾ ਨੇੜੇ ਅਜਿਹੀਆਂ ਘਟਨਾਵਾਂ ਰੋਕਣੀਆਂ ਜਾਂ ਟਾਲਣੀਆਂ ਆਸਾਨ ਕਾਰਜ ਨਹੀਂ। ਅਗਲੇਰੇ ਇਲਾਕਿਆਂ ਵਿਚ ਗ਼ਸ਼ਤ ਦੌਰਾਨ ਕਦੇ-ਕਦਾਈਂ ਅਣਸੁਖਾਵੀਂ ਘਟਨਾ ਵਾਪਰਦੀ ਰਹਿੰਦੀ ਹੈ।
ਇਸੇ ਲਈ ਗਸ਼ਤ ਕਰਨ ਵਾਲੀਆਂ ਪਾਰਟੀਆਂ ਨੂੰ ਇਹ ਪੱਕੀ ਹਦਾਇਤ ਹੈ ਕਿ ਉਹ ਕੰਟਰੋਲ ਰੇਖਾ ਦੇ ਨਾਲ-ਨਾਲ ਵਿਛੀਆਂ ਬਾਰੂਦੀ ਸੁਰੰਗਾਂ ਜਾਂ ਅਣਚੱਲੇ ਬੰਬਾਂ-ਗ੍ਰੇਨੇਡਾਂ ਆਦਿ ਦੀ ਮੌਜੂਦਗੀ ਪ੍ਰਤੀ ਚੌਕਸ ਰਹਿਣ। ਗਸ਼ਤੀ ਟੋਲੀਆਂ ਨੂੰ ਬਾਰੂਦੀ ਸੁਰੰਗਾਂ ਦੀ ਟੋਹ ਲਾਉਣ ਵਾਲੇ ਉਪਕਰਣ ਵੀ ਇਸੇ ਉਦੇਸ਼ ਹਿੱਤ ਪ੍ਰਦਾਨ ਕੀਤੇ ਜਾ ਚੁੱਕੇ ਹਨ। ਅਜਿਹੀਆਂ ਪੇਸ਼ਬੰਦੀਆਂ ਦੇ ਬਾਵਜੂਦ ਦੁਖਾਂਤ ਨਾ ਵਾਪਰਨੇ ਸੌ ਫ਼ੀਸਦੀ ਯਕੀਨੀ ਨਹੀਂ ਬਣਾਏ ਜਾ ਸਕਦੇ। ਜ਼ਿਕਰਯੋਗ ਹੈ ਕਿ ਅਖਨੂਰ ਸੈਕਟਰ ਵਾਲੇ ਧਮਾਕੇ ਵਿਚ ਦੋ ਭਾਰਤੀ ਸੈਨਿਕਾਂ ਦੀਆਂ ਮੌਤਾਂ ਬਾਰੇ ਪਾਕਿਸਤਾਨੀ ਮੀਡੀਆ ਦਾ ਰੁਖ਼ ਵੀ ਦਹਿਸ਼ਤੀਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਨਹੀਂ ਰਿਹਾ ਬਲਕਿ ਦੋ ਪ੍ਰਮੁਖ ਅੰਗਰੇਜ਼ੀ ਅਖ਼ਬਾਰਾਂ ਨੇ ਇਸ ਘਟਨਾ ’ਤੇ ਇਸ ਗੱਲੋਂ ਚਿੰਤਾ ਪ੍ਰਗਟਾਈ ਕਿ ਅਜਿਹੇ ਵਾਕਿਆਤ ਕੌਮਾਂਤਰੀ ਸਰਹੱਦ ਜਾਂ ਕੰਟਰੋਲ ਰੇਖਾ ਉੱਤੇ ਅਮਨ-ਚੈਨ ਲਈ ਖ਼ਤਰਾ ਖੜ੍ਹਾ ਕਰ ਸਕਦੇ ਹਨ। ਇਸੇ ਤਰ੍ਹਾਂ ਪੁਣਛ ਜ਼ਿਲ੍ਹੇ ਦੇ ਤਾਰਕੁੰਡੀ ਸੈਕਟਰ ਵਿਚ ਦੁਵੱਲੀ ਗੋਲੀਬਾਰੀ ਕਾਰਨ ਹੋਏ ਨੁਕਸਾਨ ਬਾਰੇ ਪੁੱਛੇ ਜਾਣ ’ਤੇ ਪਾਕਿਸਤਾਨੀ ਆਰਮੀ ਦੇ ਤਰਜਮਾਨ ਨੇ ਸਿਰਫ਼ ਏਨਾ ਹੀ ਕਿਹਾ ਕਿ ‘ਸਾਡੇ ਕੋਲ ਕਿਸੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ।’ ਇਸ ਕਿਸਮ ਦੀਆਂ ਸੰਜਮੀ ਪ੍ਰਤੀਕਿਰਿਆਵਾਂ ਤੋਂ ਇਹੋ ਇਜ਼ਹਾਰ ਹੁੰਦਾ ਹੈ ਕਿ ਦੋਵੇਂ ਧਿਰਾਂ ਗੋਲੀਬੰਦੀ ਦੇ ਸਿਲਸਿਲੇ ਨੂੰ ਜਾਰੀ ਰੱਖਣ ਪ੍ਰਤੀ ਸੰਜੀਦਾ ਹਨ।
ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਮੌਜੂਦਾ ਗੋਲੀਬੰਦੀ ਫ਼ਰਵਰੀ 2021 ਤੋਂ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ ਸਾਲ ਭਰ ਦੋਵਾਂ ਧਿਰਾਂ ਨੇ ਮੌਰਟਰਾਂ ਤੇ ਛੋਟੀਆਂ ਤੋਪਾਂ ਦੀ ਬੇਕਿਰਕੀ ਨਾਲ ਵਰਤੋਂ ਕਰਦਿਆਂ ਦੋਵਾਂ ਪਾਸਿਆਂ ਦੀ ਲੋਕਾਈ ਨੂੰ ਵਖ਼ਤ ਪਾਈ ਰੱਖਿਆ ਸੀ। ਦਰਅਸਲ, ਕੰਟਰੋਲ ਰੇਖਾ ’ਤੇ ਬੰਦੂਕਾਂ ਠੰਢੀਆਂ ਰੱਖਣ ਦਾ ਸਮਝੌਤਾ ਤਾਂ 2003 ਵਿਚ ਹੀ ਸਹੀਬੰਦ ਹੋ ਗਿਆ ਸੀ। ਇਹ ਢਾਈ ਵਰ੍ਹੇ ਬਾਕਾਇਦਗੀ ਨਾਲ ਚੱਲਿਆ ਵੀ। ਫਿਰ ਕਦੇ-ਕਦਾਈਂ ਉਲੰਘਣਾਵਾਂ ਦਾ ਦੌਰ ਸ਼ੁਰੂ ਹੋ ਗਿਆ। ਇਹ ਦੌਰ 2018 ਵਿਚ ਹਫ਼ਤਾਵਾਰੀ ਉਲੰਘਣਾਵਾਂ ਤੋਂ ਅੱਗੇ ਲੰਘਦਾ ਹੋਇਆ ਨਿੱਤ ਦੀ ਗੋਲੀਬਾਰੀ ਵਿਚ ਬਦਲ ਗਿਆ।
ਫ਼ਰਵਰੀ 2021 ਵਿਚ ਪਾਕਿਸਤਾਨ ਨੇ ਡੀ.ਜੀ.ਐਮ.ਓ. (ਡਾਇਰੈਕਟਰ ਜਨਰਲ, ਮਿਲਟਰੀ ਆਪਰੇਸ਼ਨਜ਼) ਵਲੋਂ ਭਾਰਤੀ ਡੀ.ਜੀ.ਐਮ.ਓ. ਨਾਲ ਹੌਟਲਾਈਨ ’ਤੇ ਗੱਲਬਾਤ ਕੀਤੇ ਜਾਣ ਮਗਰੋਂ ਦੋਵਾਂ ਦੇਸ਼ਾਂ ਦੇ ਜੰਗੀ ਮੋਰਚਿਆਂ ਨੇ ਸਬਰ-ਸੰਜਮ ਅਪਨਾਉਣਾ ਤੇ ਅਜ਼ਮਾਉਣਾ ਸ਼ੁਰੂ ਕਰ ਦਿਤਾ। ਇਸ ਨੀਤੀ ਦੀ ਕਾਮਯਾਬੀ ਨੇ ਹੀ ਹੁਣ ਦੋਵਾਂ ਧਿਰਾਂ ਨੂੰ ਮੁੜ ਸੰਜਮੀ ਰੁਖ ਅਪਨਾਉਣ ਦੇ ਰਾਹ ਪਾਇਆ ਹੈ। ਗੋਲੀਬੰਦੀ ਵਾਲੇ ਇਕਰਾਰ ਪ੍ਰਤੀ ਇਸ ਤਰਜ਼ ਦੀ ਸੰਜੀਦਗੀ ਇਹ ਸੰਕੇਤ ਦਿੰਦੀ ਹੈ ਕਿ ਗਰਮਮਿਜ਼ਾਜੀ ਦੀ ਥਾਂ ਨਰਮਮਿਜ਼ਾਜੀ, ਅਮਨ-ਸ਼ਾਂਤੀ ਦਾ ਰਾਹ ਵੱਧ ਆਸਾਨੀ ਨਾਲ ਪੱਧਰਾ ਕਰ ਸਕਦੀ ਹੈ। ਇਹ ਦੋਵਾਂ ਮੁਲਕਾਂ ਦੀ ਲੀਡਰਸ਼ਿਪ ਲਈ ਸੇਧਮਈ ਸੁਨੇਹਾ ਵੀ ਹੈ ਅਤੇ ਨੀਤੀਵਾਦੀ ਮਿਸਾਲ ਵੀ।