
ਕੋਰੋਨਾ ਨੇ ਕਈ ਸੱਚਾਈਆਂ ਸਾਡੇ ਸਾਹਮਣੇ ਨੰਗੀਆਂ ਕੀਤੀਆਂ ਹਨ। ਇਕ ਕੜੀ ਸਾਰੀਆਂ ਕਮਜ਼ੋਰੀਆਂ ਨੂੰ ਜੋੜਦੀ ਹੈ
ਕੋਰੋਨਾ ਨੇ ਕਈ ਸੱਚਾਈਆਂ ਸਾਡੇ ਸਾਹਮਣੇ ਨੰਗੀਆਂ ਕੀਤੀਆਂ ਹਨ। ਇਕ ਕੜੀ ਸਾਰੀਆਂ ਕਮਜ਼ੋਰੀਆਂ ਨੂੰ ਜੋੜਦੀ ਹੈ ਕਿ ਆਮ ਭਾਰਤੀ ਸਵਾਰਥੀ ਹੈ। ਇਹ ਕਥਨ ਕਿਸੇ ਇਕ ਵਰਗ ਉਤੇ ਹੀ ਨਹੀਂ ਢੁਕਦਾ ਬਲਕਿ ਹਰ ਭਾਰਤੀ ਉਤੇ ਢੁਕਦਾ ਹੈ। ਜੇ ਸਿਆਸਤਦਾਨਾਂ ਵਲ ਵੇਖੋ, ਜੇ ਪੁਲਿਸ ਵਲ ਵੇਖੋ, ਜੇ ਡਾਕਟਰਾਂ ਵਲ ਵੇਖੋ, ਜੇ ਉਦਯੋਗਪਤੀ ਵਲ ਵੇਖੋ, ਜੇ ਨੌਜੁਆਨ ਪੀੜ੍ਹੀ ਵਲ ਵੇਖੋ, ਹਰ ਕੜੀ ਦੀ ਕਮਜ਼ੋਰੀ ਨਿਜੀ ਸਵਾਰਥ ਤੋਂ ਸ਼ੁਰੂ ਹੁੰਦੀ ਹੈ।
File Photo
ਇਹ ਨਹੀਂ ਕਿ ਕਿਸੇ ਨੇ ਕੋਰੋਨਾ ਦੀ ਜੰਗ ਵਿਚ ਕੰਮ ਨਹੀਂ ਕੀਤਾ। ਕੰਮ ਤਾਂ ਕਈਆਂ ਨੇ ਕੀਤਾ ਪਰ ਜਦੋਂ ਮੌਕਾ ਮਿਲਿਆ ਅਪਣੇ ਨਿਜ ਨੂੰ ਫ਼ਾਇਦਾ ਪਹੁੰਚਾਉਣ ਦਾ ਤਾਂ ਹਰ ਕਿਸੇ ਨੇ ਅਪਣੇ ਬਾਰੇ ਹੀ ਸੋਚਿਆ। ਨੌਜੁਆਨਾਂ ਨੇ ਕਰਫ਼ੀਊ ਤੋੜ ਕੇ ਇਕ ਦੂਜੇ ਨਾਲ ਮਿਲ ਬੈਠ ਕੇ, ਰਲ ਮਿਲ ਕੇ ਖ਼ਤਰੇ ਸਹੇੜੇ, ਬਜ਼ੁਰਗਾਂ ਨੇ ਤਾਸ਼ ਖੇਡਣ ਵਾਸਤੇ ਕਰਫ਼ੀਊ ਦੇ ਸਮੇਂ ਨੂੰ ਵਰਤਿਆ, ਕਈ ਅਧਿਕਾਰੀਆਂ ਨੇ ਅਪਣੀ ਤਾਕਤ ਸਦਕਾ ਤੇ ਅਪਣੇ ਅਹੁਦੇ ਸਦਕਾ ਰਾਤ ਦੇ ਹਨੇਰੇ ਵਿਚ ਉਸੇ ਕਰਫ਼ੀਊ ਨੂੰ ਤੋੜਿਆ ਜਿਸ ਦੀ ਪਾਲਣਾ ਉਹ ਦਿਨੇ ਆਪ ਕਰਵਾਉਂਦੇ ਹਨ ਜਾਂ ਕਰਵਾਉਣ ਦਾ ਨਾਟਕ ਕਰਦੇ ਹਨ।
File Photo
ਘਰਾਂ ਵਿਚ ਸ਼ਰਾਬ ਦੁਗਣੀ ਕੀਮਤ ਤੇ ਭੇਜੀ, ਨਸ਼ੇ ਵੇਚਣ ਦੇ ਪ੍ਰਬੰਧ ਕੀਤੇ ਅਤੇ ਹੋਰ ਪਤਾ ਨਹੀਂ ਕੀ-ਕੀ ਕੀਤਾ। ਜੇ ਕਿਸੇ ਨੇ ਬਲੈਕ 'ਚ ਸ਼ਰਾਬ ਵੇਚੀ ਤਾਂ ਕਿਸੇ ਨੇ ਬਲੈਕ 'ਚ ਖ਼ਰੀਦੀ ਵੀ ਤਾਂ ਸੀ। ਕਿਸੇ ਉਤੇ ਉਂਗਲ ਚੁੱਕਣ ਤੋਂ ਪਹਿਲਾਂ ਯਾਦ ਰਖਣਾ ਕਿ ਚੁੱਪੀ ਧਾਰਨ ਕਰਨ ਵਾਲਾ ਵੀ ਗੁਨਾਹ ਵਿਚ ਸ਼ਾਮਲ ਸਮਝਿਆ ਜਾਂਦਾ ਹੈ। ਸੋ, ਜੇ ਤੁਹਾਡੇ ਸਾਹਮਣੇ ਲੰਗਰ ਦੀ ਚੋਰੀ ਹੋਈ, ਤੁਹਾਡੇ ਸਾਹਮਣੇ ਕਿਸੇ ਨੇ ਫ਼ਾਲਤੂ ਲੰਗਰ-ਰਾਸ਼ਨ ਲੈ ਕੇ ਉਸ ਨੂੰ ਅੰਦਰ ਸਾਂਭ ਕੇ ਰਖਿਆ ਤਾਂ ਉਸ ਦੇ ਨਾਲ ਨਾਲ ਤੁਸੀ ਵੀ ਜ਼ਿੰਮੇਵਾਰ ਹੋ।
File photo
ਉਦਯੋਗਪਤੀ ਦੁਹਾਈ ਦੇ ਰਹੇ ਹਨ ਕਿ ਸਾਡੇ ਖ਼ਜ਼ਾਨੇ ਖ਼ਾਲੀ ਹਨ, ਸਰਕਾਰ ਮਦਦ 'ਤੇ ਆਏ। ਅਜਿਹੇ ਉਦਯੋਗਪਤੀ ਵੀ ਹਨ ਜਿਨ੍ਹਾਂ ਮਾਰਚ ਦੇ ਮਹੀਨੇ ਦੀ ਤਨਖ਼ਾਹ ਵੀ ਨਹੀਂ ਦਿਤੀ। ਕਿੰਨੇ ਡਾਕਟਰ ਹਨ ਜੋ ਅਸਲ ਵਿਚ ਕੋਰੋਨਾ ਦੇ ਪੀੜਤਾਂ ਨਾਲ ਜੂਝ ਰਹੇ ਹਨ ਅਤੇ ਕਿੰਨੇ ਹਨ ਜਿਹੜੇ ਘਰਾਂ ਵਿਚ ਬੈਠ ਕੇ ਅਪਣੇ ਆਪ ਨੂੰ ਬਚਾ ਰਹੇ ਹਨ? ਪੱਤਰਕਾਰ, ਸਿਆਸਤਦਾਨ, ਸਮਾਜਸੇਵੀ ਹਰ ਵਰਗ ਵਿਚ ਖ਼ੁਦਗਰਜ਼ੀ ਹਾਵੀ ਹੋਈ ਪਈ ਹੈ। ਸੋ ਜਦੋਂ ਫ਼ੌਜ ਵਲੋਂ ਭਾਰਤੀ ਨਾਗਰਿਕਾਂ ਨੂੰ ਤਿੰਨ ਸਾਲ ਵਾਸਤੇ ਭਰਤੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਤਾਕਿ ਭਾਰਤੀਆਂ ਵਿਚ ਦੇਸ਼ ਪ੍ਰਤੀ ਜਜ਼ਬਾ ਜਗਾਇਆ ਜਾ ਸਕੇ ਤਾਂ ਇਹ ਇਕ ਵਧੀਆ ਸੁਝਾਅ ਲਗਿਆ ਕਿਉਂਕਿ ਇਸ ਦੀ ਅੱਜ ਬਹੁਤ ਜ਼ਰੂਰਤ ਹੈ। ਰਾਸ਼ਟਰ ਪ੍ਰੇਮ ਤਾਂ ਦੂਰ, ਅੱਜ ਦੇਸ਼ ਪ੍ਰੇਮ ਦੀ ਸਹੀ ਗ਼ਲਤ ਦੀ ਪਛਾਣ ਵੀ ਕਿਸੇ ਨੂੰ ਨਹੀਂ ਰਹੀ।
File Photo
ਹਰ ਕੋਈ ਕਹਿ ਦਿੰਦਾ ਹੈ ਕਿ ਅੱਜ ਜੰਗ ਦਾ ਮਾਹੌਲ ਹੈ, ਆਧੁਨਿਕ ਜੰਗ ਹੈ ਅਤੇ ਅਸੀਂ ਸਾਰੇ ਇਸ ਜੰਗ ਦੇ ਸਿਪਾਹੀ ਹਾਂ ਪਰ ਕਿੰਨੇ ਭਾਰਤੀ ਅਸਲ ਵਿਚ ਇਸ ਔਖੀ ਘੜੀ ਵਿਚ ਬਣਦੀ ਅਪਣੀ ਜ਼ਿੰਮੇਵਾਰੀ ਨੂੰ ਸਮਝ ਰਹੇ ਹਨ? ਫ਼ੌਜ ਦੇ ਇਸ ਪ੍ਰੋਗਰਾਮ ਵਿਚ ਲਾਜ਼ਮੀ ਭਰਤੀ ਸੱਭ ਤੋਂ ਪਹਿਲਾਂ ਸਿਆਸਤਦਾਨਾਂ ਵਾਸਤੇ ਲਾਜ਼ਮੀ ਕਰਨ ਦੀ ਸਖ਼ਤ ਲੋੜ ਹੈ। ਜਿੰਨੀ ਤਾਕਤ ਸਿਆਸਤਦਾਨਾਂ ਦੇ ਹੱਥ ਵਿਚ ਦਿਤੀ ਹੋਈ ਹੈ, ਓਨੀ ਜ਼ਿੰਮੇਵਾਰੀ ਤੇ ਅਨੁਸ਼ਾਸਨ ਦਾ ਅਹਿਸਾਸ ਸਿਆਸਤਦਾਨਾਂ ਵਿਚ ਪੈਦਾ ਨਹੀਂ ਹੋ ਸਕਿਆ। ਜਦ ਜੰਗ ਸ਼ੁਰੂ ਹੁੰਦੀ ਹੈ ਤਾਂ ਇਕ ਫ਼ੌਜੀ ਨੂੰ ਅਨੁਸ਼ਾਸਨ ਵਿਚ ਰਹਿਣ ਤੋਂ ਇਲਾਵਾ ਸਥਿਤੀ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ, ਅਪਣੇ ਫ਼ੈਸਲੇ ਲੈਣ ਦੀ ਅਹਿਮੀਅਤ ਸਿਖਾਈ ਜਾਂਦੀ ਹੈ।
Modi govt
ਫ਼ੈਸਲੇ ਵੀ ਇਸ ਤਰ੍ਹਾਂ ਕਿ ਉਸ ਦੀ ਜਾਨ-ਮਾਲ ਨੂੰ ਨੁਕਸਾਨ ਸੱਭ ਤੋਂ ਘੱਟ ਹੋਵੇ। ਜਿਸ ਤਰ੍ਹਾਂ ਸਾਡੀ ਸਰਕਾਰ ਹੌਲੀ ਹੌਲੀ ਭਾਰਤ ਦੀਆਂ ਲੋੜਾਂ ਵਾਸਤੇ ਅਪਣੀਆਂ ਨੀਤੀਆਂ ਘੜ ਰਹੀ ਹੈ, ਸੱਭ ਤੋਂ ਪਹਿਲਾਂ ਇਨ੍ਹਾਂ ਨੂੰ ਫ਼ੌਜੀ ਟਰੇਨਿੰਗ (ਸਿਖਲਾਈ) ਦੀ ਜ਼ਰੂਰਤ ਹੈ। ਜੇ ਸਾਡੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਵਿਚ ਰਾਸ਼ਟਰਪ੍ਰੇਮ ਦਾ ਅਹਿਸਾਸ ਝਲਕਣਾ ਸ਼ੁਰੂ ਹੋ ਗਿਆ ਤਾਂ ਭਾਰਤ ਦੀ ਤਸਵੀਰ ਸਚਮੁਚ ਹੀ ਬਦਲ ਸਕਦੀ ਹੈ। ਸੋ ਫ਼ੌਜ ਦਾ ਸੁਝਾਅ ਲਾਗੂ ਕਰਨਾ ਚਾਹੀਦਾ ਹੈ ਅਤੇ ਸਾਰੇ ਸਰਕਾਰੀ ਅਹੁਦਿਆਂ, ਸਿਆਸਤ ਵਿਚ ਆਉਣ ਵਾਲੇ ਨਾਗਰਿਕਾਂ ਵਾਸਤੇ ਇਹ ਲਾਜ਼ਮੀ ਬਣਾ ਦੇਣਾ ਹੀ ਕੋਰੋਨਾ ਦਾ ਸੱਭ ਤੋਂ ਵੱਡਾ ਸਬਕ ਹੋਣਾ ਚਾਹੀਦਾ ਹੈ। -ਨਿਮਰਤ ਕੌਰ