ਦਲਿਤਾਂ ਨੂੰ ਹਾਕਮਾਂ ਦੀਆਂ ਬਖ਼ਸ਼ੀਆਂ ਗੱਦੀਆਂ ਨਹੀਂ, ਬਾਬੇ ਨਾਨਕ ਦੀ ਦਿਤੀ ਬਰਾਬਰੀ ਚਾਹੀਦੀ ਹੈ ਜੋ.....
Published : Apr 16, 2021, 7:15 am IST
Updated : Apr 16, 2021, 8:51 am IST
SHARE ARTICLE
Ambedkar
Ambedkar

ਪੰਜਾਬ ਦੀ ਸਿਆਸਤ ਵਿਚ 21 ਫ਼ੀਸਦੀ ਜੱਟ, ਰਾਜ ਸੱਤਾ ਤੇ ਛਾਏ ਚਲੇ ਆ ਰਹੇ ਹਨ

ਬਾਬਾ ਸਾਹਿਬ ਡਾ. ਅੰਬੇਦਕਰ ਦੇ ਜਨਮ ਦਿਨ ਤੇ ਸਿਆਸਤਦਾਨਾਂ ਨੇ ਉਹ ਸੱਭ ਕਰਨ ਦਾ ਵਿਖਾਵਾ ਜ਼ਰੂਰ ਕੀਤਾ ਜਿਸ ਦੀ ਵਕਾਲਤ ਬਾਬਾ ਸਾਹਿਬ ਆਪ ਕਰਿਆ ਕਰਦੇ ਸਨ। ਡਾ. ਭੀਮ ਰਾਉ ਅੰਬੇਦਕਰ ਦੇ ਜਨਮ ਦਿਹਾੜੇ ਤੇ ਸਿਆਸਤਦਾਨਾਂ ਨੇ ਦਲਿਤਾਂ ਨੂੰ ਖ਼ਾਸ ਸਤਿਕਾਰ ਦੇਣ ਦਾ ਵਾਅਦਾ ਕੀਤਾ, ਜੋ ਬਾਬਾ ਸਾਹਿਬ ਦੀ ਮੁੱਖ ਮੰਗ ਸੀ। ਉਹ ਦਲਿਤਾਂ ਲਈ ਵੀ ਬਰਾਬਰੀ ਦਾ ਦਰਜਾ ਚਾਹੁੰਦੇ ਸੀ। ਉਨ੍ਹਾਂ ਨੇ ਆਜ਼ਾਦੀ ਮਗਰੋਂ ਸੰਵਿਧਾਨ ਵਿਚ ਅਜਿਹੀ ਵਿਵਸਥਾ ਵਿਉਂਤਣੀ ਚਾਹੀ ਕਿ ਉਨ੍ਹਾਂ ਦੀ ਸੁਣੀ ਜਾਂਦੀ ਤਾਂ ਭਾਰਤ ਵਿਚ ਅੱਜ ਜਾਤ-ਪਾਤ ਹੋਣੀ ਹੀ ਨਹੀਂ ਸੀ ਅਤੇ ਘੱਟ-ਗਿਣਤੀ ਬਹੁਗਿਣਤੀ ਦਾ ਕੋਈ ਰੌਲਾ ਵੀ ਨਹੀਂ ਸੀ ਪੈਣਾ।

BR ambedkarDr. BR Ambedkar

ਦਲਿਤ ਅਤੇ ਘੱਟ ਗਿਣਤੀਆਂ ਬਰਾਬਰ ਦੇ ਸ਼ਹਿਰੀ ਹੋਣੇ ਸਨ ਤੇ ਵਿਤਕਰੇ ਦੀ ਕੋਈ ਗੱਲ ਹੀ ਨਹੀਂ ਸੀ ਹੋਣੀ। ਪਰ ਪੰਜਾਬ ਵਿਚ ਅਕਾਲੀ ਦਲ ਨੇ ਜਦ ਇਹ ਚੋਣ ਵਾਅਦਾ ਕੀਤਾ ਕਿ ਅਗਲਾ ਉਪ ਮੁੱਖ ਮੰਤਰੀ ਦਲਿਤ ਹੋਵੇਗਾ ਤਾਂ ਸਪੱਸ਼ਟ ਹੈ ਕਿ ਉਨ੍ਹਾਂ ਬਾਬਾ ਸਾਹਿਬ ਦੀ ਸੋਚ ਨੂੰ ਸਮਝਿਆ ਹੀ ਨਹੀਂ ਸੀ। ਅਕਾਲੀ ਦਲ ਨੂੰ ਇਹ ਚੋਣ ਵਾਅਦਾ ਕਰਨਾ ਪਿਆ ਕਿਉਂਕਿ ਭਾਜਪਾ ਨੇ ਪਹਿਲਾਂ ਹੀ ਐਲਾਨ ਕਰ ਦਿਤਾ ਸੀ ਕਿ ਉਹ ਜੇ ਸੱਤਾ ਵਿਚ ਆਈ ਤਾਂ ਪੰਜਾਬ ਦਾ ਮੁੱਖ ਮੰਤਰੀ ਕੋਈ ਦਲਿਤ ਹੋਵੇਗਾ। ਕਾਂਗਰਸ ਪਿਛੇ ਰਹਿਣ ਵਾਲੀ ਤਾਂ ਨਹੀਂ ਪਰ ਉਨ੍ਹਾਂ ਕੋਲ ਕੁਰਸੀਆਂ ਦੇ ਦਾਅਵੇਦਾਰ ਬਹੁਤ ਹਨ। ਸੋ ਉਨ੍ਹਾਂ ਨੇ ਐਲਾਨਿਆ ਕਿ ਸਰਕਾਰੀ ਸਕੀਮਾਂ ਲਈ ਕੱਢੇ ਪੈਸੇ ਦਾ 30 ਫ਼ੀ ਸਦੀ ਖ਼ਰਚਾ ਦਲਿਤਾਂ ਤੇ ਹੋਵੇਗਾ।

Bjp and CongressBjp and Congress

ਇਨ੍ਹਾਂ ਚੁਣਾਵੀ ਵਾਅਦਿਆਂ ਪਿੱਛੇ ਅਸਲ ਕਾਰਨ ਦਲਿਤਾਂ ਨੂੰ ਬਰਾਬਰੀ ਤੇ ਬਿਠਾਣਾ ਨਹੀਂ ਬਲਕਿ ਉਨ੍ਹਾਂ ਦੀਆਂ 31.9 ਫ਼ੀ ਸਦੀ ਵੋਟਾਂ ਨੂੰ ਹਥਿਆਉਣਾ ਹੈ ਤਾਕਿ ਜੱਦੀ ਪੁਸ਼ਤੀ ਹਾਕਮ, ਅੱਗੇ ਤੋਂ ਵੀ ਹਾਕਮ ਹੀ ਬਣੇ ਰਹਿਣ। ਅੱਜ ਤਕ ਪੰਜਾਬ ਦੀ ਸਿਆਸਤ ਵਿਚ 21 ਫ਼ੀਸਦੀ ਜੱਟ, ਰਾਜ ਸੱਤਾ ਤੇ ਛਾਏ ਚਲੇ ਆ ਰਹੇ ਹਨ। ਪੰਜਾਬ ਵਿਚ ਮੁਸਲਿਮ ਵੋਟ 2 ਫ਼ੀ ਸਦੀ ਤੋਂ ਵੀ ਘੱਟ ਹੈ। ਜਿਸ ਤਰ੍ਹਾਂ ਬਾਕੀ ਦੇਸ਼ ਵਿਚ ਧਰਮ ਦੀ ਸਿਆਸਤ ਖੇਡੀ ਜਾ ਸਕਦੀ ਹੈ, ਪੰਜਾਬ ਵਿਚ ਨਹੀਂ ਹੋ ਸਕਦਾ। ਪੰਜਾਬ ਵਿਚ ਹਿੰਦੂਆਂ ਸਿੱਖਾਂ ਵਿਚਕਾਰ ਫ਼ਰਕ ਪੈਦਾ ਕਰਨ ਦੇ ਯਤਨ ਕੀਤੇ ਜਾਣਗੇ ਤੇ ਕੀਤੇ ਜਾਂਦੇ ਵੀ ਰਹੇ ਹਨ। ਸਿਆਸਤਦਾਨਾਂ ਵਲੋਂ ਪੈਦਾ ਕੀਤੀ ਗਈ ਇਸ ਹਿੰਦੂ ਸਿੱਖ ਦੀ ਨਕਲੀ ਖਿੱਚੋਤਾਣ ਦਾ ਹੀ ਨਤੀਜਾ ਸੀ ਕਿ ਪੰਜਾਬ ਦੀ ਪੰਥਕ ਪਾਰਟੀ ਕੁੱਝ ਵਰਿ੍ਹਆਂ ਤੋਂ ਕਦੇ ਧਰਮ ਨਿਰਪੱਖ ਬਣ ਜਾਂਦੀ ਹੈ ਤੇ ਫਿਰ ਲੋੜ ਪੈਣ ਤੇ, ਪੰਥਕ ਬਣ ਜਾਂਦੀ ਹੈ।

Dr. BR AmbedkarDr. BR Ambedkar

ਇਹ ਹੈ ਪੰਜਾਬ ਦੀ ਸਿਆਸਤ ਜਿਥੇ ਬੁਨਿਆਦੀ ਸੋਚ ਵੀ ਸਮੇਂ ਸਮੇਂ ਬਦਲ ਜਾਂਦੀ ਹੈ। ਹਿੰਦੂ ਰਾਸ਼ਟਰ ਤੇ ਧਰਮ ਨਿਰਪੱਖਤਾ ਦੇ ਨਾਹਰਿਆਂ ਦੇ ਨਾਲ ਨਾਲ ਹੁਣ ਦਲਿਤ ਵੋਟਰ ਨੂੰ ਭਰਮਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਕਾਂਗਰਸ ਵਿਚ ਵੀ ਦਲਿਤ ਵੋਟਰ ਨੂੰ ਇਕ ਦੋ ਕੈਬਨਿਟ ਮੰਤਰੀ ਬਣਾ ਕੇ ਚੁਪ ਕਰਾ ਦਿਤਾ ਜਾਂਦਾ ਹੈ। ਅਜੇ ਵੀ ਇਹ ਵੋਟਰ ਕਮਜ਼ੋਰ ਹੈ ਅਤੇ ਕਮਜ਼ੋਰ ਵੋਟਰ ਹਰ ਵਾਰ ਸਿਆਸੀ ਚਾਲਬਾਜ਼ੀ ਦਾ ਸ਼ਿਕਾਰ ਬਣ ਹੀ ਜਾਂਦਾ ਹੈ। ਪੰਜਾਬ ਵਿਚ ਦਲਿਤ ਨਾ ਸਿਰਫ਼ ਆਰਥਕ ਪੱਖੋਂ ਕਮਜ਼ੋਰ ਹੈ ਸਗੋਂ ਉਸ ਦੀਆਂ ਧਾਰਮਕ ਤੇ ਸਮਾਜਕ ਜੜ੍ਹਾਂ ਵੀ ਕਮਜ਼ੋਰ ਹਨ। ਹਾਲ ਵਿਚ ਹੀ ਕੁੱਝ ਅਜਿਹੇ ਹਾਦਸੇ ਸਾਹਮਣੇ ਆਏ ਜਿਥੇ ਦਲਿਤ ਹੋਣ ਕਾਰਨ ਕੁੱਝ ਬੱਚੀਆਂ ਅਤੇ ਬੱਚਿਆਂ ਨਾਲ ਅਜਿਹੇ ਹਾਦਸੇ ਹੋਏ ਜਿਨ੍ਹਾਂ ਬਾਰੇ ਸੁਣ ਕੇ ਰੂਹ ਕੰਬ ਜਾਵੇਗੀ। ਪੰਜਾਬ ਵਿਚ ਅੱਜ ਕਈ ਗੁਰੂ ਘਰਾਂ ਵਿਚ ਦਲਿਤਾਂ ਨੂੰ ਲੰਗਰ ਬਣਾਉਣ ਦੀ ਮਨਾਹੀ ਹੈ।

congresscongress

ਸ਼ਮਸ਼ਾਨ ਘਾਟਾਂ ਅਲੱਗ ਬਣੀਆਂ ਹੋਈਆਂ ਹਨ। ਜਿਸ ਤਰ੍ਹਾਂ ਬਾਬਾ ਨਾਨਕ ਨੇ ਔਰਤਾਂ, ਦਲਿਤਾਂ ਅਤੇ ਪਛੜੀਆਂ ਜਾਤੀਆਂ ਨੂੰ ਬਰਾਬਰੀ ਦਿਤੀ ਸੀ, ਉਸ ਤੋਂ ਬਿਲਕੁਲ ਉਲਟ ਅੱਜ ਧਰਮ ਨਿਰਪੱਖ ਤੇ ਪੰਥਕ ਪਾਰਟੀਆਂ ਤਾਂ ਚਲ ਹੀ ਰਹੀਆਂ ਹਨ ਪਰ ਸਿੱਖ ਗੁਰਦਵਾਰਾ ਕਮੇਟੀਆਂ ਵੀ ਉਸ ਬਰਾਬਰੀ ਨੂੰ ਅਮਲੀ ਰੁਪ ਵਿਚ ਮਾਨਤਾ ਨਹੀਂ ਦੇ ਰਹੀਆਂ।ਬਾਬਾ ਸਾਹਿਬ ਨੇ ਆਜ਼ਾਦੀ ਤੋਂ ਬਾਅਦ ਸਰਕਾਰ ਛੱਡ ਦਿਤੀ ਸੀ ਕਿਉਂਕਿ ਉਨ੍ਹਾਂ ਨੂੰ ਉਸ ਵਿਚ ਸਹੀ ਥਾਂ ਨਹੀਂ ਸੀ ਮਿਲ ਰਹੀ। ਉਨ੍ਹਾਂ ਨੇ ਹਿੰਦੂ ਧਰਮ ਤਿਆਗ ਦਿਤਾ ਸੀ ਕਿਉਂਕਿ ਉਹ ਬੋਧੀ ਧਰਮ ਵਿਚ ਬਰਾਬਰੀ ਦੀ ਆਸ ਰਖਦੇ ਸਨ। ਉਹ ਸਿੱਖ ਧਰਮ ਤੋਂ ਵੀ ਆਸ ਰਖਦੇ ਸਨ ਪਰ ਇਸ ਦੀ ਸ਼ਰਨ ਵਿਚ ਨਹੀਂ ਆਏ ਕਿਉਂਕਿ ਉਹ ਪਹਿਚਾਣ ਗਏ ਸਨ ਕਿ ਅੱਜ ਦੇ ਸਿੱਖ ਸਮਾਜ ਵਿਚ ਗੁਰੂਆਂ ਦੇ ਵੇਲੇ ਦੀ ਬਰਾਬਰੀ ਨਹੀਂ ਤੇ ਉਹ ਸਹੀ ਵੀ ਸਨ।

Dr Bhimrao AmbedkarDr Bhimrao Ambedkar

ਜੇ ਅੱਜ ਸਿੱਖਾਂ ਨੇ ਹੀ ਸਿੱਖ ਗੁਰੂਆਂ ਦਾ ਮਾਣ ਸਨਮਾਨ ਰਖਦਿਆਂ, ਅਪਣੇ ਅਮਲਾਂ ਵਿਚ ਬਰਾਬਰੀ ਲਿਆਈ ਹੁੰਦੀ ਤਾਂ ਕੀ ਪੰਜਾਬ ਦੀ 31 ਫ਼ੀ ਸਦੀ ਆਬਾਦੀ, ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਰਾਖਵਾਂਕਰਨ, ਸਰਕਾਰੀ ਸਕੀਮਾਂ, ਵਜ਼ੀਫ਼ਿਆਂ ਤੇ ਸਿਆਸਤਦਾਨਾਂ ਵਲੋਂ ਬਖ਼ਸ਼ੇ ਅਹੁਦਿਆਂ ਦੀ ਮੋਹਤਾਜ ਹੁੰਦੀ? ਅਸਲ ਵਿਚ ਇਸ ਮੁੱਦੇ ਦਾ ਉਠਣਾ ਨਾ ਸਿਰਫ਼ ਡਾ. ਅੰਬੇਦਕਰ ਦੀ ਸੋਚ ਦੇ ਹੀ ਉਲਟ ਹੈ ਬਲਕਿ ਗੁਰੂ ਦੀ ਸੋਚ ਨੂੰ ਵੀ ਨਕਾਰਦਾ ਹੈ। ਬਾਬਾ ਸਾਹਿਬ ਨੂੰ ਸੰਵਿਧਾਨ ਬਣਾਉਣ ਦਾ ਮੌਕਾ ਉਨ੍ਹਾਂ ਦੀ ਜਾਤ ਕਾਰਨ ਨਹੀਂ ਸੀ ਮਿਲਿਆ। ਉਨ੍ਹਾਂ ਅਪਣੇ ਆਪ ਨੂੰ ਕਾਬਲ ਸਾਬਤ ਕੀਤਾ ਤੇ ਅਪਣਾ ਹੱਕ ਪ੍ਰਗਟਾਇਆ। ਅੱਜ ਸਾਡੇ ਸੱਭ ਦਾ ਫ਼ਰਜ਼ ਬਣਦਾ ਹੈ ਕਿ ਉਹ ਸਿਆਸਤਦਾਨਾਂ ਦੇ ਕਾਰਨ ਨਹੀਂ ਬਲਕਿ ਅਪਣੀ ਰੂਹ ਦੀ ਪੁਕਾਰ ਸੁਣ ਕੇ ਬਰਾਬਰੀ ਨੂੰ ਅਪਣੇ ਜੀਵਨ ਦਾ ਹਿੱਸਾ ਬਣਾਉਣ।            -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement