
ਵਿਸ਼ਵ ਸਿਹਤ ਸੰਗਠਨ ਵਲੋਂ ਦੁਨੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਹੁਣ ਦੁਨੀਆਂ ਨੂੰ ਕੋਰੋਨਾ ਵਾਇਰਸ ਨਾਲ ਰਹਿਣ ਦੀ ਆਦਤ ਪਾਉਣੀ ਪਵੇਗੀ।
ਵਿਸ਼ਵ ਸਿਹਤ ਸੰਗਠਨ ਵਲੋਂ ਦੁਨੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਹੁਣ ਦੁਨੀਆਂ ਨੂੰ ਕੋਰੋਨਾ ਵਾਇਰਸ ਨਾਲ ਰਹਿਣ ਦੀ ਆਦਤ ਪਾਉਣੀ ਪਵੇਗੀ। ਜਿਵੇਂ ਐਚ.ਆਈ.ਵੀ. ਮਨੁੱਖੀ ਜੀਵਨ ਦਾ ਹਿੱਸਾ ਬਣ ਚੁੱਕਾ ਹੈ, ਇਸੇ ਤਰ੍ਹਾਂ ਕੋਰੋਨਾ ਵਾਇਰਸ ਨਾਲ ਵੀ ਜਿਊਣ ਦੀ ਆਦਤ ਪਾਉਣੀ ਪਵੇਗੀ। ਇਹ ਇਸ ਕਰ ਕੇ ਕਿਹਾ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਸਾਰੀ ਦੁਨੀਆਂ ਕੋਰੋਨਾ ਵਾਇਰਸ ਕਾਰਨ ਉਪਜੀ ਆਰਥਕ ਮੰਦੀ ਨਾਲ ਮਰ ਰਹੀ ਹੈ ਤੇ ਖੱਜਲ ਹੋ ਰਹੀ ਹੈ, ਹਰ ਦੇਸ਼ ਅਪਣੇ-ਅਪਣੇ ਅਰਥਚਾਰੇ ਨੂੰ ਡੁਬਦਾ ਵੇਖ ਕੇ ਹੁਣ ਅਪਣੇ ਦੇਸ਼ ਨੂੰ ਖੋਲ੍ਹਣ ਦਾ ਫ਼ੈਸਲਾ ਕਰੇਗਾ ਹੀ ਕਰੇਗਾ। ਹੁਣ ਕੋਰੋਨਾ ਦੀ ਬਿਮਾਰੀ ਨਾਲ ਜਿਊਣ ਦੀ ਆਦਤ ਪਾਉਣੀ ਪਵੇਗੀ।
File Photo
ਕੋਰੋਨਾ ਵਾਇਰਸ ਅਤੇ ਐਚ.ਆਈ.ਵੀ. ਵਿਚ ਬਹੁਤ ਫ਼ਰਕ ਹੈ ਅਤੇ ਐਚ.ਆਈ.ਵੀ. ਤੋਂ ਬਚਾਅ ਵਾਸਤੇ ਸੁਰੱਖਿਅਤ ਸੰਭੋਗ ਦੀ ਮੁਹਿੰਮ ਸ਼ੁਰੂ ਹੋਈ ਸੀ। ਪਰ ਕੋਰੋਨਾ ਤੋਂ ਬਚਣ ਲਈ ਬੜੀਆਂ ਹੋਰ ਤਰ੍ਹਾਂ ਦੀਆਂ ਤਬਦੀਲੀਆਂ ਜੀਵਨ ਵਿਚ ਲਿਆਉਣੀਆਂ ਪੈਣਗੀਆਂ। ਇਹ ਤਬਦੀਲੀਆਂ ਇਨਸਾਨੀ ਸੁਭਾਅ ਨਾਲ ਮੇਲ ਨਹੀਂ ਖਾਂਦੀਆਂ। ਜਿਥੋਂ ਤਕ ਹੱਥ ਧੋਣ ਅਤੇ ਸਾਫ਼-ਸਫ਼ਾਈ ਦੀ ਗੱਲ ਹੈ, ਉਹ ਤਾਂ ਕਰਨੀ ਆਸਾਨ ਹੈ ਪਰ ਹੁਣ ਅਪਣੇ ਆਪ ਨੂੰ ਅਪਣੇ ਆਪ ਤਕ ਸੀਮਤ ਰੱਖਣ ਦਾ ਅਸਰ ਇਨਸਾਨ ਉਤੇ ਭਾਰੀ ਪੈਣ ਵਾਲਾ ਹੈ।
WHO
ਕਈ ਲੋਕਾਂ ਵਿਚ ਹੁਣ ਤੋਂ ਹੀ ਅੰਦਰ ਬੈਠਣ, ਡਰ ਦੇ ਮਾਹੌਲ ਅਤੇ ਮੰਦੀ ਕਰ ਕੇ ਤਣਾਅ ਦਾ ਇਨਸਾਨੀ ਮਾਨਸਿਕਤਾ ਉਤੇ ਅਸਰ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਸਾਰੇ ਦੇਸ਼ਾਂ ਨੂੰ ਇਸ ਮਾਨਸਿਕ ਸੰਕਟ ਨਾਲ ਜੂਝਣ ਵਾਸਤੇ ਤਿਆਰ ਰਹਿਣ ਲਈ ਵੀ ਆਖਿਆ ਹੈ। ਪਛਮੀ ਦੇਸ਼ਾਂ ਵਿਚ ਮਾਨਸਿਕ ਮਦਦ ਪ੍ਰਤੀ ਸੋਚ ਬੜੀ ਖੁਲ੍ਹੀ ਹੈ ਅਤੇ ਉਹ ਇਸ ਮਦਦ ਤੋਂ ਝਿਜਕਣਗੇ ਨਹੀਂ ਪਰ ਭਾਰਤ ਵਰਗੇ ਦੇਸ਼ ਵਿਚ ਕਿਸ ਤਰ੍ਹਾਂ ਇਸ ਸਮੱਸਿਆ ਨਾਲ ਜੂਝਿਆ ਜਾਵੇਗਾ? ਭਾਰਤ ਤਾਂ ਉਸ ਸੁਭਾਅ ਦਾ ਮਾਲਕ ਹੈ ਜਿਸ ਕੋਲੋਂ ਕੋਈ ਵੀ ਵਖਰੀ ਸੱਚਾਈ ਹਜ਼ਮ ਨਹੀਂ ਹੁੰਦੀ।
File Photo
ਉਹ ਬਾਹਰ ਅਪਣਾ ਅਕਸ ਬਰਕਰਾਰ ਰਖਣਾ ਜਾਣਦਾ ਹੈ ਭਾਵੇਂ ਚਾਰ ਦੀਵਾਰੀ ਵਿਚ ਕੁੱਝ ਵੀ ਹੋ ਰਿਹਾ ਹੋਵੇ। ਜਿਸ ਤਰ੍ਹਾਂ ਪੂਰਾ ਭਾਰਤ ਇਸ ਮਹਾਂਮਾਰੀ ਵਿਚ ਸ਼ਰਾਬ ਪੀਂਦਾ ਰਿਹਾ ਹੈ, ਸਮਝ ਲਉ ਕਿ ਭਾਰਤ ਵਿਚ ਮਾਨਸਿਕ ਉਦਾਸੀ ਨੇ ਪੈਰ ਜਮਾ ਲਏ ਹਨ। 18 ਮਈ ਨੂੰ ਤਾਲਾਬੰਦੀ ਖੁੱਲ੍ਹੇਗੀ ਪਰ ਕਿਸ ਤਰ੍ਹਾਂ? ਅਸੀ ਨਵੇਂ ਦੌਰ ਵਿਚ ਸ਼ਾਮਲ ਹੋਵਾਂਗੇ ਅਤੇ ਇਹ ਨਵਾਂ ਦੌਰ ਹੀ ਤੈਅ ਕਰੇਗਾ ਕਿ ਅਸੀ ਇਸ ਜੰਗ ਵਿਚ ਕਿੰਨੇ ਕੁ ਸਫ਼ਲ ਹੋਏ ਹਾਂ। ਇਹ ਭਾਰਤ ਅੱਗੇ ਹੀ ਨਹੀਂ ਬਲਕਿ ਪੂਰੀ ਦੁਨੀਆਂ ਅੱਗੇ ਇਕ ਵੱਡੀ ਚੁਨੌਤੀ ਹੈ ਕਿਉਂਕਿ ਹੁਣ ਅਪਣੇ ਸੁਭਾਅ ਤੋਂ ਵਖਰੀ ਚਾਲ ਚਲਣੀ ਪਵੇਗੀ।
File Photo
ਇਨਸਾਨ ਨੇ ਇਨਸਾਨ ਤੋਂ ਦੂਰ ਰਹਿਣਾ ਹੈ ਅਤੇ ਇਕ-ਦੂਜੇ ਤੋਂ ਹਰਦਮ ਚੌਕਸ ਰਹਿਣਾ ਹੈ ਅਤੇ ਇਹੀ ਸੱਭ ਤੋਂ ਵੱਡੀ ਚੁਨੌਤੀ ਹੈ। ਬਸ ਇਹੀ ਗੱਲ ਇਨਸਾਨ ਦੀ ਉਦਾਸੀ ਦਾ ਕਾਰਨ ਬਣਦੀ ਜਾ ਰਹੀ ਹੈ। ਹੁਣ ਇਨ੍ਹਾਂ ਸੱਭ ਦੇ ਵਿਚਕਾਰ ਦਾ ਰਸਤਾ ਤਿਆਰ ਕਰਨਾ ਪਵੇਗਾ। ਕੋਰੋਨਾ ਤੋਂ ਬਚਣਾ ਅਤੇ ਇਨਸਾਨੀ ਰਿਸ਼ਤੇ ਬਰਕਰਾਰ ਰਖਣੇ ਦੋਵੇਂ ਹੀ ਜ਼ਰੂਰੀ ਹਨ ਤੇ ਇਸ ਤਰ੍ਹਾਂ ਹੀ ਇਹ ਚੁਨੌਤੀ ਜਿੱਤੀ ਜਾ ਸਕੇਗੀ। ਪਿਛਲੇ ਦਿਨੀਂ ਵੇਖਿਆ ਗਿਆ ਕਿ ਕਈ ਥਾਵਾਂ 'ਤੇ ਡਰ ਜਿੱਤ ਰਿਹਾ ਹੈ। ਤੁਰਕੀ ਵਿਚ ਇਕ ਪਿਤਾ ਨੇ ਅਪਣੇ ਪੰਜ ਸਾਲ ਦੇ ਬੇਟੇ ਨੂੰ ਕੋਰੋਨਾ ਵਾਇਰਸ ਹੋਣ ਕਰ ਕੇ ਜਾਨੋਂ ਹੀ ਮਾਰ ਦਿਤਾ।
File Photo
ਮੱਧ ਪ੍ਰਦੇਸ਼ ਵਿਚ ਬੱਚੀ ਦਾ ਨਾਂ 'ਕੋਰੋਨਾ' ਸੀ ਜਿਸ ਕਰ ਕੇ ਲੋਕਾਂ ਨੇ ਉਸ ਨੂੰ ਕੁਟ-ਕੁਟ ਕੇ ਬੇਹਾਲ ਕਰ ਦਿਤਾ। ਮੁੰਬਈ ਵਿਚ ਇਕ ਗਰਭਵਤੀ ਮਾਂ ਜਦ ਹਸਪਤਾਲ 'ਚ ਬੱਚੇ ਨੂੰ ਜਨਮ ਦੇਣ ਗਈ ਤਾਂ ਉਹ ਕੋਰੋਨਾ ਪਾਜ਼ੇਟਿਵ ਨਿਕਲੀ ਅਤੇ ਪੂਰਾ ਪ੍ਰਵਾਰ ਉਸ ਨੂੰ ਛੱਡ ਕੇ ਦੌੜ ਗਿਆ। ਫਿਰ ਹਸਪਤਾਲ ਨੇ ਉਸ ਦਾ ਬੱਚਾ ਜੰਮਣ 'ਤੇ ਠੀਕ ਹੋਣ ਤਕ ਉਸ ਦਾ ਸਾਥ ਦਿਤਾ। ਕਿੰਨੀਆਂ ਲਾਸ਼ਾਂ ਨੂੰ ਪ੍ਰਵਾਰਾਂ ਨੇ ਆਖ਼ਰੀ ਦਰਸ਼ਨ ਨਹੀਂ ਦਿਤੇ। ਪੀੜਤਾਂ ਨੂੰ ਕੋਸਿਆ, ਛੱਡ ਦਿਤਾ। ਹੁਣ ਜਦ ਤਾਲਾਬੰਦੀ ਖੁੱਲ੍ਹੇਗੀ ਅਤੇ ਕੋਰੋਨਾ ਦੇ ਪੀੜਤ ਵੀ ਵਧਣਗੇ ਤਾਂ ਫਿਰ ਵੀ ਸਾਨੂੰ ਅਪਣੀ ਇਨਸਾਨੀਅਤ ਦਾ ਪ੍ਰਦਰਸ਼ਨ ਕਰਨਾ ਪਵੇਗਾ।
File photo
ਸੱਥਾਂ 'ਚ ਬੈਠਣ ਦੀ ਇਜਾਜ਼ਤ ਨਹੀਂ ਪਰ ਫਿਰ ਵੀ ਇਕ-ਦੂਜੇ ਦੇ ਨਾਲ ਖੜੇ ਹੋ ਕੇ ਇਸ ਜੰਗ ਨੂੰ ਜਿਤਣਾ ਪਵੇਗਾ। ਜੱਫੀਆਂ ਤੋਂ ਬਗ਼ੈਰ, ਹੱਥ ਬੰਨ੍ਹ ਕੇ ਇਨਸਾਨ ਨੂੰ ਇਨਸਾਨ ਨਾਲ ਹਮਦਰਦੀ ਵਿਖਾਣੀ ਪਵੇਗੀ। ਜਿਹੜੇ ਕਮਜ਼ੋਰ ਪੈ ਰਹੇ ਹਨ, ਜਿਹੜੇ ਇਸ ਏਕਾਂਤਵਾਸ ਵਿਚ ਉਦਾਸੀ ਵਲ ਵਧ ਰਹੇ ਹਨ, ਉਨ੍ਹਾਂ ਪ੍ਰਤੀ ਹਮਦਰਦੀ ਵਿਖਾਉਣੀ ਪਵੇਗੀ। ਨਵੇਂ ਦੌਰ ਅਤੇ ਨਵੀਆਂ ਚੁਨੌਤੀਆਂ ਦਾ ਸਾਹਮਣਾ ਏਨਾ ਮਜ਼ਬੂਤੀ ਨਾਲ ਨਹੀਂ ਜਿੰਨਾ ਹਮਦਰਦੀ ਨਾਲ ਕਰਨਾ ਹੋਵੇਗਾ। -ਨਿਮਰਤ ਕੌਰ