
15 ਨਵੰਬਰ : ਦੁਨੀਆਂ ਦੀ ਆਬਾਦੀ 8 ਅਰਬ ਹੋ ਗਈ! ਅਗਲੇ ਸਾਲ ਦੁਨੀਆਂ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ ਹੋਵੇਗਾ!!
15 ਨਵੰਬਰ ਨੂੰ ਦੁਨੀਆਂ ਦੀ ਆਬਾਦੀ 8 ਅਰਬ ਦਾ ਅੰਕੜਾ ਪਾਰ ਕਰ ਗਈ ਜਿਸ ਵਿਚੋਂ 1.4 ਅਰਬ ਭਾਰਤੀ ਹਨ ਤੇ ਅਗਲੇ ਸਾਲ ਭਾਰਤ ਦੁਨੀਆਂ ਦੀ ਸਭ ਤੋਂ ਵਧ ਆਬਾਦੀ ਵਾਲਾ ਦੇਸ਼ ਹੋਵੇਗਾ| ਮਾਹਰਾਂ ਅਨੁਸਾਰ, ਭਾਰਤ ਦੀ ਆਬਾਦੀ 2064 ਤਕ ਵਧਦੀ ਹੀ ਰਹੇਗੀ ਤੇ ਇਸ ਵਾਧੇ ਵਿਚ ਰੁਕਾਵਟ 2064 ਤੋਂ ਬਾਅਦ ਆਉਣੀ ਸ਼ੁਰੂ ਹੋਵੇਗੀ| 20ਵੀਂ ਸਦੀ ਦੀ ਸ਼ੁਰੂਆਤ ਵਿਚ ਸਾਰੀ ਦੁਨੀਆਂ ਦੀ ਆਬਾਦੀ 1.6 ਅਰਬ ਸੀ ਤੇ ਪਿਛਲੇ ਸਮੇਂ ਇਹ 5 ਗੁਣਾਂ ਵਧੀ ਹੈ| ਇਸ ਨੂੰ ਅਸੀ ਅਪਣੀ ਪ੍ਰਾਪਤੀ ਵਜੋਂ ਨਹੀਂ ਲੈ ਸਕਦੇ ਕਿਉਂਕਿ ਧਰਤੀ ਤੇ ਅਸੀ ਬਹੁਤ ਭਾਰ ਪਾਇਆ ਹੋਇਆ ਹੈ ਜਿਸ ਦਾ ਅਸਰ ਅਸੀ ਬਦਲਦੇ ਵਾਤਾਵਰਣ ਉਤੇ ਪੈਂਦਾ ਵੇਖ ਸਕਦੇ ਹਾਂ| ਪਿਛਲੇ ਹਫ਼ਤੇ ਹੀ ਵਿਸ਼ਵ ਵਾਤਾਵਰਣ 2022 ਦੀ ਰੀਪੋਰਟ ਸੰਯੁਕਤ ਰਾਸ਼ਟਰ ਵਲੋਂ ਸਾਂਝੀ ਕੀਤੀ ਗਈ ਸੀ ਜਿਸ ਨੇ ਦੁਨੀਆਂ ਦੇ ਆਗੂਆਂ ਨੂੰ ਆਗਾਹ ਕੀਤਾ ਕਿ ਜੇ ਅੱਜ ਕਦਮ ਨਾ ਕੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਵਾਤਾਵਰਣ ਦੀਆਂ ਤਬਦੀਲੀਆਂ ਤੇ ਕਾਬੂ ਕਰਨਾ ਔਖਾ ਨਹੀਂ, ਨਾਮੁਮਕਿਨ ਹੋ ਜਾਵੇਗਾ|
ਅਜ ਸੋਕਾ, ਤੂਫ਼ਾਨ, ਅਤਿ ਦੀ ਗਰਮੀ ਜਾਂ ਅਤਿ ਦੀ ਠੰਢ ਦੇ ਕਿਸੇ ਪਿਛਲੇ ਰੀਕਾਰਡ ਹਰ ਸਾਲ ਤੋੜਦੇ ਆ ਰਹੇ ਹਨ| ਸਾਡੀ ਆਬਾਦੀ ਤੇ ਸਾਡੀਆਂ ਆਦਤਾਂ ਨੇ ਵਾਤਾਵਰਣ ਵਿਚ ਕਾਰਬਨ ਡਾਇਅਕਸਾਈਡ ਦੀ ਮਾਤਰਾ ਨੂੰ ਵਧਾ ਦਿਤਾ ਹੈ ਜਿਸ ਨਾਲ ਗਲੇਸ਼ੀਅਰਾਂ (ਬਰਫ਼ ਦੇ ਤੋਦਿਆਂ) ਦਾ ਪਿਘਲਣਾ ਅਗਲੇ ਸੈਂਕੜੇ ਸਾਲਾਂ ਵਿਚ ਰੋਕਿਆ ਨਹੀਂ ਜਾ ਸਕਦਾ ਤੇ ਇਸ ਨਾਲ ਪਾਣੀ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾਣਗੀਆਂ| ਮਨੁੱਖ ਦੀਆਂ ਆਦਤਾਂ ਵਿਚ ਇਹ ਫ਼ਿਤਰਤ ਸਾਰੀ ਥਾਂ ਵੇਖੀ ਜਾਂਦੀ ਹੈ ਕਿ ਅਮੀਰ ਇਨਸਾਨ ਅਪਣੀ ਹਮਦਰਦੀ ਗਵਾਉਂਦਾ ਜਾ ਰਿਹਾ ਹੈ ਜਿਸ ਕਾਰਨ ਦੁਨੀਆਂ ਦੀ ਵਧਦੀ ਆਬਾਦੀ ਬਾਰੇ ਚਿੰਤਾ ਇਹ ਹੈ ਕਿ ਹੁਣ ਬਜ਼ੁਰਗਾਂ ਦਾ ਖ਼ਿਆਲ ਕੌਣ ਕਰੇਗਾ? ਮਨੁੱਖ ਨੇ ਅਜਿਹੀ ਜੀਵਨ ਜਾਚ ਅਪਣਾਈ ਹੈ ਕਿ ਆਉਣ ਵਾਲੇ ਸਮੇਂ ਵਿਚ ਆਬਾਦੀ ਨਹੀਂ ਘਟੇਗੀ ਪਰ ਉਮਰ ਵਧੇਗੀ ਜਿਸ ਨਾਲ ਬਜ਼ੁਰਗਾਂ ਦੀ ਅਬਾਦੀ ਕਮਾਊ ਨੌਜਵਾਨਾਂ ਨਾਲੋਂ ਵਧ ਹੋਣ ਨਾਲ ਇਕ ਨਵਾਂ ਸੰਕਟ ਨਜ਼ਰ ਆ ਰਿਹਾ ਹੈ|
ਅਮੀਰ ਦੇਸ਼ ਤੇ ਅਮੀਰ ਲੋਕ ਚਾਹੁੰਦੇ ਹਨ ਕਿ ਉਹ ਆਰਾਮ ਦੀ ਜ਼ਿੰਦਗੀ ਜਿਊਣ, ਪਰ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਤੇ ਨਾ ਪਵੇ| ਨਾ ਉਹ ਬਜ਼ੁਰਗਾਂ ਦਾ ਖ਼ਿਆਲ ਰਖਣਾ ਚਾਹੁੰਦੇ ਹਨ ਤੇ ਨਾ ਹੀ ਵਾਤਾਵਰਣ ਦਾ| ਦੁਨੀਆਂ ਦੀ ਸਭ ਤੋਂ ਘੱਟ ਆਬਾਦੀ ਅਮੀਰ ਦੇਸ਼ਾਂ ਵਿਚ ਹੈ ਪਰ ਦੁਨੀਆਂ ਦਾ ਸਭ ਤੋਂ ਵਧ ਪ੍ਰਦੂਸ਼ਣ ਉਨ੍ਹਾਂ ਦੇਸ਼ਾਂ ਵਿਚੋਂ ਆਉਂਦਾ ਹੈ| ਹੁਣ ਉਹ ਆਖਦੇ ਹਨ ਕਿ ਭਾਰਤ ਵਰਗੇ ਦੇਸ਼ ਅਪਣਾ ਪ੍ਰਦੂਸ਼ਣ ਘਟਾਉਣ ਜਦ ਕਿ ਉਨ੍ਹਾਂ ਵਾਸਤੇ ਇਹ ਕਰਨਾ ਜ਼ਿਆਦਾ ਸੌਖਾ ਹੈ ਕਿਉਂਕਿ ਉਨ੍ਹਾਂ ਕੋਲ ਦੌਲਤ ਹੈ ਪਰ ਉਹ ਉਸ ਦੌਲਤ ਨਾਲ ਤਾਕਤ ਇਕੱਠੀ ਕਰ ਰਹੇ ਹਨ ਤੇ ਭਾਰਤ ਵਰਗੇ ਦੇਸ਼ਾਂ ਵਿਚ ਨੀਤੀਆਂ ਨੂੰ ਗ਼ਲਤ ਤੌਰ ਤੇ ਪ੍ਰਭਾਵਤ ਕਰ ਰਹੇ ਹਨ|
ਜੇ ਦੁਨੀਆਂ ਇਸੇ ਤਰ੍ਹਾਂ ਦੀ ਸੋਚ ਨਾਲ ਚਲਦੀ ਰਹੀ ਤਾਂ ਸਭ ਤੋਂ ਵੱਡਾ ਸੰਕਟ ਸਾਡੇ ਸਾਹਮਣੇ ਆ ਜਾਵੇਗਾ ਕਿਉਂਕਿ ਸਾਡੀ ਆਬਾਦੀ ਵਾਸਤੇ ਅਜ ਹੀ ਕੁਦਰਤੀ ਸਰੋਤ ਘੱਟ ਪੈ ਰਹੇ ਹਨ ਤੇ ਸਾਡੇ ਕੋਲ ਦੁਨੀਆਂ ਭਰ ਦੇ ਬਜ਼ੁਰਗਾਂ ਦੀ ਵਾਧੂ ਅਬਾਦੀ ਨਾਲੋਂ ਵਾਧੂ ਅਬਾਦੀ ਹੈ। ਇਸ ਸੰਕਟ ਤੋਂ ਭਾਰਤ ਨੂੰ ਅਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਅੱਜ ਤੋਂ ਹੀ ਕੁਦਰਤੀ ਖ਼ਜ਼ਾਨੇ ਦੀ ਸਹੀ ਵਰਤੋਂ ਵਲ ਧਿਆਨ ਦੇਣਾ ਸ਼ੁਰੂ ਕਰਨਾ ਹੋਵੇਗਾ| ਅਮੀਰ ਦੇਸ਼ਾਂ ਦੀ ਸੋਚ ਆਮ ਅਮੀਰਾਂ ਵਾਂਗ ਹੀ ਹੁੰਦੀ ਹੈ| ਉਹ ਅਪਣੇ ਮੁਨਾਫ਼ੇ ਤੇ ਕੇਂਦਰਿਤ ਹੋ ਕੇ, ਅਪਣੇ ਆਪ ਨੂੰ ਜ਼ਿੰਮੇਵਾਰੀ ਤੇ ਹਮਦਰਦੀ ਤੋਂ ਉਪਰ ਰਖਦੇ ਹਨ ਤੇ ਬਹਾਨਾ ਲਗਾਉਂਦੇ ਹਨ ਕਿ ਵੱਡੀ ਤਸਵੀਰ ਵਲ ਧਿਆਨ ਦੇਵੋ ਤੇ ਭੁੱਲ ਜਾਂਦੇ ਹਨ ਕਿ ਤਸਵੀਰ ਨਹੀਂ ਸਗੋਂ ਵੱਡਾ ਆਮ ਇਨਸਾਨ ਹੁੰਦਾ ਹੈ ਜੋ ਕੁਚਲਿਆ ਜਾਵੇਗਾ| ਸਾਨੂੰ ਆਉਣ ਵਾਲੇ ਸਮੇਂ ਵਿਚ ਪਾਣੀ ਦੀ ਸਹੀ ਵਰਤੋਂ, ਸੰਭਾਲ ਅਤੇ ਸੂਰਜ ਦੀ ੳੂਰਜਾ ਵਲ ਧਿਆਨ ਦੇਣ ਦੀ ਸਖ਼ਤ ਲੋੜ ਹੈ| -ਨਿਮਰਤ ਕੌਰ