
ਫਿਰ ਨਾ ਕਹਿਣਾ, ਸਿੱਖ, ਜਥੇਦਾਰਾਂ ਦਾ ਹੁਕਮਨਾਮਾ ਕਿਉਂ ਨਹੀਂ ਮੰਨਦੇ?
ਪੰਜਾਬ ਵਿਚ ਨਾ ਵਿਖਾਏ ਜਾਣ ਦੇ ਬਾਵਜੂਦ ਇਸ ਫ਼ਿਲਮ ਨੇ ਬਾਕੀ ਭਾਰਤ 'ਚ ਚੰਗੀ ਕਮਾਈ ਕਰ ਲਈ ਹੈ ਅਤੇ ਵਿਦੇਸ਼ਾਂ 'ਚ ਵੀ ਫ਼ਿਲਮ ਨੂੰ ਭਾਰੀ ਹੁੰਗਾਰਾ ਮਿਲਿਆ ਹੈ। ਇਹ ਉਹ ਹਫ਼ਤਾ ਹੈ ਜਦੋਂ ਆਈ.ਪੀ.ਐਲ. ਦੇ ਕ੍ਰਿਕਟ ਮੈਚ ਚਲ ਰਹੇ ਹਨ ਅਤੇ ਫ਼ਿਲਮਾਂ ਵੇਖਣ ਲਈ ਘੱਟ ਹੀ ਲੋਕ ਘਰ ਤੋਂ ਬਾਹਰ ਨਿਕਲਦੇ ਹਨ। ਫ਼ਿਲਮ ਦੇ ਮੁਨਾਫ਼ੇ ਦੀ ਫ਼ਿਕਰ ਨਹੀਂ ਪਰ ਅਕਾਲ ਤਖ਼ਤ ਦੇ ਰੁਤਬੇ ਦੀ ਚਿੰਤਾ ਜ਼ਰੂਰ ਹੈ। ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਦਾ ਪਹਿਲਾ ਹਫ਼ਤਾ ਵਧੀਆ ਤਾਂ ਨਹੀਂ ਰਿਹਾ ਪਰ ਮਾੜਾ ਵੀ ਨਹੀਂ ਰਿਹਾ। ਪੰਜਾਬ ਵਿਚ ਨਾ ਵਿਖਾਏ ਜਾਣ ਦੇ ਬਾਵਜੂਦ ਇਸ ਫ਼ਿਲਮ ਨੇ ਬਾਕੀ ਭਾਰਤ 'ਚ ਚੰਗੀ ਕਮਾਈ ਕਰ ਲਈ ਅਤੇ ਵਿਦੇਸ਼ਾਂ 'ਚ ਵੀ ਫ਼ਿਲਮ ਨੂੰ ਭਾਰੀ ਹੁੰਗਾਰਾ ਮਿਲਿਆ ਹੈ। ਇਹ ਉਹ ਹਫ਼ਤਾ ਹੈ ਜਦੋਂ ਆਈ.ਪੀ.ਐਲ. ਦੇ ਕ੍ਰਿਕਟ ਮੈਚ ਚਲ ਰਹੇ ਹਨ ਅਤੇ ਫ਼ਿਲਮਾਂ ਵੇਖਣ ਲਈ ਘੱਟ ਹੀ ਲੋਕ ਘਰ ਤੋਂ ਬਾਹਰ ਨਿਕਲਦੇ ਹਨ। ਫ਼ਿਲਮ ਦੇ ਮੁਨਾਫ਼ੇ ਦੀ ਫ਼ਿਕਰ ਨਹੀਂ ਪਰ ਅਕਾਲ ਤਖ਼ਤ ਦੇ ਰੁਤਬੇ ਦੀ ਚਿੰਤਾ ਜ਼ਰੂਰ ਹੈ। ਅੱਜ ਸਾਡੇ ਧਰਮ ਦੀ ਸੱਭ ਤੋਂ ਉੱਚ ਪਦਵੀ ਅਜਿਹੇ ਹੱਥਾਂ ਵਿਚ ਜਾ ਚੁੱਕੀ ਹੈ ਕਿ ਜਦੋਂ ਅਕਾਲ ਤਖ਼ਤ ਉਤੇ ਬਿਰਾਜਮਾਨ ਮੁੱਖ ਸੇਵਾਦਾਰ ਕੁੱਝ ਬੋਲਦੇ ਹਨ ਤਾਂ ਲੋਕ ਅਣਸੁਣਿਆ ਕਰ ਦੇਂਦੇ ਹਨ ਤੇ ਮੂੰਹ ਪਰਲੇ ਪਾਸੇ ਕਰ ਲੈਂਦੇ ਹਨ। ਦੂਜੇ ਧਰਮਾਂ ਵਿਚ ਜੇ ਪੋਪ ਵਲ ਵੇਖੀਏ ਤਾਂ ਉਨ੍ਹਾਂ ਦੇ ਹਰ ਲਫ਼ਜ਼ ਨੂੰ ਨਾ ਸਿਰਫ਼ ਈਸਾਈ ਬਲਕਿ ਦੁਨੀਆਂ ਦੇ ਦੂਜੇ ਲੋਕ ਵੀ ਸੰਜੀਦਗੀ ਨਾਲ ਸੁਣਦੇ ਹਨ। ਕੋਈ ਵੱਡੇ ਮੌਲਾਨਾ ਮੂੰਹ 'ਚੋਂ ਕੋਈ ਗੱਲ ਕਢਦੇ ਹਨ ਤਾਂ ਮੁਸਲਮਾਨ ਧਰਮ ਨੂੰ ਮੰਨਣ ਵਾਲੇ, ਉਨ੍ਹਾਂ ਦੀ ਗੱਲ ਨੂੰ ਸਿਰ ਮੱਥੇ ਰਖਦੇ ਹਨ। ਪਰ ਹੁਣ ਜਦ ਅਕਾਲ ਤਖ਼ਤ ਤੇ ਬੈਠੇ ਮੁੱਖ ਸੇਵਾਦਾਰ 'ਨਾਨਕ ਸ਼ਾਹ ਫ਼ਕੀਰ' ਦੇ ਫ਼ਿਲਮ ਨਿਰਦੇਸ਼ਕ ਨੂੰ ਸਿੱਖ ਧਰਮ 'ਚੋਂ ਕੱਢਣ ਦਾ ਹੁਕਮ ਦੇਂਦੇ ਹਨ ਤੇ ਸਮੁੱਚੀ ਸਿੱਖ ਕੌਮ ਨੂੰ ਆਖਦੇ ਹਨ ਕਿ ਇਸ ਫ਼ਿਲਮ ਨੂੰ ਨਾ ਵੇਖੇ ਤਾਂ ਉਨ੍ਹਾਂ ਦੀ ਗੱਲ ਕੋਈ ਨਹੀਂ ਸੁਣਦਾ। ਲੋਕ ਫ਼ਿਲਮ ਵੇਖਦੇ ਵੀ ਹਨ ਤੇ ਉਸ ਦੇ ਨਿਰਮਾਤਾ (ਹਰਿੰਦਰ ਸਿੰਘ ਸਿੱਕਾ) ਦੀ ਗੱਲ ਧਿਆਨ ਨਾਲ ਸੁਣਦੇ ਵੀ ਹਨ।ਕੀ ਕਸੂਰ ਸਿੱਖਾਂ ਦਾ ਹੈ ਕਿ ਉਹ ਅਪਣੇ ਅਕਾਲ ਤਖ਼ਤ ਤੇ ਬੈਠੇ ਸੇਵਾਦਾਰਾਂ ਦੀ ਗੱਲ ਨਹੀਂ ਮੰਨ ਰਹੇ ਜਾਂ ਇਨ੍ਹਾਂ ਸੇਵਾਦਾਰਾਂ ਦਾ ਜੋ ਅਪਣੀ ਹੀ ਕੌਮ ਦਾ ਵਿਸ਼ਵਾਸ ਗੁਆ ਚੁੱਕੇ ਹਨ? ਜੇ ਗੱਲ ਸਿਰਫ਼ ਹਰਿੰਦਰ ਸਿੰਘ ਸਿੱਕਾ ਬਾਰੇ ਕਰੀਏ ਤਾਂ ਉਨ੍ਹਾਂ ਨੂੰ ਪੰਥ ਵਿਚੋਂ ਛੇਕਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਫ਼ਿਲਮ ਫਿਰ ਵੀ ਚਲ ਰਹੀ ਹੈ। ਅੱਜ ਲੋਕ ਪੁੱਛ ਰਹੇ ਹਨ ਕਿ ਹਰਿੰਦਰ ਸਿੰਘ ਸਿੱਕਾ ਨੇ ਤਾਂ ਐਸ.ਜੀ.ਪੀ.ਸੀ. ਅਤੇ ਅਕਾਲ ਤਖ਼ਤ ਦੀ ਦੇਖਰੇਖ ਹੇਠ ਅਤੇ ਸਲਾਹ ਨਾਲ ਇਸ ਫ਼ਿਲਮ ਨੂੰ ਬਣਾਇਆ ਸੀ, ਫਿਰ ਉਨ੍ਹਾਂ ਸਾਰੇ ਲੋਕਾਂ ਨੂੰ ਕਿਉਂ ਨਹੀਂ ਛੇਕਿਆ ਗਿਆ ਜੋ ਸ਼੍ਰੋਮਣੀ ਕਮੇਟੀ ਦੇ ਸਲਾਹਕਾਰ ਸਨ ਤੇ ਜਿਨ੍ਹਾਂ ਨੂੰ ਸੱਭ ਤੋਂ ਪਹਿਲਾਂ ਫ਼ਿਲਮ ਵਿਖਾਈ ਗਈ ਸੀ? ਪਰ ਇਥੇ ਤਾਂ ਛੇਕਣ ਵਾਲੇ ਹੀ ਸਲਾਹਕਾਰ ਸਨ। ਇਸ ਫ਼ਿਲਮ ਨੂੰ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤੇ ਅਕਾਲੀ ਦਲ ਦੇ ਬਾਦਲ ਪ੍ਰਵਾਰ ਨੇ ਵੀ ਵੇਖਿਆ ਸੀ ਅਤੇ ਉਨ੍ਹਾਂ ਦੇ ਕਹਿਣ ਤੇ ਹੀ ਇਸ ਨੂੰ ਪ੍ਰਵਾਨਗੀ ਮਿਲੀ ਸੀ। ਉਨ੍ਹਾਂ ਨੂੰ ਕਿਉਂ ਨਹੀਂ ਛੇਕਿਆ ਗਿਆ? ਫਿਰ ਇਸ ਫ਼ਿਲਮ ਦੇ ਪ੍ਰਚਾਰ ਵਾਸਤੇ ਐਸ.ਜੀ.ਪੀ.ਸੀ. ਦਫ਼ਤਰ ਵਲੋਂ ਹੁਕਮ ਹੋਏ, ਪੋਸਟਰ ਛਾਪਣ ਵਾਸਤੇ ਆਖਿਆ ਗਿਆ, ਉਨ੍ਹਾਂ ਨੂੰ ਛੇਕਣ ਦਾ ਹੁਕਮ ਕਿਉਂ ਨਹੀਂ ਹੋਇਆ?
Harinder Singh Sikka
ਠੀਕ ਹੈ ਬਾਬਾ ਨਾਨਕ ਦੇ ਜੀਵਨ ਨੂੰ ਪਰਦੇ ਉਤੇ ਪੇਸ਼ ਕਰਨ ਸਮੇਂ ਗ਼ਲਤੀਆਂ ਵੀ ਹੋਈਆਂ ਹਨ ਪਰ ਉਨ੍ਹਾਂ ਸਾਰੀਆਂ ਗ਼ਲਤੀਆਂ ਉਤੇ ਪਹਿਲਾਂ ਪ੍ਰਵਾਨਗੀ ਦੀ ਮੋਹਰ ਲਾਉਣ ਵਾਲਿਆਂ ਨੂੰ ਨਹੀਂ ਛੇਕਿਆ ਗਿਆ ਅਤੇ ਇਸੇ ਕਰ ਕੇ ਅੱਜ ਅਕਾਲ ਤਖ਼ਤ ਤੋਂ ਆਉਣ ਵਾਲੀ ਕਿਸੇ ਗੱਲ ਨੂੰ ਕੋਈ ਸੰਜੀਦਗੀ ਨਾਲ ਨਹੀਂ ਲੈਂਦਾ। ਜੋ ਲੋਕ ਦੁਖੀ ਹਨ, ਉਹ ਅਜਿਹੇ ਲੋਕ ਹਨ ਜੋ ਬਾਣੀ ਨਾਲ ਜੁੜੇ ਹੋਏ ਲੋਕ ਹਨ ਅਤੇ ਸਮਝਦੇ ਹਨ ਕਿ ਸਿੱਖ ਫ਼ਲਸਫ਼ਾ ਵਿਚਾਰ ਵਟਾਂਦਰੇ ਉਤੇ ਟਿਕਿਆ ਹੋਇਆ ਹੈ। ਸਿੱਖ ਧਰਮ ਵਿਚ ਰੱਬ ਅਤੇ ਬੰਦੇ ਵਿਚਕਾਰ ਕਿਸੇ ਵਿਚੋਲੇ ਨੂੰ ਕੋਈ ਥਾਂ ਨਹੀਂ ਦਿਤੀ ਗਈ। ਸੋ ਹਰਿੰਦਰ ਸਿੰਘ ਸਿੱਕਾ ਨੂੰ ਛੇਕਣ ਦਾ ਸਵਾਲ ਹੀ ਕਿਥੇ ਬਣਦਾ ਹੈ?
ਅਕਾਲ ਤਖ਼ਤ ਦੇ ਫ਼ਤਵਿਆਂ ਬਾਰੇ ਪਹਿਲਾਂ ਵੀ ਸਿੱਖ ਧਰਮ ਵਿਚ ਬੜੇ ਸਵਾਲ ਚੁੱਕੇ ਗਏ ਸਨ ਜਿਨ੍ਹਾਂ ਦਾ ਜਵਾਬ ਕਦੇ ਨਹੀਂ ਦਿਤਾ ਗਿਆ। ਦਸਮ ਗ੍ਰੰਥ ਬਾਰੇ ਵਿਚਾਰ-ਵਟਾਂਦਰਾ ਕਰਨ ਦੀ ਗੱਲ ਕਰਨ ਤੇ ਪ੍ਰੋ. ਦਰਸ਼ਨ ਸਿੰਘ ਨੂੰ ਤੇ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦੀ ਹਮਾਇਤ ਕਰਨ ਬਦਲੇ ਸ. ਜੋਗਿੰਦਰ ਸਿੰਘ, ਮੁੱਖ ਸੰਪਾਦਕ ਸਪੋਕਸਮੈਨ ਨੂੰ ਪੰਥ 'ਚੋਂ ਛੇਕਿਆ ਗਿਆ ਸੀ ਪਰ ਮਗਰੋਂ ਜਥੇਦਾਰ ਗਿ. ਗੁਰਬਚਨ ਸਿੰਘ ਨੇ ਆਪ ਫ਼ੋਨ ਕਰ ਕੇ ਕਿਹਾ ਸੀ ਕਿ ''ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਐਲਾਨ ਕਰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ ਤੇ ਭੁੱਲ ਜੋਗਿੰਦਰ ਸਿੰਘ ਵੇਦਾਂਤੀ ਨੇ ਕੀਤੀ ਸੀ ਜਿਸ ਨੇ ਕਾਲਾ ਅਫ਼ਗਾਨਾ ਦਾ ਗੁੱਸਾ ਤੁਹਾਡੇ ਉਤੇ ਕਢਿਆ''¸ਫਿਰ ਵੀ ਕਿਹੜੀ ਦਲੀਲ, ਕਿਹੜੀ ਮਰਿਆਦਾ ਤੇ ਕਿਹੜੇ ਕਾਨੂੰਨ ਮੁਤਾਬਕ ਇਹ ਅਪਣੇ ਸਾਥੀ ਜਥੇਦਾਰ ਦੀ ਭੁੱਲ ਨੂੰ ਅਕਾਲ ਤਖ਼ਤ ਤੋਂ ਪ੍ਰਵਾਨ ਕਰ ਕੇ, ਨਿਰਦੋਸ਼ ਮੁੱਖ ਸੰਪਾਦਕ ਵਿਰੁਧ ਦੋਸ਼ ਵਾਪਸ ਨਹੀਂ ਲੈਂਦੇ ਤੇ ਸਗੋਂ ਢੀਠਤਾਈ ਨਾਲ ਕਹਿੰਦੇ ਹਨ ਕਿ ਸਿੱਖ ਮਰਿਆਦਾ ਹੀ ਅਜਿਹੀ ਹੈ ਕਿ ਜਿਸ ਨਾਲ ਧੱਕਾ ਹੋਇਆ ਹੋਵੇ, ਉਸ ਨੂੰ ਹੀ ਪੇਸ਼ ਹੋ ਕੇ ਖਿਮਾਂ ਮੰਗਣੀ ਪੈਂਦੀ ਹੈ। ਕੀ ਇਹ ਸਿੱਖੀ ਦੀ ਵਡਿਆਈ ਦੱਸੀ ਜਾ ਰਹੀ ਹੈ ਜਾਂ...? ਪਰ ਸਪੋਕਸਮੈਨ 13 ਸਾਲ ਤੋਂ ਵਧਦਾ ਫੁਲਦਾ ਜਾ ਰਿਹਾ ਹੈ ਅਤੇ ਐਸ.ਜੀ.ਪੀ.ਸੀ. ਅਤੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਵੀ ਅਪਣੇ ਹੀ ਫ਼ਤਵੇ ਨੂੰ ਛਿੱਕੇ ਤੇ ਟੰਗ ਕੇ, ਸਪੋਕਸਮੈਨ ਨੂੰ ਹਰ ਰੋਜ਼ ਪੜ੍ਹਦੇ ਹਨ।
ਹਾਲ ਇਹ ਹੋ ਗਿਆ ਹੈ ਕਿ ਬਾਬਿਆਂ ਨੂੰ ਸਿਰੋਪਾਉ ਦਿੰਦੇ ਹਨ ਪਰ ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਛੇਕ ਦੇਂਦੇ ਹਨ। ਸਿੱਖ ਫ਼ਲਸਫ਼ਾ ਵਿਚਾਰ-ਵਟਾਂਦਰੇ ਅਤੇ ਮਨ ਬੁੱਧੀ ਦੀ ਵਰਤੋਂ ਕਰਨ ਦੀ ਤਾਕਤ ਹਰ ਇਨਸਾਨ ਨੂੰ ਦੇਂਦਾ ਹੈ। ਪਰ ਬਿਬੇਕ ਬੁੱਧੀ ਤੇ ਆਧਾਰਤ ਫ਼ਲਸਫ਼ੇ ਨੂੰ ਹੁਣ ਕੁੱਝ ਪ੍ਰਵਾਰ ਕਾਬੂ ਹੇਠ ਕਰ ਕੇ ਉਹੀ ਕੁਰੀਤੀਆਂ ਸਿੱਖ ਧਰਮ ਵਿਚ ਲਿਆ ਰਹੇ ਹਨ ਜਿਨ੍ਹਾਂ ਵਿਰੁਧ ਬਾਬਾ ਨਾਨਕ ਨੇ ਜੰਗ ਛੇੜੀ ਸੀ। ਸਾਨੂੰ ਪੰਡਤਾਂ ਦੀ ਜ਼ਰੂਰਤ ਨਹੀਂ ਅਤੇ ਨਾ ਸਾਨੂੰ ਛੇਕਣ ਦਾ ਹੱਕ ਕਿਸੇ ਹੋਰ ਇਨਸਾਨ ਕੋਲ ਹੀ ਹੈ। ਜਦੋਂ ਮੇਰਾ ਰੱਬ ਮੇਰੇ ਅੰਗ-ਸੰਗ ਹੈ, ਫਿਰ ਇਹ ਮੁੱਖ ਸੇਵਾਦਾਰ ਕਿਉਂ ਮੇਰੇ ਅਸਲ ਰਾਖੇ (ਅਕਾਲ ਪੁਰਖ) ਦੇ ਉਲਟ, ਹੰਕਾਰ ਦੀਆਂ ਤਲਵਾਰਾਂ ਲਹਿਰਾ ਰਹੇ ਹਨ? ਨਾਨਕ ਸ਼ਾਹ ਫ਼ਕੀਰ ਵਿਚ ਅਨੇਕਾਂ ਗ਼ਲਤੀਆਂ ਹੋਣਗੀਆਂ ਪਰ ਗ਼ਲਤੀਆਂ ਦੂਰ ਕਰਨ ਦਾ ਯਤਨ ਕੌਣ ਕਰੇਗਾ? ਕੌਣ ਅਸਲ ਬਾਬਾ ਨਾਨਕ ਨੂੰ ਦੁਨੀਆਂ ਨਾਲ ਮਿਲਾਵੇਗਾ? ਜੋ ਆਵਾਜ਼ਾਂ ਸਵਾਲ ਕਰ ਰਹੀਆਂ ਹਨ ਉਹ ਤਾਂ ਬਾਣੀ ਪੜ੍ਹਨ ਵਾਲੀਆਂ ਹਨ, ਬਾਕੀ ਤਾਂ ਅੱਖਾਂ ਅਤੇ ਕੰਨ ਬੰਦ ਕਰ ਕੇ ਗੋਲਕ ਵਿਚ ਅਰਬਾਂ ਰੁਪਏ ਪਾ ਕੇ ਤੇ ਬਾਣੀ ਤੋਂ ਦੂਰ ਜਾ ਕੇ, ਇਨ੍ਹਾਂ ਪੁਜਾਰੀਆਂ ਦੇ ਧੰਦੇ ਨੂੰ ਹੋਰ ਵੀ ਮਜ਼ਬੂਤ ਬਣਾ ਰਹੇ ਹਨ। -ਨਿਮਰਤ ਕੌਰ