
ਚੋਣਾਂ ਦੌਰਾਨ ਬੜੇ ਪ੍ਰਗਟਾਵੇ ਹੋਏ। ਬੜੇ ਲੋਕਾਂ ਨੇ ਮੰਚਾਂ ਤੇ ਚੜ੍ਹ ਕੇ ਇਕ-ਦੂਜੇ ਉਤੇ ਸ਼ਿਕੰਜਾ ਕਸਿਆ, ਬੜੀਆਂ ਨਿਜੀ ਗੱਲਾਂ ਜਨਤਕ ਹੋਈਆਂ ਪਰ ਇਨ੍ਹਾਂ ਵੱਡੇ ਵੱਡੇ....
ਚੋਣਾਂ ਦੌਰਾਨ ਬੜੇ ਪ੍ਰਗਟਾਵੇ ਹੋਏ। ਬੜੇ ਲੋਕਾਂ ਨੇ ਮੰਚਾਂ ਤੇ ਚੜ੍ਹ ਕੇ ਇਕ-ਦੂਜੇ ਉਤੇ ਸ਼ਿਕੰਜਾ ਕਸਿਆ, ਬੜੀਆਂ ਨਿਜੀ ਗੱਲਾਂ ਜਨਤਕ ਹੋਈਆਂ ਪਰ ਇਨ੍ਹਾਂ ਵੱਡੇ ਵੱਡੇ ਆਗੂਆਂ ਦੇ ਨਾਲ ਨਾਲ ਆਮ ਜਨਤਾ ਬਾਰੇ ਵੀ ਕਾਫ਼ੀ ਕੁੱਝ ਸਾਹਮਣੇ ਆਇਆ। ਸਨੀ ਦਿਉਲ ਦੁਆਲੇ ਕਮਲੀ ਹੋਈ ਜਨਤਾ ਨਜ਼ਰ ਆਈ। ਹਾਸੇ, ਮਜ਼ਾਕ, ਗੀਤ ਸੁਣਨ ਲਈ ਰੈਲੀਆਂ ਵਿਚ ਜਾਂਦੀ ਭੀੜ ਨਜ਼ਰ ਆਈ। ਚਰਚਾ ਕਰਦੇ ਵੋਟਰ ਵੀ ਨਜ਼ਰ ਆਏ। ਤੱਥਾਂ ਨੂੰ ਟਟੋਲਣ ਵਾਲੇ ਔਖੇ ਸਵਾਲ ਪੁੱਛਣ ਵਾਲੇ ਵੀ ਨਜ਼ਰ ਆਏ। ਨਿਰਾਸ਼ਾ ਵੀ ਪਸਰੀ ਹੋਈ ਵੇਖੀ, ਖ਼ਾਸ ਕਰ ਕੇ ਨੌਜੁਆਨਾਂ ਵਿਚ ਅਤੇ ਔਰਤਾਂ ਵਿਚ। ਮਾਵਾਂ ਦਾ ਅਪਣੇ ਪੁੱਤਰਾਂ ਨੂੰ ਬੇਰੁਜ਼ਗਾਰ ਵੇਖ ਕੇ ਦਰਦ ਨਜ਼ਰ ਆਇਆ ਅਤੇ ਨੌਜੁਆਨ ਮੋਬਾਈਲ ਫ਼ੋਨਾਂ ਨੂੰ ਰੀਚਾਰਜ ਕਰਵਾਉਂਦੇ ਨਜ਼ਰ ਆਏ।
2019 Lok Sabha election
ਜੇ ਸਾਰੇ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਦੌਰੇ ਨੂੰ ਇਕ ਸ਼ਬਦ ਵਿਚ ਸਮੇਟੀਏ ਤਾਂ ਉਹ ਹੋਵੇਗਾ 'ਨਿਰਾਸ਼ਾ'। ਨਿਰਾਸ਼ਾ ਹਰ ਵੋਟਰ ਵਿਚ ਸੀ, ਭਾਵੇਂ ਬਜ਼ੁਰਗ ਹੋਵੇ ਜਾਂ ਨੌਜੁਆਨ, ਭਾਵੇਂ ਅਕਾਲੀ ਹਮਾਇਤੀ ਹੋਵੇ, 'ਆਪ' ਦਾ ਬੰਦਾ ਹੋਵੇ ਜਾਂ ਕਾਂਗਰਸ ਹਮਾਇਤੀ। ਵੱਡੇ ਬਜ਼ੁਰਗਾਂ ਵਿਚ ਅਜੇ ਫਿਰ ਵੀ ਵੋਟ ਪਾਉਣ ਦੀ ਹਿੰਮਤ ਕਾਇਮ ਸੀ। ਚਲੋ ਕੁੱਝ ਤਾਂ ਹੁੰਦਾ ਹੀ ਆ ਰਿਹਾ ਹੈ। ਕਰਜ਼ਾ ਮਾਫ਼ੀ ਨਾਲ ਕਿਸਾਨਾਂ ਅੰਦਰ ਇਕ ਉਮੀਦ ਜ਼ਰੂਰ ਪੈਦਾ ਹੋਈ ਵੇਖੀ। ਅਪਣੀ ਪਾਰਟੀ ਪ੍ਰਤੀ ਜਾਂ ਤਾਂ ਵਫ਼ਾਦਾਰੀ ਸੀ ਜਾਂ ਓੜਕਾਂ ਦਾ ਗੁੱਸਾ ਤੇ ਉਸ ਨੂੰ ਹਰਾਉਣ ਦੀ ਇੱਛਾ ਵੀ ਵੇਖੀ। ਨੌਜੁਆਨਾਂ ਵਿਚ ਨਿਰਾਸ਼ਾ ਏਨੀ ਜ਼ਿਆਦਾ ਸੀ ਕਿ ਹਰ 10 'ਚੋਂ ਪੰਜ ਨੇ ਤਾਂ ਅਪਣਾ ਵੋਟਰ ਕਾਰਡ ਬਣਾਉਣ ਦੀ ਕੋਸ਼ਿਸ਼ ਵੀ ਨਾ ਕੀਤੀ।
Voter
ਉਹ ਦੂਰ ਬੈਠ ਕੇ ਲੋਕਾਂ ਨੂੰ ਚਰਚਾ ਕਰਦੇ ਵੇਖਦੇ ਅਤੇ ਆਖਦੇ ਕਿ ਕੁੱਝ ਨਹੀਂ ਜੇ ਬਦਲਣਾ ਯਾਰੋ, ਸਾਰੇ ਸਿਆਸਤਦਾਨ ਇਕੋ ਜਿਹੇ ਹੁੰਦੇ ਨੇ। ਸਾਰੇ ਅਪਣੇ ਬਾਰੇ ਹੀ ਸੋਚਦੇ ਹਨ ਅਤੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਵੇਖ ਕੇ, ਸ਼ਹਿਰਾਂ 'ਚ ਕੂੜੇ ਦੇ ਢੇਰ ਵੇਖ ਕੇ, ਹਸਪਤਾਲਾਂ-ਡਿਸਪੈਂਸਰੀਆਂ ਦੀ ਹਾਲਤ ਵੇਖ ਕੇ ਨਿਰਾਸ਼ਾ ਦਾ ਕਾਰਨ ਸਮਝ ਆਉਂਦਾ ਹੈ। ਉਹ ਆਖਦੇ ਹਨ ਕਿ ਜੇ 10 ਸਾਲ ਮਾੜੇ ਸਨ ਤਾਂ ਪਿਛਲੇ 2 ਸਾਲਾਂ ਵਿਚ ਕਿਹੜਾ ਕੰਮ ਹੋਇਆ ਹੈ? ਜੇ ਹੋਇਆ ਵੀ ਹੈ ਤਾਂ ਉਸ ਦੀ ਚਾਲ ਬਹੁਤ ਹੀ ਹੌਲੀ ਹੈ। ਮਨਰੇਗਾ ਦੀ ਜੋ ਕਟੌਤੀ ਕੇਂਦਰ ਵਲੋਂ ਕੀਤੀ ਗਈ ਹੈ, ਉਸ ਨਾਲ ਖ਼ਾਸ ਕਰ ਕੇ ਔਰਤਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਜਦੋਂ ਦੇਸ਼ ਵਿਚ ਅਰਥਚਾਰੇ ਦੀ ਹਾਲਤ ਮੰਦੀ ਹੈ, ਪੰਜਾਬ ਵਿਚ ਸਥਾਪਤ ਕਰਨ ਲਈ ਕੋਈ ਉਤਸ਼ਾਹ ਦੇਣ ਲਈ ਤਿਆਰ ਨਹੀਂ ਤਾਂ ਨੌਕਰੀਆਂ ਸਰਕਾਰ ਕਿਥੋਂ ਦੇਵੇਗੀ? ਨਿਰਾਸ਼ਾ ਨਿਰਾਸ਼ਾ ਤੇ ਬਸ ਨਿਰਾਸ਼ਾ।
Pic
ਕਈ ਵੀਡੀਉ ਜਨਤਕ ਹੋਏ, ਚਰਚਿਤ ਹੋਏ, ਪਰ ਪਕੌੜਿਆਂ ਵਾਲਾ ਵੀਡੀਉ, ਸਾਡੀ ਭੁੱਖ ਤੇ ਲੁਟ ਦਾ ਮਾਲ ਖਾਣ ਦੀ ਫ਼ਿਤਰਤ ਨੂੰ ਫਿਰ ਤੋਂ ਨੰਗਾ ਕਰ ਗਿਆ। ਵੀਡੀਉ, ਪੰਜਾਬ ਦੀ ਇਕ ਰਵਾਇਤੀ ਪਾਰਟੀ ਦੇ ਸਿਆਸੀ ਗੜ੍ਹ 'ਚ ਹੋਈ ਰੈਲੀ ਦਾ ਮੰਨਿਆ ਜਾ ਰਿਹਾ ਹੈ, ਜਿੱਥੇ ਪਕੌੜੇ ਦੀ ਟੋਕਰੀ ਚੁੱਕੀ ਵਿਅਕਤੀ ਡਿੱਗ ਪੈਂਦਾ ਹੈ ਅਤੇ ਉਸ ਦੀ ਮਦਦ ਕਰਨ ਦੀ ਬਜਾਏ ਆਸੇ-ਪਾਸੇ ਦੇ ਲੋਕ ਪਕੌੜਿਆਂ ਨੂੰ ਲੁੱਟਣ 'ਚ ਲੱਗ ਜਾਂਦੇ ਹਨ। ਸਾਬਤ ਸੂਰਤ ਸਿੱਖ, ਬਜ਼ੁਰਗ, ਲਾਠੀ ਫੜੀ ਆਦਮੀ, ਅਪਣੇ ਪਕੌੜਿਆਂ ਦੀ ਲੁੱਟ ਨਾਲ ਖ਼ੁਸ਼ ਹੋ ਜਾਂਦੇ ਹਨ। ਇਹੋ ਜਿਹਾ ਇਕ ਹੋਰ ਵੀਡੀਉ ਵੀ ਹੈ ਜਿੱਥੇ ਪਕੌੜੇ ਟੋਕਰੀਆਂ ਵਿਚ ਪਾਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਲੁੱਟ ਚਲ ਰਹੀ ਹੈ।
Punjab Lok Sabha election 2019
ਅੱਜ ਤੋਂ ਮਹਿਜ਼ 70 ਸਾਲ ਪਹਿਲਾਂ ਜਿਹੜੀ ਪੰਜਾਬੀ ਕੌਮ ਦੇਸ਼ ਦੀ ਰਖਵਾਲੀ ਕਰਨ ਵਾਲੀ ਮੰਨੀ ਜਾਂਦੀ ਸੀ ਤੇ ਜਿਸ ਦੀ ਵਿਸ਼ਵ ਜੰਗਾਂ ਵਿਚ ਵਿਖਾਈ ਦਲੇਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਉਸ ਕੌਮ ਨੂੰ ਆਜ਼ਾਦ ਭਾਰਤ ਨੇ ਕਿਸ ਹਾਲਤ ਵਿਚ ਲਿਆ ਸੁਟਿਆ ਹੈ। ਕਸੂਰ ਕਿਸ ਦਾ ਹੈ? ਉਸ ਪੁਰਾਣੀ ਕੇਂਦਰੀ ਸਿਆਸਤ ਦਾ ਜੋ ਪੰਜਾਬ ਦੀ ਅਣਖ ਤੋਂ ਘਬਰਾਉਂਦੀ ਸੀ ਅਤੇ ਇਸ ਦੀ ਤਾਕਤ ਨੂੰ ਦਬਾ ਕੇ ਰਖਣਾ ਚਾਹੁੰਦੀ ਸੀ ਜਾਂ ਉਸ ਪੰਥਕ ਪਾਰਟੀ ਦਾ ਜਿਸ ਨੇ ਅਪਣੇ ਫ਼ਾਇਦੇ ਲਈ ਪੰਜਾਬ ਨੂੰ ਇਸਤੇਮਾਲ ਕੀਤਾ? ਕੀ ਕਸੂਰ ਉਸ ਵੋਟਰ ਦਾ ਹੈ ਜੋ ਅਪਣੇ ਆਪ ਨੂੰ ਇਕ ਪਾਰਟੀ ਨਾਲ ਜੋੜ ਲੈਂਦਾ ਹੈ ਭਾਵੇਂ ਨੁਕਸਾਨ ਪੰਜਾਬ ਦਾ ਹੁੰਦਾ ਰਹੇ?
Vote
ਸਮਾਂ ਬਦਲਦਾ ਹੈ ਅਤੇ ਸੋਚ ਨੂੰ ਨਾਲ ਦੀ ਨਾਲ ਬਦਲਣ ਵਾਲੇ ਹੀ ਅੱਗੇ ਵਧਦੇ ਹਨ। ਇਤਿਹਾਸ ਦੇ ਚੱਕਰ ਵਿਚ ਫੱਸ ਕੇ ਰਹਿ ਜਾਣ ਵਾਲੇ ਨਹੀਂ, ਬਲਕਿ ਇਤਿਹਾਸ ਤੋਂ ਸਬਕ ਸਿਖਣ ਵਾਲੇ ਹੀ ਅੱਗੇ ਵਧਦੇ ਹਨ। ਜੇ ਇਹ ਨਿਰਾਸ਼ਾ ਵਧਦੀ ਗਈ ਤਾਂ ਆਉਣ ਵਾਲਾ ਕਲ ਬੀਤੇ ਸਾਲਾਂ ਤੋਂ ਬਿਹਤਰ ਹੋਵੇਗਾ। ਜੇ ਰੱਬ ਉਤੇ ਵਿਸ਼ਵਾਸ ਹੈ ਤਾਂ ਉਮੀਦ ਕਿਉਂ ਹਾਰਦੇ ਹੋ? ਵੋਟਰ ਵਜੋਂ ਅਪਣਾ ਫ਼ਰਜ਼ ਨਿਭਾਉ, ਅਪਣੀ ਸੋਚ ਨੂੰ ਇਸਤੇਮਾਲ ਕਰੋ, ਸਵਾਲ ਪੁੱਛੋ, ਆਵਾਜ਼ ਚੁੱਕੋ ਪਰ ਡਾਂਗ ਨਹੀਂ ਅਤੇ ਵੋਟ ਜ਼ਰੂਰ ਪਾਉ। - ਨਿਮਰਤ ਕੌਰ