
ਬਦਲਾਅ ਜਦ ਲੋਕਾਂ ਦੀ ਸੋਚ ਤੋਂ ਸ਼ੁਰੂ ਹੋਵੇਗਾ ਤਾਂ ਫਿਰ ਸਿਆਸਤਦਾਨ ਅਪਣੇ ਆਪ ਕੰਮ ਕਰਨ ਲੱਗ ਜਾਣਗੇ।
ਗੁਜਰਾਤ ਚੋਣਾਂ ਨੂੰ ਧਿਆਨ ਵਿਚ ਰਖਦੇ ਹੋਏ, ਪਹਿਲਾਂ ਭਾਜਪਾ ਵਲੋਂ ਰਾਤੋ ਰਾਤ ਮੁੱਖ ਮੰਤਰੀ ਬਦਲ ਦਿਤਾ ਗਿਆ ਤੇ ਫਿਰ ਉਤਰ ਪ੍ਰਦੇਸ਼ ਵਿਚ ਇਕ ਜਾਟ ਆਗੂ ਦੇ ਨਾਮ ਤੇ ਇਕ ‘ਵਰਸਿਟੀ’ ਦਾ ਨਾਂ ਰੱਖ ਦਿਤਾ ਗਿਆ। ਗੁਜਰਾਤ ਵਿਚ ‘ਪਟੇਲ’ ਮੁੱਖ ਮੰਤਰੀ ਬਣਾਉਣ ਪਿਛੇ ਸੂਬੇ ਦੀ ਕਾਰਜਸ਼ੈਲੀ ਵਿਖਾਉਣ ਨਾਲੋਂ ਜ਼ਿਆਦਾ ਜ਼ਰੂਰੀ ਗੁਜਰਾਤ ਵਿਚ ਹਾਰਦਿਕ ਪਟੇਲ ਦੀ ਚੜ੍ਹਤ ਰੋਕਣੀ ਸੀ। ਇਕ ਪਾਸੇ ਤਾਂ ਇਹ ਭਾਜਪਾ ਦੇ ਅੰਦਰ ਦੀ ਗੱਲ ਹੈ ਕਿ ਉਹ ਕਿਸ ਤਰ੍ਹਾਂ ਅਪਣੇ ਮੁੱਖ ਮੰਤਰੀਆਂ ਦਾ ‘ਸਤਿਕਾਰ’ ਕਰਦੇ ਹਨ ਪਰ ਅਸਲ ਮੁੱਦਾ ਇਹ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਮੁੱਦਿਆਂ ਨਾਲੋਂ ਜ਼ਿਆਦਾ ‘ਜਾਤੀਵਾਦ’ ਵਲ ਧਿਆਨ ਦਿਤਾ ਜਾ ਰਿਹਾ ਹੈ।
BJP
ਪ੍ਰਧਾਨ ਮੰਤਰੀ ਨੇ ਅਲੀਗੜ੍ਹ ਦੇ ਅਪਣੇ ਭਾਸ਼ਣ ਵਿਚ ਮੁੱਖ ਮੰਤਰੀ ਯੋਗੀ ਦੀਆਂ ਖ਼ੂਬ ਤਾਰੀਫ਼ਾਂ ਕੀਤੀਆਂ ਸਨ ਜਦਕਿ ਇਸੇ ਰਾਜ ਵਿਚ ਡੇਂਗੂ ਤੋਂ ਪੀੜਤ ਬੱਚੇ ਹਸਪਤਾਲਾਂ ਦੇ ਬਾਹਰ ਦਮ ਤੋੜਦੇ ਵੇਖੇ ਗਏ। ਉਤਰ ਪ੍ਰਦੇਸ਼ ਵਿਚ ਜਿਸ ਤਰ੍ਹਾਂ ਕੋਵਿਡ ਦੌਰਾਨ ਦਰਿਆਵਾਂ ਵਿਚ ਲਾਸ਼ਾਂ ਰੁੜ੍ਹਦੀਆਂ ਵੇਖੀਆਂ ਗਈਆਂ, ਉਸ ਬਾਰੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁਕਣੇ ਬਣਦੇ ਹਨ। ਯੋਗੀ ਰਾਜ ਵਿਚ ਇਕ ਪੱਤਰਕਾਰ ਨੂੰ ਬਲਾਤਕਾਰ ਦਾ ਸੱਚ ਵਿਖਾਉਣ ਬਦਲੇ ਕਾਫ਼ੀ ਦੇਰ ਤੋਂ ਜੇਲ ਵਿਚ ਦੇਸ਼ ਵਿਰੁਧ ਸਾਜ਼ਸ਼ ਰਚਣ ਦਾ ਦੋਸ਼ ਲਾ ਕੇ ਬੰਦ ਕੀਤਾ ਹੋਇਆ ਹੈ।
PM MODI
ਪਰ ਅਸਲ ਮੁੱਦਾ ਕੋਈ ਨਹੀਂ ਚੁਕਦਾ। ਸਗੋਂ ਉਤਰ ਪ੍ਰਦੇਸ਼ ਦੇ ਯੋਗੀ ਨੇ ‘ਅੱਬਾ ਜਾਨ’ ਆਖਣ ਵਾਲਿਆਂ ਨੂੰ ਲੈ ਕੇ ਇਕ ਬੜੀ ਸ਼ਰਮਨਾਕ ਟਿਪਣੀ ਕੀਤੀ ਤੇ ਇਹ ਵਿਖਾਇਆ ਕਿ ਇਹ ਸੋਚ ਸਾਰੇ ਹੀ ਸਿਆਸਤਦਾਨਾਂ ਦੀ ਇਕੋ ਜਹੀ ਸਮੱਸਿਆ ਹੈ ਕਿ ਉਹ ਅਪਣੀ ਪ੍ਰਜਾ ਨੂੰ ਇਕ ਨਜ਼ਰ ਨਾਲ ਨਹੀਂ ਵੇਖ ਸਕਦੇ। ਉਨ੍ਹਾਂ ਦੇ ਦਿਮਾਗ਼ ਵਿਚ ਸੱਭ ਧਰਮਾਂ ਤੇ ਜਾਤੀਆਂ ਦੇ ਲੋਕ ਸਿਰਫ਼ ਉਨ੍ਹਾਂ ਦੀਆਂ ਵੋਟਾਂ ਹੀ ਹਨ ਤੇ ਲੋੜ ਪੈਣ ਤੇ ਉਹ ਇਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹਨ। ਮੁਸਲਿਮ ਔਰਤਾਂ ਵਾਸਤੇ ਤਿੰਨ ਤਲਾਕ ਕਾਨੂੰਨ ਰੱਦ ਕਰ ਦਿਤਾ ਗਿਆ ਸੀ ਤੇ ਇਹ ਵੀ ਉਹੀ ‘ਅੱਬਾ ਜਾਨ’ ਆਖਣ ਵਾਲੀ ਸ਼ੇ੍ਣੀ ਹੀ ਸੀ ਪਰ ਤਿੰਨ ਤਲਾਕ ਸਿਰਫ਼ ਮੁਸਲਿਮ ਵੋਟ ਨੂੰ ਵੰਡਣ ਵਾਸਤੇ ਰੱਦ ਕੀਤਾ ਗਿਆ ਸੀ, ਉਂਜ ਉਹ ਅਸਲ ਵਿਚ ਮੁਸਲਮਾਨ ਔਰਤਾਂ ਦੀ ਜਾਇਜ਼ ਮੰਗ ਸੀ। ਪਰ ਜਦ ਚੋਣਾਂ ਵਿਚ ਹਿੰਦੂ ਵੋਟ ਅਪਣੇ ਵਲ ਖਿਚਣੀ ਹੈ ਤਾਂ ਗ਼ਰੀਬੀ ਤੇ ਰਾਸ਼ਨ ਨੂੰ ਧਰਮ ਨਾਲ ਜੋੜ ਦਿਤਾ ਜਾਂਦਾ ਹੈ, ਇਹ ਅਹਿਸਾਸ ਕਰਵਾਉਣ ਵਾਸਤੇ ਕਿ ਸਪਾ/ਬਸਪਾ ਮੁਸਲਮਾਨ ਹਮਾਇਤੀ ਪਾਰਟੀਆਂ ਹਨ। ਪਰ ਜੇ ਕੋਈ ਤੱਥਾਂ ਨੂੰ ਫਰੋਲ ਕੇ ਵੇਖੇ ਤਾਂ ਮਹਾਂਮਾਰੀ ਵਿਚ ਨਾ ਮੁਸਲਮਾਨ ਨੂੰ ਤੇ ਨਾ ਹਿੰਦੂ ਨੂੰ ਹੀ ਕੋਈ ਸਿਹਤ ਸਹੂਲਤਾਂ ਮਿਲੀਆਂ।
Yogi Adityanath
ਬ੍ਰਾਹਮਣ, ਦਲਿਤ, ਯਾਦਵ, ਪਟੇਲ ਤੇ ਹਜ਼ਾਰਾਂ ਹੋਰ ਜਾਤੀਆਂ ਦੀ ਦੁੁਰਦਸ਼ਾ ਇਕ ਬਰਾਬਰ ਹੋਈ ਤੇ ਨਾ ਸਿਰਫ਼ ਉਤਰ ਪ੍ਰਦੇਸ਼ ਵਿਚ ਹੋਈ ਬਲਕਿ ਸਾਰੇ ਦੇਸ਼ ਵਿਚ ਹੀ ਹੋਈ। ਪਰ ਉਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਗੱਲ ਕਰਨੀ ਚਾਹੁੰਦੇ ਹਨ ਇਕ ਯੂਨੀਵਰਸਿਟੀ ਦਾ ਨਾਂ ਇਕ ਜਾਤੀ ਦੇ ਆਗੂ ਦੇ ਨਾਂ ਤੇ ਰੱਖ ਕੇ, ਉਸ ਜਾਤੀ ਦੀਆਂ ਸਾਰੀਆਂ ਵੋਟਾਂ ਹੂੰਝਣ ਦੀ। ਏਨਾ ਸੌਖਾ ਕੰਮ ਹੋ ਜਾਏ ਤਾਂ ਕੀ ਲੋੜ ਹੈ ਕੋਈ ਔਖਾ ਕੰਮ ਕਰ ਕੇ ਵਿਖਾਉਣ ਦੀ? ਜੋ ਵੀ ਕੰਮ ਸਾਡੇ ਤੋਂ ਲਏ ਜਾਂਦੇ ਟੈਕਸਾਂ ਦਾ ਪੈਸਾ ਉਜਾੜ ਕੇ ਕੀਤਾ ਜਾਂਦਾ ਹੈ, ਉਸ ਨੂੰ ਅੱਧ ਪਚੱਧਾ ਸਾਡਾ ਨਾਂ ਲੈ ਕੇ ਖ਼ਰਚੋ ਤੇ ਉਸ ਉਤੇ ਅਪਣੀ ਤਸਵੀਰ ਲਗਾ ਕੇ ਸਾਡੇ ਉਤੇ ਅਹਿਸਾਨ ਜਤਾਉਣ ਲੱਗ ਜਾਉ। ਜਦ ਇਨ੍ਹਾਂ ਸਿਆਸਤਦਾਨਾਂ ਕੋਲ ਅਪਣੀਆਂ ਪ੍ਰਾਪਤੀਆਂ ਬਾਰੇ ਆਖਣ ਵਾਸਤੇ ਹੋਰ ਕੁੱਝ ਨਹੀਂ ਹੁੰੰਦਾ, ਇਹ ਇਤਿਹਾਸ ਦੇ ਪੰਨੇ ਫਰੋਲ ਕੇ ਕੋਈ ਹੱਡ ਮਾਸ ਤੋਂ ਬਿਨਾਂ ਵਾਲਾ ਪਿੰਜਰ ਲੱਭ ਲਿਆਉਂਦੇ ਹਨ।
PHOTO
ਪਰ ਇਹ ਲੋਕ ਮਾਨਵਤਾ ਦਾ ਸੱਭ ਤੋਂ ਵੱਡਾ ਗੁਣ ਭੁੱਲ ਜਾਂਦੇ ਹਨ। ਮਾਨਵਤਾ ਇਕੱਠਿਆਂ ਕਰਦੀ ਹੈ। ਹਰ ਪੀੜ੍ਹੀ ਬੀਤੇ ਤੋਂ ਕੁੱਝ ਕਦਮ ਅੱਗੇ ਵਧਦੀ ਹੈ। ਅਪਣਾ ਇਤਿਹਾਸ ਯਾਦ ਰਖਣਾ ਤੇ ਉਸ ਦਾ ਸਤਿਕਾਰ ਕਰਨਾ ਅਲੱਗ ਅਲੱਗ ਗੱਲ ਹੁੰਦੀ ਹੈ ਪਰ ਉਸ ਨੂੰ ਕੇਵਲ ਅਪਣੇ ਫ਼ਾਇਦੇ ਵਾਸਤੇ ਇਸਤੇਮਾਲ ਕਰਨਾ ਉਸ ਦਾ ਸਤਿਕਾਰ ਨਹੀਂ ਹੁੰਦਾ। ਅੱਜ ਭਾਰਤ ਨੂੰ ਅਪਣੀ ਉਸ ਸੋਚ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ ਜੋ ਸਿਰਫ਼ ਸਿਆਸਤ ਵਿਚ ਹੀ ਨਹੀਂ ਬਲਕਿ ਆਮ ਭਾਰਤੀ ਅੰਦਰ ਵੀ ਪਸਰੀ ਹੋਈ ਹੈ। ਜਦ ਤਕ ਆਮ ਭਾਰਤੀ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਸਾਡੇ ਸਿਆਸਤਦਾਨ ਸਾਡੇ ਕੋਲੋਂ ਪੈਸੇ ਲੈ ਕੇ ਹੀ ਸਾਡੇ ਕੰਮ ਕਰਨ ਵਾਸਤੇ ਚੁਣੇ ਜਾਂਦੇ ਹਨ, ਉਹ ਕਦੇ ਵੀ ਸਹੀ ਲੋਕਤੰਤਰ ਮਜ਼ਬੂਤ ਨਹੀਂ ਬਣਾ ਸਕਣਗੇ। ਬਦਲਾਅ ਜਦ ਲੋਕਾਂ ਦੀ ਸੋਚ ਤੋਂ ਸ਼ੁਰੂ ਹੋਵੇਗਾ ਤਾਂ ਫਿਰ ਸਿਆਸਤਦਾਨ ਅਪਣੇ ਆਪ ਕੰਮ ਕਰਨ ਲੱਗ ਜਾਣਗੇ।
-ਨਿਮਰਤ ਕੌਰ