ਮਾਵਾਂ ਨੂੰ ਰੱਬ ਦਾ ਰੂਪ ਤੇ ਇਸ ਤਰ੍ਹਾਂ ਦੇ ਬੜੇ ਹੋਰ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ ਪਰ ਮਾਂ ਭਾਵੇਂ ਕਿੰਨੀ ਵੀ ਚੰਗੀ ਹੋਵੇ
ਮਾਵਾਂ ਨੂੰ ਰੱਬ ਦਾ ਰੂਪ ਆਖਿਆ ਜਾਂਦਾ ਹੈ। ਮਾਂ ਦੇ ਪਿਆਰ ਨੂੰ ਲੈ ਕੇ ਬੜੇ ਗੀਤ ਗਾਏ ਜਾਂਦੇ ਹਨ ਤੇ ਉਸ ਦੇ ਸਿਰ ਮਾਣ ਸਤਿਕਾਰ ਦੇ ਤਾਜ ਸਜਾਏ ਜਾਂਦੇ ਹਨ। ਅੱਜ ਮੇਰੀ ਮਾਂ 80 ਸਾਲ ਦੀ ਹੋ ਗਈ ਹੈ ਤੇ ਤੁਹਾਡੇ ਨਾਲ ਅਪਣੀ ਮਾਂ ਦੀਆਂ ਕੁੱਝ ਉਹ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ ਜਿਨ੍ਹਾਂ ਸਦਕਾ 80ਵਿਆਂ ’ਚ ਪਹੁੰਚ ਕੇ ਵੀ ਅੱਜ ਨਾ ਤਾਂ ਉਹ 80 ਸਾਲ ਦੇ ਬਜ਼ੁਰਗਾਂ ਵਾਂਗ ਵਿਚਰਦੇ ਹਨ ਤੇ ਨਾ ਹੀ 80 ਸਾਲ ਦੇ ਬਜ਼ੁਰਗ ਵਾਂਗ ਦਿਸਦੇ ਹਨ। ਮਾਵਾਂ ਸੱਭ ਦੀਆਂ ਖ਼ਾਸ ਹੁੰਦੀਆਂ ਹਨ ਪਰ ਅਪਣੀ ਮਾਂ ਦੀਆਂ ਖ਼ਾਸ ਗੱਲਾਂ, ਮੇਰੀ ਮਾਂ ਹੋਣ ਕਰ ਕੇ ਨਹੀਂ ਬਲਕਿ ਇਕ ਅਜਿਹੇ ਇਨਸਾਨ ਵਜੋਂ ਲੈ ਕੇ ਸਾਂਝੀਆਂ ਕਰ ਰਹੀ ਹਾਂ ਜਿਸ ਦੇ ਚਿਹਰੇ ਉਤੇ ਜੋ ਮੁਸਕਰਾਹਟ ਬਿਖਰੀ ਰਹਿੰਦੀ ਹੈ, ਜੋ ਨੂਰ ਝਲਕਦਾ ਹੈ, ਜੋ ਦਿਲ ਦਾ ਪਿਆਰ ਉਛਲ-ਉਛਲ ਪੈਂਦਾ ਹੈ, ਉਸ ਜਿਹਾ ਕੁੱਝ ਤੁਹਾਡੇ ਜੀਵਨ ਵਿਚ ਵੀ ਆ ਜਾਵੇ ਤਾਂ ਤੁਹਾਡਾ ਜੀਵਨ ਵੀ ਇਕ ਹਸੀਨ ਸਫ਼ਰ ਬਣ ਜਾਵੇਗਾ।
ਮਾਵਾਂ ਨੂੰ ਰੱਬ ਦਾ ਰੂਪ ਤੇ ਇਸ ਤਰ੍ਹਾਂ ਦੇ ਬੜੇ ਹੋਰ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ ਪਰ ਮਾਂ ਭਾਵੇਂ ਕਿੰਨੀ ਵੀ ਚੰਗੀ ਹੋਵੇ, ਇਹ ਕਦੇ ਨਹੀਂ ਭੁਲਣਾ ਚਾਹੀਦਾ ਕਿ ਆਖ਼ਰਕਾਰ ਉਹ ਇਕ ਇਨਸਾਨ ਹੀ ਹੁੰਦੀ ਹੈ। ਇਹ ਸਮਝ ਤਦ ਆਈ ਜਦ ਆਪ ਮਾਂ ਬਣੀ ਤੇ ਫਿਰ ਉਨ੍ਹਾਂ ਕੁਦਰਤੀ ਤੇ ਸਮਾਜਕ ਜ਼ਿੰਮੇਵਾਰੀਆਂ ਵਿਚੋਂ ਅਪਣੇ ਬੱਚੇ ਤੇ ਪ੍ਰਵਾਰ ਵਾਸਤੇ ਪਿਆਰ ਨਾਲ ਹਰ ਕੁਰਬਾਨੀ ਕਰਨ ਦਾ ਮਤਲਬ ਸਮਝ ਆਇਆ। ਇਹ ਭਾਰ ਚੁਕਦੀਆਂ ਤੇ ਹਰ ਜ਼ਿੰਮੇਵਾਰੀ ਨਿਭਾਉਂਦੀਆਂ ਹੋਈਆਂ ਮਾਵਾਂ ਅਪਣੇ ਆਪ ਨੂੰ ਭੁਲਾ ਜਾਂਦੀਆਂ ਹਨ। ਮੇਰੀ ਮਾਂ ਨੇ ਵੀ ਉਹੀ ਕੀਤਾ।
ਮੇਰੀ ਇਸ 80 ਸਾਲ ਦੀ ਮਾਂ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਨੇ ਅਪਣੇ ਅੰਦਰ ਦਾ ਬੱਚਾ ਕਦੇ ਮਰਨ ਹੀ ਨਹੀਂ ਦਿਤਾ ਜਿਸ ਕਾਰਨ ਇਨ੍ਹਾਂ ਅੰਦਰ ਉਗਿਆ ਪਿਆਰ ਦਾ ਫੁਹਾਰਾ ਰੁਕਣ ਦਾ ਕਦੇ ਨਾਂ ਹੀ ਨਹੀਂ ਲੈਂਦਾ। ਮਾਂ ਕਹਿੰਦੀ ਹੈ ਕਿ ਕਿਉਂਕਿ ਉਨ੍ਹਾਂ ਦਾ ਜਨਮ ਨਨਕਾਣਾ ਸਾਹਿਬ ਵਿਖੇ ਹੋਇਆ ਤੇ ਬਟਵਾਰੇ ਤੋਂ ਬਾਅਦ ਉਹ ਬਟਾਲਾ ਵਿਖੇ ਵੱਸ ਗਏ ਤੇ ਉਨ੍ਹਾਂ ਦਾ ਵਿਆਹ ਵੀ ਉਸੇ ਗੁਰਦਵਾਰਾ ਸਾਹਿਬ ਵਿਚ ਹੋਇਆ ਜਿਥੇ ਬਾਬੇ ਨਾਨਕ ਦਾ ਵਿਆਹ ਹੋਇਆ ਸੀ, ਇਸ ਲਈ ਉਹ ਗੁਰੂ ਨਾਨਕ ਦੀ ਧੀ ਹਨ।
ਇਹ ਇਕ ਕਾਨੂੰਨੀ ਸੱਚ ਨਾ ਵੀ ਹੋਵੇ ਪਰ ਉਨ੍ਹਾਂ ਵਲੋਂ ਇਸ ਨੂੰ ਦਿਲੋਂ ਮਨੋਂ ਮੰਨ ਲੈਣ ਨਾਲ ਇਹ ਗੱਲ ਉਨ੍ਹਾਂ ਦੇ ਹਿਰਦੇ ਵਿਚ ਵੱਸ ਗਈ ਤੇ ਹਿਰਦੇ ਦੀ ਸਚਾਈ ਵੀ ਬਣ ਗਈ ਤੇ ਉਨ੍ਹਾਂ ਨੇ ਅਪਣੇ ਜੀਵਨ ਨੂੰ ਬਾਬਾ ਨਾਨਕ ਦੇ ਸੱਚ ਮੁਤਾਬਕ ਇਸ ਤਰ੍ਹਾਂ ਢਾਲਿਆ ਜਿਵੇਂ ਕੋਈ ਧੀ ਅਪਣੇ ਪਿਤਾ ਦੀ ਲਾਜ ਰੱਖਣ ਲਈ ਕਿਸੇ ਵੀ ਹੱਦ ਤਕ ਚਲੀ ਜਾਂਦੀ ਹੈ। ਮੇਰੀ ਮਾਂ ਨੇ ਅੱਜ ਤਕ ਸਵੇਰ ਦਾ ਨਾਸ਼ਤਾ ਕਦੇ ਆਪ ਪਹਿਲਾਂ ਨਹੀਂ ਕੀਤਾ ਜਦ ਤਕ ਕਿ ਘਰ ਦਾ ਹਰ ਜੀਅ ਨਾਸ਼ਤਾ ਨਾ ਕਰ ਲਵੇ। ਸਵੇਰੇ ਪਰੌਂਠੇ ਬਣਾ ਕੇ ਸੱਭ ਨੂੰ ਖੁਆਉਣ ਵਿਚ ਉਨ੍ਹਾਂ ਨੂੰ ਬੜਾ ਅਨੰਦ ਮਿਲਦਾ ਹੈ ਤੇ ਅੱਜਕਲ ਅਸੀ ਉਨ੍ਹਾਂ ਨੂੰ ਡਾਂਟ ਕੇ ਰਸੋਈ ’ਚੋਂ ਖਿੱਚ ਲਿਆਉਂਦੇ ਹਾਂ ਪਰ ਉਹ ਫਿਰ ਛੁਪ ਕੇ ਰਸੋਈ ਵਿਚ ਵੇਲਣੇ ਕੋਲ ਪਹੁੰਚ ਜਾਂਦੇ ਹਨ।
ਫਿਰ ਉਹ ਦਫ਼ਤਰ ਜਾਂਦੇ ਹਨ ਤੇ ਅਪਣਾ ਪਿਆਰ ਸੱਭ ਨੂੰ ਵੰਡਦੇ ਰਹਿੰਦੇ ਹਨ। ਕਾਫ਼ੀ ਸਾਰਾ ਖਾਣਾ ਤਿਆਰ ਕਰ ਕੇ ਨਾਲ ਲੈ ਜਾਂਦੇ ਹਨ ਤੇ ਕੋਈ ਵੀ ਉਨ੍ਹਾਂ ਨਾਲ ਬੈਠ ਕੇ ਭੋਜਨ ਛੱਕ ਸਕਦਾ ਹੈ। ਦੁਪਹਿਰ ਵੇਲੇ ਇਹ ਨਜ਼ਾਰਾ ਵੀ ਵੇਖਣ ਵਾਲਾ ਹੁੰਦਾ ਹੈ। ਸਾਡੇ ਸਾਰੇ ਵਰਕਰਾਂ ਦੇ ਘਰ ਮਾਂ ਨੇ ਬਣਵਾਏ ਭਾਵੇਂ ਉਨ੍ਹਾਂ ਨੇ ਅਪਣਾ ਘਰ ਨਹੀਂ ਬਣਾਇਆ। ‘ਰੋਜ਼ਾਨਾ ਸਪੋਕਸਮੈਨ’ ਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਪਿੱਛੇ ਦੀ ਸੋਚ ਤੇ ਵਿਉਂਤ ਭਾਵੇਂ ਪਾਪਾ ਸ. ਜੋਗਿੰਦਰ ਸਿੰਘ ਜੀ ਦੀ ਹੀ ਕੰਮ ਕਰਦੀ ਹੈ ਪਰ ਕਾਰੋਬਾਰ ਨੂੰ ਪੈਸੇ-ਪੈਸੇ ਨਾਲ ਸਿੰਜਣ ਵਾਲੀ ਮਾਂ ਹੀ ਹੈ। ਕਈ ਪੱਤਰਕਾਰ ਰੋਸ ਪ੍ਰਗਟ ਕਰਦੇ ਹਨ ਕਿ ਮਾਂ ਇਸ਼ਤਿਹਾਰਾਂ ਵਾਸਤੇ ਬਹੁਤ ਜ਼ੋਰ ਪਾਉਂਦੀ ਹੈ ਪਰ ਜਿਸ ਦਿਨ ਉਹ ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਵੇਖ ਲੈਣਗੇ, ਉਨ੍ਹਾਂ ਨੂੰ, ਮੇਰੀ ਮਾਂ ਦੀ ਮਿਹਨਤ ਨਜ਼ਰ ਆ ਜਾਵੇਗੀ।
ਉਨ੍ਹਾਂ ਅਪਣੇ ਕਮਰੇ ਵਿਚ ਬੈਠ ਕੇ ਕੰਮ ਦੇ ਨਾਲ-ਨਾਲ ਹਰ ਇਕ ਨੂੰ ਪਿਆਰ ਵੰਡਣਾ ਹੁੰਦਾ ਹੈ ਤੇ ਅਸੀ ਸਪੋਕਸਮੈਨ ਟੀਵੀ ਦੇ ਸਾਰੇ ਮਹਿਮਾਨਾਂ ਨੂੰ ਪਹਿਲਾਂ ਉਨ੍ਹਾਂ ਕੋਲੋਂ ਚਾਹ ਤੇ ਪਿਆਰ ਦਾ ਭਰਵਾਂ ਗੱਫਾ ਦਿਵਾ ਕੇ ਫਿਰ ਸਟੂਡੀਉ ਲੈ ਕੇ ਜਾਂਦੇ ਹਾਂ। ਉਹ ਵੀ ਜਦ ਕਦੇ ਮਗਰੋਂ ਫ਼ੋਨ ਕਰਦੇ ਹਨ ਤਾਂ ਪਹਿਲਾਂ ਮਾਂ ਦੀ ਸੇਵਾ ਤੇ ਪਿਆਰ ਦੇ ਗੁਣ ਗਾਉਂਦੇ ਮਿਲਦੇ ਹਨ। 40 ਸਾਲ ਬਾਅਦ ਯੂਨੀਵਰਸਟੀ ਵਿਚ ਰਹੇ ਅਪਣੇ ਪ੍ਰੋਫ਼ੈਸਰ ਡਾ. ਮਨਮੋਹਨ ਸਿੰਘ (ਪ੍ਰਧਾਨ ਮੰਤਰੀ) ਨੂੰ ਮਿਲੇ ਤਾਂ ਉਨ੍ਹਾਂ ਝੱਟ ਅਪਣੀ ਵਿਦਿਆਰਥਣ ਨੂੰ ਪਛਾਣ ਲਿਆ। ਇਕ ਵਾਰ ਜਿਹੜਾ ਇਨ੍ਹਾਂ ਨੂੰ ਮਿਲ ਲਵੇ, ਉਹ ਉਨ੍ਹਾਂ ਨੂੰ ਕਦੇ ਭੁਲਾ ਨਹੀਂ ਸਕਦਾ।
ਇਸ ਪਿਆਰ ਦੇ ਫੁਹਾਰੇ ਦੇ ਫੁਟਦੇ ਰਹਿਣ ਦਾ ਇਕ ਕਾਰਨ ਸਾਡੇ ਮਾਂ-ਬਾਪ ਦਰਮਿਆਨ ਨਾ ਟੁਟ ਸਕਣ ਵਾਲੇ ਪਿਆਰ ਦੀ ਲਟ-ਲਟ ਬਲਦੀ ਲਾਟ ਹੈ ਜਿਸ ਦੇ ਸਾਹਮਣੇ ਹੀਰ-ਰਾਂਝਾ ਦਾ, ਕਿੱਸਿਆਂ ਵਿਚ ਬਿਆਨ ਕੀਤਾ ਪਿਆਰ ਵੀ ਫਿੱਕਾ ਪੈ ਜਾਂਦਾ ਹੈ। ਮਾਂ ਨੂੰ ਕੋਰੋਨਾ ਹੋਇਆ ਤਾਂ ਪਾਪਾ ਉਨ੍ਹਾਂ ਦੇ ਕਮਰੇ ਦੀ ਖਿੜਕੀ ਦੇ ਬਾਹਰ ਖੜੇ ਰਹਿੰਦੇ, ਉਨ੍ਹਾਂ ਨੂੰ ਵੇਖਦੇ ਤੇ ਉਹ ਵੀ ਉਸ ਮੁਲਾਕਾਤ ਵਾਸਤੇ ਤਿਆਰ ਹੋ ਕੇ ਜਾਂਦੇ।
ਇਹ ਨਾ ਸੋਚਣਾ ਕਿ ਸਾਡੀ ਮਾਂ ਨੂੰ ਕਦੇ ਗੁੱਸਾ ਨਹੀਂ ਆਉਂਦਾ ਜਾਂ ਸਾਨੂੰ ਥਾਪੀਆਂ ਨਾਲ ਮਾਰ ਨਹੀਂ ਪਈ। ਸਾਡੀ ਮਾਂ ਵੀ ਆਮ ਇਨਸਾਨ ਵਾਂਗ ਹੀ ਹੈ ਪਰ ਇਨ੍ਹਾਂ ਵਿਚ ਪਿਆਰ ਦਾ ਜਿਹੜਾ ਭੰਡਾਰ ਹੈ, ਉਨ੍ਹਾਂ ਉਸ ਨੂੰ ਲੱਖ ਔਕੜਾਂ ਦੇ ਬਾਵਜੂਦ ਕਦੇ ਖ਼ਤਮ ਨਹੀਂ ਹੋਣ ਦਿਤਾ। ਤੇ ਅੱਜ ਉਹ 80ਵੇਂ ਸਾਲ ਦੀ ਸਰਦਲ ’ਤੇ ਪੈਰ ਰੱਖਣ ਵੇਲੇ ਵੀ ਸਾਡੇ ਤੋਂ ਜ਼ਿਆਦਾ ਹਿੰਮਤੀ ਤਾਂ ਹੈ ਹੀ ਪਰ ਉਸ ਦੇ ਚਿਹਰੇ ਦੀ ਖ਼ੂਬਸੂਰਤੀ ਅੱਜ ਵੀ ਬਹੁਤਿਆਂ ਨੂੰ ਯਕੀਨ ਨਹੀਂ ਕਰਨ ਦੇਂਦੀ ਕਿ ਇਹ ਸ੍ਰੀਰ ਸਾਰੀ ਉਮਰ ਕਰੜੇ ਸੰਘਰਸ਼ ’ਚੋਂ ਲੰਘਦਾ ਹੋਇਆ ਵੀ ਏਨੇ ਸਿਆਲ ਤੇ ਹੁਨਾਲ ਹੰਢਾ ਚੁੱਕਾ ਹੈ।
ਮੈਨੂੰ ਕਈ ਵਾਰ ਖਿੱਝ ਆਉਂਦੀ ਹੈ ਜਦ ਇਕ ਪਾਸੇ ਮੇਰੇ ਬੱਚੇ ਹੁੰਦੇ ਹਨ ਤੇ ਇਕ ਪਾਸੇ ਮੇਰੀ ਬੱਚਿਆਂ ਵਰਗੀ ਮਾਂ ਪਰ ਇਨ੍ਹਾਂ ਦੇ 80 ਸਾਲ ਦੇ ਸਫ਼ਰ ਤੋਂ ਇਕ ਗੱਲ ਸਿਖ ਕੇ ਤੁਹਾਡੇ ਨਾਲ ਸਾਂਝੀ ਕਰ ਸਕਦੀ ਹਾਂ ਕਿ ਕਿਉਂਕਿ ਇਨ੍ਹਾਂ ਨੇ ਅਪਣੇ ਅੰਦਰ ਦਾ ਬੱਚਾ ਕਦੇ ਮਰਨ ਨਹੀਂ ਦਿਤਾ, ਇਨ੍ਹਾਂ ਅੰਦਰ ਕਦੇ ਛਲ-ਕਪਟ ਆਇਆ ਹੀ ਨਹੀਂ। ਇਨ੍ਹਾਂ ਨੇ ਅਪਣੀ ਖ਼ੁਸ਼ੀ ਵਾਸਤੇ ਕਦੇ ਕਿਸੇ ਦੀ ਖ਼ੁਸ਼ੀ ’ਤੇ ਡਾਕਾ ਨਹੀਂ ਮਾਰਿਆ। ਸ਼ੌਕੀਨ ਹਨ, ਕਪੜਿਆਂ ਦੇ, ਰੰਗਾਂ ਦੇ ਪਰ ਕਿਸੇ ਦਾ ਹੱਕ ਮਾਰ ਕੇ, ਅਪਣੇ ਸ਼ੌਕ ਪੂਰੇ ਨਹੀਂ ਕੀਤੇ। ਇਨ੍ਹਾਂ ਦਾ 80 ਸਾਲ ਦਾ ਸਫ਼ਰ ਭਾਰੀ ਔਕੜਾਂ ਨਾਲ ਭਰਿਆ ਰਿਹਾ ਹੈ ਪਰ ਇਨ੍ਹਾਂ ਅੰਦਰ ਪਿਆਰ ਦਾ ਦੀਵਾ ਕਦੇ ਬੁਝਿਆ ਨਹੀਂ ਤੇ ਬੱਚਿਆਂ ਵਾਲਾ ਹਾਸਾ ਕਦੇ ਮਰਿਆ ਨਹੀਂ। ਮੈਨੂੰ ਪੂਰਾ ਯਕੀਨ ਹੈ ਕਿ ਜਦ ਇਹ 90 ਜਾਂ ਸੌ ਸਾਲ ਦੇ ਹੋ ਜਾਣਗੇ, ਇਹ ਇਸੇ ਤਰ੍ਹਾਂ ਦੇ ਹੀ ਨਜ਼ਰ ਆਉਣਗੇ। - ਨਿਮਰਤ ਕੌਰ