
ਰਾਮ ਭੂਮੀ ਝਗੜੇ ਦਾ ਅੰਤ ਸ਼ਾਇਦ ਹੁਣ ਸੁਖਾਵਾਂ ਹੋਵੇਗਾ ਕਿਸ ਨਵੇਂ ਸਾਕੇ ਨੂੰ ਰੋਕਣ ਲਈ ਮੁਸਲਿਮ ਧਿਰ ਸਹਿਮਤ ਹੋ ਗਈ ਹੈ ਸ਼ਾਇਦ!
134 ਸਾਲਾਂ ਤੋਂ ਰਾਮ ਜਨਮ ਭੂਮੀ ਦਾ ਵਿਵਾਦ ਅੱਜ ਖ਼ਤਮ ਹੋਣ ਦੇ ਕੰਢੇ ਆ ਪਹੁੰਚਿਆ ਹੈ ਪਰ ਪਹੁੰਚਿਆ ਉਸੇ ਥਾਂ ਹੈ ਜਿੱਥੇ ਇਹ ਬਹੁਤ ਚਿਰ ਪਹਿਲਾਂ ਵੀ ਪਹੁੰਚ ਸਕਦਾ ਸੀ ਅਤੇ ਬੜੀਆਂ ਜਾਨਾਂ ਬਚ ਸਕਦੀਆਂ ਸਨ। ਅਦਾਲਤੀ ਕਾਰਵਾਈ ਖ਼ਤਮ ਹੋਣ ਮਗਰੋਂ ਇਕ ਬੰਦ ਲਿਫ਼ਾਫ਼ਾ ਸੁੰਨੀ ਵਕਫ਼ ਬੋਰਡ ਵਲੋਂ ਅਦਾਲਤ ਵਲ ਭੇਜਣ ਦੀ ਗੱਲ ਸਾਹਮਣੇ ਆਈ ਹੈ। ਕਾਰਵਾਈ ਖ਼ਤਮ ਹੋਣ ਮਗਰੋਂ ਇਹ ਖ਼ਿਆਲ ਕਿਸ ਤਰ੍ਹਾਂ ਆਇਆ ਤੇ ਕਿਉਂ ਆਇਆ, ਇਸ ਬਾਰੇ ਜਾਣਕਾਰੀ ਨਹੀਂ ਮਿਲੀ ਪਰ ਇਹ ਜ਼ਰੂਰ ਹੈ ਕਿ ਦੇਸ਼ ਭਰ ਦੇ ਮੁਸਲਮਾਨਾਂ ਵਲੋਂ ਇਸ ਮੁੱਦੇ ਉਤੇ ਹਾਰ ਮੰਨ ਲੈਣ ਦੀ ਆਵਾਜ਼ ਆ ਰਹੀ ਸੀ।
Supreme court and Babri Masjid
ਇਨ੍ਹਾਂ ਵਿਚ ਇਕ ਆਵਾਜ਼ ਲੈਫ਼. ਜਨਰਲ (ਸੇਵਾਮੁਕਤ) ਜ਼ਮੀਰੂਦੀਨ ਸ਼ਾਹ ਦੀ ਹੈ ਜੋ ਕਿ ਗੁਜਰਾਤ ਵਿਚ ਦੰਗੇ ਸ਼ੁਰੂ ਹੋਣ ਮਗਰੋਂ ਫ਼ੌਜ ਲੈ ਕੇ ਮਦਦ ਕਰਨ ਲਈ ਪਹੁੰਚੇ ਸਨ। ਉਨ੍ਹਾਂ ਅਪਣੀ ਕਿਤਾਬ ਵਿਚ ਬਿਆਨ ਕੀਤਾ ਸੀ ਕਿ ਕਿਸ ਤਰ੍ਹਾਂ ਉਹ ਅਪਣੀ ਫ਼ੌਜ ਨੂੰ ਲੈ ਕੇ 36 ਘੰਟੇ ਤਕ ਸ਼ਹਿਰ ਤੋਂ ਦੂਰ, ਸੂਬਾ ਸਰਕਾਰ ਵਲੋਂ ਸ਼ਹਿਰ ਅੰਦਰ ਦਾਖ਼ਲ ਹੋਣ ਵਾਸਤੇ ਗੱਡੀਆਂ ਅਤੇ ਡਰਾਈਵਰਾਂ ਦੀ ਉਡੀਕ ਕਰਦੇ ਰਹੇ। ਉਨ੍ਹਾਂ ਕੋਲ ਸਿਰਫ਼ ਅਪਣੀ ਇਕ ਜੀਪ ਸੀ ਜਿਸ ਨੂੰ ਲੈ ਕੇ ਉਹ ਸ਼ਹਿਰ 'ਚੋਂ ਲੰਘਦੇ ਸਮੇਂ ਉਸ ਸਮੇਂ ਦੇ ਮੁੱਖ ਮੰਤਰੀ ਮੋਦੀ ਨੂੰ ਮਿਲਣ ਅਤੇ ਛੇਤੀ ਸ਼ਹਿਰ ਵਿਚ ਦੰਗੇ ਰੋਕਣ ਵਿਚ ਮਦਦ ਕਰਨ ਦੀ ਇਜਾਜ਼ਤ ਲੈਣ ਗਏ ਸਨ। ਉਨ੍ਹਾਂ ਰਸਤੇ ਵਿਚ ਮੁਸਲਮਾਨਾਂ ਨੂੰ ਮਰਦੇ ਵੇਖਿਆ। ਉਨ੍ਹਾਂ ਕੁੱਖਾਂ ਨੂੰ ਚੀਰ ਕੇ ਅਣਜੰਮੇ ਬੱਚਿਆਂ ਨੂੰ ਕਤਲ ਕੀਤੇ ਜਾਂਦਿਆਂ ਵੇਖਿਆ ਪਰ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਸਨ ਕਿਉਂਕਿ ਫ਼ੌਜ ਇਜਾਜ਼ਤ ਦੀ ਉਡੀਕ ਵਿਚ ਸੀ।
Ayodhya
ਜੇ ਉਸ ਸਮੇਂ ਉਹ ਫ਼ੌਜ ਦੇ ਮੁਖੀ ਹੋਣ ਦੇ ਬਾਵਜੂਦ ਕੁੱਝ ਨਾ ਕਰ ਸਕੇ ਤਾਂ ਹੁਣ ਉਹੋ ਜਿਹੇ ਕਿੰਨੇ ਹੀ ਮੁਸਲਮਾਨ ਜਾਣਦੇ ਹਨ ਕਿ ਜੇ ਉਹ ਕੇਸ ਜਿੱਤ ਵੀ ਗਏ ਤਾਂ ਉਨ੍ਹਾਂ ਉਤੇ ਕਿੰਨਾ ਵੱਡਾ ਕਹਿਰ ਡਿੱਗਣ ਵਾਲਾ ਹੈ ਜਿਸ ਸਾਹਮਣੇ ਉਹ ਅਪਣਾ ਬਚਾਅ ਕਰਨ ਵਿਚ ਪੂਰੀ ਤਰ੍ਹਾਂ ਅਸਮਰੱਥ ਰਹਿਣਗੇ। ਜਦੋਂ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਸੀ ਤਾਂ ਸਿਰਫ਼ ਅਤੇ ਸਿਰਫ਼ ਉੱਤਰ ਪ੍ਰਦੇਸ਼ ਵਿਚ ਭਾਜਪਾ ਸਰਕਾਰ ਸੀ ਅਤੇ ਅੱਜ ਲਗਭਗ ਪੂਰਾ ਦੇਸ਼ ਹੀ ਭਾਜਪਾ ਦੇ ਰਾਜ ਦਾ ਭਾਗ ਹੈ। 1992 ਵਿਚ ਯੂ.ਪੀ. ਦੇ ਮੁੱਖ ਮੰਤਰੀ ਕਲਿਆਣ ਸਿੰਘ ਉਤੇ ਇਲਜ਼ਾਮ ਸੀ ਕਿ ਉਨ੍ਹਾਂ ਬਾਬਰੀ ਮਸਜਿਦ ਨੂੰ ਢਾਹੁਣ ਲਈ ਰਸਤਾ ਆਸਾਨ ਕਰਨ ਵਿਚ ਮਦਦ ਕੀਤੀ। ਅੱਜ ਜੇ ਅਦਾਲਤ ਵਿਚ ਹਿੰਦੂ ਜਥੇਬੰਦੀਆਂ ਹਾਰ ਗਈਆਂ ਤਾਂ ਅੱਜ ਦੇ ਯੋਗੀ ਫ਼ਿਰਕੂ ਭੀੜ ਦੇ ਮੁਖੀ ਹੋਣਗੇ ਅਤੇ ਫ਼ੌਜ ਮੰਦਰ ਨੂੰ ਬਣਾਉਣ ਵਿਚ ਮਦਦ ਕਰਨ ਵਾਸਤੇ ਆਵੇਗੀ।
Ayodhya police force
ਅੱਜ ਮਸਲਾ ਇਤਿਹਾਸ ਦੀਆਂ ਇਮਾਰਤਾਂ ਦਾ ਨਹੀਂ ਰਿਹਾ, ਨਾ ਹੀ ਆਸਥਾ ਦਾ ਹੈ। ਜੇ ਆਸਥਾ ਹਿੰਦੂਆਂ ਦੀ ਹੈ ਤਾਂ ਮੁਸਲਮਾਨਾਂ ਦੀ ਵੀ 500 ਸਾਲਾਂ ਦੀ ਚਲੀ ਆ ਰਹੀ ਸੀ। ਅੱਜ ਮਾਮਲਾ ਬਹੁਗਿਣਤੀ ਦੀ ਜ਼ਿੱਦ ਦਾ ਵੀ ਨਹੀਂ ਰਿਹਾ ਕਿਉਂਕਿ ਇਸ ਤਰ੍ਹਾਂ ਇਸ ਖ਼ੁਸ਼ੀ ਜਾਂ ਜਬਰ ਦੇ ਢੰਗ ਨੂੰ ਮੰਦਰ ਦੀ ਸਥਾਪਨਾ ਦਾ ਹਮਾਇਤੀ ਹਿੰਦੂ ਵੀ ਸਮਰਥਨ ਨਹੀਂ ਦੇਵੇਗਾ। ਅੱਜ ਮੁੱਦਾ ਉਸ ਬਹੁਮਤ ਵਾਲੀ ਸਿਆਸੀ ਪਾਰਟੀ ਦਾ ਹੈ ਜਿਸ ਦੀ ਚੜ੍ਹਤ ਹੀ ਇਸ ਮੁੱਦੇ ਨੂੰ ਉਛਾਲਣ ਨਾਲ ਹੋਈ ਹੈ ਅਤੇ ਇਹ ਜਿੱਤ ਸਿਰਫ਼ ਉਨ੍ਹਾਂ ਦੇ ਦਿਲ ਵਿਚ ਪਨਪਦੀ ਨਫ਼ਰਤ ਨੂੰ ਸ਼ਾਇਦ ਠੰਢਾ ਕਰ ਦੇਵੇਗੀ ਜਾਂ ਜਿਵੇਂ ਕੁੱਝ ਮਾਹਰ ਕਹਿੰਦੇ ਹਨ, ਹੋਰ ਵੀ ਭੜਕਾ ਦੇਵੇਗੀ। ਹਰ ਮੁੱਦਾ ਰਾਮ ਮੰਦਰ ਉਤੇ ਆ ਕੇ ਰੁਕ ਜਾਂਦਾ ਹੈ ਅਤੇ ਇਸ ਜਿੱਤ ਤੋਂ ਬਾਅਦ ਸ਼ਾਇਦ ਭਾਜਪਾ ਨੂੰ ਅਪਣੇ ਬਾਕੀ ਵਾਅਦਿਆਂ ਉਤੇ ਕੰਮ ਕਰਨ ਦਾ ਮੌਕਾ ਵੀ ਮਿਲ ਸਕੇਗਾ।
Babri Masjid
ਮੁਸਲਮਾਨਾਂ ਦੀ ਇਸ ਸਮਝੌਤੇ ਵਿਚ ਹਾਰ ਨਹੀਂ, ਬਲਕਿ ਜਿੱਤ ਹੈ ਕਿਉਂਕਿ ਆਖ਼ਰਕਾਰ ਧਰਮ ਇਮਾਰਤਾਂ ਵਿਚ ਨਹੀਂ ਬਲਕਿ ਉਸ ਨੂੰ ਮੰਨਣ ਵਾਲਿਆਂ ਦੇ ਦਿਲਾਂ ਵਿਚ ਰਹਿੰਦਾ ਹੈ। ਇਹ ਉਨ੍ਹਾਂ ਦਾ ਵਡੱਪਣ ਹੋਵੇਗਾ ਜਿਸ ਨਾਲ ਦੋਹਾਂ ਧਿਰਾਂ ਵਿਚ ਖ਼ੂਨੀ ਤਕਰਾਰ ਰੁਕ ਜਾਵੇਗੀ ਅਤੇ ਅਨੇਕਾਂ ਜਾਨਾਂ ਬਚ ਜਾਣਗੀਆਂ। ਭਾਰਤ ਨੇ ਧਾਰਮਕ ਦੂਰੀਆਂ ਕਾਰਨ ਬਹੁਤ ਦੰਗੇ ਸਹਾਰ ਲਏ ਅਤੇ ਉਨ੍ਹਾਂ ਪਿੱਛੇ ਅਸਲ ਕਾਰਨ ਲੀਡਰਾਂ ਦੀ ਨਿਜੀ ਚੜ੍ਹਤ ਜਾਂ ਸਫ਼ਲਤਾ ਦੀ ਇੱਛਾ ਰਹੀ ਹੈ। ਇਹ ਪਹਿਲੀ ਵਾਰ ਹੈ ਜਦ ਇਕ ਹੋਰ ਵੱਡੇ ਹਾਦਸੇ ਨੂੰ ਟਾਲਣ ਦੀ ਸੋਚ ਕੇ, ਕਿਸੇ ਸਮਝੌਤੇ ਉਤੇ ਪੁਜਿਆ ਜਾ ਰਿਹਾ ਹੈ (ਸ਼ਾਇਦ) ਅਤੇ ਇਸ ਦਾ ਕਾਰਨ ਆਗੂਆਂ ਦਾ ਵਡੱਪਣ ਅਤੇ ਸਮਝਦਾਰੀ ਹੋਵੇਗੀ। -ਨਿਮਰਤ ਕੌਰ