
ਜਿਨ੍ਹਾਂ ਔਰਤਾਂ ਨੇ ਐਮ.ਜੇ. ਅਕਬਰ ਵਿਰੁਧ ਆਵਾਜ਼ ਉੱਚੀ ਕਰਨ ਦੀ ਹਿੰਮਤ ਕੀਤੀ ਸੀ, ਉਨ੍ਹਾਂ ਦੀ ਗਿਣਤੀ ਤਾਂ ਹਰ ਰੋਜ਼ ਵਧਦੀ ਹੀ ਜਾ ਰਹੀ ਸੀ
ਜਿਨ੍ਹਾਂ ਔਰਤਾਂ ਨੇ ਐਮ.ਜੇ. ਅਕਬਰ ਵਿਰੁਧ ਆਵਾਜ਼ ਉੱਚੀ ਕਰਨ ਦੀ ਹਿੰਮਤ ਕੀਤੀ ਸੀ, ਉਨ੍ਹਾਂ ਦੀ ਗਿਣਤੀ ਤਾਂ ਹਰ ਰੋਜ਼ ਵਧਦੀ ਹੀ ਜਾ ਰਹੀ ਸੀ ਪਰ ਸਰਕਾਰ ਮੌਨ ਧਾਰੀ ਬੈਠੀ ਰਹੀ। ਇਹ ਨਹੀਂ ਕਿ ਇਕੱਲੇ ਐਮ.ਜੇ. ਅਕਬਰ ਉਤੇ ਔਰਤਾਂ ਨਾਲ ਬਦਸਲੂਕੀ ਦੇ ਇਲਜ਼ਾਮ ਲੱਗ ਰਹੇ ਸਨ ਸਗੋਂ ਹਰ ਰੋਜ਼ ਵੱਡੇ ਵੱਡੇ ਅਹੁਦਿਆਂ ਉਤੇ ਬੈਠੇ ਵਿਅਕਤੀਆਂ ਦੇ ਨਾਂ ਵੀ ਲਏ ਜਾ ਰਹੇ ਹਨ। ਪਰ ਰਸਤਾ ਸਰਕਾਰ ਨੇ ਅਤੇ ਸਿਆਸਤਦਾਨਾਂ ਨੇ ਵਿਖਾਉਣਾ ਹੁੰਦਾ ਹੈ। ਜੋ ਲੋਕ ਬੇਟੀ ਬੇਟੀ ਕਰਦੇ ਫਿਰਦੇ ਹਨ, ਉਨ੍ਹਾਂ ਨੂੰ ਅੱਜ ਵਿਖਾਉਣਾ ਪਵੇਗਾ ਕਿ ਬੇਟੀ ਦੀ ਪ੍ਰਵਾਹ ਸਿਰਫ਼ ਤਿੰਨ ਤਲਾਕ ਵਰਗੇ ਮੁੱਦਿਆਂ ਵਿਚ ਹੀ ਨਹੀਂ ਕਰਨੀ ਹੁੰਦੀ ਬਲਕਿ ਹਰ ਬੇਟੀ ਉਨ੍ਹਾਂ ਵਾਸਤੇ ਬਰਾਬਰ ਹੁੰਦੀ ਹੈ
ਅਤੇ ਮੁਸਲਮਾਨ ਬੇਟੀਆਂ ਦੀ ਲੜਾਈ, ਮੁਸਲਮਾਨ ਵੋਟਾਂ ਨੂੰ ਵੰਡਣ ਵਾਸਤੇ ਨਹੀਂ ਬਲਕਿ 'ਬੇਟੀ' ਦਾ ਦਰਦ ਸਮਝਣ ਲਈ ਸੀ। ਹੁਣ ਜਦੋਂ ਹਿੰਦੂ ਬੇਟੀਆਂ ਵੀ ਸਰਕਾਰ ਵਲ ਇਨਸਾਫ਼ ਲਈ ਵੇਖ ਰਹੀਆਂ ਹਨ ਤਾਂ ਉਹ ਨਿਰਾਸ਼ ਨਹੀਂ ਹੋਣਗੀਆਂ। ਹੁਣ ਤਕ 20 ਔਰਤਾਂ ਅਪਣੇ ਦਰਦ ਦੇ ਕਿੱਸੇ ਬਿਆਨ ਕਰ ਚੁਕੀਆਂ ਹਨ। ਚਲੋ ਚੰਗਾ ਹੋਇਆ ਕਿ ਐਮ.ਜੇ. ਅਕਬਰ ਨੇ ਅਸਤੀਫ਼ਾ ਦੇ ਦਿਤਾ ਹੈ ਜਾਂ ਉਨ੍ਹਾਂ ਕੋਲੋਂ ਅਸਤੀਫ਼ਾ ਲੈ ਲਿਆ ਗਿਆ ਹੈ।
ਐਮ.ਜੇ. ਅਕਬਰ ਨੇ ਵੀ 100 ਵਕੀਲ ਕਰਨ ਦੀ ਧਮਕੀ ਦੇਣ ਮਗਰੋਂ ਮਹਿਸੂਸ ਕਰ ਲਿਆ ਹੋਵੇਗਾ ਕਿ ਹੋਰ ਅੜਨਾ ਸੌਖਾ ਨਹੀਂ ਹੋਵੇਗਾ। ਸਰਕਾਰ ਨੇ ਵੀ ਵੇਖ ਲਿਆ ਹੋਵੇਗਾ ਕਿ ਕੇਵਲ ਔਰਤਾਂ ਹੀ ਨਹੀਂ, ਅਕਬਰ ਦੇ ਮਰਦ ਕਰਮਚਾਰੀ ਵੀ ਜਦ ਔਰਤਾਂ ਦੇ ਹੱਕ ਵਿਚ ਨਿੱਤਰ ਆਏ ਹਨ ਤਾਂ ਅਕਬਰ ਨੂੰ ਕੁਰਸੀ ਤੇ ਬਿਠਾਈ ਰਖਣਾ ਸ਼ਾਇਦ ਸਰਕਾਰ ਨੂੰ ਚੋਣਾਂ ਵਿਚ ਭਾਰੀ ਵੀ ਪੈ ਸਕਦਾ ਸੀ। ਹੁਣ ਅਕਬਰ ਚਾਹੁਣਗੇ ਵੀ ਤਾਂ 100 ਵਕੀਲ ਉਨ੍ਹਾਂ ਦੇ ਹੱਕ ਵਿਚ ਨਹੀਂ ਨਿਤਰਨਗੇ। -ਨਿਮਰਤ ਕੌਰ