Editorial : ਧਾਮੀ ਦੇ ਅਸਤੀਫ਼ੇ ਤੋਂ ਉਪਜੇ ਇਖ਼ਲਾਕੀ ਸਵਾਲ
Published : Feb 19, 2025, 7:54 am IST
Updated : Feb 19, 2025, 7:54 am IST
SHARE ARTICLE
Moral questions raised by Dhami's resignation
Moral questions raised by Dhami's resignation

ਧਾਮੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ, ਗਿਆਨੀ ਰਘਬੀਰ ਸਿੰਘ ਦੀਆਂ ਹਾਲੀਆ ਟਿੱਪਣੀਆਂ ਨੂੰ ਅਪਣੇ ਅਸਤੀਫ਼ੇ ਦਾ ਆਧਾਰ ਬਣਾਇਆ ਹੈ

 

Editorial : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ, ਬਾਦਲ ਅਕਾਲੀ ਦਲ ਵਾਸਤੇ ਵੱਡਾ ਸਿਆਸੀ ਤੇ ਧਾਰਮਕ ਝਟਕਾ ਹੈ। ਇਹ ਅਸਤੀਫ਼ਾ ਦਰਸਾਉਂਦਾ ਹੈ ਕਿ ਪਾਰਟੀ ਲੀਡਰਸ਼ਿਪ ਦੀਆਂ ਆਪਹੁਦਰੀਆਂ ਤੋਂ ਪਾਰਟੀ ਦੇ ਵਫ਼ਾਦਾਰ ਆਗੂ ਵੀ ਕਿੰਨੀ ਘੁਟਨ ਮਹਿਸੂਸ ਕਰ ਰਹੇ ਹਨ।

ਧਾਮੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ, ਗਿਆਨੀ ਰਘਬੀਰ ਸਿੰਘ ਦੀਆਂ ਹਾਲੀਆ ਟਿੱਪਣੀਆਂ ਨੂੰ ਅਪਣੇ ਅਸਤੀਫ਼ੇ ਦਾ ਆਧਾਰ ਬਣਾਇਆ ਹੈ ਅਤੇ ਨਾਲ ਹੀ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਅਕਾਲੀ ਦਲ ਦੇ ਪੁਨਰਗਠਨ ਅਤੇ ਮੈਂਬਰਸ਼ਿਪ ਭਰਤੀ ਮੁਹਿੰਮ ਦੀ ਸੇਧਗਾਰੀ ਵਾਸਤੇ ਬਣਾਈ 7-ਮੈਂਬਰੀ ਕਮੇਟੀ ਤੋਂ ਵੀ ਉਨ੍ਹਾਂ ਨੂੰ ਫ਼ਾਰਗ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਗਿਆਨੀ ਰਘਬੀਰ ਸਿੰਘ ਨੇ ਅਪਣੀ ਫ਼ੇਸਬੁੱਕ ਪੋਸਟ ਵਿਚ ਗਿਆਨੀ ਹਰਪ੍ਰੀਤ ਸਿੰਘ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਬਰਤਰਫ਼ੀ ਨੂੰ ‘‘ਅਤਿਅੰਤ ਨਿਖੇਧੀਜਨਕ ਤੇ ਮੰਦਭਾਗਾ’’ ਦਸਿਆ ਸੀ।

ਇਹ ਪੋਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ 10 ਫ਼ਰਵਰੀ ਦੇ ਫ਼ੈਸਲੇ ਦੀ ਸਿੱਧੀ ਨੁਕਤਾਚੀਨੀ ਸੀ। ਧਾਮੀ ਨੇ ਸੋਮਵਾਰ ਨੂੰ ਅਪਣੇ ਅਸਤੀਫ਼ੇ ਦੇ ਐਲਾਨ ਵਾਲੀ ਮੀਡੀਆ ਕਾਨਫ਼ਰੰਸ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਦੇ ਵਿਧੀ-ਵਿਧਾਨ ਨੂੰ ਭਾਵੇਂ ਜਾਇਜ਼ ਦਸਿਆ, ਪਰ ਨਾਲ ਹੀ ਕਿਹਾ ਕਿ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਸਦਕਾ ਉਹ ਮਹਿਸੂਸ ਕਰਦੇ ਹਨ ਕਿ ਇਸ ਤਖ਼ਤ ਦੇ ਮੁਖੀ ਵਲੋਂ ਪ੍ਰਗਟਾਈ ਨਾਰਾਜ਼ਗੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਪ੍ਰਧਾਨ ਬਣੇ ਰਹਿਣ ਦਾ ਕੋਈ ਇਖ਼ਲਾਕੀ ਹੱਕ ਨਹੀਂ।

ਉਨ੍ਹਾਂ ਨੇ ਅਪਣਾ ਅਸਤੀਫ਼ਾ ਅੰਤ੍ਰਿੰਗ ਕਮੇਟੀ ਨੂੰ ਭੇਜਿਆ ਹੈ ਕਿਉਂਕਿ ਸਿੱਖ ਗੁਰਦੁਆਰਾ ਐਕਟ, 1925 ਦੀਆਂ ਧਾਰਾਵਾਂ ਮੁਤਾਬਿਕ ਪ੍ਰਧਾਨ ਦਾ ਅਸਤੀਫ਼ਾ ਸਿਰਫ਼ ਅੰਤ੍ਰਿੰਗ ਕਮੇਟੀ ਹੀ ਮਨਜ਼ੂਰ ਜਾਂ ਰੱਦ ਕਰ ਸਕਦੀ ਹੈ। ਅੰਤ੍ਰਿੰਗ ਕਮੇਟੀ ਵਲੋਂ 48 ਘੰਟਿਆਂ ਦੇ ਅੰਦਰ ਕੋਈ ਨਿਰਣਾ ਲਏ ਜਾਣ ਦੀ ਸੰਭਾਵਨਾ ਹੈ। ਉਂਜ, ਪਿਛਲੇ ਢਾਈ ਮਹੀਨਿਆਂ ਤੋਂ ਅਕਾਲੀ ਦਲ ਦੀ ਅਖੌਤੀ ਲੀਡਰਸ਼ਿਪ ਨੇ ਜਿਸ ਅਹਿਮਕਾਨਾ ਢੰਗ ਨਾਲ ਪਾਰਟੀ ਤੇ ਸ਼੍ਰੋਮਣੀ ਕਮੇਟੀ ਨੂੰ ਸੰਕਟਾਂ ਵਿਚ ਫਸਾਇਆ ਹੈ, ਉਹ ਸਿੱਖ ਸਿਆਸਤ ਦੇ ਨਿਘਾਰ ਦਾ ਸਿਖਰ ਹੈ।

ਗਿਆਨੀ ਹਰਪ੍ਰੀਤ ਸਿੰਘ ਦੀ ਬਰਤਰਫ਼ੀ ਤੋਂ ਧਾਮੀ ਨਾਖ਼ੁਸ਼ ਸਨ, ਇਸ ਦਾ ਇਜ਼ਹਾਰ ਤਾਂ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਫ਼ੌਰੀ ਬਾਅਦ ਹੋ ਗਿਆ ਸੀ। ਉਨ੍ਹਾਂ ਨੇ ਮੀਡੀਆ ਨੂੰ ਖ਼ੁਦ ਸੰਬੋਧਨ ਕਰਨ ਦੀ ਥਾਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਤੇਜ਼ੀ ਨਾਲ ਖਿਸਕ ਜਾਣ ਅਤੇ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਨਸ਼ਰ ਕਰਨ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ’ਤੇ ਛੱਡ ਕੇ ਦਰਸਾ ਦਿਤਾ ਸੀ ਕਿ ਉਨ੍ਹਾਂ ਦੀ ਜ਼ਮੀਰ ਉੱਤੇ ਬੋਝ ਹੈ।

ਉਨ੍ਹਾਂ ਦੇ ਅਜਿਹੇ ਕਦਮ ਤੋਂ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਉਹ ਅਪਣੇ ਵਫ਼ਾਦਾਰਾਂ ਨੂੰ ਗ਼ੁਲਾਮ ਨਾ ਸਮਝੇ ਅਤੇ ਅਜਿਹੀਆਂ ਕਾਰਵਾਈਆਂ ਤੋਂ ਪਰਹੇਜ਼ ਕਰੇ ਜੋ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਅਵੱਗਿਆ ਜਾਂ ਤੌਹੀਨ ਜਾਪਣ। ਪਰ ਅਕਾਲੀ ਲੀਡਰਸ਼ਿਪ ਤਾਂ ਅਜਿਹੇ ਸੰਕੇਤਾਂ ਨੂੰ ਸਮਝਣ ਲਈ ਤਿਆਰ ਹੀ ਨਹੀਂ; ਉਹ ਤਾਂ ਵਫ਼ਾਦਾਰਾਂ ਦੀ ਵਫ਼ਾਦਾਰੀ ਨੂੰ ਵੀ ਰੋਲਣ ਦੇ ਰਾਹ ਤੁਰੀ ਹੋਈ ਹੈ। ਧਾਮੀ ਨੂੰ ਉਨ੍ਹਾਂ ਦੀ ਪਾਰਟੀ ਨੇ ਲਗਾਤਾਰ ਚਾਰ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ। ਉਨ੍ਹਾਂ ਨੇ ਇਸ ਅਰਸੇ ਦੌਰਾਨ ਅਪਣੇ ਅਖਤਿਆਰਾਂ ਦੇ ਦਾਇਰੇ ਅੰਦਰ ਰਹਿੰਦਿਆਂ ਸਿੱਖ ਮਸਲਿਆਂ ਨੂੰ ਢੁਕਵੇਂ ਮੰਚਾਂ ’ਤੇ ਉਠਾਉਣ ਦੀ ਸੂਝ-ਬੂਝ ਵੀ ਵਿਖਾਈ ਅਤੇ ਅਪਣੇ ਨੁਕਤਾਚੀਨਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਵੀ।

ਇਹੋ ਪਹੁੰਚ, ਸ਼ਾਇਦ, ਅਕਾਲੀ ਲੀਡਰਸ਼ਿਪ ਦੀ ਸੌੜੀ ਸੋਚ ਨੂੰ ਰਾਸ ਨਹੀਂ ਆਈ। ਉਹ ਇਹ ਹਕੀਕਤ ਸਮਝਣ ਲਈ ਅਜੇ ਵੀ ਤਿਆਰ ਨਹੀਂ ਕਿ ਅਕਾਲ ਤਖ਼ਤ ਦੇ 2 ਦਸੰਬਰ 2024 ਵਾਲੇ ਆਦੇਸ਼ਾਂ ਉੱਤੇ ਤਹਿਦਿਲੀ ਤੇ ਤਨਦੇਹੀ ਨਾਲ ਅਮਲ, ਅਕਾਲੀ ਦਲ ਦੀ ਗੁਆਚੀ ਸਾਖ਼ ਬਹਾਲ ਕਰਨ ਦਾ ਇਕ ਆਸਾਨ ਤੇ ਕਾਰਗਰ ਰਸਤਾ ਸੀ।  ਇਸੇ ਅਹਿਮਕਾਈ ਕਾਰਨ ਉਹ ਲਗਾਤਾਰ ਗ਼ਲਤੀਆਂ ਕਰ ਰਹੀ ਹੈ।

ਐਡਵੋਕੇਟ ਧਾਮੀ ਦਾ ਅਸਤੀਫ਼ਾ ਪ੍ਰਵਾਨ ਹੁੰਦਾ ਹੈ ਜਾਂ ਰੱਦ; ਇਸ ਦਾ ਪਤਾ ਅੱਜ-ਭਲੁਕ ਲੱਗ ਜਾਵੇਗਾ। ਇਕ ਗੱਲ ਸਾਫ਼ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਅਕਾਲੀ ਦਲ ਦੇ ਸੰਕਟ ਵਿਚ ਘਸੀਟ ਲਿਆ ਹੈ। ਉਨ੍ਹਾਂ ਨੂੰ ਅਪਣੇ ਅਹੁਦੇ ’ਤੇ ਡਟੇ ਰਹਿਣ ਅਤੇ ਪਾਰਟੀ ਲੀਡਰਸ਼ਿਪ ਵਲੋਂ ਸਮੇਂ ਸਮੇਂ ਪਾਏ ਗ਼ਲਤ ਦਬਾਵਾਂ ਦਾ ਪਰਦਾਫ਼ਾਸ਼ ਕਰਨ ਦੀਆਂ ਸਲਾਹਾਂ ਵੀ ਮਿਲ ਰਹੀਆਂ ਹਨ ਅਤੇ ਇਖ਼ਲਾਕ ਦੇ ਪੰਧ ’ਤੇ ਤੁਰਦਿਆਂ ਸਿੱਖ ਪੰਥ ਦੇ ਭਲੇ ਲਈ ਕੰਮ ਕਰਨ ਦੀਆਂ ਵੀ। ਅੰਤਿਮ ਨਿਰਣਾ ਤਾਂ ਉਨ੍ਹਾਂ ਨੇ ਹੀ ਲੈਣਾ ਹੈ। ਉਂਜ, ਉਨ੍ਹਾਂ ਵਲੋਂ ਦਿਤਾ ਗਿਆ ਝਟਕਾ ਜੇਕਰ ਅਕਾਲੀ ਲੀਡਰਸ਼ਿਪ ਨੂੰ ਸੁਮੱਤ ਬਖ਼ਸ਼ਣ ਦਾ ਕੰਮ ਕਰਦਾ ਹੈ ਤਾਂ ਇਹ ਇਕ ਖ਼ੁਸ਼ਗਵਾਰ ਮੋੜ ਹੋਵੇਗਾ। ਪਰ ਕੀ ਬਾਦਲ ਦਲ ਦੀ ਲੀਡਰਸ਼ਿਪ ਸੁਮੱਤ ਲੈਣ ਦੇ ਰੌਂਅ ਵਿਚ ਵੀ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement