
ਅਜਕਲ ਕੰਪਿਊਟਰ ਦਾ ਯੁੱਗ ਹੈ, ਹਰ ਕੰਮ ਕੰਪਿਊਟਰ ਨਾਲ ਜਲਦੀ ਹੋ ਜਾਂਦਾ ਹੈ। ਇਸ ਨਾਲ ਸੱਭ ਲੋਕਾਂ ਨੂੰ ਕੋਈ ਸੰਦੇਸ਼ ਵਗੈਰਾ ਭੇਜਣ ਵਿਚ ਕਾਫ਼ੀ ਸਹੂਲਤ ਮਿਲ ਚੁੱਕੀ ਹੈ...
ਅਜਕਲ ਕੰਪਿਊਟਰ ਦਾ ਯੁੱਗ ਹੈ, ਹਰ ਕੰਮ ਕੰਪਿਊਟਰ ਨਾਲ ਜਲਦੀ ਹੋ ਜਾਂਦਾ ਹੈ। ਇਸ ਨਾਲ ਸੱਭ ਲੋਕਾਂ ਨੂੰ ਕੋਈ ਸੰਦੇਸ਼ ਵਗੈਰਾ ਭੇਜਣ ਵਿਚ ਕਾਫ਼ੀ ਸਹੂਲਤ ਮਿਲ ਚੁੱਕੀ ਹੈ। ਕੰਪਿਊਟਰ ਤੋਂ ਪੰਜਾਬੀ ਟਾਈਪ ਵੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅੰਗਰੇਜ਼ੀ ਵਿਚ ਤਾਂ ਟਾਈਪ ਦਾ ਫ਼ੋਂਟ ਕੇਵਲ ਇਕ ਹੈ। ਕਿਸੇ ਨੂੰ ਕੋਈ ਸੰਦੇਸ਼ ਅੰਗਰੇਜ਼ੀ ਵਿਚ ਭੇਜਣ ਲਈ ਕੋਈ ਮੁਸ਼ਕਿਲ ਨਹੀਂ ਆਉਂਦੀ, ਇਥੋਂ ਤਕ ਕਿ ਹਰ ਕੰਮ ਆਨ-ਲਾਈਨ ਅੰਗਰੇਜ਼ੀ ਵਿਚ ਅਸਾਨੀ ਨਾਲ ਹੋ ਜਾਂਦਾ ਹੈ। ਨਵੀਆਂ ਨੌਕਰੀਆਂ ਲਈ ਅਰਜ਼ੀਆਂ ਭੇਜਣਾ, ਪਾਸਪੋਰਟ ਲਈ ਅਰਜ਼ੀਆਂ ਭੇਜਣਾ ਜਾਂ ਕਿਸੇ ਕੰਮ ਲਈ ਈ-ਮੇਲ ਕਰਨਾ ਬੜਾ ਸੌਖਾ ਹੈ।
Computer
ਪਰ ਇਹ ਸੱਭ ਕੁੱਝ ਪੰਜਾਬੀ ਵਿਚ ਸੰਭਵ ਨਹੀਂ। ਜੇਕਰ ਕੰਪਿਊਟਰ ਤੇ ਪੰਜਾਬੀ ਵਿਚ ਟਾਈਪ ਕਰ ਕੇ ਕੋਈ ਵੀ ਈ-ਮੇਲ ਭੇਜਣੀ ਹੋਵੇ ਤਾਂ ਵੱਖ-ਵੱਖ ਫ਼ੋਂਟਜ਼ ਦਾ ਚੱਕਰ ਪੈ ਜਾਂਦਾ ਹੈ। ਜੇ ਇਕ ਫ਼ੋਂਟ ਵਿਚ ਸੁਨੇਹਾ ਭੇਜਿਆ ਜਾਂਦਾ ਹੈ ਤਾਂ ਦੂਜੇ ਫ਼ੋਂਟ ਵਿਚ ਉਹ ਅੱਗੇ ਖੁਲ੍ਹਦਾ ਹੀ ਨਹੀਂ ਜਾਂ ਫਿਰ ਉਸ ਨੂੰ ਬਦਲਣ ਵਿਚ ਵਿਅਕਤੀ ਦਾ ਕੰਪਿਊਟਰ ਦਾ ਤਜਰਬੇਕਾਰ ਹੋਣਾ ਬਹੁਤ ਜ਼ਰੂਰੀ ਹੈ। ਚੰਗੀ ਤਰ੍ਹਾਂ ਕੰਪਿਊਟਰ ਸਿਖੇ ਲੋਕ ਜਾਂ ਪੰਜਾਬੀ ਟਾਈਪ ਦੇ ਜਾਣਕਾਰ ਇਸ ਫ਼ੋਂਟ ਨੂੰ ਬਦਲਣ ਵਿਚ ਉਲਝ ਜਾਂਦੇ ਹਨ। ਇਹੀ ਕਾਰਨ ਹੈ ਕਿ ਆਮ ਲੋਕਾਂ ਨੂੰ ਕੰਪਿਊਟਰ ਟਾਈਪ ਕਰਨਾ ਬੜਾ ਮੁਸ਼ਕਲ ਲਗਦਾ ਹੈ।
Punjabi Keyboard Fonts
ਪੰਜਾਬ ਸਰਕਾਰ ਵਲੋਂ ਵੀ ਨੌਕਰੀਆਂ ਦੀ ਭਰਤੀ ਲਈ ਭਾਵੇ ਪੰਜਾਬ ਕੰਪਿਊਟਰ ਟਾਈਪ ਜ਼ਰੂਰੀ ਹੈ ਪਰ ਉਸ ਲਈ ਹੁਣ ਸਰਕਾਰ ਨੇ ਅਸੀਸ ਦੀ ਥਾਂ ਰਾਵੀ ਫ਼ੋਂਟ ਜ਼ਰੂਰੀ ਕਰ ਦਿਤਾ ਹੈ ਜਿਸ ਵਿਚ ਟਾਈਪ ਕਰਨਾ ਉਮੀਦਵਾਰਾਂ ਲਈ ਮੁਸ਼ਕਿਲ ਵੀ ਹੈ ਅਤੇ ਸਿਖਣਾ ਵੀ ਮੁਸ਼ਕਿਲ ਹੈ ਜਿਸ ਕਾਰਨ ਵੱਡੀ ਗਿਣਤੀ ਵਿਚ ਉਮੀਦਵਾਰ ਫ਼ੇਲ ਹੋ ਜਾਂਦੇ ਹਨ। ਪਹਿਲਾਂ ਅਸੀਸ ਫ਼ੋਂਟ ਵਿਚ ਟੈਸਟ ਲਏ ਜਾਂਦੇ ਸਨ ਜੋ ਕਿ ਸੋਖਾ ਵੀ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਫ਼ੋਂਟ ਨੂੰ ਪੱਕੇ ਤੌਰ ਉਤੇ ਮਾਨਤਾ ਦੇ ਦੇਵੇ ਤਾਂ ਜੋ ਪੰਜਾਬੀ ਪ੍ਰੇਮੀਆਂ ਨੂੰ ਕੁੱਝ ਸਹੂਲਤਾਂ ਮਿਲ ਜਾਣ। ਪਰ ਸਰਕਾਰ ਅਜਿਹਾ ਕਰਨ ਵਿਚ ਅਸਫ਼ਲ ਰਹੀ ਹੈ।
Punjabi Language
ਇਥੋਂ ਤਕ ਕਿ ਵੱਖ-ਵੱਖ ਪੰਜਾਬੀ ਅਖ਼ਬਾਰ ਵੀ ਵੱਖ-ਵੱਖ ਫ਼ੋਂਟਜ਼ ਵਿਚ ਪ੍ਰੈੱਸ ਨੋਟ ਤੇ ਆਰਟੀਕਲ ਮੰਗਦੇ ਹਨ ਜਿਸ ਕਰ ਕੇ ਪੰਜਾਬੀ ਪ੍ਰੇਮੀ ਅਤਿਅੰਤ ਦੁਖੀ ਹੁੰਦੇ ਹਨ। ਜੇਕਰ ਪੰਜਾਬੀ ਵਿਚ ਕੇਵਲ ਇਕ ਹੀ ਫ਼ੋਂਟ ਨੂੰ ਮਾਨਤਾ ਦਿਤੀ ਜਾਵੇ ਤਾਂ ਅੰਗ੍ਰੇਜ਼ੀ ਦੀ ਤਰ੍ਹਾਂ ਪੰਜਾਬੀ ਵਿਚ ਕੰਮ ਸੌਖਾ ਹੋ ਜਾਵੇਗਾ ਤੇ ਪੰਜਾਬੀ ਵਿਚ ਕੰਮ ਕਰਨ ਵਾਲੇ ਪੰਜਾਬੀ ਅਖ਼ਬਾਰਾਂ ਲਈ ਈ-ਮੇਲ ਭੇਜਣ ਵਾਲੇ ਤੇ ਪੰਜਾਬੀ ਵਿਚ ਕੋਈ ਵੀ ਸੰਦੇਸ਼ ਦੂਜੇ ਵਿਅਕਤੀ ਨੂੰ ਭੇਜਣ ਵਿਚ ਸਹੂਲਤ ਮਿਲ ਜਾਵੇਗੀ। ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਇਹ ਬਹੁਤ ਜ਼ਰੂਰੀ ਹੈ।
Punjabi Keyboard Fonts
ਉਂਜ ਬਹੁਤ ਸਾਰੀਆਂ ਸੰਸਥਾਵਾਂ ਪੰਜਾਬੀ ਵਿਚ ਕੰਮ ਕਰਦੀਆਂ ਹਨ ਤੇ ਸਮੇਂ-ਸਮੇਂ ਤੇ ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ ਦਾ ਦਾਅਵਾ ਕਰਦੀਆਂ ਹਨ, ਪਰ ਪੰਜਾਬੀ ਦੇ ਕੰਮ ਵਿਚ ਜੋ ਮੁੱਖ ਰੁਕਾਵਟ ਅਤੇ ਉਲਝਣ ਪੈਦਾ ਹੁੰਦੀ ਹੈ, ਉਸ ਵਲ ਧਿਆਨ ਨਹੀਂ ਦਿਤਾ ਜਾਂਦਾ। ਆਉ ਸਰਕਾਰ ਨੂੰ ਪੰਜਾਬੀ ਕੰਪਿਊਟਰ ਟਾਈਪਿੰਗ ਲਈ ਕੇਵਲ ਇਕ ਹੀ ਫ਼ੋਂਟ ਨੂੰ ਮਾਨਤਾ ਦੇਣ ਲਈ ਜ਼ੋਰ ਪਾਈਏ ਕਿਉਂਕਿ ਇਸ ਸਮੇਂ ਵੱਖ-ਵੱਖ ਫ਼ੋਂਟ ਜਿਵੇਂ ਜੁਆਏ, ਸਤਲੁਜ, ਅਸੀਸ, ਅਣਮੋਲ, ਡਾਕਟਰ ਚਾਤਰਿਕ ਵੈਬ ਆਦਿ ਪੰਜਾਬੀ ਦੇ ਰਾਹ ਵਿਚ ਮੁਸ਼ਕਿਲ ਬਣੇ ਹੋਏ ਹਨ। ਆਖ਼ਰ ਕਦੋਂ ਮਿਲੇਗੀ ਵੱਖ-ਵੱਖ ਪੰਜਾਬੀ ਫ਼ੋਂਟਜ਼ ਤੋਂ ਰਾਹਤ?
-ਬਹਾਦਰ ਸਿੰਘ ਗੋਸਲ, ਸੈਕਟਰ- 37ਡੀ, ਚੰਡੀਗੜ੍ਹ, ਸੰਪਰਕ : 98764-52223