
ਸਾਡੇ ਦੇਸ਼ ਵਿਚ ਔਰਤ ਨੂੰ ਸਿਆਸਤ ਛੱਡੋ, ਕਿਸੇ ਵੀ ਵਰਗ ਵਿਚ ਮਰਦ ਨਹੀਂ ਬਖ਼ਸ਼ਦੇ।
Editorial: ਮਮਤਾ ਬੈਨਰਜੀ, ਬੰਗਾਲ ਦੀ ਕ੍ਰਾਂਤੀਕਾਰੀ ਸੋਚ ’ਚੋਂ ਨਿਕਲੀ ਹੋਈ ਆਗੂ ਹੈ ਜੋ ਕਈ ਵਖਰੀਆਂ ਸੁਨਾਮੀਆਂ ਅੱਗੇ ਨਾ ਸਿਰਫ਼ ਡਟ ਕੇ ਖੜੀ ਰਹੀ ਬਲਕਿ ਅੱਗੇ ਵੀ ਵਧਦੀ ਰਹੀ ਹੈ। ਪਰ ਅੱਜ ਜੋ ਇਲਜ਼ਾਮ ਮਮਤਾ ਬੈਨਰਜੀ ਦੇ ਆਗੂਆਂ ਉਤੇ ਸੰਦੇਸ਼ਖ਼ਾਲੀ ਦੀਆਂ ਔਰਤਾਂ ਵਲੋਂ ਲਗਾਏ ਜਾ ਰਹੇ ਹਨ, ਉਹ ਮਮਤਾ ਬੈਨਰਜੀ ਦੇ ਕਿਰਦਾਰ ਨਾਲ ਮੇਲ ਨਹੀਂ ਖਾਂਦੇ।
ਬੰਗਾਲ ਵਿਚ ਭਾਜਪਾ ਤੇ ਟੀਐਮਸੀ ਦੇ ਵਰਕਰਾਂ ਵਿਚਕਾਰ ਇਕ ਹਿੰਸਕ ਰਿਸ਼ਤਾ ਸ਼ੁਰੂ ਤੋਂ ਰਿਹਾ ਹੈ ਜਿਸ ਵਿਚ ਜਾਨਾਂ ਦੋਵੇਂ ਪਾਸਿਉਂ ਜਾਂਦੀਆਂ ਰਹੀਆਂ ਹਨ। 5 ਜਨਵਰੀ ਨੂੰ ਬੰਗਾਲ ਦੇ ਸੰਦੇਸ਼ਖ਼ਾਲੀ ਵਿਚ ਈਡੀ ਵਲੋਂ ਛਾਪੇ ਦਾ ਵਿਰੋਧ ਟੀਐਮਸੀ ਵਰਕਰਾਂ ਨੇ ਬੜੇ ਹਿੰਸਕ ਤਰੀਕੇ ਨਾਲ ਕੀਤਾ। ਹੁਣ ਉਸੇ ਸੰਦੇਸ਼ਖ਼ਾਲੀ ਦੇ ਇਲਾਕੇ ’ਚੋਂ ਔਰਤਾਂ ਵਲੋਂ ਟੀਐਮਸੀ ਦੇ ਕੁੱਝ ਲੋਕਲ ਆਗੂਆਂ ਵਿਰੁਧ, ਸਾਲਾਂ ਤੋਂ ਦਹਿਸ਼ਤ ਤੇ ਸਮੂਹਕ ਬਲਾਤਕਾਰ ਦੇ ਇਲਜ਼ਾਮਾਂ ਦੀ ਸ਼ਿਕਾਇਤ, ਸ਼ੱਕ ਤੋਂ ਖ਼ਾਲੀ ਤਾਂ ਨਹੀਂ ਲਗਦੀ ਪਰ ਜਦ ਮਮਤਾ ਵਰਗੀ ਇਕ ਔਰਤ ਆਗੂ ਦੇ ਹੱਥ ਵਿਚ ਕਮਾਨ ਹੋਵੇ ਤਾਂ ਮਾਮਲੇ ਦਾ ਹੱਲ ਵਖਰਾ ਜਿਹਾ ਹੋਣਾ ਚਾਹੀਦਾ ਹੈ।
ਕਈ ਵਾਰ ਔਰਤਾਂ ਅਪਣੇ ਨੇੜੇ ਵਾਪਰ ਰਹੇ ਹਾਲਾਤ ਬਾਰੇ ਬੋਲ ਨਹੀਂ ਪਾਉਂਦੀਆਂ ਤੇ ਸਮਾਂ ਲਗਦਾ ਹੈ। ‘ਮੀ-ਟੂ’ (Me Too) ਵਿਚ ਤਾਕਤਵਰ, ਪੜ੍ਹੀਆਂ ਲਿਖੀਆਂ ਔਰਤਾਂ ਨੂੰ ਵੀ ਅਪਣੇ ਨਾਲ ਹੋਏ ਗ਼ਲਤ ਵਿਵਹਾਰ ਬਾਰੇ ਬੋਲਣ ਵਿਚ ਸਮਾਂ ਲੱਗਾ ਸੀ। ਇਹ ਵੀ ਮੁਮਕਿਨ ਹੈ ਕਿ ਸੰਦੇਸ਼ਖ਼ਾਲੀ ਵਿਚ ਚਲ ਰਹੀ ਲੜਾਈ ਵਿਚ ਇਨ੍ਹਾਂ ਔਰਤਾਂ ਨੂੰ ਅਪਣੇ ਨਾਲ ਹੋ ਰਹੇ ਗ਼ਲਤ ਵਿਵਹਾਰ ਬਾਰੇ ਬੋਲਣ ਦੀ ਸ਼ਹਿ ਵਿਰੋਧੀ ਧਿਰ ਤੋਂ ਮਿਲੀ ਹੋਵੇ। ਪਰ ਔਰਤਾਂ ਦੇ ਇਲਜ਼ਾਮ ਏਨੇ ਗੰਭੀਰ ਤੇ ਦਰਦਨਾਕ ਹਨ ਕਿ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨਾ ਇਕ ਰਵਾਇਤੀ ਮਰਦ ਪ੍ਰਧਾਨ ਸੋਚ ਨੂੰ ਲਾਗੂ ਕਰਨਾ ਹੋਵੇਗਾ। ਜਦ ਸੰਦੇਸ਼ਖ਼ਾਲੀ ਦੀਆਂ ਗ਼ਰੀਬ ਔਰਤਾਂ ਇਕ ਟੀਐਮਸੀ ਆਗੂ ਅਤੇ ਉਸ ਦੇ ਸਾਥੀਆਂ ਵਲੋਂ ਘਰੋਂ ਚੁੱਕ ਕੇ ਸਾਲਾਂ ਤੋਂ ਬਲਾਤਕਾਰ ਕੀਤੇ ਜਾਣ ਦੇ ਇਲਜ਼ਾਮ ਲਗਾਏ ਜਾਣ ਦੀ ਗੱਲ ਆਖੀ ਜਾਵੇ ਤਾਂ ਇਹ ਮਮਤਾ ਬੈਨਰਜੀ ਵਾਸਤੇ ਅਪਣੇ ਆਪ ਨੂੰ ਵਖਰਾ ਸਾਬਤ ਕਰਨ ਦਾ ਮੌਕਾ ਬਣ ਜਾਂਦਾ ਹੈ।
ਸਾਡੇ ਦੇਸ਼ ਵਿਚ ਔਰਤ ਨੂੰ ਸਿਆਸਤ ਛੱਡੋ, ਕਿਸੇ ਵੀ ਵਰਗ ਵਿਚ ਮਰਦ ਨਹੀਂ ਬਖ਼ਸ਼ਦੇ। ਪਹਿਲਵਾਨਾਂ ਦਾ ਹਾਲ ਅਸੀ ਵੇਖ ਰਹੇ ਹਾਂ ਜਿਨ੍ਹਾਂ ਨੇ ਕਿੰਨਾ ਕੁੱਝ ਦਾਅ ’ਤੇ ਲਾ ਕੇ ਬ੍ਰਿਜ ਭੂਸ਼ਨ ਵਿਰੁਧ ਕਦਮ ਚੁਕਵਾਏ ਪਰ ਕੁੱਝ ਮਹੀਨਿਆਂ ਵਿਚ ਹੀ ਉਸ ਦਾ ਪਹਿਲਵਾਨਾਂ ਦੀ ਸੰਸਥਾ ਉਤੇ ਕਬਜ਼ਾ ਬਹਾਲ ਹੋ ਚੁੱਕਾ ਹੈ। ਸੌਦਾ ਸਾਧ ਉਤੇ ਬਲਾਤਕਾਰ ਅਤੇ ਕਤਲ ਦੇ ਇਲਜ਼ਾਮ ਸਾਬਤ ਕਰਨ ਵਿਚ ਇਕ ਪੱਤਰਕਾਰ ਦੀ ਜਾਨ ਵੀ ਚਲੀ ਗਈ ਪਰ ਅੱਜ ਉਹ ਓਨਾ ਹੀ ਤਾਕਤਵਰ ਹੈ ਜਿੰਨਾ ਉਹ ਜੇਲ੍ਹ ਤੋਂ ਬਾਹਰ ਸੀ। ਜੇਲ੍ਹ ਵਿਚ ਘੱਟ ਤੇ ਐਸ਼ ਦੀ ਜ਼ਿੰਦਗੀ ਬਾਹਰ ਆ ਕੇ ਜ਼ਿਆਦਾ ਬਤੀਤ ਕਰ ਰਿਹਾ ਹੈ।
ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਬਚਾਉਣ ਦਾ ਯਤਨ ਵੀ ਇਸੇ ਤਰ੍ਹਾਂ ਕੀਤਾ ਗਿਆ ਸੀ। ਇਸ ਦਾ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿਚ ਔਰਤਾਂ ਦੀਆਂ ਸ਼ਿਕਾਇਤਾਂ ਸੰਜੀਦਗੀ ਨਾਲ ਉਠਾਉਣ ਵਾਲੀਆਂ ਤਾਕਤਵਰ ਔਰਤਾਂ ਨਹੀਂ ਹਨ। ਤਾਕਤਵਰ ਤੋਂ ਤਾਕਤਵਰ ਔਰਤ ਕੁਰਸੀ ’ਤੇ ਬੈਠ ਕੇ ਵੀ ਅਪਣੇ ਸਾਹਮਣੇ ਹੋ ਰਹੇ ਗ਼ਲਤ ਵਰਤਾਰੇ ਬਾਰੇ ਗੱਲ ਨਹੀਂ ਕਰ ਸਕਦੀ। ਅਜਿਹੇ ਵਿਚ ਮਮਤਾ ਬੈਨਰਜੀ, ਬੰਗਾਲ ਵਿਚ ਹਿੰਸਾ ਦੇ ਮਾਹੌਲ ਵਿਚ ਔਰਤਾਂ ਦਾ ਸਾਹਸ ਬਣ ਸਕਦੀ ਹੈ। ਉਹ ਬੰਗਾਲ ਦੇ ਲੋਕਾਂ ਨੂੰ ਦਸ ਸਕਦੀ ਹੈ ਕਿ ਉਸ ਦੇ ਰਾਜ ਵਿਚ ਔਰਤ ਨੂੰ ਮੋਹਰਾ ਨਹੀਂ ਬਣਨ ਦਿਤਾ ਜਾਵੇਗਾ। ਪਰ ਜੇ ਉਹ ਇਸ ਵਕਤ ਰਵਾਇਤੀ ਸਿਆਸਤ ਤੋਂ ਉਪਰ ਉਠ ਕੇ ਹਿੰਸਾ ਰੋਕਣ ਵਾਲੇ ਨੂੰ ਸਜ਼ਾ ਨਾ ਦੇ ਸਕੀ ਤਾਂ ਉਸ ਨਾਲ ਵੀ ਉਹੀ ਹੋਵੇਗਾ ਜੋ 13 ਸਾਲ ਪਹਿਲਾਂ ਉਸ ਨੇ ਸੀ.ਪੀ.ਐਮ. ਦੇ ਸਾਥੀਆਂ ਨਾਲ ਕੀਤਾ ਸੀ।
- ਨਿਮਰਤ ਕੌਰ