ਗੈਂਗਸਟਰਾਂ ਨੂੰ 'ਰੌਬਿਨ ਹੁਡ' ਬਣਾ ਕੇ ਪੇਸ਼ ਕਰਨ ਦੀ ਨਹੀਂ, ਸਾਡੀ ਮਦਦ ਦੀ ਲੋੜ ਹੈ
Published : Aug 23, 2017, 4:47 pm IST
Updated : Mar 20, 2018, 4:42 pm IST
SHARE ARTICLE
Gangster
Gangster

ਪੰਜਾਬ ਵਿਚ ਗੁੰਡਾ ਸਭਿਆਚਾਰ ਏਨਾ ਜ਼ਿਆਦਾ ਪ੍ਰਚਲਤ ਹੋ ਗਿਆ ਹੈ ਕਿ ਅਸੀ ਇਨ੍ਹਾਂ ਨੌਜਵਾਨਾਂ ਨੂੰ ਭਲੇ ਮਾਣਸ ਮੰਨਣਾ ਸ਼ੁਰੂ ਕਰ ਦਿਤਾ ਹੈ।

ਪੰਜਾਬ ਵਿਚ ਗੁੰਡਾ ਸਭਿਆਚਾਰ ਏਨਾ ਜ਼ਿਆਦਾ ਪ੍ਰਚਲਤ ਹੋ ਗਿਆ ਹੈ ਕਿ ਅਸੀ ਇਨ੍ਹਾਂ ਨੌਜਵਾਨਾਂ ਨੂੰ ਭਲੇ ਮਾਣਸ ਮੰਨਣਾ ਸ਼ੁਰੂ ਕਰ ਦਿਤਾ ਹੈ। 2015 ਵਿਚ ਜਦ 'ਰੁਪਿੰਦਰ ਗਾਂਧੀ... ਗੈਂਗਸਟਰ...'' ਫ਼ਿਲਮ ਦੇ ਟਾਈਟਲ ਉਤੇ ਹੀ ਪ੍ਰਸ਼ਨ ਚਿੰਨ੍ਹ ਲਗਾ ਦਿਤਾ ਗਿਆ ਸੀ ਤਾਂ ਅਸੀ ਉਸ ਵਕਤ ਅਪਣੇ ਮਨ ਦੀ ਉਲਝਣ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਸ਼ਾਇਦ ਇਸ ਗੈਂਗਸਟਰ ਨੂੰ ਹੀਰੋ ਬਣਾ ਦਿਤਾ ਸੀ। ਫ਼ਿਲਮ ਬਣਾਉਣ ਵਾਲਾ ਉਸੇ ਗੈਂਗਸਟਰ ਦਾ ਭਰਾ ਸੀ, ਮਿੰਡੀ ਜਾਂ ਮਨਿੰਦਰ ਗਾਂਧੀ, ਜਿਸ ਦਾ ਹੁਣੇ ਹੀ ਕਤਲ ਹੋ ਗਿਆ ਹੈ। ਮਿੰਡੀ ਨੇ ਹੁਣ ਦੂਜੀ ਫ਼ਿਲਮ ਬਣਾਈ ਹੈ ਜੋ ਸਤੰਬਰ ਵਿਚ ਰਿਲੀਜ਼ ਹੋਣੀ ਹੈ। ਆਉਣ ਵਾਲੀ ਦੂਜੀ ਫ਼ਿਲਮ ਦਾ ਨਾਮ 'ਰੁਪਿੰਦਰ ਗਾਂਧੀ ਗੈਂਗਸਟਰ ਜਾਂ ਰੋਬਿਨ ਹੁੱਡ?' ਹੈ। ਫਿਰ ਤੋਂ ਉਸ ਗੈਂਗਸਟਰ ਦੇ ਵਧੀਆ ਮਨੁੱਖ ਹੋਣ ਦਾ ਇਸ਼ਾਰਾ ਦਿਤਾ ਜਾ ਰਿਹਾ ਹੈ। ਹੁਣ ਗੈਂਗਸਟਰ ਨੂੰ ਚੰਗਾ ਕਿਉਂ ਮੰਨਿਆ ਜਾਂਦਾ ਹੈ, ਇਸ ਦਾ ਜਵਾਬ ਸਾਫ਼ ਹੈ। ਇਹ ਗੈਂਗਸਟਰ ਔਰਤਾਂ ਦਾ ਸਤਿਕਾਰ ਕਰਦੇ ਸਨ ਤੇ ਅਪਣੇ ਪਿੰਡ ਵਿਚ ਉਨ੍ਹਾਂ ਨੇ ਗ਼ਰੀਬਾਂ ਦੀ ਮਦਦ ਵੀ ਕੀਤੀ। ਪਰ ਰੋਬਿਨ ਹੁੱਡ ਤੇ ਇਨ੍ਹਾਂ ਗੈਂਗਸਟਰਾਂ ਵਿਚ ਵੱਡਾ ਅੰਤਰ ਹੈ। ਰੋਬਿਨ ਹੁੱਡ ਇਕ ਚੋਰ ਸੀ ਜੋ ਅਮੀਰਾਂ ਤੋਂ ਮਾਲ ਚੋਰੀ ਕਰ ਕੇ ਗ਼ਰੀਬਾਂ ਵਿਚ ਵੰਡਦਾ ਸੀ। ਇਹ ਪੰਜਾਬ ਦੇ ਗੈਂਗਸਟਰ ਕਤਲ, ਡਕੈਤੀ, ਨਸ਼ੇ ਦੀ ਤਸਕਰੀ ਦਾ ਕਾਰੋਬਾਰ ਤੇ ਅਗਵਾ ਕਰ ਕੇ ਪੈਸੇ (ਫਿਰੌਤੀ) ਮੰਗਣ ਦਾ ਕੰਮ ਕਰਦੇ ਸਨ। ਭਾਵੇਂ ਇਨ੍ਹਾਂ ਵਿਚੋਂ ਕਈਆਂ ਨੇ ਔਰਤਾਂ ਦੀ ਇੱਜ਼ਤ ਤੇ ਡਾਕਾ ਨਾ ਵੀ ਮਾਰਿਆ ਹੋਵੇਗਾ ਪਰ ਹਰ ਇਕ ਨੇ ਬੰਦੂਕਾਂ ਚੁੱਕ ਕੇ ਗੋਲੀਆਂ ਜ਼ਰੂਰ ਚਲਾਈਆਂ। ਇਨ੍ਹਾਂ ਸੱਭ ਨੇ ਨਸ਼ੇ ਖ਼ਰੀਦਣ ਤੇ ਵੇਚਣ ਦਾ ਕਾਰੋਬਾਰ ਕਰ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੁਮਰਾਹ ਵੀ ਜ਼ਰੂਰ ਕੀਤਾ ਹੈ।
ਅਫ਼ਸੋਸ ਕਿ ਇਹ ਆਪ ਵੀ ਗੁਮਰਾਹ ਹੋਏ ਹੋਏ ਸਨ। ਇਨ੍ਹਾਂ ਵਿਚੋਂ ਕਈ ਵੱਡੇ ਨਾਮ ਜਿਵੇਂ ਰੁਪਿੰਦਰ ਗਾਂਧੀ, ਵਿੱਕੀ ਗੌਂਡਰ, ਜੈਪਾਲ ਸਿੰਘ ਆਦਿ ਚੰਗੇ ਪ੍ਰਵਾਰਾਂ ਦੇ ਮਿਹਨਤੀ ਮੁੰਡੇ ਸਨ। ਇਨ੍ਹਾਂ ਵਿਚੋਂ ਕਈ ਵਧੀਆ ਖਿਡਾਰੀ ਵੀ ਸਨ। ਕਈ ਤਾਂ ਵਿਦੇਸ਼ ਜਾਣ ਦੀ ਤਿਆਰੀ ਵਿਚ ਵੀ ਸਨ। ਇਹ ਮੁੰਡੇ ਸਾਡੇ ਪੰਜਾਬ ਵਿਚ ਫੈਲੇ ਨਸ਼ੇ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰੀ ਰਾਜਨੀਤੀ ਦੇ ਪੀੜਤ ਸਨ ਜਿਨ੍ਹਾਂ ਅਪਣੀ ਨਿਰਾਸ਼ ਜ਼ਿੰਦਗੀ ਨੂੰ ਗ਼ਲਤ ਰਸਤੇ ਪਾ ਦਿਤਾ। ਉਨ੍ਹਾਂ ਵਿਚੋਂ ਕਈਆਂ ਦਾ ਨਾਮ ਇਕ ਸਿਆਸੀ ਪਾਰਟੀ ਦੇ ਨੌਜੁਆਨ ਵਿੰਗ ਨਾਲ ਜੋੜਿਆ ਜਾਂਦਾ ਹੈ। ਸਾਰੇ ਦੇ ਸਾਰੇ ਆਪ ਨਸ਼ੇ ਕਰਦੇ ਹਨ।
ਜੋ ਆਪ ਹੀ ਭਟਕੇ ਹੋਏ ਪੀੜਤ ਸਨ, ਉਨ੍ਹਾਂ ਨੂੰ ਅਸੀ ਅੱਜ ਅਪਣੇ ਹੀਰੋ ਕਿਵੇਂ ਮੰਨ ਸਕਦੇ ਹਾਂ? ਫ਼ੇਸਬੁੱਕ ਤੇ ਇਨ੍ਹਾਂ ਨੌਜਵਾਨਾਂ ਦੀਆਂ ਬੰਦੂਕਾਂ ਚੁੱਕੀ ਤਸਵੀਰਾਂ ਵੇਖ ਕੇ ਅਫ਼ਸੋਸ ਹੁੰਦਾ ਹੈ ਕਿਉਂਕਿ ਉਹ ਬਾਰ੍ਹਵੀਂ ਤਸਵੀਰ ਅੰਦਰ ਦੇ ਉਸ ਡਰੇ ਸਹਿਮੇ ਨੌਜਵਾਨ ਨੂੰ ਨਹੀਂ ਦਰਸਾਉਂਦੇ, ਉਹ ਹਰ ਵਕਤ ਪੁਲੀਸ ਦੀ ਗੋਲੀ ਤੋਂ ਜਾਨ ਬਚਾਉਂਦੇ, ਸ਼ਾਇਦ ਅਪਣੇ ਪ੍ਰਵਾਰ ਨੂੰ ਵੇਖਣ ਲਈ ਤਰਸਦੇ ਵੀ ਹੋਣ ਪਰ ਸੱਭ ਨੂੰ ਮਾਂ-ਬਾਪ ਨੇ ਲਾਵਾਰਸ ਕਰਾਰ ਦਿਤਾ ਹੈ।
ਇਹ ਮੁੰਡੇ ਸਾਡੇ ਸਮਾਜ ਵਿਚ ਸਿਆਸੀ ਤੇ ਅਫ਼ਸਰਸ਼ਾਹੀ ਦੀ ਅੰਨ੍ਹੀ ਲੁੱਟ 'ਚੋਂ ਜਨਮੇ ਹਨ। ਇਨ੍ਹਾਂ ਵਿਚਾਰਿਆਂ ਨੂੰ ਸਮਝਣ ਦੀ ਲੋੜ ਹੈ। ਇਨ੍ਹਾਂ ਨੂੰ ਰਸਤਾ ਵਿਖਾਉਣ ਦੀ ਜ਼ਰੂਰਤ ਹੈ। ਇਨ੍ਹਾਂ ਨੂੰ ਨਸ਼ੇ ਤੋਂ ਹਟਾਉਣ ਵਿਚ ਮਦਦ ਦੀ ਜ਼ਰੂਰਤ ਹੈ। ਇਨ੍ਹਾਂ ਨੂੰ ਇਸ ਕਦਰ ਵਧਾ ਚੜ੍ਹਾ ਕੇ ਹੀਰੋ ਬਣਾਉਣ ਦੀ ਬਜਾਏ ਇਨ੍ਹਾਂ ਦੀ ਅਸਲੀਅਤ ਸਮਝਣ ਦੀ ਅਤੇ ਸਾਡੇ ਪਿਆਰ ਦੀ ਜ਼ਰੂਰਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement