
ਦਿੱਲੀ ਸਰਕਾਰ, ਸਿਆਸਤਦਾਨਾਂ ਦੇ ਦਬਾਅ ਹੇਠ ਦਬੀ ਹੋਈ ਕੁੱਝ ਛੋਟੀਆਂ ਛੋਟੀਆਂ ਸਹੂਲਤਾਂ ਦੇਣ ਤਕ ਹੀ ਸੀਮਤ ਹੈ
ਤਾਉਤੇ ਚੱਕਰਵਾਤ (ਤੂਫ਼ਾਨ) ਆਉਣ ਦੀਆਂ ਚੇਤਾਵਨੀਆਂ ਮੰਗਲਵਾਰ ਰਾਤ ਤੋਂ ਸ਼ੁਰੂ ਹੋ ਗਈਆਂ ਸਨ: ਅਪਣੀਆਂ ਗੱਡੀਆਂ ਦਰੱਖ਼ਤਾਂ ਥੱਲਿਉਂ ਹਟਾ ਦੇਵੋ ਤਾਕਿ ਨੁਕਸਾਨ ਨਾ ਹੋਵੇ, ਅਪਣੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਲਵੋ। ਬਾਹਰ ਕੋਈ ਟੁਟ ਸਕਣ ਵਾਲਾ ਜਾਂ ਹਲਕਾ ਸਮਾਨ ਪਿਆ ਹੈ ਤਾਂ ਹਟਾ ਲਵੋ। ਪਰ ਕੀ ਕਿਸੇ ਦੇ ਮੂੰਹੋਂ ਇਹ ਵੀ ਸੁਣਿਆ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਹੈ ਜਦ ਤੂਫ਼ਾਨ ਬਾਰੇ ਸਾਡੇ ਵਾਤਾਵਰਣ ਮਹਿਕਮੇ ਵਲੋਂ ਚੇਤਾਵਨੀ ਦਿਤੀ ਜਾ ਰਹੀ ਹੈ? ਇਹ ਬਹੁਤ ਹੀ ਭਿਆਨਕ ਤੂਫ਼ਾਨ ਹੈ ਜਿਸ ਦੀ ਤੇਜ਼ ਰਫ਼ਤਾਰ ਨਾਲ ਦਰੱਖ਼ਤ ਵੀ ਉਖੜ ਜਾਣਗੇ। ਤੂਫ਼ਾਨ ਨੇ ਭਾਰਤ ਦੇ ਸਮੁੰਦਰੀ ਤਟ ਤੇ 12 ਲੋਕਾਂ ਦੀ ਜਾਨ ਲੈ ਲਈ ਹੈ ਤੇ ਅਰਬਾਂ ਦੀ ਬਰਬਾਦੀ ਕਰ ਦਿਤੀ ਹੈ।
Cyclone Tauktae
ਫਿਰ ਸਾਡੇ ਕਿਸਾਨਾਂ ਦੀਆਂ ਦਿੱਲੀ ਦੀਆਂ ਸਰਹੱਦਾਂ ਤੇ ਬਣੀਆਂ ਕੱਚੀਆਂ ਇਮਾਰਤਾਂ ਅਤੇ ਟੀਨਾਂ ਦੀਆਂ ਛੱਤਾਂ ਦਾ ਕੀ ਹਾਲ ਹੋਵੇਗਾ? ਬੁਧਵਾਰ ਦੁਪਹਿਰ ਤਕ ਦਿੱਲੀ ਦੀ ਬਾਰਸ਼ ਵਿਚ ਕਿਸਾਨ ਟੀਨਾਂ, ਟਰਾਲੀਆਂ ਹੇਠ ਤੇਜ਼ ਬਾਰਸ਼ ਵਿਚ ਬੈਠੇ ਹਨ। ਉਨ੍ਹਾਂ ਦਾ ਹਾਲ ਵੇਖ ਕੇ ਸਾਨੂੰ ਕੇਂਦਰ ਸਰਕਾਰ ਤੇ ਗੁੱਸਾ ਆ ਰਿਹਾ ਹੈ। ਪਰ ਪ੍ਰਸ਼ਾਸਨ ਇਸ ਵਿਚ ਵੀ ਅਪਣੇ ਲਈ ਇਕ ਮੌਕਾ ਵੇਖ ਰਿਹਾ ਹੋਵੇਗਾ ਸ਼ਾਇਦ। ਜੇ ਚਿੰਤਾ ਹੁੰਦੀ ਤਾਂ ਸਰਕਾਰ ਇਸ ਤੂਫ਼ਾਨ ਵਿਚ ਕਿਸਾਨਾਂ ਵਾਸਤੇ ਕੋਈ ਇੰਤਜ਼ਾਮ ਨਾ ਕਰਦੀ? ਦਿੱਲੀ ਦੇ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਜਾਪਦਾ ਹੈ ਕਿ ਉਹ ਦੋ ਦੁਸ਼ਮਣ ਦੇਸ਼ਾਂ ਵਿਚਕਾਰ ਨੋ ਮੈਨ ਲੈਂਡ ਉਤੇ ਬੈਠੇ ਰਫ਼ਿਊਜੀ ਹਨ ਜਿਨ੍ਹਾਂ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ ਤੇ ਨਾ ਕੋਈ ਜ਼ਿੰਮੇਵਾਰੀ ਲੈਣ ਨੂੰ ਹੀ ਤਿਆਰ ਹੈ।
farmer protest
ਹਰਿਆਣਾ ਸਰਕਾਰ ਮੌਕਾ ਲੱਭਦੀ ਫਿਰਦੀ ਹੈ ਜਦ ਉਹ ਕਿਸਾਨਾਂ ਤੇ ਲਾਠੀਆਂ ਵਰ੍ਹਾ ਸਕੇ ਜਾਂ ਕਿਸੇ ਤਰ੍ਹਾਂ ਦੀ ਤੰਗੀ ਪੈਦਾ ਕਰ ਸਕੇ। ਜਦ ਕਿਸਾਨ ਨਵੰਬਰ ਦੇ ਦਿਨਾਂ ਵਿਚ ਦਿੱਲੀ ਪਹੁੰਚੇ ਤਾਂ ਹਰਿਆਣਾ ਸਰਕਾਰ ਨੇ ਸੜਕਾਂ ਦੀਆਂ ਲਾਈਟਾਂ ਹੀ ਬੰਦ ਕਰ ਦਿਤੀਆਂ ਸਨ। ਦੂਜੇ ਪਾਸੇ ਦਿੱਲੀ ਦੀ ਪੁਲਿਸ ਅਜਿਹੀ ਤਿਆਰੀ ਕਰੀ ਬੈਠੀ ਹੈ ਜਿਵੇਂ ਕਿ ਇਹ ਦੇਸ਼ ਦੇ ਕਿਸਾਨ ਨਾ ਹੋਣ ਬਲਕਿ ਮਨੁੱਖੀ ਬੰਬ ਹੋਣ, ਜੋ ਦਿੱਲੀ ਵਿਚ ਆ ਕੇ ਦਿੱਲੀ ਨੂੰ ਤਬਾਹ ਕਰ ਦੇਣਗੇ।
protest against Khattar
ਦਿੱਲੀ ਸਰਕਾਰ, ਸਿਆਸਤਦਾਨਾਂ ਦੇ ਦਬਾਅ ਹੇਠ ਦਬੀ ਹੋਈ ਕੁੱਝ ਛੋਟੀਆਂ ਛੋਟੀਆਂ ਸਹੂਲਤਾਂ ਦੇਣ ਤਕ ਹੀ ਸੀਮਤ ਹੈ ਪਰ ਇਸ ਕਠੋਰ ਸਿਆਸਤ ਦੇ ਸਮੁੰਦਰ ਵਿਚ ਛੋਟਾ ਜਿਹਾ ਪਿਆਰ ਦਾ ਕਦਮ ਵੀ ਬੜਾ ਆਰਾਮ ਦੇ ਸਕਦਾ ਹੈ। ਪਰ ਕਿਸਾਨਾਂ ਨੂੰ ਨਜ਼ਰ ਅੰਦਾਜ਼ ਹੀ ਕੀਤਾ ਜਾ ਰਿਹਾ ਹੈ। ਮਮਤਾ ਬੈਨਰਜੀ ਦੀ ਜਿੱਤ ਵਿਚ ਕਿਸਾਨਾਂ ਦਾ ਵੱਡਾ ਹੱਥ ਹੈ ਪਰ ਉਹ ਵੀ ਖੁਲ੍ਹ ਕੇ ਇਕ ਵਾਰ ਵੀ ਕਿਸਾਨਾਂ ਨੂੰ ‘ਸ਼ੁਕਰੀਆ’ ਕਹਿਣ ਲਈ ਨਹੀਂ ਆਈ।
PM Modi
ਮੋਦੀ ਜੀ ਅਪਣੇ ਗੁਜਰਾਤ ਵਿਚ ਆਕਸੀਜਨ ਦੀ ਮਾਰ ਤੋਂ ਬਾਅਦ ਹਵਾਈ ਦੌਰਾ ਕਰਨ ਤਾਂ ਚਲੇ ਗਏ ਪਰ ਅਪਣੇ ਜਹਾਜ਼ ਨੂੰ ਮੋੜ ਕੇ, ਇਕ ਵਾਰ ਹੀ ਕਿਸਾਨਾਂ ਵਲੋਂ ਸਰਹੱਦਾਂ ਉਤੇ ਵਸਾਏ ਪਿੰਡਾਂ ਦੀ ਇਕ ਝਲਕ ਵੀ ਵੇਖ ਲੈਂਦੇ ਤਾਂ ਸ਼ਾਇਦ ਸਮਝ ਜਾਂਦੇ ਕਿ ਇਹ ਤੂਫ਼ਾਨ ਕਿਸਾਨਾਂ ਵਾਸਤੇ ਕਿੰਨਾ ਘਾਤਕ ਸਾਬਤ ਹੋ ਸਕਦਾ ਹੈ। ਸਾਡੇ ਕਿਸਾਨ ਹੱਡ ਚੀਰਵੀਂ ਠੰਢ, ਗਰਮੀ, ਬਾਰਸ਼ ਤੇ ਹੁਣ ਇਸ ਤੂਫ਼ਾਨ ਦੀ ਕਰੋਪੀ ਵੀ ਸਰਕਾਰ ਦੀ ਨਰਮੀ ਦੀ ਉਡੀਕ ਕਰਦੇ ਕਰਦੇ ਝੱਲ ਲੈਣਗੇ। ਕੋਰੋਨਾ ਨੇ ਇਨਸਾਨ ਦੀ ਕਮਜ਼ੋਰ ਫ਼ਿਤਰਤ ਨੂੰ ਭਾਂਪਦੇ ਹੋਏ ਅਪਣੇ ਆਪ ਦੇ ਕਈ ਰੂਪ ਵਿਕਸਤ ਕਰ ਲਏ ਹਨ। ਜਿਹੜਾ ਕੋਰੋਨਾ ਪਹਿਲਾਂ ਬਜ਼ੁਰਗਾਂ ਵਾਸਤੇ ਘਾਤਕ ਸਾਬਤ ਹੋ ਰਿਹਾ ਸੀ, ਹੁਣ ਨੌਜਵਾਨ (20-50) ਵਰਗ ਵਾਸਤੇ ਘਾਤਕ ਸਾਬਤ ਹੋ ਰਿਹਾ ਹੈ।
Damage to tents and trolleys of farmers sitting on Delhi border due to rains
ਕਰੋਨਾ ਸਮਝ ਗਿਆ ਹੈ ਕਿ ਇਹ ਵਰਗ ਬਾਹਰ ਨਿਕਲਣ ਵਾਸਤੇ ਕੰਮ ਕਰਨ ਲਈ ਮਜਬੂਰ ਹੈ ਤੇ ਉਸ ਨੂੰ ਪੈ ਗਿਆ। ਅਗਲੇ ਬਦਲਾਅ ਬਾਰੇ ਦਸਿਆ ਜਾ ਰਿਹਾ ਹੈ ਕਿ ਬੱਚਿਆਂ ਵਾਸਤੇ ਖ਼ਤਰਨਾਕ ਸਾਬਤ ਹੋਵੇਗਾ ਪਰ ਅੱਜ ਦਾ ਦੇਸੀ ਕੋਰੋਨਾ ਪੇਂਡੂ ਜਨਤਾ ਵਿਚ ਵੀ ਪਸਰ ਗਿਆ ਹੈ। ਸੋ ਇਹ ਵਾਇਰਸ ਲੋੜ ਅਨੁਸਾਰ ਅਪਣਾ ਰੂਪ ਬਦਲਣ ਦੀ ਕਾਬਲੀਅਤ ਰਖਦਾ ਹੈ ਪਰ ਸਾਡੀਆਂ ਸਰਕਾਰਾਂ ਲੋੜ ਅਨੁਸਾਰ ਅਪਣੇ ਆਪ ਨੂੰ ਢਾਲਣ ਦੀ ਕਾਬਲੀਅਤ ਕਿਉਂ ਨਹੀਂ ਰਖਦੀਆਂ?
Damage to tents and trolleys of farmers sitting on Delhi border due to rains
26 ਮਈ ਨੂੰ ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ ਨੂੰ ਛੇ ਮਹੀਨੇ ਹੋ ਜਾਣਗੇ ਤੇ ਇਹ ਦੁਨੀਆਂ ਦੇ ਸੱਭ ਤੋਂ ਵੱਡੇ ਤੇ ਲੰਮੇ ਵਿਰੋਧ ਦਾ ਰੁਤਬਾ ਤਾਂ ਪ੍ਰਾਪਤ ਕਰ ਚੁਕਾ ਹੋਵੇਗਾ ਪਰ ਨਾਲ ਹੀ ਸਾਡੀ ਕੇਂਦਰ ਸਰਕਾਰ ਆਧੁਨਿਕ ਦੁਨੀਆਂ ਦੀ ਸੱਭ ਤੋਂ ਕਠੋਰ ਸਰਕਾਰ ਦਾ ਰੁਤਬਾ ਵੀ ਪ੍ਰਾਪਤ ਕਰ ਲਵੇਗੀ। ਕੋਰੋਨਾ ਤੋਂ ਕਿਸਾਨ ਅਪਣੇ ਆਪ ਨੂੰ ਬਚਾਅ ਕੇ ਰੱਖ ਰਹੇ ਸਨ ਪਰ ਕੁਦਰਤ ਦੇ ਇਸ ਕਹਿਰ ਸਾਹਮਣੇ ਉਹ ਬੜਾ ਔਖਾ ਸਮਾਂ ਬਿਤਾਉਣ ਜਾ ਰਹੇ ਹਨ। ਲੋੜ ਹੈ ਕਿ ਅਸੀ ਅਪਣੇ ਬਚਾਅ ਦੇ ਫ਼ਿਕਰ ਵਿਚ ਗ੍ਰਸਤ ਹੋਏ ਹੋਏ, ਕਿਤੇ ਅਪਣੇ ਕਿਸਾਨਾਂ ਦਾ ਸਾਥ ਦੇਣਾ ਨਾ ਭੁਲ ਜਾਈਏ। -ਨਿਮਰਤ ਕੌਰ