
ਸ਼੍ਰੋਮਣੀ ਕਮੇਟੀ ਅਪਣਾ ਪਾਸ ਕੀਤਾ ਮਤਾ ਅਕਾਲੀ ਸਰਕਾਰਾਂ ਤੇ ਸਿੱਖ ਮੁੱਖ ਮੰਤਰੀਆਂ ਕੋਲੋਂ ਲਾਗੂ ਨਹੀਂ ਕਰਵਾ ਸਕੀ। ਕਿਉਂ?.............
ਪੰਜਾਬ ਦੀਆਂ ਹਵਾਲਾਤਾਂ ਵਿਚ ਜਦ ਕਿਸੇ ਸਿੱਖ ਸਰਦਾਰ ਨੂੰ ਰਖਿਆ ਜਾਂਦਾ ਹੈ ਤਾਂ ਸੱਭ ਤੋਂ ਪਹਿਲਾਂ ਉਸ ਦੀ ਦਸਤਾਰ ਉਤਾਰੀ ਜਾਂਦੀ ਹੈ। ਇਸ ਪਾਸੇ ਇਕ ਦਿਨ ਅਚਾਨਕ ਧਿਆਨ ਆਇਆ ਕਿ 70 ਸਾਲਾਂ ਦੇ ਆਜ਼ਾਦ ਭਾਰਤ ਅੰਦਰ ਪੰਜਾਬ ਦੇ ਰਾਜਭਾਗ ਉਤੇ 23 ਸਾਲ 11 ਮਹੀਨੇ ਰਾਜਭਾਗ ਦਾ ਆਨੰਦ ਸਿੱਖਾਂ ਦੀ ਨੁਮਾਇੰਦਾ ਸਿਆਸੀ ਧਿਰ ਅਕਾਲੀ ਦਲ ਨੇ ਮਾਣਿਆ ਹੈ ਪਰ ਪੰਜਾਬ ਪੁਲਿਸ ਤੋਂ ਇਸ ਪਾਸੇ ਉਚੇਚਾ ਧਿਆਨ ਦੇ ਕੇ ਹਵਾਲਾਤੀ ਸਿੱਖ ਦੀ ਦਸਤਾਰ ਨੂੰ ਨਾ ਲਾਹਿਆ ਜਾਣਾ ਪ੍ਰਵਾਨ ਨਹੀਂ ਕਰਵਾ ਸਕੀ ਜਦਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਕੱਤਰਤਾ ਜੋ ਮਿਤੀ 26-10-1941 ਨੂੰ ਮਾਸਟਰ ਤਾਰਾ ਸਿੰਘ ਜੀ ਦੀ
ਪ੍ਰਧਾਨਗੀ ਹੇਠ ਹੋਈ ਤੇ ਜਿਸ ਵਿਚ 91 ਮੈਂਬਰ ਸ਼ਾਮਲ ਸਨ, ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ''ਪ੍ਰਧਾਨ ਸਾਹਬ ਵਲੋਂ ਇਹ ਮਤਾ ਪੇਸ਼ ਹੋਣ ਤੇ ਪ੍ਰਵਾਨ ਹੋਇਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇਹ ਸਮਾਗਮ ਪੁਲਿਸ ਦੇ ਜ਼ਿੰਮੇਵਾਰਾਂ ਦਾ ਧਿਆਨ ਇਸ ਗੱਲ ਵਲ ਦਿਵਾਉਂਦਾ ਹੈ ਕਿ ਕਿਸੇ ਸਿੰਘ ਦੀ ਦਸਤਾਰ ਲਾਹੁਣੀ ਜਿਹਾ ਕਿ ਪੰਜਾਬ ਦੀਆਂ ਹਵਾਲਾਤਾਂ ਵਿਚ ਕੀਤਾ ਜਾਂਦਾ ਹੈ, ਸਿੱਖਾਂ ਦੀ ਧਾਰਮਕ ਹੱਤਕ ਹੈ। ਇਸ ਲਈ ਇਹ ਸਮਾਗਮ ਮੰਗ ਕਰਦਾ ਹੈ ਕਿ ਹਵਾਲਾਤਾਂ ਵਿਚ ਇਹ ਤਰੀਕਾ ਬੰਦ ਕੀਤਾ ਜਾਵੇ।''
ਇਸ ਮਤੇ ਨੂੰ ਪਾਸ ਹੋਇਆਂ 77 ਸਾਲ ਬੀਤ ਗਏ ਹਨ ਪਰ 25 ਸਾਲ 11 ਮਹੀਨੇ ਰਾਜਭਾਗ ਅਕਾਲੀ ਦਲ ਵਲੋਂ ਹੰਢਾਉਣ ਦੇ ਬਾਵਜੂਦ ਇਹ ਮਤਾ ਸਰਕਾਰ ਵਲੋਂ ਪੁਲਿਸ ਮਹਿਕਮੇ ਵਿਚ ਲਾਗੂ ਨਹੀਂ ਕਰਵਾਇਆ ਗਿਆ। ਅੱਜ ਵੀ ਹਵਾਲਾਤ ਵਿਚ ਲਿਜਾਣ ਸਮੇਂ ਸਿੱਖ ਸਰਦਾਰ ਦੀ ਦਸਤਾਰ ਲਾਹ ਦਿਤੀ ਜਾਂਦੀ ਹੈ। ਝਾਲਰ ਵਾਲੀ ਪੱਗ ਜਿਸ ਨੂੰ ਬੰਨ੍ਹਣ ਵਾਲੇ ਸਿੱਖ ਪੁਲਿਸ ਮੁਲਾਜ਼ਮ ਖ਼ੁਦ ਦੁਖੀ ਹਨ,
ਇਸ ਮੰਗ ਨੂੰ ਵੀ ਸਿੱਖ ਹੋਣ ਕਰ ਕੇ ਮੁੱਖ ਮੰਤਰੀ ਬਣੇ ਪੰਜਾਬ ਦੇ ਸਿੱਖ ਆਗੂਆਂ ਨੇ ਅੱਖੋਂ ਪਰੋਖੇ ਹੀ ਕਰੀ ਰਖਿਆ ਹੈ ਜਿਸ ਨਾਲ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਠੇਸ ਪਹੁੰਚਦੀ ਹੈ। 1941 ਦੇ ਪਾਸ ਹੋਏ ਮਤੇ ਨੂੰ ਸ਼੍ਰੋਮਣੀ ਕਮੇਟੀ ਵੀ 77 ਸਾਲ ਬੀਤਣ ਤੇ ਕੀ ਭੁਲਾ ਹੀ ਚੁੱਕੀ ਹੈ? ਇਹ ਸਵਾਲ ਸ਼੍ਰੋਮਣੀ ਕਮੇਟੀ ਮੈਂਬਰ ਸਾਹਬਾਨ ਤੋਂ ਅੱਜ ਵੀ ਜਵਾਬ ਦੀ ਮੰਗ ਕਰਦਾ ਹੈ। -ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963