ਜਦ ਪੰਜਾਬ ਦੇ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਨੂੰ ਸੱਭ ਤੋਂ ਵੱਡੀ ਆਰਥਕ ਸੱਟ ਭਾਜਪਾ ਤੇ ਅਕਾਲੀ ਦਲ ਦੀ ਭਾਈਵਾਲੀ ਨੇ ਮਾਰੀ ਸੀ।
ਜਦ ਪੰਜਾਬ ਦੇ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਨੂੰ ਸੱਭ ਤੋਂ ਵੱਡੀ ਆਰਥਕ ਸੱਟ ਭਾਜਪਾ ਤੇ ਅਕਾਲੀ ਦਲ ਦੀ ਭਾਈਵਾਲੀ ਨੇ ਮਾਰੀ ਸੀ। 80 ਦੇ ਕਾਲੇ ਦੌਰ ਤੋਂ ਬਾਅਦ ਵੀ ਪੰਜਾਬ ਅਪਣੇ ਪੈਰਾਂ ’ਤੇ ਖੜਾ ਹੋ ਰਿਹਾ ਸੀ। 2004 ਵਿਚ ਦੇਸ਼ ਦਾ ਅੱਵਲ ਸੂਬਾ ਘੋਸ਼ਿਤ ਹੋਇਆ ਸੀ। ਪਰ ਜਦ ਅਕਾਲੀ ਦਲ-ਭਾਜਪਾ ਦੀ ਸਰਕਾਰ ਦਾ 2004 ’ਚ ਦੇਸ਼ ਵਿਚ ਰਾਜ ਆਇਆ ਤਾਂ ਉਨ੍ਹਾਂ ਬੱਦੀ ਨੂੰ ਉਦਯੋਗ ਦਾ ਕੇਂਦਰ ਬਣਾ ਦਿਤਾ ਤੇ ਪੰਜਾਬ ਦਾ ਉਦਯੋਗ ਬਾਹਰ ਜਾਣਾ ਸ਼ੁਰੂ ਹੋ ਗਿਆ। ਇਹ 10 ਸਾਲ ਵਾਸਤੇ ਹੋਇਆ ਤੇ ਜਦ ਭਾਜਪਾ ਫਿਰ ਤੋਂ ਸੱਤਾ ਵਿਚ ਆਈ ਤਾਂ ਉਸ ਵਕਤ ਅਕਾਲੀ ਦਲ ਦਾ ਸੂਬੇ ਵਿਚ ਰਾਜ ਸੀ। ਬੱਦੀ ਨੂੰ ਹੋਰ 10 ਸਾਲ ਲਈ ਉਦਯੋਗਿਕ ਪਾਲਿਸੀ ਦਾ ਫ਼ਾਇਦਾ ਦੇ ਦਿਤਾ ਗਿਆ।
‘‘ਪੰਜਾਬ ਦੇ ਕਿਸਾਨੀ ਸੰਕਟ ਦਾ ਕਾਰਨ ਹੈ ਘੱਟ ਆਮਦਨ ਤੇ ਖੇਤੀ ਮਜ਼ਦੂਰੀ ਵਿਚ ਭਾਰੀ ਮਿਹਨਤ।’’ ਇਹ ਗੱਲ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਪੰਜਾਬ ਖੇਤੀ ’ਵਰਸਟੀ ਦੇ ਸੰਮੇਲਨ ਵਿਚ ਆਖੀ। ਇਸ ਬਿਆਨ ਪਿੱਛੇ ਉਨ੍ਹਾਂ ਦੀ ਜੋ ਖੋਜ ਹੈ, ਉਹ ਅੰਕੜਿਆਂ ’ਤੇ ਆਧਾਰਤ ਹੈ। ਅੰਕੜੇ ਦਸਦੇ ਹਨ ਕਿ ਕਿਸਾਨ ਤੇ ਖੇਤ ਮਜ਼ਦੂਰਾਂ ਦੀ ਆਮਦਨ ਪੰਜਾਬ ਦੇ ਸ਼ਹਿਰੀ ਖੇਤਰ ਦੀ ਆਮਦਨ ਤੋਂ ਵਧ ਹੈ ਜੋ ਭਾਰਤ ਦੇ ਕਿਸੇ ਹੋਰ ਸੂਬੇ ਵਿਚ ਨਹੀਂ ਹੈ।
ਪੰਜਾਬ ਵਿਚ ਖੇਤੀ ਖੇਤਰ ਵਿਚ ਕੰਮ ਕਰਨ ਵਾਲੇ (25.8 ਫ਼ੀ ਸਦੀ) ਲੋਕਾਂ ਦੀ, ਦੇਸ਼ ਦੀ ਔਸਤ ਆਮਦਨ (45.3) ਤੋਂ ਕਿਤੇ ਘੱਟ ਹੈ ਪਰ ਜਿਥੇ ਦੇਸ਼ ਵਿਚ ਖੇਤੀ ਦੀ ਕੁਲ ਆਮਦਨ ਦਾ 18.3 ਫ਼ੀ ਸਦੀ ਹੈ, ਉਥੇ ਪੰਜਾਬ ਦਾ ਯੋਗਦਾਨ ਸੂਬੇ ਦੀ ਆਮਦਨ ਵਿਚ 29 ਫ਼ੀ ਸਦੀ ਹੈ। ਯਾਨੀ ਘੱਟ ਲੋਕ ਖੇਤੀ ਕਰਦੇ ਹਨ ਪਰ ਉਨ੍ਹਾਂ ਦੀ ਆਮਦਨ ਜ਼ਿਆਦਾ ਹੈ ਤੇ ਜੋ ਲੋਕ ਸ਼ਹਿਰਾਂ ਵਿਚ ਆਉਂਦੇ ਹਨ, ਉਹ ਇਹ ਆਸ ਲੈ ਕੇ ਆਉਂਦੇ ਹਨ ਕਿ ਜੋ ਆਮਦਨ ਖੇਤੀ ਵਿਚ ਹੈ, ਉਹ ਦੂਜੇ ਕਿੱਤਿਆਂ ਵਿਚ ਵੀ ਮਿਲੇਗੀ। ਪਰ ਕਿਉਂਕਿ ਪੰਜਾਬ ਵਿਚ ਉਦਯੋਗ ਤੇ ਸ਼ਹਿਰੀ ਵਿਕਾਸ ਹੋਇਆ ਹੀ ਨਹੀਂ, ਨੌਜੁਆਨ ਵਿਦੇਸ਼ਾਂ ਵਿਚ ਜਾ ਕੇ ਮਿਹਨਤ ਕਰ ਰਹੇ ਹਨ ਕਿਉਂਕਿ ਪੰਜਾਬ ਦੀ ਖੇਤੀ ਆਮਦਨ ਦੇ ਮੁਕਾਬਲੇ ਵਿਦੇਸ਼ਾਂ ਵਿਚ ਆਮਦਨ ਜ਼ਿਆਦਾ ਮਿਲ ਸਕਦੀ ਹੈ।
ਪੰਜਾਬ ਦੀ ਵਿਕਾਸ ਗਤੀ 4 ਫ਼ੀ ਸਦੀ ਰਹੀ ਹੈ ਜਦਕਿ ਸਾਡੇ ਨਾਲ ਦੇ ਸੂਬੇ ਦੀ ਵਿਕਾਸ ਗਤੀ 6.04 ਫ਼ੀ ਸਦੀ ਰਹੀ ਹੈ ਜਿਸ ਕਾਰਨ ਸ਼ਹਿਰਾਂ ਵਿਚ ਵੀ ਨੌਕਰੀਆਂ ਮਿਲ ਜਾਂਦੀਆਂ ਹਨ ਤੇ ਹਰਿਆਣਾ ਦੇ ਨੌਜੁਆਨ ਨਿਰਾਸ਼ ਹੋ ਕੇ ਨਸ਼ਿਆਂ ਜਾਂ ਵਿਦੇਸ਼ਾਂ ਵਲ ਮੂੰਹ ਨਹੀਂ ਕਰ ਰਹੇ। ਹਰਿਆਣੇ ਨੂੰ ਭਾਰਤ ਸਰਕਾਰ ਨੇ, ਪੰਜਾਬ ਦੇ ਮੁਕਾਬਲੇ ਆਰਥਕ ਤੌਰ ’ਤੇ ਮਜ਼ਬੂਤ ਕਰਨ ਦੇ ਕਈ ਸਾਰੇ ਕਦਮ ਚੁੱਕੇ ਪਰ ਪੰਜਾਬ ਦੀ ਕਦੇ ਮਦਦ ਨਹੀਂ ਕੀਤੀ।
ਜੋ ਗੱਲ ਨੀਤੀ ਆਯੋਗ ਨੇ ਆਖੀ ਹੈ, ਉਹ ਪੰਜਾਬ ਬੜੇ ਚਿਰਾਂ ਤੋਂ ਕਹਿ ਰਿਹਾ ਹੈ। ਜਦ ਪੰਜਾਬ ਦੇ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਨੂੰ ਸੱਭ ਤੋਂ ਵੱਡੀ ਆਰਥਕ ਸੱਟ ਭਾਜਪਾ ਤੇ ਅਕਾਲੀ ਦਲ ਦੀ ਭਾਈਵਾਲੀ ਨੇ ਮਾਰੀ ਸੀ। 80 ਦੇ ਕਾਲੇ ਦੌਰ ਤੋਂ ਬਾਅਦ ਵੀ ਪੰਜਾਬ ਅਪਣੇ ਪੈਰਾਂ ’ਤੇ ਖੜਾ ਹੋ ਰਿਹਾ ਸੀ। 2004 ਵਿਚ ਦੇਸ਼ ਦਾ ਅੱਵਲ ਸੂਬਾ ਘੋਸ਼ਿਤ ਹੋਇਆ ਸੀ। ਪਰ ਜਦ ਅਕਾਲੀ ਦਲ-ਭਾਜਪਾ ਦੀ ਸਰਕਾਰ ਦਾ 2004 ’ਚ ਦੇਸ਼ ਵਿਚ ਰਾਜ ਆਇਆ ਤਾਂ ਉਨ੍ਹਾਂ ਬੱਦੀ ਨੂੰ ਉਦਯੋਗ ਦਾ ਕੇਂਦਰ ਬਣਾ ਦਿਤਾ ਤੇ ਪੰਜਾਬ ਦਾ ਉਦਯੋਗ ਬਾਹਰ ਜਾਣਾ ਸ਼ੁਰੂ ਹੋ ਗਿਆ। ਇਹ 10 ਸਾਲ ਵਾਸਤੇ ਕੀਤਾ ਗਿਆ ਤੇ ਜਦ ਭਾਜਪਾ ਫਿਰ ਤੋਂ ਸੱਤਾ ਵਿਚ ਆਈ ਤਾਂ ਉਸ ਵਕਤ ਅਕਾਲੀ ਦਲ ਦਾ ਸੂਬੇ ਵਿਚ ਰਾਜ ਸੀ। ਬੱਦੀ ਨੂੰ ਹੋਰ 10 ਸਾਲ ਲਈ ਉਦਯੋਗ ਪਾਲਿਸੀ ਦਾ ਫ਼ਾਇਦਾ ਦੇ ਦਿਤਾ ਗਿਆ।
ਬੜੀ ਵਾਰੀ ਕਈ ਤਰੀਕਿਆਂ ਨਾਲ ਵਾਰ ਵਾਰ ਆਖਿਆ ਜਾਂਦਾ ਹੈ ਕਿ ਮੋਦੀ ਜੀ ਤੇ ਭਾਜਪਾ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਹ ਤਾਂ ਸਿੱਖਾਂ ਦੇ ਮਸੀਹਾ ਹਨ। ਵੈਸੇ ਤਾਂ ਸਿੱਖ ਕੌਮ ਆਪ ਮਸੀਹਾ ਬਣ ਕੇ ਹਰ ਇਕ ਲਈ ਖੜੀ ਹੁੰਦੀ ਹੈ ਤੇ ਅਪਣੇ ਹੱਕਾਂ ਵਾਸਤੇ ਦਹਾੜਨਾ ਵੀ ਜਾਣਦੀ ਹੈ ਤੇ ਉਸ ਨੂੰ ਕੋਈ ਵਿਸ਼ੇਸ਼ ਮਦਦ ਮੰਗਣ ਦੀ ਲੋੜ ਵੀ ਨਹੀਂ ਪੈਂਦੀ।
ਪਰ ਜੇ ਆਰਥਕਤਾ ਤੇ ਸ਼ਾਸਨ ਦੀ ਦੇਸ਼ ਵਿਚ ਗੱਲ ਕਰੀਏ ਤਾਂ ਕੁੱਝ ਗੱਲਾਂ ਸਮਝਣੀਆਂ ਪੈਣਗੀਆਂ। ਸਿੱਖਾਂ ਨਾਲ ਪਿਆਰ ਦਾ ਮਤਲਬ ਪੰਜਾਬ ਨਾਲ ਪਿਆਰ ਹੈ। ਇਸ ਵਿਚ ਦੋ ਰਾਏ ਨਹੀਂ ਹੋ ਸਕਦੀ। ਪੰਜਾਬ ਵਿਚ ਰਹਿਣ ਵਾਲੇ ਹਿੰਦੂ ਵੀ ਬਾਬਾ ਨਾਨਕ, ਪੰਜਾਬੀ ਤੇ ਪੰਜਾਬ ਨਾਲ ਜੁੜੇ ਹੋਏ ਹਨ। ਜਦ ਕੁੱਝ ਗਿਣੇ ਚੁਣੇ ਅਮੀਰ ਸਿੱਖਾਂ ਨੂੰ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ ਤਾਂ ਉਸ ਦਾ ਨਿੱਘ ਨੌਜੁਆਨਾਂ ਨੂੰ ਨਹੀਂ ਮਿਲਦਾ ਜੋ ਅਪਣੇ ਸੂਬੇ ਵਿਚ ਪੜ੍ਹ ਲਿਖ ਕੇ ਵੀ ਚੰਗੀਆਂ ਥਾਵਾਂ ਤੇ ਕੰਮ ਨਹੀਂ ਕਰ ਸਕਦੇ।
ਨੀਤੀ ਆਯੋਗ ਦਾ ਕਹਿਣਾ ਹੈ ਕਿ ਪੰਜਾਬ ਦਾ ਸੰਕਟ ਆਸ਼ਾਵਾਂ ਤੇ ਆਧਾਰਤ ਹੈ। ਕਹਿਣਾ ਸਹੀ ਹੈ ਪਰ ਫਿਰ ਇਹ ਵੀ ਸਹੀ ਹੈ ਕਿ ਇਨ੍ਹਾਂ ਆਸ਼ਾਵਾਂ ਨੂੰ ਨੁਕਸਾਨ ਵੀ ਭਾਜਪਾ ਦੀ ਨੀਤੀ ਤੋਂ ਹੋਇਆ ਹੈ। ਅੱਜ ਤਾਂ ‘ਆਪ’ ਦੀ ਸਰਕਾਰ ਏ। ਸੋ ਉਨ੍ਹਾਂ ਕੋਲ ਬਹਾਨਾ ਹੈ ਕਿ ਇਹ ਡਬਲ ਇੰਜਣ ਸਰਕਾਰ ਨਹੀਂ ਹੈ ਪਰ ਜਦ ਡਬਲ ਇੰਜਣ ਸਰਕਾਰ ਸੀ ਤਾਂ ਵੀ ਪੰਜਾਬ ਲਈ ਸਹੀ ਨੀਤੀ ਨਹੀਂ ਸੀ ਅਪਣਾਈ ਗਈ। ਪਿਆਰ ਕਦੀ ਸ਼ਰਤਾਂ ਨਾਲ ਨਹੀਂ ਹੁੰਦਾ ਤੇ ਜੇ ਅੱਜ ਭਾਜਪਾ ਸਿੱਖਾਂ-ਪੰਜਾਬੀਆਂ ਨੂੰ ਅਪਣੇ ਪਿਆਰ ਦਾ ਵਿਸ਼ਵਾਸ ਕਰਵਾਉਣਾ ਚਾਹੁੰਦੀ ਹੈ ਤਾਂ ਅਪਣੀਆਂ ਨੀਤੀਆਂ ਵਿਚ ਉਸ ਨੂੰ ਅਪਣਾ ਪਿਆਰ ਵੀ ਵਿਖਾਉਣਾ ਪਵੇਗਾ।
-ਨਿਮਰਤ ਕੌਰ