
ਚੰਡੀਗੜ੍ਹ ਵਰਸਿਟੀ ਵਿਚ ਕੁੜੀਆਂ ਦੀ ਨਿਜੀ ਵੀਡੀਉ ਬਣਾਉਣ ਦਾ ਮਾਮਲਾ ਉਠਿਆ ਤੇ ਬੜੀਆਂ ਅਲੱਗ ਅਲੱਗ ਗੱਲਾਂ ਨਿਕਲ ਕੇ ਚਰਚਿਤ ਹੋਣ ਲਗੀਆਂ......
ਚੰਡੀਗੜ੍ਹ ਵਰਸਿਟੀ ਵਿਚ ਕੁੜੀਆਂ ਦੀ ਨਿਜੀ ਵੀਡੀਉ ਬਣਾਉਣ ਦਾ ਮਾਮਲਾ ਉਠਿਆ ਤੇ ਬੜੀਆਂ ਅਲੱਗ ਅਲੱਗ ਗੱਲਾਂ ਨਿਕਲ ਕੇ ਚਰਚਿਤ ਹੋਣ ਲਗੀਆਂ ਜਿਨ੍ਹਾਂ ਵਿਚ ਸਚਾਈ ਘੱਟ ਤੇ ਹਵਾਈ ਗੱਲਾਂ ਜ਼ਿਆਦਾ ਸਨ। ਕੋਈ ਕਹਿੰਦਾ ਸੀ ਕਿ ਕੁੜੀਆਂ ਦੇ ਗੁਸਲਖ਼ਾਨਿਆਂ ਦੇ ਦਰਵਾਜ਼ੇ ਉਪਰ ਤੇ ਹੇਠਾਂ ਤੋਂ ਖੁਲ੍ਹੇ ਹਨ, ਇਸ ਕਾਰਨ ਕਈ ਸ਼ਰਾਰਤੀ ਅਨਸਰ ਉਨ੍ਹਾਂ ਦੀ ਵੀਡੀਉ ਬਣਾ ਲੈਂਦੇ ਸਨ। ਇਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁੜੀਆਂ ਨੇ ਆਪ ਵੀਡੀਉ ਬਣਾ ਕੇ ਅੱਗੇ ਕਿਸੇ ਨੂੰ ਭੇਜੀਆਂ ਹਨ।
ਇਥੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹ ਸੱਭ ਕੁੱਝ ਕਿਸੇ ਉਚ ਅਧਿਕਾਰੀ ਦੇ ਸਹਿਯੋਗ ਬਿਨਾਂ ਨਹੀਂ ਹੋ ਸਕਦਾ ਤੇ ਕਿਤੇ ਦੇਹ ਵਪਾਰ ਦੀਆਂ ਹਵਾਈਆਂ ਵੀ ਉਡਾਈਆਂ ਜਾ ਰਹੀਆਂ ਹਨ ਜੋ ਮਾਮਲੇ ਨੂੰ ਲੈ ਕੇ ਪ੍ਰਬੰਧਕਾਂ ਉਤੇ, ਬਿਨਾਂ ਕਿਸੇ ਸਬੂਤ ਦੇ, ਬਦਨਾਮੀ ਦਾ ਟਿੱਕਾ ਲਾਉਣ ਦੀ ਕੋਸ਼ਿਸ਼ ਤੋਂ ਵੱਧ ਕੁੱਝ ਵੀ ਨਹੀਂ ਸਨ।
ਇਸ ਮਾਮਲੇ ਵਿਚ ਇਕ ਗੱਲ ਸਾਫ਼ ਹੈ ਕਿ ਸਾਰੀਆਂ ‘ਵਰਸਿਟੀਆਂ ਵਿਚ ਇਸ ਤਰ੍ਹਾਂ ਦੇ ਸਿਸਟਮ ਨਹੀਂ ਹਨ ਜਿਨ੍ਹਾਂ ਵਿਚ ਬੱਚੇ ਸੁਰੱਖਿਅਤ ਰਹਿ ਸਕਣ।
ਵੈਸੇ ਤਾਂ ਇਹ ਬੱਚੇ ਭਾਂਤ ਭਾਂਤ ਦੇ ਵਾਤਾਵਰਣ ਵਿਚ ਪਲੇ ਬੱਚੇ ਹੁੰਦੇ ਹਨ ਬਲਕਿ ਕਈ ਤਾਂ ਨੌਜਵਾਨ ਹਨ ਤੇ ਇਨ੍ਹਾਂ ਉਤੇ ਬਹੁਤੀਆਂ ਰੋਕਾਂ ਲਗਾਣੀਆਂ ਵੀ ਏਨਾ ਸੌਖਾ ਕੰਮ ਨਹੀਂ ਹੁੰਦਾ ਪਰ ਇਹ ਅਮਰੀਕਾ ਨਹੀਂ ਹੈ ਜਿਥੇ ਬੱਚੇ ਨੂੰ ਸੰਪੂਰਨ ਆਜ਼ਾਦੀ 18 ਹੁੰਦੇ ਹੀ ਮਿਲ ਜਾਂਦੀ ਹੈ। ਇਹ ਭਾਰਤ ਹੈ ਜਿਥੇ ਯੂਨੀਵਰਸਟੀ ਹੋਸਟਲਾਂ ਤੋਂ ਵੀ ਉਮੀਦ ਰੱਖੀ ਜਾਂਦੀ ਹੈ ਕਿ ਉਹ ਘਰਾਂ ਵਾਂਗ ਹੋਸਟਲ ਵਿਚ ਬੱਚਿਆਂ ਦੀ ਰਾਖੀ ਕਰਨਗੇ। ਵਾਰਡਨ ਦੀ ਪਦਵੀ ਬਣਾਈ ਹੀ ਇਹੀ ਸੋਚ ਕੇ ਗਈ ਸੀ ਤੇ ਤੁਸੀਂ ਵੈਸਟ ਵਲ ਵੇਖੋ ਤਾਂ ਉਨ੍ਹਾਂ ਦੇ ਹੋਸਟਲਾਂ ਵਿਚ ਵਾਰਡਨ ਤਾਂ ਹੁੰਦੇ ਹੀ ਨਹੀਂ।
ਸੋ ਸਾਡੇ ਦੇਸ਼ ਵਿਚ ਇਕ ਹੋਸਟਲ ਵਾਰਡਨ ਤੋਂ ਜਿਹੜੀ ਆਸ ਰੱਖੀ ਜਾਂਦੀ ਹੈ, ਉਹ ਕੰਮ ਸਾਡੀਆਂ ਯੂਨੀਵਰਸਟੀਆਂ ਵਿਚ ਹੀ ਨਹੀਂ ਬਲਕਿ ਕਿਸੇ ਵੀ ‘ਵਰਸਿਟੀ ਵਿਚ ਪੂਰੀ ਹੁੰਦੀ ਨਹੀਂ ਵੇਖੀ ਜਾ ਸਕਦੀ। ਹੋਸਟਲ ਦਾ ਦਰਵਾਜ਼ਾ ਬੰਦ ਕਰ ਦਿਤਾ ਜਾਂਦਾ ਹੈ। ਇਹ ਸਮਝਦੇ ਹਨ ਕਿ ਬਾਹਰ ਖ਼ਤਰਾ ਹੈ ਪਰ ਜੋ ਖ਼ਤਰਾ ਬੰਦ ਦਰਵਾਜ਼ਿਆਂ ਦੇ ਅੰਦਰ ਹੈ, ਉਸ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ।
ਨਿਜੀ ’ਵਰਸਿਟੀਆਂ ਨੂੰ ਜਦ ਇਕ ਵਪਾਰ ਵਾਂਗ ਚਲਾਇਆ ਜਾ ਰਿਹਾ ਹੈ ਤਾਂ ਕੁਦਰਤੀ ਹੈ ਕਿ ਮੁਨਾਫ਼ੇ ਦੀ ਚਿੰਤਾ ਉਥੇ ਵੱਡੀ ਹੁੰਦੀ ਹੈ ਤੇ ਬਾਕੀ ਸੱਭ ਚਿੰਤਾਵਾਂ ਛੋਟੀਆਂ ਹੋ ਜਾਂਦੀਆਂ ਹਨ। ਹੁਣ ਅੱਧੇ ਦਰਵਾਜ਼ੇ ਲਗਾਉਣ ਨਾਲ ਖ਼ਰਚਾ ਵੀ ਅੱਧਾ ਕਰ ਲਿਆ ਹੋਵੇਗਾ ਜਾਂ ਕੁੜੀਆਂ ਦੇ ਗ਼ੁਸਲਖ਼ਾਨਿਆਂ ਨੂੰ ਮਰਦ ਗੁਸਲਖ਼ਾਨਿਆਂ ਵਰਗੇ ਹੀ ਬਣਾ ਦਿਤਾ ਗਿਆ ਹੋਵੇਗਾ ਤਾਕਿ ਖ਼ਰਚਾ ਘੱਟ ਕਰ ਲਿਆ ਜਾਵੇ। ਪਰ ਇਸ ਛੋਟੀ ਜਹੀ ਬੱਚਤ ਨਾਲ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ, ਪ੍ਰਬੰਧਕ ਉਸ ਦਾ ਅੰਦਾਜ਼ਾ ਨਾ ਲਗਾ ਸਕੇ। ‘ਵਰਸਿਟੀ ਦੇ ਬੱਚਿਆਂ ਨੂੰ ਸੜਕਾਂ ਤੇ ਗੁੱਸੇ ਵਿਚ ਤੜਪਦੇ ਵੇਖ ਕੇ ਦੁਖ ਹੋਇਆ।
ਉਨ੍ਹਾਂ ਨੂੰ ਪੱਕਾ ਨਹੀਂ ਸੀ ਪਤਾ ਕਿ ਉਨ੍ਹਾਂ ਵਿਚੋਂ ਤਿੰਨ ਕੁੜੀਆਂ ਨੇ ਖ਼ੁਦਕੁਸ਼ੀ ਕੀਤੀ ਹੈ ਜਾਂ ਨਹੀਂ ਜਾਂ ਕੀ ਹੋਰ ਕੁੜੀਆਂ ਦੀਆਂ ਨਿਜੀ ਵੀਡੀਉ ਵੀ ਬਣਾਈਆਂ ਗਈਆਂ ਹਨ ਕਿ ਨਹੀਂ? ਪ੍ਰਸ਼ਾਸਨ ਤੇ ‘ਵਰਸਿਟੀ ਦੀ ਇਕੋ ਕੋਸ਼ਿਸ਼ ਸੀ ਕਿ ਮਾਮਲਾ ਖ਼ਤਮ ਕਰ ਦਿਤਾ ਜਾਵੇ ਤੇ ਕੁੜੀਆਂ ਦੇ ਮਾਮਲੇ ਨੂੰ ਖ਼ਾਹਮਖ਼ਾਹ ਬਦਨਾਮੀ ਦੇ ਝੰਡੇ ਵਾਂਗ ਝੁਲਾਉਣ ਨਾ ਦਿਤਾ ਜਾਵੇ।
ਭਾਵੇਂ ਖ਼ੁਦਕੁਸ਼ੀਆਂ ਦੀ ਗੱਲ ਵਿਚ ਸੱਚਾਈ ਕੋਈ ਨਹੀਂ ਸੀ, ਪ੍ਰਸ਼ਾਸਨ ਤੇ ‘ਵਰਸਿਟੀ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਸੀ ਨਾ ਕਿ ਡਾਂਗਾਂ ਉਲਾਰ ਕੇ ਤੇ ਗੇਟ ਬੰਦ ਕਰ ਕੇ, ਵਿਦਿਆਰਥੀਆਂ ਨੂੰ ਅਪਣਾ ਪੱਖ ਹੀ ਪੇਸ਼ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਇਸ ਸਾਰੇ ਮਾਮਲੇ ਨੂੰ ਆਈ.ਜੀ. ਭੁੱਲਰ ਨੇ ਅੰਤ ਵਿਚ ਬੱਚਿਆਂ ਦੀ ਗੱਲ ਸੁਣ ਕੇ ਸੰਭਾਲ ਲਿਆ ਪਰ ਉਸ ਤੋਂ ਪਹਿਲਾਂ ਅਸੀ ਬੱਚਿਆਂ ਨੂੰ ਸਿਸਟਮ ਦਾ ਰਵਈਆ ਇਹ ਆਖ ਕੇ ਸਮਝਾ ਰਹੇ ਸੀ ਕਿ ਤੁਹਾਡੀ ਨਿਜੀ ਸੁਰੱਖਿਆ ‘ਵਰਸਿਟੀ ਦੀ ਬਦਨਾਮੀ ਸਾਹਮਣੇ ਕੋਈ ਅਹਿਮੀਅਤ ਨਹੀਂ ਰਖਦੀ ਤੇ ਤੁਹਾਡੀ ਨਿਜੀ ਸੁਰੱਖਿਆ ਪੈਸਾ ਬਚਾਉਣ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ।
ਇਨ੍ਹਾਂ ਬੱਚਿਆਂ ਦੇ ਜ਼ਿਹਨ ਵਿਚ ਹੁਣ ਡਰ ਦਾ ਇਹ ਪ੍ਰਭਾਵ ਬਣਿਆ ਰਹਿ ਜਾਵੇਗਾ ਕਿ ਉਨ੍ਹਾਂ ਦੀਆਂ ਨਿਜੀ ਵੀਡੀਉ ਕਿਸੇ ਸਾਈਟ ਤੇ ਪਾਈਆਂ ਗਈਆਂ ਹੋ ਸਕਦੀਆਂ ਹਨ। ਉਹ ਹਰ ਦਮ ਇਕ ਡਰ ਵਿਚ ਰਹਿਣਗੀਆਂ ਕਿਉਂਕਿ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਤੇ ਇਹ ਸਾਡੇ ਬੱਚਿਆਂ ਨੂੰ ਤਾਕਤਵਰ ਨਹੀਂ ਬਣਾਏਗਾ, ਨਾ ਉਨ੍ਹਾਂ ਅੰਦਰ ਸੁਰੱਖਿਆ ਦੀ ਭਾਵਨਾ ਹੀ ਪਨਪਣ ਦੇਵੇਗਾ। ਸਾਡੀਆਂ ਯੂਨੀਵਰਸਿਟੀਆਂ ਨੂੰ ਦੇਸ਼ ਦੀਆਂ ਬੇਟੀਆਂ ਅੰਦਰ ਡਰ ਤੋਂ ਮੁਕਤ, ਮੁਕੰਮਲ ਸੁਰੱਖਿਆ ਦਾ ਮਾਦਾ ਭਰ ਕੇ, ਉਨ੍ਹਾਂ ਨੂੰ ਮਜ਼ਬੂਤ ਅਤੇ ਨਿੱਡਰ ਹਿੰਦੁਸਤਾਨੀ ਵੀਰਾਂਗਣਾਂ ਬਣਾ ਕੇ ਸਮਾਜ ਦੇ ਵਿਹੜੇ ਵਿਚ ਉਤਾਰਨਾ ਚਾਹੀਦਾ ਹੈ ਪਰ ਬਦਕਿਸਮਤੀ ਨਾਲ ਹਰ ਥਾਂ ਅਜਿਹਾ ਨਹੀਂ ਹੋ ਰਿਹਾ ਤੇ ਮਾਪੇ ਵੀ ਡਰਦੇ ਰਹਿੰਦੇ ਹਨ ਕਿ ਪਤਾ ਨਹੀਂ ਉਨ੍ਹਾਂ ਦੀਆਂ ਬੱਚੀਆਂ ਨੂੰ ਉੱਚ ਸਿਖਿਆ ਦੇ ਨਾਂ ਤੇ ਕਿਹੋ ਜਹੇ ਮਾਹੌਲ ਵਿਚ ਰਹਿਣਾ ਪੈ ਰਿਹਾ ਹੈ। -ਨਿਮਰਤ ਕੌਰ