
ਸਿਆਸਤਦਾਨ ਤਾਂ ਅਪਣੇ ਲਫ਼ਜ਼ ਵਾਪਸ ਲੈ ਲੈਂਦੇ ਹਨ ਪਰ ਜਨਤਾ ਤਾਂ ਫ਼ੌਜ ਦੇ ਮੁਖੀ ਅਤੇ ਕੇਂਦਰ ਸਰਕਾਰ ਤੋਂ ਸਵਾਲ ਪੁੱਛ ਸਕਦੀ ਹੈ........
ਸਿਆਸਤਦਾਨ ਤਾਂ ਅਪਣੇ ਲਫ਼ਜ਼ ਵਾਪਸ ਲੈ ਲੈਂਦੇ ਹਨ ਪਰ ਜਨਤਾ ਤਾਂ ਫ਼ੌਜ ਦੇ ਮੁਖੀ ਅਤੇ ਕੇਂਦਰ ਸਰਕਾਰ ਤੋਂ ਸਵਾਲ ਪੁੱਛ ਸਕਦੀ ਹੈ ਕਿ ਜੇ ਆਈ.ਐਸ.ਆਈ. ਜਾਂ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਪੰਜਾਬ ਨੂੰ ਖ਼ਤਰਾ ਹੈ ਤਾਂ ਫਿਰ ਇਸ ਸਰਹੱਦ ਨੂੰ ਸੀਲਬੰਦ ਕਰਨ ਵਾਸਤੇ ਪੈਸਾ ਖ਼ਰਚਣ ਤੋਂ ਕਿਉਂ ਝਿਜਕਦੀ ਹੈ? ਜਦੋਂ 2014 ਵਿਚ ਪਠਾਨਕੋਟ ਹਮਲਾ ਹੋਇਆ ਸੀ ਤਾਂ ਪੰਜਾਬ ਦਾ ਬੱਚਾ-ਬੱਚਾ ਜਾਣਦਾ ਸੀ
ਕਿ ਉਹ ਹਮਲਾ ਕਿਸ ਤਰ੍ਹਾਂ ਹੋਇਆ ਤੇ ਕਿਹੜੀ ਸਿਆਸੀ ਤਾਕਤ ਸਰਹੱਦ ਤੇ ਉਸ ਰਾਹ ਥਾਣੀਂ ਨਸ਼ਾ ਤਸਕਰੀ ਕਰ ਰਹੀ ਸੀ ਜਿਸ ਰਸਤੇ ਤੇ ਪਾਕਿਸਤਾਨ ਤੋਂ ਅਤਿਵਾਦੀ ਪੰਜਾਬ ਅੰਦਰ ਆ ਚੁੱਕੇ ਸਨ? ਐਸ.ਪੀ. ਸਲਵਿੰਦਰ ਸਿੰਘ ਨੂੰ ਸਿਸਟਮ 'ਚੋਂ ਕਢਿਆ ਗਿਆ ਪਰ ਬੜੇ ਟੇਢੇ ਤਰੀਕੇ ਨਾਲ। ਉਸ ਵੇਲੇ ਆਈ.ਐਸ.ਆਈ. ਦਾ ਪਠਾਨਕੋਟ ਦੇ ਫ਼ੌਜੀ ਬੇਸ ਵਿਚ ਸਵਾਗਤ ਕਰਨ ਵਾਲੀ ਸਰਕਾਰ ਅੱਜ ਦੇ ਦੁਖਾਂਤ ਵਾਸਤੇ ਜ਼ਿੰਮੇਵਾਰ ਨਹੀਂ ਹੈ?
ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਵਿਚ ਹੋਏ ਹਮਲੇ ਨੂੰ ਅਤਿਵਾਦੀ ਹਮਲਾ ਆਖ ਦਿਤਾ ਗਿਆ ਹੈ। ਹੁਣ ਮੁੜ ਤੋਂ ਖ਼ਾਲਿਸਤਾਨ, ਅਤਿਵਾਦ, ਆਈ.ਐਸ.ਆਈ., ਪਾਕਿਸਤਾਨੀ ਸਾਜ਼ਸ਼ ਵਰਗੇ ਲਫ਼ਜ਼ ਪੰਜਾਬ ਵਿਚ ਗੂੰਜਣੇ ਸ਼ੁਰੂ ਹੋ ਗਏ ਹਨ। ਇਹ ਲਫ਼ਜ਼ ਬੜੀਆਂ ਮੁਸ਼ਕਲਾਂ ਨਾਲ ਅਤੇ ਇਕ ਪੀੜ੍ਹੀ ਨੂੰ ਖ਼ਤਮ ਕਰਨ ਤੋਂ ਬਾਅਦ ਪੰਜਾਬ ਤੋਂ ਬਾਹਰ ਕੱਢੇ ਗਏ ਸਨ ਜਦੋਂ ਪੰਜਾਬ ਦੀ ਰੂਹ ਅਪਣੇ ਨੌਜਵਾਨਾਂ ਦੀਆਂ ਲਾਸ਼ਾਂ ਵੇਖ ਕੇ ਕੰਬਣ ਲੱਗ ਪਈ ਸੀ ਅਤੇ ਇਹ ਕਿਹਾ ਜਾਂਦਾ ਸੀ ਕਿ ਇਹ ਨੌਜਵਾਨ ਬਾਗ਼ੀ ਹੋ ਗਏ ਹਨ, ਇਨ੍ਹਾਂ ਅਪਣੀ ਹੀ ਸਰਕਾਰ ਵਿਰੁਧ ਹਥਿਆਰ ਚੁਕ ਲਏ ਹਨ ਤੇ ਇਨ੍ਹਾਂ ਦੀ ਕੁਰਬਾਨੀ ਪੰਜਾਬ ਦੇ ਅਮਨ ਚੈਨ ਵਾਸਤੇ ਜ਼ਰੂਰੀ ਹੈ।
Nirankari Bhawan
'ਆਪਰੇਸ਼ਨ ਬਲੈਕ ਥੰਡਰ' ਹੇਠ ਪੰਜਾਬ ਦੇ ਪਿੰਡਾਂ 'ਚੋਂ ਨੌਜਵਾਨਾਂ ਨੂੰ ਘਰੋਂ ਕੱਢ ਕੱਢ ਕੇ ਮਾਰਿਆ ਗਿਆ ਸੀ। ਜੋ ਸਿਲਸਿਲਾ ਸ਼ੁਰੂ ਹੀ ਇੰਦਰਾ ਗਾਂਧੀ ਨੇ ਕੀਤਾ, ਖ਼ਤਮ ਵੀ ਉਸ ਨੇ ਬੜੇ ਹੀ ਖ਼ੂਨੀ ਅੰਦਾਜ਼ ਨਾਲ ਕੀਤਾ। ਉਹ ਅਪਣੇ ਆਖ਼ਰੀ ਦਿਨਾਂ ਵਿਚ ਮੰਨਦੀ ਵੀ ਸੀ ਕਿ ਉਹ ਫ਼ੈਸਲਾ ਉਸ ਦੀ ਜ਼ਿੰਦਗੀ ਦਾ ਸੱਭ ਤੋਂ ਗ਼ਲਤ ਫ਼ੈਸਲਾ ਸੀ। ਉਸ ਸਮੇਂ ਬੜੇ ਕਾਰਨ ਸਨ ਜਿਨ੍ਹਾਂ ਕਰ ਕੇ ਅਤਿਵਾਦ ਦਾ ਦੌਰ ਸ਼ੁਰੂ ਕਰਵਾਇਆ ਗਿਆ ਅਤੇ ਫਿਰ ਉਸ ਨੇ ਜ਼ੋਰ ਫੜ ਲਿਆ। ਉਹ ਕਾਰਨ ਪਾਣੀ, ਰਾਜਧਾਨੀ, ਪੰਜਾਬ ਬੋਲਦੇ ਇਲਾਕੇ ਅੱਜ ਵੀ ਜਿਉਂ ਦੇ ਤਿਉਂ ਮੌਜੂਦ ਹਨ। ਪਰ ਅੱਜ ਦੇ ਜਿਨ੍ਹਾਂ ਨੌਜਵਾਨਾਂ ਵਿਚ ਜੋਸ਼ ਹੈ, ਉਨ੍ਹਾਂ ਕੋਲ ਹੋਸ਼ ਵੀ ਹੈ।
ਬਰਗਾੜੀ ਗੋਲੀਕਾਂਡ ਤੋਂ ਬਾਅਦ ਵੀ ਪੰਜਾਬ ਨੇ ਅਪਣਾ ਸ਼ਾਂਤਮਈ ਵਿਰੋਧ ਨਹੀਂ ਛਡਿਆ। ਪਰ ਅੱਜ ਫਿਰ ਇਹ ਸ਼ਾਂਤੀ ਕਿਸ ਤਰ੍ਹਾਂ ਭੰਗ ਹੋ ਰਹੀ ਹੈ? ਕੌਣ ਹਨ ਜੋ ਇਸ ਸ਼ਾਂਤੀ ਨੂੰ ਭੰਗ ਕਰ ਕੇ ਫ਼ਾਇਦਾ ਖੱਟ ਸਕਦੇ ਹਨ? ਜੇ ਅਸੀ ਅੱਜ ਦੇ ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਕਿਸ ਨੂੰ ਫ਼ਾਇਦਾ ਹੈ ਪੰਜਾਬ ਦੇ ਨੌਜਵਾਨਾਂ ਦੀ ਮੁੜ ਤੋਂ ਕੁਰਬਾਨੀ ਦੇ ਕੇ? ਇਹ ਸਵਾਲ ਅਪਣੇ ਆਪ ਨੂੰ ਪੁਛਣਾ ਬੜਾ ਜ਼ਰੂਰੀ ਹੈ ਕਿਉਂਕਿ ਮੁੜ ਤੋਂ ਨੌਜਵਾਨਾਂ ਨੂੰ ਹੀ ਇਸ ਦੀ ਕੀਮਤ ਚੁਕਾਉਣੀ ਪਵੇਗੀ। ਹੁਣ ਕੀ ਆਈ.ਐਸ.ਆਈ. ਅਸਲ ਵਿਚ ਇਸ ਦੀ ਜ਼ਿੰਮੇਵਾਰ ਹੈ ਜਾਂ ਉਸ ਦਾ ਨਾਂ ਅਪਣੇ ਪਾਪਾਂ ਨੂੰ ਛੁਪਾਉਣ ਲਈ ਹੀ ਵਰਤਿਆ ਜਾ ਰਿਹਾ ਹੈ?
ਸਿਆਸਤਦਾਨ ਤਾਂ ਅਪਣੇ ਲਫ਼ਜ਼ ਵਾਪਸ ਲੈ ਲੈਂਦੇ ਹਨ ਪਰ ਜਨਤਾ ਤਾਂ ਫ਼ੌਜ ਦੇ ਮੁਖੀ ਅਤੇ ਕੇਂਦਰ ਸਰਕਾਰ ਤੋਂ ਸਵਾਲ ਪੁੱਛ ਸਕਦੀ ਹੈ ਕਿ ਜੇ ਆਈ.ਐਸ.ਆਈ. ਜਾਂ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਪੰਜਾਬ ਨੂੰ ਖ਼ਤਰਾ ਹੈ ਤਾਂ ਫਿਰ ਇਸ ਸਰਹੱਦ ਨੂੰ ਸੀਲਬੰਦ ਕਰਨ ਵਾਸਤੇ ਪੈਸਾ ਖ਼ਰਚਣ ਨੂੰ ਕਿਉਂ ਝਿਜਕਦੀ ਹੈ? ਜਦੋਂ 2014 ਵਿਚ ਪਠਾਨਕੋਟ ਹਮਲਾ ਹੋਇਆ ਸੀ ਤਾਂ ਪੰਜਾਬ ਦਾ ਬੱਚਾ-ਬੱਚਾ ਜਾਣਦਾ ਸੀ ਕਿ ਉਹ ਹਮਲਾ ਕਿਸ ਤਰ੍ਹਾਂ ਹੋਇਆ ਤੇ ਕਿਹੜੀ ਸਿਆਸੀ ਤਾਕਤ ਸਰਹੱਦ ਤੇ ਉਸ ਰਾਹ ਥਾਣੀਂ ਨਸ਼ਾ ਤਸਕਰੀ ਕਰ ਰਹੀ ਸੀ ਜਿਸ ਰਸਤੇ ਤੇ ਪਾਕਿਸਤਾਨ ਤੋਂ ਅਤਿਵਾਦੀ ਪੰਜਾਬ ਅੰਦਰ ਆ ਚੁੱਕੇ ਸਨ।
Terrorists
ਐਸ.ਪੀ. ਸਲਵਿੰਦਰ ਸਿੰਘ ਨੂੰ ਸਿਸਟਮ 'ਚੋਂ ਕਢਿਆ ਗਿਆ ਪਰ ਬੜੇ ਟੇਢੇ ਤਰੀਕੇ ਨਾਲ। ਉਸ ਵੇਲੇ ਆਈ.ਐਸ.ਆਈ. ਦਾ ਪਠਾਨਕੋਟ ਦੇ ਫ਼ੌਜੀ ਬੇਸ ਵਿਚ ਸਵਾਗਤ ਕਰਨ ਵਾਲੀ ਸਰਕਾਰ ਅੱਜ ਦੇ ਦੁਖਾਂਤ ਵਾਸਤੇ ਜ਼ਿੰਮੇਵਾਰ ਨਹੀਂ ਹੈ? ਸਿੱਖਾਂ ਅਤੇ ਨਿਰੰਕਾਰੀਆਂ ਵਿਚਕਾਰ ਤਣਾਅ ਕੋਈ ਨਵਾਂ ਨਹੀਂ ਜਿਸ ਵਾਸਤੇ ਏਨਾ ਵੱਡਾ ਕਦਮ ਚੁਕਿਆ ਗਿਆ ਹੋਵੇ, ਨਾ ਹੀ ਨਿਰੰਕਾਰੀਆਂ ਨੇ ਕੋਈ ਨਵੀਂ ਭੜਕਾਹਟ ਹੀ ਪੈਦਾ ਕੀਤੀ ਸੀ। ਪਰ ਇਹ ਇਕ ਕਮਜ਼ੋਰ ਕੜੀ ਜ਼ਰੂਰ ਹੈ ਜਿਸ ਨੂੰ ਕੋਈ ਵੀ ਤਾਕਤ, ਅਪਣੇ ਕੀਤੇ ਨੂੰ ਛੁਪਾਉਣ ਲਈ ਵਰਤ ਜ਼ਰੂਰ ਸਕਦੀ ਹੈ। ਅੱਜ ਇਹੀ ਜਾਪਦਾ ਹੈ ਕਿ ਪੰਜਾਬ ਨੂੰ ਕੋਈ ਸਿਆਸੀ ਚਾਲ ਚਲਣ ਲਈ ਤਪਾਇਆ ਜਾ ਰਿਹਾ ਹੈ।
ਅੱਜ ਦੇ ਨੌਜਵਾਨ ਹਥਿਆਰ ਚੁੱਕਣ ਵਾਸਤੇ ਤਿਆਰ ਨਹੀਂ ਹਨ ਪਰ ਉਨ੍ਹਾਂ ਦੀ ਬੇਰੋਜ਼ਗਾਰੀ ਉਨ੍ਹਾਂ ਨੂੰ ਕਮਜ਼ੋਰ ਬਣਾ ਰਹੀ ਹੈ। ਪਿਛਲੇ ਮਹੀਨੇ ਪਟਿਆਲੇ 'ਚੋਂ ਫੜੇ ਗਏ ਨੌਜਵਾਨ ਨੇ ਦਸਿਆ ਸੀ ਕਿ ਉਸ ਨੂੰ ਇਸ ਤਰ੍ਹਾਂ ਗ੍ਰੇਨੇਡ ਸੁੱਟਣ ਬਦਲੇ 10 ਲੱਖ ਦੇ ਇਨਾਮ ਦਾ ਵਾਅਦਾ ਕੀਤਾ ਗਿਆ ਸੀ। ਇਹ 10 ਲੱਖ ਦੇਣ ਵਾਲਾ ਕੌਣ ਹੈ? ਪਾਕਿਸਤਾਨ, ਆਈ.ਐਸ.ਆਈ. ਜਾਂ ਪੰਜਾਬ ਵਿਚ ਰਾਏਸ਼ੁਮਾਰੀ-2020 ਦੀ ਆਵਾਜ਼ ਚੁੱਕਣ ਵਾਲੇ ਜਾਂ ਅਪਣੀਆਂ ਕਮਜ਼ੋਰੀਆਂ ਵਲੋਂ ਧਿਆਨ ਹਟਵਾਉਣ ਦੇ ਚਾਹਵਾਨ ਸਿਆਸਤਦਾਨ? ਇਨ੍ਹਾਂ ਗੰਭੀਰ ਪ੍ਰਸ਼ਨਾਂ ਦੀ ਪਹਿਰੇਦਾਰੀ ਕਰਨ ਦੀ ਜ਼ਿੰਮੇਵਾਰੀ ਅੱਜ ਜਨਤਾ ਨੂੰ ਆਪ ਹੀ ਲੈਣੀ ਪਵੇਗੀ।
ਪੰਜਾਬ ਸਰਕਾਰ ਨੂੰ ਵੀ ਹੁਣ ਅਪਣੇ ਰਾਜ ਵਲ ਧਿਆਨ ਦੇਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਬਰਗਾੜੀ ਗੋਲੀਕਾਂਡ ਦੀ ਜਾਂਚ ਨੂੰ ਦੋ ਸਾਲ ਤੋਂ ਲਟਕਾਇਆ ਹੋਇਆ ਹੈ, ਉਨ੍ਹਾਂ ਪੰਜਾਬ ਨੂੰ ਇਕ ਭਾਵੁਕ ਮਾਹੌਲ ਵਿਚ ਟੰਗਿਆ ਹੋਇਆ ਹੈ ਅਤੇ ਦੂਜੇ ਪਾਸੇ ਉਹ ਆਰਥਕ ਮੁਸ਼ਕਲਾਂ ਨੂੰ ਨਾ ਸੁਲਝਾਉਣ ਕਰ ਕੇ ਨੌਜਵਾਨਾਂ ਨੂੰ ਨਾਉਮੀਦ ਕਰ ਰਹੇ ਹਨ। ਅਤਿਵਾਦ ਸਿਰਫ਼ ਹਥਿਆਰ ਚੁੱਕਣ ਦਾ ਨਾਂ ਨਹੀਂ, ਇਸ ਪਿੱਛੇ ਹਜ਼ਾਰਾਂ ਕਮਜ਼ੋਰੀਆਂ ਹੁੰਦੀਆਂ ਹਨ ਜੋ ਨੌਜਵਾਨਾਂ ਨੂੰ ਗੁਮਰਾਹ ਕਰਦੀਆਂ ਹਨ। ਉਨ੍ਹਾਂ ਕਮਜ਼ੋਰੀਆਂ ਨੂੰ ਜਨਮ ਦੇਣ ਵਾਲੇ ਵੀ ਅਤੇ ਕਮਜ਼ੋਰੀਆਂ ਦਾ ਫ਼ਾਇਦਾ ਚੁੱਕਣ ਵਾਲੇ ਵੀ ਓਨੇ ਹੀ ਜ਼ਿੰਮੇਵਾਰ ਹਨ ਜਿੰਨਾ ਕੋਈ ਅਤਿਵਾਦੀ। -ਨਿਮਰਤ ਕੌਰ