Editorial: ਰੂਸ ਵਿਚ ਵੀ ਵੋਟਾਂ ਦੀ ਹੇਰਾ ਫੇਰੀ ਕਰ ਕੇ ਪੁਤਿਨ ਜਿੱਤ ਸਕਿਆ?

By : NIMRAT

Published : Mar 21, 2024, 7:12 am IST
Updated : Mar 21, 2024, 7:31 am IST
SHARE ARTICLE
Russian President Vladimir Putin
Russian President Vladimir Putin

ਰੂਸ ਦੇ ਆਮ ਲੋਕ ਇਕ ਜੰਗ ਦੇ ਇਛੁਕ ਨੂੰ ਅਪਣਾ ਲੀਡਰ ਨਹੀਂ ਬਣਾਉਣਾ ਚਾਹੁੰਦੇ ਪਰ

Editorial: ਰੂਸ ਵਿਚ ਚੋਣਾਂ ਦੇ ਨਤੀਜੇ ਤਾਂ ਇਹ ਵਿਖਾਉਂਦੇ ਹਨ ਕਿ 87% ਲੋਕਾਂ ਨੇ ਪੁਤਿਨ ਨੂੰ ਸਮਰਥਨ ਦਿਤਾ ਹੈ ਤੇ ਮੁੜ ਤੋਂ ਰੂਸ ਦੀ ਵਾਗਡੋਰ ਉਸ ਦੇ ਹੱਥ ’ਚ ਫੜਾ ਦਿਤੀ ਹੈ। ਪਰ ਜਾਪਦਾ ਨਹੀਂ ਕਿ ਪੂਰਾ ਰੂਸ ਇਕ ਐਸੇ ਮੁਖੀ ਨੂੰ ਚਾਹੇਗਾ ਜੋ ਜਿਤਦੇ ਸਾਰ ਹੀ ਨਾਟੋ ਨੂੰ ਸਿੱਧੀ ਚੇਤਾਵਨੀ ਦਿੰਦਾ ਹੈ ਕਿ ਜੇ ਨਾਟੋ ਦੇਸ਼ਾਂ ਨੇ ਯੁਕਰੇਨ ਦੇ ਹੱਕ ਵਿਚ ਫ਼ੌਜ ਭੇਜੀ ਤਾਂ ਸਮਝ ਲੈਣ ਕਿ ਦੁਨੀਆਂ ਤੀਜੀ ਵਿਸ਼ਵ ਜੰਗ ਤੋਂ ਸਿਰਫ਼ ਇਕ ਕਦਮ ਦੂਰ ਖੜੀ ਹੈ।

ਇਸ ਦਾ ਸੰਕੇਤ ਰੂਸ ਦੇ ਇਕ ਹਲਕੇ ’ਚੋਂ ਮਿਲਦਾ ਹੈ ਜਿਥੇ ਪੁਤਿਨ ਦੇ ਵਿਰੋਧ ਵਿਚ ਖੜੇ ਨਿਕੋਲਾਈ ਅਲਤਾਈ ਨੂੰ 763 ਵੋਟਾਂ ਪਈਆਂ ਤੇ ਪੁਤਿਨ ਨੂੰ 73 ਵੋਟਾਂ ਪਈਆਂ। ਜਿਉਂ ਹੀ ਇਸ ਦੀ ਖ਼ਬਰ ਮੀਡੀਆ ਵਿਚ ਆਈ, ਰੂਸੀ ਚੋਣ ਕਮਿਸ਼ਨ ਨੇ ਇਸ ਹਲਕੇ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਦੇ ਆਦੇਸ਼ ਦੇ ਦਿਤੇ ਅਤੇ 24 ਘੰਟਿਆਂ ਵਿਚ ਵੀ ਇਨ੍ਹਾਂ 800 ਵੋਟਾਂ ਦੀ ਦੁਬਾਰਾ ਗਿਣਤੀ ਨਾ ਹੋ ਸਕੀ। ਸੋ ਇਸ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰੂਸ ਦੇ ਆਮ ਲੋਕ ਇਕ ਜੰਗ ਦੇ ਇਛੁਕ ਨੂੰ ਅਪਣਾ ਲੀਡਰ ਨਹੀਂ ਬਣਾਉਣਾ ਚਾਹੁੰਦੇ ਪਰ ਜਦ ਰੂਸ ਦਾ ਚੋਣ ਕਮਿਸ਼ਨ ਹੀ ਆਜ਼ਾਦ ਨਾ ਹੋਵੇ ਤਾਂ ਫਿਰ ਰੂਸ ਵਿਚ ਲੋਕਤੰਤਰ ਕਿਸ ਤਰ੍ਹਾਂ ਪਨਪ ਸਕੇਗਾ?

ਪਿਛਲੇ ਮਹੀਨੇ ਤੋਂ ਹੀ ਪੁਤਿਨ ਵਲੋਂ ਯੁਕਰੇਨ ਵਿਚ ਹਵਾਈ ਬੰਬਾਰੀ ਵਧਾ ਦਿਤੀ ਗਈ ਹੈ ਤੇ ਜਿੱਤਣ ’ਤੇ ਹਮਲਾ ਹੋਰ ਤੇਜ਼ ਹੋ ਜਾਂਦਾ ਹੈ। ਫ਼ਰਾਂਸ ਵਲੋਂ ਯੁਕਰੇਨ ਨੂੰ ਅਜੇ ਤਕ ਬਾਕੀ ਨਾਟੋ ਦੇਸ਼ਾਂ ਵਾਂਗ ਮਦਦ ਦਿਤੀ ਜਾ ਰਹੀ ਹੈ ਭਾਵੇਂ ਉਨ੍ਹਾਂ ਦੇ ਫ਼ੌਜੀ ਯੁਕਰੇਨ ਦੀ ਫ਼ੌਜ ਨਾਲ ਰਲ ਕੇ ਜੰਗ ਵਿਚ ਹਿੱਸਾ ਨਹੀਂ ਲੈਂਦੇ ਪਰ ਹੌਲੀ-ਹੌਲੀ ਫ਼ਰਾਂਸ ਯੁਕਰੇਨ ਦੀ ਮਦਦ ਵਿਚ ਫ਼ੌਜ ਨਾਲ ਖੜੇ ਹੋਣ ਬਾਰੇ ਵਿਚਾਰ ਕਰ ਰਿਹਾ ਹੈ। ਪੁਤਿਨ ਨੇ ਫਿਰ ਫ਼ਰਾਂਸ ਨੂੰ ਵੀ ਜੰਗ ਵਿਚ ਲਪੇਟ ਲੈਣਾ ਹੈ।  

ਇਹੀ ਸਥਿਤੀ ਵਿਸ਼ਵ ਜੰਗ-2 ਵਿਚ ਸੀ ਪਰ ਜਦੋਂ ਪੈਰਿਸ ਵਿਚ ਹਿਟਲਰ ਦੀ ਫ਼ੌਜ ਆਈ ਸੀ ਤਾਂ ਸਾਰੇ ਦੂਰੋਂ ਮਦਦ ਭੇਜਦੇ ਦੇਸ਼ ਇਕ ਇਕ ਕਰ ਕੇ ਟੁਟ ਗਏ ਸਨ। ਅੱਜ ਕੀ ਹੋਵੇਗਾ? ਅੱਜ ਦੂਜੀ ਚਲਦੀ ਜੰਗ ਵਲ ਵੇਖੀਏ ਤਾਂ ਦੁਨੀਆਂ ਦਾ ਸੱਭ ਤੋਂ ਤਾਕਤਵਰ ਦੇਸ਼ ਅਮਰੀਕਾ, ਕਿਸੇ ਅਗਿਆਤ ਕਾਰਨ ਸਦਕਾ, ਅਪਣੀ ਕਮਜ਼ੋਰ ਅਗਵਾਈ ਕਾਰਨ ਇਜ਼ਰਾਈਲ ਸਾਹਮਣੇ ਗੋਡੇ ਟੇਕੀ ਬੈਠਾ ਹੈ। ਗਾਜ਼ਾ ਵਿਚ ਲੱਖਾਂ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਦਿਆਂ ਵੇਖ ਕੇ ਅਮਰੀਕਾ ਨੇ ਹਵਾਈ ਰਸਤੇ ਰਾਹੀਂ ਖਾਣੇ ਦੇ ਪੈਕਟਾਂ ਦੀ ਬਰਸਾਤ ਕਰ ਦਿਤੀ ਪਰ ਇਜ਼ਰਾਈਲ ਨੂੰ ਰੋਕ ਨਾ ਸਕਿਆ। 19 ਮਾਰਚ ਨੂੰ ਹੀ ਰਾਸ਼ਟਰਪਤੀ ਨੇਤਨਯਾਹੂ ਨੇ ਅਮਰੀਕਾ ਵਲੋਂ ਗਾਫਾ (ਜਿਥੇ ਗਾਜ਼ਾ ਤੋਂ ਦੌੜੇ ਸ਼ਰਨਾਰਥੀ ਸਮੁੰਦਰ ਅਤੇ ਮੌਤ ਵਿਚਕਾਰ ਫਸੇ ਹੋਏ ਹਨ) ਤੇ ਹਮਲਾ ਨਾ ਕਰਨ ਦੀ ਸਲਾਹ ਨੂੰ ਜਨਤਕ ਤੌਰ ’ਤੇ ਠੁਕਰਾ ਦਿਤਾ ਤੇ ਸਾਫ਼ ਕਰ ਦਿਤਾ ਕਿ ਨਾਟੋ ਦੀ ਨਜ਼ਰ ਵਿਚ ਅੱਜ ਦੇ ਹਿਟਲਰ, ਪੁਤਿਨ ਤੇ ਨੇਤਨਯਾਹੂ ਦੀ ਕੋਈ ਅਹਿਮੀਅਤ ਨਹੀਂ।

ਫਿਰ ਅੱਗੇ ਕੀ ਹੋਵੇਗਾ? ਕੀ ਜੋ 700 ਸਾਲ ਦੀ ਸ਼ਾਂਤੀ ਦੁਨੀਆਂ ਨੇ ਵੇਖੀ ਹੈ, ਉਸ ਵਿਚ ਹੁਣ ਲੋਕਤੰਤਰ ਦੇ ਘਾਣ ਕਾਰਨ ਮੁੜ ਤੋਂ ਜੰਗਾਂ ਦਾ ਆਗ਼ਾਜ਼ ਹੋਣ ਵਾਲਾ ਹੈ? ਅਮਰੀਕਾ ਵਿਚ ਵੀ ਚੋਣਾਂ ਆ ਰਹੀਆਂ ਹਨ ਤੇ ਕਮਜ਼ੋਰ ਬਾਈਡਨ ਦਾ ਬਦਲ ਡੋਨਲਡ ਟਰੰਪ ਹੈ ਜਿਸ ਨੂੰ ਇਕ ਮਾਨਸਿਕ ਤੌਰ ਤੇ ਸਿਹਤਮੰਦ ਇਨਸਾਨ ਆਖਣਾ ਔਖਾ ਹੈ। ਚੋਣਾਂ ਦੀ ਪ੍ਰਕਿਰਿਆ ਵਿਚ ਹੇਰਾ ਫੇਰੀ ਦੁਨੀਆਂ ਨੂੰ ਜੰਗ ਵਲ ਭੇਜ ਰਹੀ ਹੈ ਕਿਉਂਕਿ ਜੇ ਅਸਲ ਵਿਚ ਲੋਕਾਂ ਦੀ ਆਵਾਜ਼ ਉਠਦੀ ਤਾਂ ਨਤੀਜੇ ਪੁਤਿਨ ਵਰਗੇ ਡਿਕਟੇਟਰ ਦੇ ਹੱਕ ਵਿਚ ਨਾ ਆਉਂਦੇ। ਲੋਕ ਜੰਗ ਤੇ ਨਫ਼ਰਤ ਨਹੀਂ ਚਾਹੁੰਦੇ, ਇਹ ਉਦਯੋਗ ਜਗਤ ਦੀ ਜਿੱਤ ਹੈ ਜੋ ਮੁਨਾਫ਼ੇ ਖ਼ਾਤਰ ਸ਼ਾਂਤੀ ਨੂੰ ਵੀ ਕੁਰਬਾਨ ਕਰ ਸਕਦਾ ਹੈ।
- ਨਿਮਰਤ ਕੌਰ

(For more Punjabi news apart from Can Putin win by rigging votes in Russia?, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement