
ਚੋਣਾਂ ਬਾਰੇ ਜੋ ਵੀ ਅੰਦਾਜ਼ੇ ਲਾਏ ਜਾ ਰਹੇ ਹਨ, ਉਹ ਸੱਟਾ ਬਾਜ਼ਾਰ ਵਿਚ ਜਲਵਾ ਵਿਖਾ ਰਹੇ ਹਨ ਤੇ ਸੱਟੇਬਾਜ਼ ਲੋਕ, ਸੱਟੇ ਵਿਚ ਵੱਧ ਚੜ੍ਹ ਕੇ, ਪੈਸਾ ਲਗਾ ਰਹੇ ਹਨ। ਬਹੁਤਿਆਂ...
ਚੋਣਾਂ ਬਾਰੇ ਜੋ ਵੀ ਅੰਦਾਜ਼ੇ ਲਾਏ ਜਾ ਰਹੇ ਹਨ, ਉਹ ਸੱਟਾ ਬਾਜ਼ਾਰ ਵਿਚ ਜਲਵਾ ਵਿਖਾ ਰਹੇ ਹਨ ਤੇ ਸੱਟੇਬਾਜ਼ ਲੋਕ, ਸੱਟੇ ਵਿਚ ਵੱਧ ਚੜ੍ਹ ਕੇ, ਪੈਸਾ ਲਗਾ ਰਹੇ ਹਨ। ਬਹੁਤਿਆਂ ਦਾ ਪੈਸਾ ਬੀ.ਜੇ.ਪੀ. ਦੀ ਜਿੱਤ ਨੂੰ ਯਕੀਨੀ ਮੰਨ ਕੇ ਲੱਗ ਰਿਹਾ ਹੈ। ਪਰ ਜਦੋਂ ਨਤੀਜੇ ਸਾਹਮਣੇ ਆਉਣਗੇ ਤਾਂ ਕੁੱਝ ਪਤਾ ਨਹੀਂ ਕੀ ਹੋ ਜਾਏ। ਨਤੀਜੇ ਸਿਆਸਤਦਾਨਾਂ ਦੀਆਂ ਤਕਦੀਰਾਂ ਬਣਾਉਣ ਜਾਂ ਵਿਗਾੜਨ ਵਾਲੇ ਸਾਬਤ ਹੋਣਗੇ। ਕਈ ਤਾਂ ਇਸ ਨੂੰ ਸਿਰਫ਼ ਹਾਰ-ਜਿੱਤ ਦੀ ਖੇਡ ਸਮਝ ਸਕਦੇ ਹਨ ਪਰ ਕਈਆਂ ਲਈ ਬੜਾ ਕੁੱਝ ਦਾਅ ਉਤੇ ਲੱਗਾ ਹੋਇਆ ਹੈ।
Exit Polls Punjab
ਪੰਜਾਬ ਬਾਰੇ ਸਾਰੇ ਰਾਸ਼ਟਰੀ ਸਰਵੇਖਣ ਕਾਂਗਰਸ ਨੂੰ 8-9 ਜੇਤੂ ਸੀਟਾਂ ਦੇ ਰਹੇ ਹਨ ਅਤੇ ਸੋਸ਼ਲ ਮੀਡੀਆ ਵੀ ਇਸੇ ਤਰ੍ਹਾਂ ਦੇ ਅੰਕੜੇ ਪੇਸ਼ ਕਰਦਾ ਹੈ। 'ਆਪ' ਅਤੇ ਅਕਾਲੀ ਦਲ ਦੋਹਾਂ ਪਾਰਟੀਆਂ ਨੂੰ ਸੀ-ਵੋਟਰ ਦਾ ਸਰਵੇ ਇਕ-ਇਕ ਸੀਟ ਦੇ ਰਿਹਾ ਹੈ। ਇਹ ਬੜਾ ਮਹੱਤਵਪੂਰਨ ਹੈ ਕਿਉਂਕਿ ਦੌੜ ਸਿਰਫ਼ ਜੇਤੂ ਦੀ ਨਹੀਂ ਸੀ, ਬਲਕਿ ਇਹ ਵੀ ਵੇਖਿਆ ਜਾ ਰਿਹਾ ਸੀ ਕਿ ਕੀ 'ਆਪ' ਦੇ ਸਾਰੇ ਵਰਕਰ ਅਕਾਲੀ ਦਲ ਜਾਂ ਕਾਂਗਰਸ ਵਲ ਚਲੇ ਜਾਣਗੇ? ਜੇ 'ਆਪ' ਦਾ ਸਫ਼ਾਇਆ ਹੁੰਦਾ ਹੈ ਅਤੇ ਅਕਾਲੀ ਦਲ ਦਾ ਫ਼ਾਇਦਾ ਹੁੰਦਾ ਹੈ ਤਾਂ ਅਕਾਲੀ ਦਲ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਹਾਸਲ ਕਰ ਸਕਦਾ ਹੈ। ਪਰ ਜੇ ਦੋਵੇਂ ਇਕ-ਇਕ ਸੀਟ ਉਤੇ ਹੀ ਸਿਮਟ ਕੇ ਰਹਿ ਗਏ ਤਾਂ ਇਨ੍ਹਾਂ ਦੋਹਾਂ 'ਚੋਂ ਵੱਡਾ ਕੌਣ ਹੋਵੇਗਾ?
Shiromani Akali Dal
'ਆਪ' ਵਾਸਤੇ ਇਕ ਸੀਟ ਤੇ ਆ ਕੇ ਸਿਮਟ ਜਾਣਾ ਅਤੇ 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਵਾਸਤੇ ਇਕ ਸੀਟ ਜਿੱਤਣ ਵਿਚ ਬਹੁਤ ਵੱਡਾ ਫ਼ਰਕ ਹੈ। ਇਨ੍ਹਾਂ ਦੋਹਾਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਅਪਣੀ ਸੋਚ ਨੂੰ ਟਟੋਲਣ ਦੀ ਜ਼ਰੂਰਤ ਹੈ। ਦੋਵੇਂ ਪ੍ਰਧਾਨਾਂ, ਭਗਵੰਤ ਮਾਨ ਅਤੇ ਸੁਖਬੀਰ ਸਿੰਘ ਬਾਦਲ, ਨੇ ਸਿਰਫ਼ ਅਪਣੀ ਸੀਟ ਜਿੱਤਣ ਵਲ ਧਿਆਨ ਦਿਤਾ। ਕਿਸੇ ਨੂੰ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਇਹ ਅਪਣੀ ਪਾਰਟੀ ਨੂੰ ਜਿਤਾਉਣ ਵਾਸਤੇ ਚੋਣ ਲੜ ਰਹੇ ਹਨ। ਦੋਹਾਂ ਗ਼ੈਰ-ਕਾਂਗਰਸੀ ਪਾਰਟੀਆਂ ਦਾ ਬਠਿੰਡਾ, ਫ਼ਿਰੋਜ਼ਪੁਰ ਅਤੇ ਸੰਗਰੂਰ ਉਤੇ ਹੀ ਧਿਆਨ ਕੇਂਦਰਿਤ ਸੀ।
Sukhbeer Singh Badal & Bhagwant Mann
ਜੇ ਕੋਈ ਹੋਰ ਵੀ ਉਮੀਦਵਾਰ (ਇਨ੍ਹਾਂ ਪਾਰਟੀਆਂ ਦਾ) ਜਿੱਤ ਜਾਂਦਾ ਹੈ ਤਾਂ ਇਹ ਉਸ ਉਮੀਦਵਾਰ ਦਾ ਅਪਣਾ ਜ਼ੋਰ ਹੋਵੇਗਾ, ਨਾ ਕਿ ਪਾਰਟੀ ਦੀ ਕੋਸ਼ਿਸ਼। ਕੀ ਕੋਈ ਪਾਰਟੀ ਅਜਿਹੀ ਸੋਚ ਦੇ ਸਹਾਰੇ ਚਲ ਸਕਦੀ ਹੈ? ਜੇ ਪ੍ਰਧਾਨ ਅਪਣੀ ਹੀ ਜਿੱਤ ਬਾਰੇ ਚਿੰਤਤ ਰਹਿਣ ਤਾਂ ਕੀ ਉਹ ਪੰਜਾਬ ਪ੍ਰਤੀ ਸੰਜੀਦਾ ਮੰਨੇ ਜਾ ਸਕਦੇ ਹਨ? 'ਪ੍ਰਧਾਨਾਂ' ਨੇ ਅਪਣੀ ਜਿੱਤ ਲਈ ਅੰਦਰਖਾਤੇ ਕਈ ''ਲੈ-ਦੇ ਗੁਪਤ ਸਮਝੌਤੇ'' ਕਰ ਕੇ ਹੀ ਜਿੱਤ ਸਕਣਾ ਹੈ, ਨਿਰੀ ਅਪਣੀ ਤਾਕਤ ਨਾਲ ਨਹੀਂ¸ਤੇ ਇਸ ਗੱਲ ਦਾ ਪਤਾ ਸਾਰਿਆਂ ਨੂੰ ਹੀ ਹੈ।
Amarinder Singh
ਦੂਜੇ ਪਾਸੇ 8 ਸੀਟਾਂ ਉਤੇ ਜਿੱਤ ਤੋਂ ਨਿਸ਼ਚਿੰਤ ਹੋਈ ਕਾਂਗਰਸ ਅੰਦਰ ਵੀ ਹਲਚਲ ਚਲਦੀ ਪਈ ਹੈ ਜੋ ਹੁਣ ਸਾਰਿਆਂ ਸਾਹਮਣੇ ਆ ਰਹੀ ਹੈ ਅਤੇ ਸਿਰਫ਼ ਆਪਸੀ ਤਾਅਨਿਆਂ ਮਿਹਣਿਆਂ ਤਕ ਹੀ ਨਹੀਂ ਅਟਕ ਗਈ ਬਲਕਿ ਰਾਸ਼ਟਰੀ ਟੀ.ਵੀ. ਚੈਨਲਾਂ ਦੀਆਂ ਚਰਚਾਵਾਂ ਦਾ ਵਿਸ਼ਾ ਵੀ ਬਣ ਚੁੱਕੀ ਹੈ। ਨਵਜੋਤ ਸਿੰਘ ਸਿੱਧੂ, ਭਾਵੇਂ ਅਪਣੇ ਆਪ ਵਿਚ ਇਕ ਬਾਲੀਵੁੱਡ ਹਸਤੀ ਤੇ ਸਾਬਕਾ ਕ੍ਰਿਕਟ ਖਿਡਾਰੀ ਹਨ, ਕਾਂਗਰਸ ਦੇ ਮੁੱਖ ਚੋਣ ਪ੍ਰਚਾਰਕ ਰਹੇ ਹਨ ਪਰ ਉਨ੍ਹਾਂ ਦੀ ਲੜਾਈ ਸਿਰਫ਼ ਅਪਣੇ ਸੂਬੇ ਦੇ ਮੁੱਖ ਮੰਤਰੀ ਨਾਲ ਨਹੀਂ ਬਲਕਿ ਕਾਂਗਰਸ ਦੇ ਉਸ ਕੈਪਟਨ ਅਮਰਿੰਦਰ ਸਿੰਘ ਨਾਲ ਹੈ ਜਿਸ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੱਟੜ ਰਾਸ਼ਟਰਵਾਦ ਦੇ ਨਾਹਰੇ ਲਾਉਣ ਵਾਲੇ ਵੀ ਸਤਿਕਾਰ ਕਰਦੇ ਹਨ।
Navjot Singh Sidhu with wife
ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਦੋ ਸਾਲ ਬੜੇ ਹੀ ਤਣਾਅਪੂਰਨ ਰਹੇ ਹਨ ਜਿਸ ਕਾਰਨ ਉਹ ਅਤੇ ਉਨ੍ਹਾਂ ਦੀ ਪਤਨੀ ਅਪਣੇ ਵਾਸਤੇ ਪੱਕੀ ਥਾਂ ਨਹੀਂ ਬਣਾ ਸਕੇ। ਡਾ. ਨਵਜੋਤ ਕੌਰ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਦੂਜੀ ਲੜਾਈ ਹੈ ਜਿਸ ਵਿਚ ਇਸ ਵਾਰ ਸਿੱਧੂ ਵੀ ਫੱਸ ਗਏ ਹਨ। ਡਾ. ਨਵਜੋਤ ਕੌਰ ਦੀ ਨਾਰਾਜ਼ਗੀ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਦੀ ਹੈ, ਪਰ ਚੰਡੀਗੜ੍ਹ ਉਤੇ ਸਾਬਕਾ ਮੰਤਰੀ ਪਵਨ ਕੁਮਾਰ ਬਾਂਸਲ ਦਾ ਹੱਕ ਪਹਿਲਾਂ ਬਣਦਾ ਹੈ ਅਤੇ ਜੇ ਉਨ੍ਹਾਂ ਨੂੰ ਟਿਕਟ ਨਾ ਵੀ ਮਿਲਦੀ ਤਾਂ ਕਾਂਗਰਸ ਦੇ ਸਾਬਕਾ ਸੂਚਨਾ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਵੀ ਇਸ ਸੀਟ ਦੇ ਦਾਅਵੇਦਾਰ ਸਨ। ਸੋ ਸਿੱਧੂ ਜੋੜਾ ਅੰਮ੍ਰਿਤਸਰ ਬਾਰੇ ਫ਼ੈਸਲਾ ਲੈਣ ਤੋਂ ਬਾਅਦ ਚੰਡੀਗੜ੍ਹ ਬਾਰੇ ਏਨਾ ਆਸਵੰਦ ਕਿਉਂ ਹੋ ਗਿਆ ਸੀ? ਇਹ ਵਾਧੂ ਆਸ ਨਾ ਲਗਦੀ ਤਾਂ ਸ਼ਾਇਦ ਗੱਲ ਦੂਰ ਤਕ ਨਾ ਜਾਂਦੀ?
Navjot Singh Sidhu
ਨਵਜੋਤ ਸਿੰਘ ਸਿੱਧੂ ਨੂੰ ਮੁੱਖ ਚੋਣ ਪ੍ਰਚਾਰਕ ਬਣਾਉਣ ਵੇਲੇ, ਜ਼ਰੂਰ ਕੁੱਝ ਇਹੋ ਜਿਹਾ ਵਾਅਦਾ ਕੀਤਾ ਗਿਆ ਹੋਵੇਗਾ ਜਿਸ ਕਰ ਕੇ ਸਿੱਧੂ ਜੋੜੇ ਨੇ ਬਗ਼ਾਵਤ ਦੇ ਸੁਰ ਚੋਣਾਂ ਤੋਂ ਪਹਿਲਾਂ ਹੀ ਉੱਚੇ ਕਰ ਦਿਤੇ ਨਹੀਂ ਤਾਂ ਇਕ ਘਰ ਵਿਚ ਕੈਬਨਿਟ ਮੰਤਰੀ ਅਤੇ ਮੁੱਖ ਪ੍ਰਚਾਰਕ ਹੋਣ ਦਾ ਰੁਤਬਾ ਕੋਈ ਘੱਟ ਤਾਂ ਨਹੀਂ ਸੀ ਅਤੇ ਬਗ਼ਾਵਤ ਦਾ ਕਾਰਨ ਨਹੀਂ ਸੀ ਬਣ ਸਕਦਾ। ਪਰ ਹੁਣ ਇਹ ਲੜਾਈ ਏਨੀ ਵੱਧ ਚੁੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਵਾਸਤੇ ਪੰਜਾਬ ਮੰਤਰੀ ਮੰਡਲ ਵਿਚ ਰਹਿਣਾ ਬੜਾ ਔਖਾ ਹੋ ਜਾਏਗਾ ਅਤੇ ਜੇ ਸਰਵੇਖਣ ਠੀਕ ਨਿਕਲੇ ਅਤੇ ਕਾਂਗਰਸ ਦਾ ਸਫ਼ਾਇਆ ਹੋ ਗਿਆ ਤਾਂ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਦਾ ਬਚਾਅ ਕਰਨ ਜੋਗੇ ਵੀ ਨਹੀਂ ਰਹਿਣਗੇ।
Election
ਅਫ਼ਸੋਸ ਇਸ ਗੱਲ ਦਾ ਹੈ ਕਿ ਜਿਥੇ ਇਹ ਚੋਣ ਦੇਸ਼ ਦੀ ਦਿਸ਼ਾ ਨਿਰਧਾਰਤ ਕਰਨ (ਸੈਕੂਲਰ ਜਾਂ ਹਿੰਦੂਤਵੀ?) ਦਾ ਮੋਰਚਾ ਸੀ, ਉਥੇ ਸਿਆਸਤਦਾਨ ਲੋਕ ਅਪਣੇ ਵਾਸਤੇ ਸੱਭ ਤੋਂ ਵੱਧ ਚਿੰਤਤ ਹਨ। ਇਹ ਲੜਾਈ ਹਸਤੀਆਂ ਦੀ ਰਹਿ ਗਈ ਹੈ ਨਾ ਕਿ ਦੇਸ਼ ਨੂੰ ਗ਼ਲਤ ਰਾਹ ਪੈਣੋਂ ਰੋਕਣ ਦੀ। ਇਹ ਚਿੰਤਾ ਦੂਰ-ਦ੍ਰਿਸ਼ਟੀ ਵਾਲੇ ਲੋਕਾਂ ਦੀ ਪਹਿਲੀ ਚਿੰਤਾ ਹੋਣੀ ਚਾਹੀਦੀ ਹੈ। ਪਰ ਸਿਆਸੀ ਲੋਕ ਦੂਰ-ਦ੍ਰਿਸ਼ਟੀ ਵਾਲੇ ਲੋਕਾਂ ਵਿਚ ਨਹੀਂ ਆਉਂਦੇ ਸ਼ਾਇਦ। - ਨਿਮਰਤ ਕੌਰ