
ਦਿੱਲੀ ਦੀਆਂ ਚੋਣਾਂ ਵਲ ਹੁਣ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਕ ਮਫ਼ਲਰ ਪਾਈ ਕੀੜੀ ਨੇ ਦੋ ਹਾਥੀਆਂ ਦੇ ਗੋਡੇ ਲਵਾ ਦਿਤੇ ਹਨ.....
ਦਿੱਲੀ ਦੀਆਂ ਚੋਣਾਂ ਵਲ ਹੁਣ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਕ ਮਫ਼ਲਰ ਪਾਈ ਕੀੜੀ ਨੇ ਦੋ ਹਾਥੀਆਂ ਦੇ ਗੋਡੇ ਲਵਾ ਦਿਤੇ ਹਨ। ਲਗਦਾ ਹੈ, ਇਸ ਵਾਰ ਕਾਂਗਰਸ ਤਾਂ ਅਪਣੀ ਹੋਂਦ ਵੀ ਨਹੀਂ ਬਚਾ ਸਕੇਗੀ ਪਰ ਕੀ 'ਆਪ' ਪਾਰਟੀ ਦਿੱਲੀ ਵਾਲਿਆਂ ਦਾ ਦਿਲ ਇਕ ਵਾਰ ਫਿਰ ਜਿੱਤ ਸਕੇਗੀ? ਇਕ ਪਾਸੇ ਹਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ,
Amit Shah and Narendra Modi
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਅਨੇਕਾਂ ਭਾਜਪਾ ਕਾਰਕੁਨ ਜਿਨ੍ਹਾਂ ਵਿਚ ਹੁਣ ਕ੍ਰਿਕਟ ਸਟਾਰ ਗੌਤਮ ਗੰਭੀਰ ਵੀ ਸ਼ਾਮਲ ਹੋ ਗਏ ਹਨ। ਇਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਬੜੇ ਚਮਕਦੇ ਸਿਤਾਰੇ ਵੀ ਖੜੇ ਹੋ ਜਾਣਗੇ। ਸਾਡੇ ਗੁਰਦਾਸਪੁਰ ਦੇ ਗੁਮਸ਼ੁਦਾ ਸੰਸਦ ਮੈਂਬਰ ਸੰਨੀ ਦਿਉਲ ਵੀ ਕੋਈ ਫ਼ਿਲਮੀ ਸਟਾਈਲ ਦਾ ਨਕਲੀ ਨਲਕਾ ਪੁੱਟਣ ਲਈ ਪਹੁੰਚ ਜਾਣਗੇ। ਇਨ੍ਹਾਂ ਸਾਹਮਣੇ ਆਮ ਆਦਮੀ ਦਾ ਝਾੜੂ ਕੀ ਕਰੇਗਾ?
Sunny Deol
ਝਾੜੂ ਵਾਲਿਆਂ ਦੇ ਪਿਛਲੇ ਪੰਜ ਸਾਲਾਂ ਵਲ ਵੇਖੀਏ ਤਾਂ ਕੁੱਝ ਗੱਲਾਂ ਸਾਫ਼ ਹਨ। 'ਆਮ' ਆਦਮੀ ਪਾਰਟੀ ਨੇ ਦਿੱਲੀ ਵਿਚ ਉਹ ਕੰਮ ਕੀਤੇ ਹਨ ਜਿਨ੍ਹਾਂ ਨਾਲ ਗ਼ਰੀਬ ਜਨਤਾ ਦੀ ਜ਼ਿੰਦਗੀ ਵਿਚ ਵੱਡਾ ਸੁਧਾਰ ਆਇਆ ਹੈ। ਹੁਣ 'ਆਪ' ਜਦੋਂ ਲੋਕਾਂ ਵਿਚ ਅਪਣਾ ਰੀਪੋਰਟ ਕਾਰਡ ਲੈ ਕੇ ਜਾਂਦੀ ਹੈ ਤਾਂ ਲੋਕ ਅਪਣੇ ਬਿਜਲੀ ਦੇ ਬਿਲ ਲੈ ਕੇ ਖ਼ੁਦ 'ਆਪ' ਦੇ ਦਾਅਵੇ ਦਾ ਸਮਰਥਨ ਕਰਨ ਨਿਕਲ ਆਉਂਦੇ ਹਨ।
AAP
'ਆਪ' ਨੇ ਪਾਣੀ ਮਾਫ਼ੀਆ ਨੂੰ ਖ਼ਤਮ ਕਰ ਕੇ ਲੋਕਾਂ ਦੀ ਰੋਜ਼ ਦੀ ਜ਼ਿੰਦਗੀ ਨੂੰ ਕਾਫ਼ੀ ਹੱਦ ਤਕ ਆਸਾਨ ਕਰ ਦਿਤਾ ਹੈ। ਦਿੱਲੀ ਵਿਚ 24 ਘੰਟੇ ਸੱਤ ਦਿਨ ਬਿਜਲੀ ਰਹਿੰਦੀ ਹੈ। ਸਰਕਾਰੀ ਸਕੂਲਾਂ ਦੇ ਮਾਸੂਮ ਬੱਚੇ 'ਆਪ' ਪਾਰਟੀ ਦੀ ਮਿਹਨਤ ਦਾ ਅਸਲ ਫੱਲ ਹਨ ਜਿਨ੍ਹਾਂ ਨਾਲ ਗੱਲ ਕਰ ਕੇ ਪਤਾ ਲਗਦਾ ਹੈ ਕਿ ਉਨ੍ਹਾਂ ਵਿਚ ਕਿੰਨੀ ਤਬਦੀਲੀ ਆਈ ਹੈ।
BJP government
'ਆਪ' ਨੇ ਕਾਫ਼ੀ ਕੰਮ ਪਿਛਲੇ ਕੁੱਝ ਮਹੀਨਿਆਂ ਵਿਚ ਖਿੱਚਿਆ ਹੈ ਪਰ ਜੇ ਬਾਕੀ ਸਰਕਾਰਾਂ ਵੀ ਅਖ਼ੀਰਲੇ ਦਿਨਾਂ ਵਿਚ ਹੀ ਇਸ ਤਰ੍ਹਾਂ ਕੰਮ ਕਰ ਵਿਖਾਣ ਤਾਂ ਇਨਕਲਾਬ ਨਹੀਂ ਆ ਜਾਵੇਗਾ? ਸੋ ਭਾਜਪਾ ਦੇ ਵੱਡੇ ਆਗੂਆਂ ਦੇ ਸਾਹਮਣੇ ਇਹ ਅਪਣੇ ਅਸਲੀ ਤੀਲੇ ਦੇ ਝਾੜੂ ਨਾਲ ਖਲੋਤੀ ਹੈ। 'ਆਪ' ਨੇ ਦਿੱਲੀ ਵਿਚ ਪੰਜ ਸਾਲ ਭਾਜਪਾ ਅਤੇ ਕੇਂਦਰ ਦੀਆਂ ਪੈਦਾ ਕੀਤੀਆਂ ਲੱਖ ਔਕੜਾਂ ਦੇ ਬਾਵਜੂਦ ਕੰਮ ਕਰ ਵਿਖਾਏ ਹਨ ਅਤੇ ਇਹ ਅਪਣੇ ਆਪ ਵਿਚ ਇਕ ਚਮਤਕਾਰ ਹੈ।
CBI
ਪੰਜ ਸਾਲ ਸੀ.ਬੀ.ਆਈ., ਈ.ਡੀ., ਦਿੱਲੀ ਪੁਲਿਸ ਦੀਆਂ ਅੱਖਾਂ 'ਆਪ' ਸਰਕਾਰ ਉਤੇ ਟਿਕੀਆਂ ਰਹੀਆਂ ਅਤੇ ਉਡੀਕ ਕਰਦੀਆਂ ਰਹੀਆਂ ਕਿ ਇਹ ਕੁੱਝ ਗ਼ਲਤ ਕਰਨ ਤੇ ਇਨ੍ਹਾਂ ਨੂੰ ਫੜ ਲਿਆ ਜਾਵੇ। ਪਰ 'ਆਪ' ਨੇ ਕਿਸੇ ਭ੍ਰਿਸ਼ਟਾਚਾਰ ਨੂੰ ਪਨਪਣ ਦਾ ਮੌਕਾ ਹੀ ਨਹੀਂ ਦਿਤਾ। 2014 ਵਿਚ ਦਿੱਲੀ ਨੂੰ 'ਆਪ' ਨੇ ਆਖਿਆ ਸੀ ਕਿ ਪੈਸਾ ਹੈ ਪਰ ਉਸ ਨੂੰ ਬਰਬਾਦ ਹੋਣ ਤੋਂ ਰੋਕਣ ਦੀ ਲੋੜ ਹੈ। ਉਨ੍ਹਾਂ ਇਹ ਕਰ ਵਿਖਾਇਆ।
BJP
'ਆਪ' ਹੁਣ ਇਕ ਹੋਰ ਮਿਸਾਲ ਕਾਇਮ ਕਰੇਗੀ ਕਿ ਉਨ੍ਹਾਂ ਨੇ ਭਾਜਪਾ ਵਲੋਂ ਚੁੱਕੇ ਗਏ ਮੁੱਦਿਆਂ ਵਿਚ ਉਲਝਣਾ ਹੀ ਨਹੀਂ। ਭਾਜਪਾ ਸੀ.ਏ.ਏ., ਐਨ.ਆਰ.ਸੀ., ਜਾਮੀਆ ਅਤੇ ਨਹਿਰੂ 'ਵਰਸਟੀ ਦੇ ਮੁੱਦਿਆਂ ਤੇ ਗੱਲ ਕਰਨਾ ਚਾਹੁੰਦੀ ਹੈ। ਦਿੱਲੀ ਵਿਚ ਰਹਿ ਕੇ ਇਨ੍ਹਾਂ ਮੁੱਦਿਆਂ ਤੋਂ ਦੂਰ ਹਟਣਾ ਨਾਮੁਮਕਿਨ ਜਾਪਦਾ ਹੈ ਕਿਉਂਕਿ ਸ਼ਾਹੀਨ ਬਾਗ਼ ਤੇ ਜੰਤਰ ਮੰਤਰ ਤੋਂ ਸੀ.ਏ.ਏ. ਵਿਰੁਧ ਬਿਗਲ ਵੱਜ ਚੁੱਕੇ ਹਨ।
File Photo
ਹਾਲ ਇਹ ਹੈ ਕਿ ਪੰਜਾਬ ਦੇ ਕਿਸਾਨ ਸ਼ਾਹੀਨ ਬਾਗ਼ ਵਿਚ ਜਾ ਕੇ ਲੰਗਰ ਲਾ ਰਹੇ ਹਨ ਅਤੇ ਨਵੰਬਰ ਤੋਂ ਧਰਨੇ ਉਤੇ ਬੈਠੀਆਂ ਬੀਬੀਆਂ ਦੀ ਦੇਖ-ਭਾਲ ਕਰ ਰਹੇ ਹਨ। ਪਰ 'ਆਪ' ਉਥੇ ਜਾਣ ਨੂੰ ਰਾਜ਼ੀ ਨਹੀਂ ਲਗਦੀ। ਕਾਰਨ ਸਾਫ਼ ਹੈ ਕਿ ਉਨ੍ਹਾਂ ਨੇ ਸਮਝ ਲਿਆ ਹੈ ਕਿ ਇਹ ਸਾਰੇ ਮੁੱਦੇ ਭਾਵੁਕ ਬਣਾ ਕੇ ਵੋਟਰਾਂ ਨੂੰ ਪਟਕਾ ਦੇਂਦੇ ਹਨ। ਜਦੋਂ ਸਰਕਾਰ ਚੁਣਨ ਦੀ ਗੱਲ ਆਉਂਦੀ ਹੈ ਤਾਂ ਉਸ ਵਲੋਂ ਦਿਤੇ ਚੰਗੇ ਮਾੜੇ ਸ਼ਾਸਨ/ਕੁਸ਼ਾਸਨ ਦੀ ਗੱਲ ਹੀ ਕੀਤੀ ਜਾਣੀ ਚਾਹੀਦੀ ਹੈ।
Delhi Elections
ਰੀਪੋਰਟ ਕਾਰਡ ਲੈ ਕੇ ਲੋਕਾਂ ਵਿਚ ਜਾਣ ਵਾਲੀ ਇਹ ਪਹਿਲੀ ਸਰਕਾਰ ਭਾਰਤ ਦੇ ਇਤਿਹਾਸ ਵਿਚ ਵੋਟਰਾਂ ਕੋਲੋਂ ਫ਼ਤਵਾ ਮੰਗ ਰਹੀ ਹੋਵੇਗੀ। ਇਹ ਮਾਡਲ ਹੁਣ ਸਾਰੀਆਂ ਸਰਕਾਰਾਂ ਵਲੋਂ ਅਪਨਾਉਣ ਲੋੜ ਹੈ। ਜੁਮਲੇ ਸੁਟ ਕੇ ਤੇ ਮੁਫ਼ਤ ਪੈਸਾ ਦੇ ਕੇ ਵੋਟਰ ਨੂੰ ਅਪਣੇ ਵਲ ਖਿੱਚਣ ਦੀ ਰੀਤ ਛੱਡ ਕੇ, ਕੀਤੇ ਵਾਅਦਿਆਂ ਦੀ ਜਵਾਬਦੇਹੀ ਨੂੰ ਅਸਲ ਚੋਣ-ਮੁੱਦਾ ਬਣਾ ਕੇ ਹੀ ਚੰਗੇ ਲੀਡਰ ਚੁਣੇ ਜਾ ਸਕਣਗੇ ਤੇ ਭਾਰਤ ਦਾ ਭਵਿੱਖ ਸਵਾਰਿਆ ਜਾ ਸਕੇਗਾ।
ਇਹ ਤਾਂ ਹੀ ਹੋ ਸਕੇਗਾ ਜਦ ਦਿੱਲੀ ਦੇ ਲੋਕ ਇਸ ਮਾਡਲ ਉਤੇ ਅਪਣੀ ਪ੍ਰਵਾਨਗੀ ਦਾ ਠੱਪਾ ਲਾਉਂਦੇ ਹਨ। ਦਿੱਲੀ ਦੇ ਵੋਟਰ, ਸਿਆਸੀ ਜੁਮਲਿਆਂ ਤੋਂ ਹਟ ਕੇ ਸਿਆਸੀ ਰੀਪੋਰਟ ਕਾਰਡ ਦੇ ਸਿਰ ਤੇ ਫ਼ੈਸਲਾ ਸੁਣਾਉਂਦੇ ਹਨ ਤਾਂ ਇਹ ਸ਼ਾਇਦ ਭਾਰਤ ਵਿਚ ਇਕ ਨਵੇਂ ਯੁਗ ਦਾ ਆਰੰਭ ਹੀ ਮੰਨਿਆ ਜਾਵੇਗਾ। -ਨਿਮਰਤ ਕੌਰ