ਅੱਜ ਦੀ ਤਰੀਕ ਵਿਚ ਹਰ ਗਲੀ, ਮੁਹੱਲੇ ਤੇ ਪਿੰਡ ਵਿਚ ਨਸ਼ੇ ਦੀ ਪੁੜੀ ਨੂੰ ਵੇਚਣ ਵਾਲੇ ਲੋਕ ਹਨ ਜੋ ਇਸ ਨੈੱਟਵਰਕ ਦਾ ਹਿੱਸਾ ਹਨ।
ਇੰਸਪੈਕਟਰ ਇੰਦਰਜੀਤ ਸਿੰਘ ਤੇ ਏ.ਆਈ.ਜੀ. ਰਾਜਜੀਤ ਵਿਰੁਧ ਪੰਜਾਬ ਸਰਕਾਰ ਵਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਹ ਉਸ ਰਿਪੋਰਟ ਮੁਤਾਬਕ ਹੈ ਜੋ ਕਿ ਸਾਲਾਂ ਤੋਂ ਅਦਾਲਤ ਵਿਚ ਬੰਦ ਲਿਫ਼ਾਫ਼ੇ ਵਿਚ ਪਈ ਸੀ ਅਤੇ ਅਜੇ ਵੀ ਇਕ ਰਿਪੋਰਟ ਅਦਾਲਤ ਵਿਚ ਪਈ ਹੋਈ ਹੈ। ਪਰ ਆਮ ਬੰਦਾ ਜਾਣਦਾ ਹੈ ਕਿ ਉਸ ਵਿਚ ਕੀ ਹੈ? ਜਿਵੇਂ ਤਕਰੀਬਨ ਹਰ ਕੋਈ ਜਾਣਦਾ ਹੀ ਸੀ ਕਿ ਇਨ੍ਹਾਂ ਦੋ ਪੁਲਿਸ ਅਫ਼ਸਰਾਂ ਵਿਰੁਧ ਕੀ ਚਲ ਰਿਹਾ ਸੀ। ਪਰ ਇਸ ਸੱਭ ਦੇ ਬਾਵਜੂਦ 1986 ਵਿਚ ਇੰਸਪੈਕਟਰ ਇੰਦਰਜੀਤ ਸਿੰਘ ਦਾ ਪੰਜਾਬ ਪੁਲਿਸ ਵਿਚ ਸਫ਼ਰ ਸ਼ੁਰੂ ਹੁੰਦਾ ਹੈ ਤੇ ਉਸ ਨੂੰ 77 commendation award ਮਿਲਿਆ ਤੇ ਇਕ ਬਹਾਦਰੀ ਤਗ਼ਮਾ ਵੀ।
ਏ.ਆਈ.ਜੀ. ਰਾਜ ਜੀਤ ਨਾਲ ਇਸ ਦੀ ਨੇੜਤਾ ਸੀ ਤੇ ਇਨ੍ਹਾਂ ਨੂੰ ਏਆਈਜੀ ਨੇ ਅਪਣੇ ਕੋਲ ਲਗਵਾਇਆ ਹੋਇਆ ਸੀ। ਇਨ੍ਹਾਂ ਦੇ ਅਜੇ ਕੁੱਝ ਹੀ ਕੇਸ ਸਾਹਮਣੇ ਆਏ ਹਨ ਜਿਥੇ ਇਨ੍ਹਾਂ ਨੇ ਕੁੱਝ ਲੋਕਾਂ ਵਿਰੁਧ ਨਸ਼ਾ ਤਸਕਰੀ ਦੇ ਝੂਠੇ ਪਰਚੇ ਦਰਜ ਕਰਵਾਏ ਪਰ ਇਹ ਵੀ ਸੱਚ ਹੈ ਕਿ ਇਨ੍ਹਾਂ ਨੇ ਨਸ਼ਾ ਤਸਕਰੀ ਵਿਚ ਅਪਣਾ ਰੋਲ ਛੁਪਾਉਣ ਵਾਸਤੇ ਲੋਕਾਂ ਨੂੰ ਫਸਾਇਆ। ਇਸ ਨੂੰ ਵੀ ਪੈਸਾ ਬਣਾਉਣ ਦਾ ਸਾਧਨ ਬਣਾ ਲਿਆ ਤੇ ਜਿਸ ਕੋਲ ਪੈਸਾ ਹੁੰਦਾ ਸੀ, ਉਨ੍ਹਾਂ ਨੂੰ ਛੱਡ ਦਿਤਾ ਜਾਂਦਾ ਸੀ।
ਆਖ਼ਰਕਾਰ ਇਹ ਕਦਮ ਚੁਕ ਕੇ ਸਰਕਾਰ ਨੇ ਨਸ਼ੇ ਦੀ ਜੰਗ ਵਿਰੁਧ ਇਕ ਸਖ਼ਤ ਕਦਮ ਜ਼ਰੂਰ ਚੁਕਿਆ ਹੈ ਪਰ ਇਹ ਇਕ ਵੱਡੇ ਸਫ਼ਰ ਵਿਚ ਇਕ ਛੋਟਾ ਜਿਹਾ ਕਦਮ ਹੈ ਤੇ ਨਸ਼ਾ ਮੁਕਤ ਪੰਜਾਬ ਦੀ ਮੰਜ਼ਿਲ ਤਕ ਪਹੁੰਚਣ ਵਾਸਤੇ ਹੋਰ ਬੜੇ ਸਖ਼ਤ ਕਦਮ ਚੁਕਣੇ ਪੈਣਗੇ।
ਇਹ ਜੋੜੀ ਸਾਰੇ ਨਸ਼ਾ ਤਸਕਰੀ ਦੇ ਧੰਦੇ ਵਾਸਤੇ ਜ਼ਿੰਮੇਵਾਰ ਨਹੀਂ ਹੈ ਕਿਉਂਕਿ ਜ਼ਮੀਨੀ ਹਕੀਕਤ ਇਹ ਸੰਕੇਤ ਦੇਂਦੀ ਹੈ ਕਿ ਇਸ ਤਰ੍ਹਾਂ ਦੇ ਹੋਰ ਕਈ ਅਫ਼ਸਰ ਵੱਡੀ ਮਾਤਰਾ ਵਿਚ ਇਸ ਵਿਚ ਸ਼ਾਮਲ ਹੋਣਗੇ ਤੇ ਇਹ ਸਿਰਫ਼ ਪੰਜਾਬ ਪੁਲਿਸ ਤਕ ਹੀ ਸੀਮਤ ਨਹੀਂ ਹੋਣਗੇ। ਇਸ ਵਿਚ ਏਆਈਜੀ ਤੋਂ ਉਪਰ ਦੇ ਅਫ਼ਸਰ ਤੇ ਇੰਪਸਪੈਕਟਰ ਤੋਂ ਹੇਠਾਂ ਦੇ ਅਫ਼ਸਰ ਤੇ ਕਾਂਸਟੇਬਲ ਪੱਧਰ ਤਕ ਦੇ ਲੋਕ ਵੀ ਸ਼ਾਮਲ ਹੋਣਗੇ। ਬੀਐਸਐਫ਼ ਦੇ ਕੁੱਝ ਕਰਮਚਾਰੀ ਵੀ ਸ਼ਾਮਲ ਹੋਣਗੇ। ਇਸ ਨਸ਼ੇ ਦੇ ਕਾਰੋਬਾਰ ਦੇ ਜਾਲ ਵਿਚ ਕੈਮੀਕਲ ਚਿੱਟਾ ਵੀ ਹੈ ਤੇ ਫਿਰ ਉਸ ਨੂੰ ਬਣਾਉਣ ਦੀ ਫ਼ੈਕਟਰੀ ਵੀ ਹੋਵੇਗੀ ਤੇ ਨਾਲ ਹੀ ਸਮਝਣਾ ਪਵੇਗਾ ਕਿ ਹਰ ਗਲੀ ਤੇ ਹਰ ਪਿੰਡ ਵਿਚ ਇਹ ਨਸ਼ਾ ਪਹੁੰਚਦਾ ਕਿਸ ਤਰ੍ਹਾਂ ਹੈ। ਇਕ ਸਮਾਂ ਸੀ ਜਦ ਇਕ ਸਿਆਸੀ ਪਾਰਟੀ ਦੇ ਸਟਿਕਰ ਵੇਚੇ ਜਾਂਦੇ ਸਨ ਤੇ ਉਹ ਸਟਿਕਰ ਜਿਸ ਗੱਡੀ ’ਤੇ ਲੱਗਾ ਹੁੰਦਾ ਸੀ, ਉਸ ਗੱਡੀ ਨੂੰ ਕਿਸੇ ਨਾਕੇ ’ਤੇ ਰੋਕਿਆ ਨਹੀਂ ਜਾਂਦਾ ਸੀ। ਪਰ ਹੁਣ ਕਿਹੜਾ ਰਸਤਾ ਵਰਤਿਆ ਜਾ ਰਿਹਾ ਹੈ? ਹੁਣ ਕਿਹੜੀ ਫ਼ੈਕਟਰੀ ਵਿਚ ਚਿੱਟਾ ਬਣਾਇਆ ਜਾਂਦਾ ਹੈ?
ਅੱਜ ਦੀ ਤਰੀਕ ਵਿਚ ਹਰ ਗਲੀ, ਮੁਹੱਲੇ ਤੇ ਪਿੰਡ ਵਿਚ ਨਸ਼ੇ ਦੀ ਪੁੜੀ ਨੂੰ ਵੇਚਣ ਵਾਲੇ ਲੋਕ ਹਨ ਜੋ ਇਸ ਨੈੱਟਵਰਕ ਦਾ ਹਿੱਸਾ ਹਨ। ਕਈ ਥਾਵਾਂ ਤੋਂ ਪਤਾ ਚਲਿਆ ਹੈ ਕਿ ਇਨ੍ਹਾਂ ਖ਼ਿਲਾਫ਼ ਕੋਈ ਪਰਚਾ ਦਰਜ ਕਰਵਾਉਂਦਾ ਹੈ ਤਾਂ ਨਸ਼ਾ ਤਸਕਰ ਉਸ ਨੂੰ ਮਾਰਦੇ-ਕੁਟਦੇ ਹਨ ਤੇ ਪੁਲਿਸ ਕੁੱਝ ਪੈਸੇ ਦੇ ਲੈਣ-ਦੇਣ ਨਾਲ ਪਰਚੇ ਖ਼ਤਮ ਕਰ ਦਿੰਦੀ ਹੈ।
ਨਸ਼ਾ ਤਸਕਰੀ ਦਾ ਇਕ ਵੱਡਾ ਜਾਲ ਫੈਲ ਚੁਕਾ ਹੈ ਜੋ ਸਿਰਫ਼ ਪੰਜਾਬ ਵਿਚ ਹੀ ਨਹੀਂ ਬਲਕਿ ਭਾਰਤ ਦੇ ਕਈ ਸੂਬਿਆਂ ਵਿਚ ਵੀ ਫੈਲਿਆ ਹੋਇਆ ਹੈ ਜਿਸ ਕਾਰਨ ਕੇਂਦਰੀ ਗ੍ਰਹਿ ਮੰਤਰੀ ਇਸ ਵਿਰੁਧ ਸਖ਼ਤੀ ਦੀ ਗੱਲ ਕਰ ਰਹੇ ਹਨ। ਉਨ੍ਹਾਂ ਮੁਤਾਬਕ 2047 ਤਕ ਦੇਸ਼ ਨਸ਼ਾ ਮੁਕਤ ਹੋਵੇਗਾ ਤੇ ਇਹ ਸਹੀ ਵੀ ਹੈ ਕਿਉਂਕਿ ਜਿਸ ਰਫ਼ਤਾਰ ਨਾਲ ਕੇਸ ਚਲ ਰਿਹਾ ਹੈ, ਨਸ਼ਾ ਮੁਕਤੀ ਨੂੰ ਬਹੁਤ ਸਮਾਂ ਲਗੇਗਾ। ਪੰਜਾਬ ਵਿਚ ਤਾਂ ਨਸ਼ੇ ਵਿਰੁਧ ਕੰਮ ਚਲ ਪਿਆ ਹੈ ਪਰ ਗੁਜਰਾਤ ਵਿਚ ਤਾਂ ਨਸ਼ਾ ਫੜੇ ਜਾਣ ਦੇ ਬਾਵਜੂਦ ਕੋਈ ਸਖ਼ਤੀ ਨਹੀਂ ਵਿਖਾਈ ਜਾਂਦੀ। ਜਿਹੜਾ ਨਸ਼ੇ ਦਾ ਜਾਲ ਪੰਜਾਬ ਵਿਚ ਹੈ, ਉਸ ਤੋਂ ਸੰਘਣਾ ਜਾਲ ਮਹਾਂਰਾਸ਼ਟਰਾ ਤੇ ਉੱਤਰ ਪ੍ਰਦੇਸ਼ ਆਦਿ ਸੂਬਿਆਂ ਵਿਚ ਹੈ। ਇਸ ਨੂੰ ਖ਼ਤਮ ਕਰਨ ਵਾਸਤੇ ਬੜੇ ਕੌੜੇ ਘੁੱਟ ਭਰਨੇ ਪੈਣਗੇ ਕਿਉਂਕਿ ਜਦ ਸੰਪੂਰਨ ਸੱਚ ਸਾਹਮਣੇ ਆਵੇਗਾ ਤਾਂ ਕਈ ਏਆਈਜੀ ਰਾਜ ਜੀਤ ਤੇ ਇਸੰਪੈਕਟਰ ਰਣਜੀਤ ਵਰਗੇ ਕਈ ਚਿਹਰੇ ਸਾਹਮਣੇ ਆਉਣਗੇੇ।
-ਨਿਮਰਤ ਕੌਰ