
ਕਾਂਗਰਸ ਅੰਦਰ ਜੋ ਲੜਾਈ ਕੁੱਝ ਮਹੀਨਿਆਂ ਤੋਂ ਕੁੱਝ ਮੁੱਦਿਆਂ ਨੂੰ ਲੈ ਕੇ ਚਲ ਰਹੀ ਸੀ, ਉਸ ਦੀ ਪਹਿਲੀ ਝਲਕ ਨਵਜੋਤ ਸਿੱਧੂ ਵਲੋਂ 2017 ਦੇ ਚੋਣ ਪ੍ਰਚਾਰ ਵਿਚ ਵਿਖਾਈ ਗਈ ਸੀ
ਇਕ ਫ਼ੌਜੀ ਕਦੇ ਵੀ ਸੇਵਾਮੁਕਤ ਨਹੀਂ ਹੁੰਦਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਤਾਂ ਸਪੱਸ਼ਟ ਕਰ ਦਿਤੀ ਕਿ ਉਹ ਅਜੇ ਸਿਆਸਤ ਤੋਂ ਕਿਨਾਰਾ ਕਰਨ ਨੂੰ ਤਿਆਰ ਨਹੀਂ ਲਗਦੇ। ਇਕ ਜ਼ਖ਼ਮੀ ਸ਼ੇਰ ਵਾਂਗ ਉਹ ਕਾਂਗਰਸ ਹਾਈਕਮਾਂਡ ਵਲੋਂ ਦਿਤੀ ਸੱਟ ਦਾ ਬਦਲਾ ਲੈਣ ਵਾਸਤੇ ਮੈਦਾਨ ਵਿਚ ਇਕ ਨਵੀਂ ਪਾਰਟੀ ਬਣਾ ਕੇ ਉਤਰ ਰਹੇ ਹਨ। ਇਹ ਤਾਂ ਉਸ ਦਿਨ ਹੀ ਸਾਫ਼ ਹੋ ਗਿਆ ਸੀ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਂਦੇ ਹੀ ਪੰਜਾਬ ਦੀਆਂ ਸਰਹੱਦਾਂ ’ਤੇ ਖ਼ਤਰੇ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਸਨ।
Navjot Singh Sidhu
ਕਾਂਗਰਸ ਅੰਦਰ ਜੋ ਲੜਾਈ ਕੁੱਝ ਮਹੀਨਿਆਂ ਤੋਂ ਕੁੱਝ ਮੁੱਦਿਆਂ ਨੂੰ ਲੈ ਕੇ ਚਲ ਰਹੀ ਸੀ, ਉਸ ਦੀ ਪਹਿਲੀ ਝਲਕ ਨਵਜੋਤ ਸਿੱਧੂ ਵਲੋਂ 2017 ਦੇ ਚੋਣ ਪ੍ਰਚਾਰ ਵਿਚ ਵਿਖਾਈ ਗਈ ਸੀ, ਜਦ ਨਵਜੋਤ ਸਿੱਧੂ ਨੇ ਰਲੀ-ਮਿਲੀ ਸਿਆਸਤ ਵਲ ਇਸ਼ਾਰਾ ਕੀਤਾ ਸੀ, ਪਰ ਜਦ ਕੈਬਨਿਟ ਨੇ ਆਵਾਜ਼ ਚੁਕੀ, ਉਹ ਸਿਖਰ ’ਤੇ ਜਾ ਪਹੁੰਚੇ। ਸੱਭ ਤੋਂ ਪਹਿਲਾਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੋ ਕਿ ਕੈਪਟਨ ਦੇ ਕਰੀਬੀ ਦੋਸਤਾਂ ਵਿਚੋਂ ਸਨ, ਨੇ ਆਖਿਆ ਸੀ ‘ਇਹ ਅੰਦਰੋਂ ਅਕਾਲੀਆਂ ਤੇ ਮੋਦੀ ਨਾਲ ਮਿਲਿਆ ਹੋਇਆ ਹੈ, ਮਿਲਿਆ ਹੋਇਆ ਹੈ’ ਅਤੇ ਹੁਣ ਜਦ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਤੇ ਕੁੱਝ ਅਕਾਲੀਆਂ ਨਾਲ ਭਾਈਵਾਲੀ ਦੀ ਗੱਲ ਕੀਤੀ ਹੈ ਤਾਂ ਉਨ੍ਹਾਂ ਦੇ ਪੁਰਾਣੇ ਸਾਥੀਆਂ ਦੇ ਸਾਰੇ ਸ਼ੰਕੇ ਆਪੇ ਹੀ ਠੀਕ ਸਿੱਧ ਹੋ ਗਏ ਹਨ।
Tript Rajinder Bajwa
ਅੱਜ ਜਿਸ ਰਫ਼ਤਾਰ ਨਾਲ ਕਾਂਗਰਸੀ ਅਪਣੇ 100 ਦਿਨ ਦੀ ਸਰਕਾਰ ਵਿਚ ਕੰਮ ਕਰਨ ਲੱਗੇ ਹੋਏ ਹਨ, ਉਹ ਵਿਖਾ ਰਹੇ ਹਨ ਕਿ ਇਹ 100 ਦਿਨ, ਬਿਨਾਂ ਕਿਸੇ ਮਿਲਾਵਟ ਤੇ ਰੁਕਾਵਟ ਦੇ, ਪੰਜਾਬ ਦੀ ਜਨਤਾ ਦੀ ਸੇਵਾ ਵਿਚ ਲਗਾ ਦਿਤੇ ਜਾਣਗੇ। ਉਹ ਅਕਾਲੀਆਂ ਦੇ 10 ਸਾਲ ਦੇ ਰਾਜ ਬਲਕਿ ਸਾਢੇ 14 ਸਾਲ ਦੇ ਰਾਜ ਨੂੰ 100 ਦਿਨਾਂ ਵਿਚ ਤੁਛ ਸਾਬਤ ਕਰਨ ਦਾ ਯਤਨ ਕਰ ਰਹੇ ਹਨ।
Captain Amarinder Singh, navjot Sidhu
ਨਵੀਂ ਕਾਂਗਰਸ ਸਰਕਾਰ ਦੇ ਇਨ੍ਹਾਂ ਤਾਬੜ ਤੋੜ ਯਤਨਾਂ ਪਿਛੋਂ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਭਾਈਵਾਲੀ ਕੀ ਪੰਜਾਬ ਦੇ ਹਿਤ ਵਿਚ ਮੰਨੀ ਜਾਵੇਗੀ? ਪੰਜਾਬ ਦੇ ਕਿਸਾਨ ਅਤੇ ਕਿਸਾਨ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਰਿਣੀ ਹਨ ਕਿ ਉਨ੍ਹਾਂ ਪੰਜਾਬ ਵਿਚ ਸੰਘਰਸ਼ ਨੂੰ ਵਧਣ ਫੁੱਲਣ ਦੀ ਇਜਾਜ਼ਤ ਦਿਤੀ ਪਰ ਕੀ ਇਹ ਆਸ ਵੀ ਕੀਤੀ ਜਾ ਸਕਦੀ ਹੈ ਕਿ ਜੇ ਉਹ ਭਾਜਪਾ ਤੋਂ ਖੇਤੀ ਕਾਨੂੰਨ ਰੱਦ ਕਰਵਾ ਦੇਣਗੇ ਤਾਂ ਕਿਸਾਨ ਉਨ੍ਹਾਂ ਦੀ ਨਵੀਂ ਪਾਰਟੀ ਨੂੰ ਵੋਟ ਦੇ ਦੇਣਗੇ? ਕੀ ਕਿਸਾਨ ਇਹ ਨਹੀਂ ਪੁਛਣਗੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਉਤੇ ਖੇਤੀ ਕਾਨੂੰਨ ਹੁਣ ਕਿਉਂ ਰੱਦ ਹੋਏ ਹਨ?
Farmers Protest
ਕਿਸਾਨ ਪੰਜਾਬ ਦਾ ਨਾਗਰਿਕ ਵੀ ਹੈ ਜੋ ਸਿਰਫ਼ ਕਿਸਾਨੀ ਲਈ ਹੀ ਮਦਦ ਨਹੀਂ ਮੰਗਦਾ ਬਲਕਿ ਕਈ ਹੋਰ ਉਮੀਦਾਂ ਵੀ ਰਖਦਾ ਹੈ। ਕੀ ਉਹ ਇਹ ਸਵਾਲ ਨਹੀਂ ਪੁਛਣਗੇ ਕਿ ਜਿਸ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਕਈ ਮਸਲੇ ਹੱਲ ਕਰਨ ਦੀ ਕਸਮ ਖਾਧੀ ਸੀ ਤੇ ਉਨ੍ਹਾਂ ਉਤੇ ਖਰੇ ਨਹੀਂ ਉਤਰੇ ਸਨ, ਅੱਜ ਉਨ੍ਹਾਂ ਨੂੰ ਵੋਟ ਕਿਉਂ ਦਿਤੀ ਜਾਵੇ? ਕਿਸਾਨ ਜਾਣਦੇ ਹਨ ਕਿ ਇਹ ਕਾਨੂੰਨ ਵੱਡੇ ਧਨਾਢਾਂ ਦੀ ਮਦਦ ਵਾਸਤੇ ਬਣਾਏ ਗਏ ਸਨ। ਕਿਸਾਨ ਇਹ ਵੀ ਜਾਣਦੇ ਹਨ ਕਿ ਅੰਬਾਨੀ-ਅਡਾਨੀ ਸਾਇਲੋ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਵੀ ਬਣੇ ਸਨ।
Captain Amarinder Singh
ਕਿਸਾਨ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਕਿਉਂ ਪਾਉਣਗੇ ਜਦ ਉਹ ਜਾਣਦੇ ਹਨ ਕਿ ਅਸਿੱਧੇ ਤੌਰ ਉਤੇ ਭਾਜਪਾ ਨਾਲ ਭਾਈਵਾਲੀ ਪਾ ਕੇ ਕਿਸਾਨ ਦੀ ਵੋਟ ਭਾਜਪਾ ਤੇ ਉਸ ਦੇ ਧੰਨਾ ਸੇਠਾਂ ਨੂੰ ਹੀ ਜਾਣੀ ਹੈ। ਤਸਵੀਰ ਇੰਨੀ ਸਿੱਧੀ ਨਹੀਂ ਜਿੰਨੀ ਕੈਪਟਨ ਸਮਝ ਰਹੇ ਹਨ ਪਰ ਉਨ੍ਹਾਂ ਤੋਂ ਸਿਆਣਾ ਤੇ ਰਣਨੀਤੀ ਬਣਾਉਣ ਵਾਲਾ ਹੋਰ ਕੌਣ ਹੈ? ਇਹ ਜੰਗ ਸ਼ਾਇਦ ਇਹ ਫ਼ੌਜੀ ਕਪਤਾਨ, ਜਿੱਤਣ ਵਾਸਤੇ ਨਹੀਂ ਲੜ ਰਿਹਾ ਬਲਕਿ ਕਿਸੇ ਹੋਰ ਮਨੋਰਥ ਨੂੰ ਸਾਹਮਣੇ ਰੱਖ ਕੇ ਲੜ ਰਿਹਾ ਲਗਦਾ ਹੈ।
-ਨਿਮਰਤ ਕੌਰ