ਜਦੋਂ ਵੱਡੇ ਮੁਲਕਾਂ ਦੇ ਵੱਡੇ ਲੀਡਰਾਂ ਅੰਦਰ ਨਫ਼ਰਤ ਦਾ ਕੀੜਾ ਉਗ ਪਵੇ
Published : Aug 17, 2017, 5:37 pm IST
Updated : Mar 23, 2018, 5:10 pm IST
SHARE ARTICLE
image
image

ਡਰ ਅਤੇ ਨਫ਼ਰਤ ਸਦਕਾ ਅਮਰੀਕਾ ਵਰਗਾ ਮਹਾਨ ਦੇਸ਼ ਵੀ ਦੋ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਹੈ।

ਡਰ ਅਤੇ ਨਫ਼ਰਤ ਸਦਕਾ ਅਮਰੀਕਾ ਵਰਗਾ ਮਹਾਨ ਦੇਸ਼ ਵੀ ਦੋ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਹੈ। ਅਮਰੀਕਾ ਦੇ ਬੜਬੋਲੇ ਰਾਸ਼ਟਰਪਤੀ ਡੋਨਾਲਡ ਟਰੰਪ, ਜਿਨ੍ਹਾਂ ਦੇ ਲਫ਼ਜ਼ ਉਨ੍ਹਾਂ ਦੇ ਉੱਚੇ ਅਹੁਦੇ ਦਾ ਸਾਥ ਨਹੀਂ ਦੇਂਦੇ, ਉਹ ਕੁੱਝ ਵੀ ਕਹਿਣ ਤਕ ਜਾ ਸਕਦੇ ਹਨ, ਸਿਰਫ਼ ਇਸ ਕਰ ਕੇ ਨਹੀਂ ਕਿ ਉਹ ਦੁਨੀਆਂ ਦੇ ਸੱਭ ਤੋਂ ਅਮੀਰ ਅਤੇ ਤਾਕਤਵਰ ਦੇਸ਼ ਦੇ ਮੁਖੀ ਹਨ ਸਗੋਂ ਇਸ ਲਈ ਕਿ ਸ਼ਾਇਦ ਉਨ੍ਹਾਂ ਇਸ ਲਈ ਕਿ ਮਾਨਸਿਕਤਾ ਅਤੇ ਦਿਮਾਗ਼ ਵਿਚ ਕੋਈ ਕਮਜ਼ੋਰੀ ਆ ਵੜੀ ਹੈ। ਅਮਰੀਕਾ ਦਾ ਰਾਜ ਵਿਰਜੀਨੀਆ, ਅਫ਼ਰੀਕੀ ਮੂਲ ਦੇ ਕਾਲੇ ਅਮਰੀਕੀਆਂ ਵਿਰੁਧ ਨਫ਼ਰਤ ਦਾ ਕੇਂਦਰ ਰਿਹਾ ਹੈ। ਜਿਸ ਤਰ੍ਹਾਂ ਭਾਰਤ ਵਿਚ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਗ਼ੁਲਾਮ ਬਣਾਇਆ, ਉਸੇ ਤਰ੍ਹਾਂ ਅਮਰੀਕੀ ਗੋਰਿਆਂ ਨੇ 'ਕਾਲੀ' ਚਮੜੀ ਵਾਲੇ ਅਫ਼ਰੀਕੀਆਂ ਨੂੰ ਅਪਣਾ ਗ਼ੁਲਾਮ ਬਣਾ ਰਖਿਆ ਸੀ। ਅਫ਼ਰੀਕੀ ਮੂਲ ਦੇ ਲੋਕਾਂ ਨੂੰ ਦੇਸ਼ ਦਾ ਹਿੱਸਾ ਬਣਨ ਅਤੇ ਅਮਰੀਕੀ ਅਖਵਾਉਣ ਦਾ ਹੱਕ ਮਿਲਣ ਤੋਂ ਪਹਿਲਾਂ, ਸਾਰੇ ਅਮਰੀਕੀ ਲੋਕ ਇਨ੍ਹਾਂ ਕਾਲੇ ਲੋਕਾਂ ਨੂੰ ਖ਼ਰੀਦ ਕੇ ਲਿਆਉਂਦੇ ਸਨ ਅਤੇ ਅਪਣੇ ਗ਼ੁਲਾਮਾਂ ਵਾਂਗ ਰਖਦੇ ਸਨ। ਹੁਣ ਜਾ ਕੇ ਉਸ ਗ਼ੁਲਾਮੀ ਦਾ ਕਰਜ਼ਾ ਚੁਕਾਇਆ ਜਾ ਸਕਿਆ ਜਦ ਉਬਾਮਾ ਰਾਸ਼ਟਰਪਤੀ ਬਣ ਕੇ ਉਸ ਵਾਈਟ ਹਾਊਸ ਵਿਚ ਅਪਣੀਆਂ ਬੱਚੀਆਂ ਨੂੰ 10 ਸਾਲ ਰੱਖ ਕੇ ਪਾਲ ਸਕੇ ਜਿਸ ਵਾਈਟ ਹਾਊਸ ਨੂੰ ਉਨ੍ਹਾਂ ਦੇ ਗ਼ੁਲਾਮ ਪੂਰਵਜਾਂ ਨੇ ਉਸਾਰਿਆ ਸੀ।
ਉਬਾਮਾ ਦੇ 10 ਸਾਲ ਦੇ ਰਾਜ ਦੌਰਾਨ ਅਮਰੀਕਾ ਵਿਚ ਅਪਣੀ ਗੋਰੀ ਚਮੜੀ ਉਤੇ ਫ਼ਖ਼ਰ ਕਰਨ ਵਾਲਿਆਂ ਨੇ ਅਪਣੇ ਦਿਲਾਂ ਵਿਚ ਨਫ਼ਰਤ ਨੂੰ ਤੇਜ਼ ਕੀਤਾ ਜਾਪਦਾ ਹੈ ਕਿਉਂਕਿ ਹੁਣ ਅਮਰੀਕਾ ਵਿਚ ਨਾ ਸਿਰਫ਼ ਮੁਸਲਮਾਨਾਂ ਵਿਰੁਧ ਨਫ਼ਰਤ ਵੱਧ ਰਹੀ ਹੈ (ਜਿਸ ਦੀ ਕੀਮਤ ਸਿੱਖ ਕੌਮ ਵੀ ਚੁਕਾ ਰਹੀ ਹੈ) ਬਲਕਿ ਅਫ਼ਰੀਕੀ ਮੂਲ ਦੇ ਲੋਕ ਵੀ ਮੁੜ ਖ਼ਤਰੇ ਵਿਚ ਘਿਰ ਰਹੇ ਹਨ। ਦੋ ਸਾਲ ਪਹਿਲਾਂ ਵਿਰਜੀਨੀਆ ਵਿਚ ਗੋਲੀ ਚਲਾ ਕੇ ਮਾਰੇ ਗਏ 'ਅਫ਼ਰੀਕਨ ਅਮਰੀਕਨ' ਲੋਕਾਂ ਦੀ ਯਾਦ ਵਿਚ ਕੱਢੇ ਜਲੂਸ ਉਤੇ ਅੱਜ ਇਕ ਕੱਟੜ ਗੋਰੇ ਵਲੋਂ ਗੱਡੀ ਚੜ੍ਹਾ ਦਿਤੀ ਗਈ ਜਿਸ ਨੇ ਇਕ 32 ਸਾਲਾਂ ਦੀ ਔਰਤ ਦੀ ਜਾਨ ਲੈ ਲਈ।
ਹੁਣ ਰਾਸ਼ਟਰਪਤੀ ਟਰੰਪ ਅਪਣੀ ਬਿਆਨਬਾਜ਼ੀ ਨਾਲ ਅਮਰੀਕਨਾਂ ਅੰਦਰ ਪਈਆਂ ਦਰਾੜਾਂ ਨੂੰ ਹੋਰ ਡੂੰਘੀਆਂ ਕਰ ਰਹੇ ਹਨ। ਪਹਿਲਾਂ ਇਸ ਕੱਟੜ ਗੋਰੇ ਸੰਗਠਨ ਦੀ ਨਿਖੇਧੀ ਕੀਤੀ ਤੇ ਫਿਰ ਕੁੱਝ ਦਿਨ ਬਾਅਦ ਹੀ, ਕਸੂਰ ਦੋਹਾਂ ਧਿਰਾਂ ਉਤੇ ਬਰਾਬਰ ਬਰਾਬਰ ਮੜ੍ਹ ਦਿਤਾ। ਦੇਸ਼ ਦੇ ਵੱਡੇ ਉਦਯੋਗਪਤੀਆਂ ਨੇ 'ਅਫ਼ਰੀਕਨ ਅਮਰੀਕਨ' ਕੌਮ ਪ੍ਰਤੀ ਇਸ ਕਠੋਰਤਾ ਨੂੰ ਵੇਖ ਕੇ ਰਾਸ਼ਟਰਪਤੀ ਵਲੋਂ ਬਣਾਏ ਉਦਯੋਗ ਪੈਨਲ ਤੋਂ ਅਸਤੀਫ਼ੇ ਦੇਣੇ ਸ਼ੁਰੂ ਕਰ ਦਿਤੇ। ਬੜਬੋਲੇ ਰਾਸ਼ਟਰਪਤੀ ਨੇ ਅਪਣੇ ਸ਼ਬਦਾਂ ਵਿਚ ਸੋਧ ਕਰਨ ਦੀ ਬਜਾਏ, ਇਸ ਪੈਨਲ ਨੂੰ ਹੀ ਰੱਦ ਕਰ ਦਿਤਾ।
ਡੋਨਾਲਡ ਟਰੰਪ ਹੁਣ ਆਖਦੇ ਹਨ ਕਿ ਉਹ 'ਅਫ਼ਰੀਕਨ ਅਮਰੀਕਨ' ਲੋਕਾਂ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਨੂੰ ਨਫ਼ਰਤ ਕਰਨ ਵਾਲੇ ਕੱਟੜ ਸੰਗਠਨ ਵਿਚ ਚੰਗੇ ਲੋਕ ਵੀ ਹਨ। ਉਨ੍ਹਾਂ ਅਮਰੀਕਾ ਨੂੰ ਯਾਦ ਕਰਵਾਇਆ ਕਿ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਸਥਾਪਤ ਕਰਨ ਵਾਲੇ ਲੋਕ ਵੀ ਗ਼ੁਲਾਮੀ ਨੂੰ ਸਹਾਰਦੇ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ, ਥਾਮਸ ਜੈਫ਼ਰਸਨ ਵੀ ਗ਼ੁਲਾਮ ਰਖਦੇ ਸਨ ਤਾਂ ਕੀ ਹੁਣ ਉਨ੍ਹਾਂ ਦੇ ਬੁੱਤਾਂ ਜਾਂ ਉਨ੍ਹਾਂ ਦੀਆਂ ਯਾਦਗਾਰਾਂ ਨੂੰ ਢਾਹ ਦਿਆਂਗੇ?
ਇਸ ਬੜਬੋਲੇ ਰਾਸ਼ਟਰਪਤੀ ਵਿਚ ਸਿਆਸੀ ਸੂਝ ਦੀ ਕਮੀ ਹੈ ਜੋ ਉਸ ਨੂੰ ਪ੍ਰੇਰ ਸਕੇ ਕਿ ਉਹ ਅਪਣੇ ਪੂਰਵਜਾਂ ਦੀਆਂ ਛੋਟੀਆਂ ਸੋਚਾਂ ਅਤੇ ਗ਼ਲਤੀਆਂ ਨੂੰ ਢੱਕੀਆਂ ਰਹਿਣ ਦੇਵੇ ਪਰ ਉਸ ਵਲੋਂ ਖੜਾ ਕੀਤਾ ਸਵਾਲ ਬੜਾ ਵਾਜਬ ਹੈ। ਜੇ ਅਮਰੀਕਾ ਅਪਣੇ ਪੂਰਵਜਾਂ ਦੀ ਗ਼ਲਤੀ ਨੂੰ ਕਬੂਲਦਾ ਨਹੀਂ, ਉਨ੍ਹਾਂ ਦੀ ਛੋਟੀ ਸੋਚ ਨੂੰ ਘਟੀਆ ਅਤੇ ਤੰਗਦਿਲੀ ਵਾਲੀ ਜਾਂ ਮਨੁੱਖੀ ਅਧਿਕਾਰਾਂ ਵਿਰੁਧ ਨਹੀਂ ਕਰਾਰ ਦੇਂਦਾ ਤਾਂ ਫਿਰ ਅੱਜ ਉਨ੍ਹਾਂ ਵਾਂਗ ਹੀ ਸੋਚਣ ਵਾਲਿਆਂ ਨੂੰ ਗ਼ਲਤ ਕਿਵੇਂ ਆਖ ਸਕਦਾ ਹੈ?
ਹਿਟਲਰ ਨੂੰ ਨਫ਼ਰਤ ਕਰਨ ਵਾਸਤੇ ਸੱਭ ਤਿਆਰ ਰਹਿੰਦੇ ਹਨ ਪਰ ਜੇ ਇਕ ਇਨਸਾਨ ਵਾਂਗ ਵੇਖੀਏ ਤਾਂ ਉਸ ਵਿਚ ਵੀ ਕੁੱਝ ਚੰਗਾ ਤਾਂ ਜ਼ਰੂਰ ਹੋਵੇਗਾ। ਉਸ ਦੇ ਸੀਨੇ ਵਿਚ ਵੀ ਜਾਰਜ ਵਾਸ਼ਿੰਗਟਨ ਵਾਂਗ ਹੀ ਦਿਲ ਤਾਂ ਮੌਜੂਦ ਸੀ। ਜਿਸ ਤਰ੍ਹਾਂ ਉਸ ਨੇ ਯਹੂਦੀਆਂ ਨੂੰ ਮਾਰਿਆ, ਉਸੇ ਤਰ੍ਹਾਂ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਮਾਰਗਰੇਟ ਥੈਚਰ ਨੇ ਇੰਦਰਾ ਨਾਲ ਦੋਸਤੀ ਨਿਭਾਈ ਅਤੇ ਸਿੱਖਾਂ ਦੇ ਸੱਭ ਤੋਂ ਅਹਿਮ ਧਾਰਮਕ ਅਸਥਾਨ ਨੂੰ ਤਬਾਹ ਕਰਨ ਵਿਚ ਉਸ ਦੀ ਮਦਦ ਕੀਤੀ। ਰਾਜੀਵ ਗਾਂਧੀ ਨੇ ਹਿਟਲਰ ਵਾਂਗ ਹੀ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਹੇਠ ਰੋਲ ਕੇ ਸਿੱਖਾਂ ਨੂੰ ਜ਼ਿੰਦਾ ਸੜਵਾਇਆ। ਐਲ.ਕੇ. ਅਡਵਾਨੀ ਨੇ ਅਪਣੇ 'ਰਾਮ' ਦੇ ਪਿਆਰ ਵਾਸਤੇ ਕਿਸੇ ਦੇ ਅੱਲਾਹ ਦੇ ਘਰ ਨੂੰ ਤਬਾਹ ਕੀਤਾ ਅਤੇ ਸੈਂਕੜਿਆਂ ਨੂੰ ਕੁਰਬਾਨ ਕੀਤਾ।
ਕੀ ਡੋਨਾਲਡ ਟਰੰਪ ਅਪਣੇ ਕਮਲੇਪਨ ਵਿਚ ਸੱਚ ਬੋਲ ਰਹੇ ਹਨ? ਹਰ ਇਨਸਾਨ ਕਿਸੇ ਨਾ ਕਿਸੇ ਤਰ੍ਹਾਂ ਚੰਗਾ ਵੀ ਹੁੰਦਾ ਹੈ ਅਤੇ ਬੁਰਾ ਵੀ। ਕੀ ਸਿੱਖਾਂ, ਮੁਸਲਮਾਨਾਂ, ਯਹੂਦੀਆਂ, ਅਫ਼ਰੀਕਨ ਅਮਰੀਕਨ ਕੌਮ (ਕਾਲਿਆਂ) ਨੇ ਵੀ ਬਹੁਗਿਣਤੀ ਅੱਗੇ ਸਿਰ ਚੁੱਕ ਕੇ ਅਪਣੀ ਹੋਂਦ ਕਾਇਮ ਕਰਨ ਦੀ ਗ਼ਲਤੀ ਕੀਤੀ? ਕੀ ਮਨੁੱਖੀ ਅਧਿਕਾਰ ਸਿਰਫ਼ ਬਹੁਗਿਣਤੀ ਦੇ ਹੀ ਹੁੰਦੇ ਹਨ? ਚੁਪ ਰਹਿ ਕੇ ਬਹੁਗਿਣਤੀ ਦੇ ਟੁਕੜਿਆਂ ਉਤੇ ਪਲਣਾ ਅਤੇ ਮਿਹਰਬਾਨੀ ਹੇਠ ਰਹਿਣਾ ਘੱਟ ਗਿਣਤੀਆਂ ਦੀ ਜ਼ਿੰਮੇਵਾਰੀ ਹੈ ਜਾਂ ਸੱਭ ਬਰਾਬਰ ਹਨ ਅਤੇ ਮਨੁੱਖੀ ਅਧਿਕਾਰਾਂ ਤੋਂ ਵੱਧ ਜ਼ਰੂਰੀ ਕੁੱਝ ਨਹੀਂ ਹੋ ਸਕਦਾ? ਤੇ ਕੀ ਅਸੀ ਮਨੁੱਖੀ ਅਧਿਕਾਰਾਂ ਦੀ ਤਕੜੀ ਵਿਚ ਅਪਣੇ ਇਤਿਹਾਸਕ ਪੂਰਵਜਾਂ ਦਾ ਸੱਚ ਰੱਖ ਕੇ ਤੋਲਣ ਦੀ ਹਿੰਮਤ ਰਖਦੇ ਹਾਂ? ਕੀ ਜ਼ਿੰਦਾ ਸਾੜੇ ਗਏ, ਕਤਲ ਕੀਤੇ ਗਏ ਸਿੱਖ ਮਰਦਾਂ ਅਤੇ ਬੇ-ਪੱਤ ਕੀਤੀਆਂ ਸਿੱਖ ਬੀਬੀਆਂ ਨੂੰ ਅਦਾਲਤ ਤੋਂ ਇਨਸਾਫ਼ ਮਿਲ ਸਕਦਾ ਹੈ ਜਿਸ ਤੋਂ ਉਨ੍ਹਾਂ ਨੂੰ 32 ਸਾਲਾਂ ਤੋਂ ਵਾਂਝਿਆਂ ਰਖਿਆ ਗਿਆ ਹੋਇਆ ਹੈ?  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement