
ਮੁਸਲਮਾਨਾਂ ਲਈ ਤਾਂ ਡਾਢੀ ਔਖੀ ਘੜੀ ਆ ਬਣੀ ਹੈ...
ਇਹ ਸਾਡੇ ਰਾਜਨੀਤਕ ਮਾਹੌਲ ਦਾ ਕਸੂਰ ਹੈ ਜਾਂ ਸਾਡੇ ਸਮਾਜ ਵਿਚ ਧਰਮ ਅਤੇ ਜਾਤ ਦੀਆਂ ਲਕੀਰਾਂ ਦਾ ਜਾਂ ਗ਼ਰੀਬੀ ਦਾ? ਜੋ ਵੀ ਹੈ, ਪਰ ਇਹ ਜ਼ਰੂਰ ਸਾਫ਼ ਹੈ ਕਿ ਸਾਡਾ ਸਮਾਜ ਬਹੁਤ ਕੁਰੱਖ਼ਤ ਹੋ ਗਿਆ ਹੈ। ਸਾਡੇ 'ਚੋਂ ਕੁੱਝ ਕੁੱਝ ਲੋਕ ਫ਼ੋਨ ਦੇ ਪਿੱਛੇ ਲੁਕ ਕੇ ਅਪਣੇ ਆਪ ਨੂੰ ਹਕੀਕਤ ਤੋਂ ਹੋਰ ਦੂਰ ਕਰ ਲੈਂਦੇ ਹਨ ਅਤੇ ਕਈ ਤਾਂ ਐਵੇਂ ਖੜੇ ਵੇਖਦੇ ਹੀ ਰਹਿੰਦੇ ਹਨ ਅਤੇ ਫਿਰ ਅਪਣੀ ਦੁਨੀਆਂ ਵਿਚ ਗੁਆਚ ਜਾਂਦੇ ਹਨ, ਕਿਸੇ ਦੁਖਿਆਰੇ ਦੀ ਮਦਦ ਲਈ ਕੁੱਝ ਨਹੀਂ ਕਰਦੇ। ਇਹ ਇਨਸਾਨੀਅਤ ਦੀ ਮੌਤ ਹੀ ਤਾਂ ਹੈ।
ਜਦ ਵੀ ਕੋਈ ਮੁਸਲਮਾਨ ਕਿਸੇ ਫ਼ਿਰਕੂ ਹਿੰਸਾ ਦਾ ਸ਼ਿਕਾਰ ਹੋ ਕੇ ਦਰਦਨਾਕ ਮੌਤ ਮਾਰਿਆ ਜਾਂਦਾ ਹੈ, ਹਰ ਵਾਰ ਮੋਦੀ ਸਰਕਾਰ ਉਤੇ ਇਲਜ਼ਾਮ ਲਗਦਾ ਹੈ ਅਤੇ ਸਹੀ ਵੀ ਹੈ ਕਿਉਂਕਿ ਉਨ੍ਹਾਂ ਦੇ ਰਾਜ ਵਿਚ ਮੁਸਲਮਾਨਾਂ ਪ੍ਰਤੀ ਰਵਈਆ ਬਹੁਤ ਸਖ਼ਤ ਹੋ ਗਿਆ ਮਿਲਦਾ ਹੈ। ਇਹ ਵਖਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਖ਼ੁਦ ਵਾਰ ਵਾਰ ਆਖ ਚੁੱਕੇ ਹਨ ਕਿ ਇਸ ਤਰ੍ਹਾਂ ਦੇ ਹਿੰਸਕ ਹਾਦਸਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰ ਉਹੀ ਗੱਲ ਕਿ ਅੱਜ ਪ੍ਰਧਾਨ ਮੰਤਰੀ ਦੀ ਅਪਣੀ ਸਰਕਾਰ ਉਨ੍ਹਾਂ ਦੇ ਲਫ਼ਜ਼ਾਂ ਉਤੇ ਅਮਲ ਕਰਨ ਨੂੰ ਤਿਆਰ ਨਹੀਂ। ਜੋ ਲੋਕ ਗਊ ਰਖਿਆ ਦੇ ਨਾਂ ਤੇ ਕਤਲ ਕਰਦੇ ਹਨ, ਉਹ ਫ਼ਿਰਕੂ ਹਿੰਦੂ ਸੰਗਠਨਾਂ ਦੇ ਹੀਰੋ ਬਣ ਜਾਂਦੇ ਹਨ।
ਯੂ.ਪੀ.ਏ. ਜਾਂ ਐਨ.ਡੀ.ਏ., ਕਿਸ ਦੇ ਰਾਜ ਵਿਚ ਭੀੜਾਂ ਨੇ ਏਨੇ ਜ਼ਿਆਦਾ ਮੁਸਲਮਾਨ ਕਤਲ ਕੀਤੇ? ਇਹ ਸਵਾਲ ਭਾਰਤ ਵਿਚ ਹੀ ਨਹੀਂ ਬਲਕਿ ਕੋਮਾਂਤਰੀ ਪੱਧਰ ਤੇ ਵੀ ਵਿਚਾਰਿਆ ਜਾ ਰਿਹਾ ਹੈ। ਐਨ.ਸੀ.ਆਰ.ਬੀ. ਦੇ ਅੰਕੜਿਆਂ ਨੂੰ ਟਟੋਲਣ ਤੋਂ ਬਾਅਦ ਕਈ ਸੰਸਥਾਵਾਂ ਨੇ ਇਹ ਸੱਚ ਸਾਹਮਣੇ ਲਿਆਂਦਾ ਹੈ ਕਿ ਐਨ.ਡੀ.ਏ. ਸਰਕਾਰ ਦੇ ਆਉਣ ਤੋਂ ਬਾਅਦ ਗਊ ਰਕਸ਼ਾ ਦੇ ਨਾਂ ਤੇ ਮੁਸਲਮਾਨਾਂ ਨੂੰ 90% ਹਾਦਸਿਆਂ ਵਿਚ ਨਿਸ਼ਾਨਾ ਬਣਾਇਆ ਗਿਆ ਹੈ। ਜਦੋਂ ਕੋਮਾਂਤਰੀ ਪੱਧਰ ਤੇ ਭਾਰਤ ਸਰਕਾਰ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਤਾਂ ਐਨ.ਸੀ.ਆਰ.ਬੀ. ਨੇ ਇਨ੍ਹਾਂ ਮੌਤਾਂ ਬਾਰੇ ਜਾਣਕਾਰੀ ਦਰਜ ਕਰਨ ਦਾ ਢੰਗ ਹੀ ਬਦਲ ਦਿਤਾ। ਜੁਨੈਦ ਦੀ ਹਤਿਆ
Pepole Protest
ਇਕ ਟ੍ਰੇਨ ਵਿਚ ਸੀਟ ਲਈ ਆਮ ਜਹੀ ਝੜਪ ਬਣਾ ਦਿਤੀ ਗਈ, ਨਾਕਿ ਇਕ ਧਰਮ ਵਿਰੁਧ ਅਪਰਾਧ। ਹਾਲ ਵਿਚ ਹੀ ਝਾਰਖੰਡ ਵਿਚ ਗਊ ਹਤਿਆ ਦੀ ਫੈਲੀ ਇਕ ਅਫ਼ਵਾਹ ਦੇ ਆਧਾਰ ਤੇ ਭੀੜ ਵਲੋਂ ਇਕ ਮੁਸਲਮਾਨ ਨੂੰ ਮਾਰ ਦਿਤਾ ਗਿਆ ਅਤੇ ਦੂਜਾ ਅਪਣੀ ਜਾਨ ਵਾਸਤੇ ਜੂਝ ਰਿਹਾ ਹੈ। ਪਰ ਹੁਣ ਪੁਲਿਸ ਇਸ ਹਾਦਸੇ ਨੂੰ ਸੜਕ ਤੇ ਹੋਈ ਆਮ ਜਹੀ ਝੜਪ ਵਜੋਂ ਪੇਸ਼ ਕਰ ਰਹੀ ਹੈ। ਸ਼ਾਇਦ ਇਸੇ ਕਰ ਕੇ ਗਊ ਰਕਸ਼ਾ ਦੇ ਨਾਂ ਤੇ ਕਤਲ ਦੀਆਂ ਵਾਰਦਾਤਾਂ ਵਿਚ ਵੱਡੀ ਕਮੀ ਨਜ਼ਰ ਨਹੀਂ ਆ ਰਹੀ। ਪਰ ਜੇ ਦੂਜਾ ਪੱਖ ਵੇਖੀਏ ਤਾਂ ਇਹ ਤਾਂ ਨਹੀਂ ਕਿ ਯੂ.ਪੀ.ਏ. ਦੇ ਰਾਜ ਵਿਚ ਸੱਭ ਠੀਕ-ਠਾਕ ਸੀ। ਸਿੱਖ ਕਤਲੇਆਮ ਤਾਂ ਉਨ੍ਹਾਂ ਦੇ ਰਾਜ ਵਿਚ ਵੀ ਹੋਏ ਸਨ।
ਬਾਬਰੀ ਮਸਜਿਦ ਵਿਚ ਵੀ ਮੁਸਲਮਾਨ ਹੀ ਨਿਸ਼ਾਨਾ ਬਣੇ ਸਨ। ਪਰ ਉਸ ਵੇਲੇ ਅਤੇ ਹੁਣ ਵਿਚ ਬੜਾ ਫ਼ਰਕ ਹੈ। ਉਦੋਂ ਜੋ ਸਿੱਖ ਕਤਲੇਆਮ ਹੋਇਆ ਸੀ ਤੇ ਬਾਬਰੀ ਮਸਜਿਦ ਢਾਹੀ ਗਈ ਸੀ, ਉਨ੍ਹਾਂ ਪਿੱਛੇ ਇਕ ਯੋਜਨਾ, ਇਕ ਚਾਲ ਤੇ ਵੱਡਾ ਪੈਸਾ ਲੱਗਾ ਹੋਇਆ ਸੀ। ਹਰ ਦੰਗੇ ਪਿੱਛੇ ਕੋਈ ਕਾਰਨ ਹੁੰਦਾ ਸੀ ਅਤੇ ਇਕ ਧੜਾ ਭਾਵੇਂ ਅਪਣੇ ਕਾਰਕੁਨਾਂ ਨਾਲ ਜਾਂ ਭਾੜੇ ਦੇ ਕਾਤਲਾਂ ਨਾਲ ਐਲਾਨੀਆ ਫ਼ਿਰਕੂ ਕਹਿਰ ਮਚਾਉਂਦਾ ਸੀ। ਅੱਜ ਚੱਪੇ-ਚੱਪੇ ਤੇ ਨਾਗਰਿਕ, ਬਗ਼ੈਰ ਕਿਸੇ ਠੋਸ ਸਬੂਤ ਦੇ, ਬਗ਼ੈਰ ਕਿਸੇ ਭੜਕਾਊ ਭਾਸ਼ਣ ਦੇ, ਕਿਸੇ ਵੀ ਮੁਸਲਮਾਨ ਨੂੰ ਕਤਲ ਕਰਨ ਲਈ ਤਿਆਰ ਮਿਲਦੇ ਹਨ। ਕਦੇ ਮੁਸਲਮਾਨ, ਕਦੇ ਦਲਿਤ, ਕਦੇ ਕਸ਼ਮੀਰੀ, ਨਫ਼ਰਤ ਦਾ
Riots
ਨਿਸ਼ਾਨ ਬਣ ਜਾਂਦੇ ਹਨ। ਜਿਸ ਤਰ੍ਹਾਂ ਦੀ ਸਿਆਸਤ ਅਤੇ ਸਮਾਜਕ ਲਹਿਰ ਭਾਰਤ ਵਿਚ ਪਿਛਲੇ 70 ਸਾਲਾਂ ਤੋਂ ਚਲ ਰਹੀ ਹੈ, ਉਸ ਨੇ ਭਾਰਤ ਦੀ ਸੋਚਣੀ ਵਿਚ ਬਹੁਤ ਤਬਦੀਲੀਆਂ ਲਿਆ ਦਿਤੀਆਂ ਹਨ। ਜਿਹੜਾ ਦੇਸ਼ ਆਜ਼ਾਦੀ ਦੀ ਜੰਗ ਇਕਮੁਠ ਹੋ ਕੇ ਜਿਤਿਆ ਸੀ, ਉਹ 70 ਸਾਲਾਂ ਵਿਚ ਇਕ-ਦੂਜੇ ਦੇ ਖ਼ੂਨ ਦਾ ਪਿਆਸਾ ਬਣ ਗਿਆ ਹੈ। ਸਿਰਫ਼ ਧਰਮ ਜਾਂ ਜਾਤ ਜਾਂ ਔਰਤਾਂ ਵਿਰੁਧ ਅਪਰਾਧ ਹੀ ਨਹੀਂ ਵਧੇ, ਬਲਕਿ ਦੇਸ਼ ਵਿਚ ਕੱਟੜਤਾ ਵਧੀ ਹੈ ਅਤੇ ਭਾਈਚਾਰਕ ਸਾਂਝ, ਹਿੰਦੁਸਤਾਨੀਅਤ ਤੇ ਇਨਸਾਨੀਅਤ ਦਾ ਕਤਲ ਹੋਇਆ ਹੈ। ਕਲ ਦੀ ਖ਼ਬਰ ਹੈ ਕਿ ਕਿਸੇ ਥਾਂ ਇਕ ਆਦਮੀ ਦਾ ਰੇਲ ਪਟੜੀ ਪਾਰ ਕਰਦੇ ਸਮੇਂ ਪੈਰ ਕਟਿਆ ਗਿਆ।
ਲੋਕ ਅਤੇ ਪੁਲਿਸ ਖੜੇ ਵੇਖਦੇ ਰਹੇ। ਉਥੇ ਮੌਜੂਦ ਕੁੱਝ ਭਾਈਆਂ ਨੇ ਵੀਡੀਉ ਵੀ ਬਣਾਈ ਪਰ ਮਦਦ ਲਈ ਕੋਈ ਅੱਗੇ ਨਾ ਆਇਆ। ਆਦਮੀ ਨੇ ਆਪ ਅਪਣਾ ਕਟਿਆ ਹੋਇਆ ਪੈਰ ਚੁੱਕ ਕੇ ਪਲੇਟਫ਼ਾਰਮ ਤੇ ਸੁਟਿਆ ਅਤੇ ਫਿਰ ਆਪ ਵੀ ਪਲੇਟਫ਼ਾਰਮ ਉਤੇ ਚੜ੍ਹ ਗਿਆ। ਇਕ ਹੋਰ ਮਾਮਲੇ ਵਿਚ ਭੀੜ ਦੀ ਮਾਰ ਨਾਲ ਅਧਮਰਿਆ ਹੋ ਚੁੱਕਾ ਇਕ ਮੁਸਲਮਾਨ ਪਾਣੀ ਵਾਸਤੇ ਤਰਲੇ ਲੈਂਦਾ ਰਿਹਾ ਪਰ ਪੁਲਿਸ ਨੇ ਉਸ ਨੂੰ ਪਾਣੀ ਦੀ ਇਕ ਬੂੰਦ ਵੀ ਨਾ ਦਿਤੀ, ਬਲਕਿ ਉਸ ਨੂੰ ਬੋਰੀ ਵਾਂਗ ਚੁੱਕ ਕੇ ਹਸਪਤਾਲ ਲੈ ਗਏ ਜਿਥੇ ਪਹੁੰਚਣ ਤੋਂ ਪਹਿਲਾਂ ਹੀ ਉਹ ਮਰ ਗਿਆ ਸੀ। ਪਟਨਾ ਵਿਚ ਇਕ 12 ਸਾਲ ਦੇ ਬੱਚੇ ਨੂੰ ਅੰਬ ਚੋਰੀ ਕਰਨ ਬਦਲੇ ਗੋਲੀ ਨਾਲ ਮਾਰ ਦਿਤਾ
ਗਿਆ। ਛੋਟੀ-ਛੋਟੀ ਚੋਰੀ ਵਾਸਤੇ ਬੱਚਿਆਂ ਨੂੰ ਨੰਗਿਆਂ ਕਰ ਕੇ ਸੜਕਾਂ ਉਤੇ ਕੁਟਣਾ ਆਮ ਗੱਲ ਹੋ ਗਈ ਹੈ। ਇਹ ਸਾਡੇ ਰਾਜਨੀਤਕ ਮਾਹੌਲ ਦਾ ਕਸੂਰ ਹੈ ਜਾਂ ਸਾਡੇ ਸਮਾਜ ਵਿਚ ਧਰਮ ਅਤੇ ਜਾਤ ਦੀਆਂ ਲਕੀਰਾਂ ਦਾ ਜਾਂ ਗ਼ਰੀਬੀ ਦਾ? ਜੋ ਵੀ ਹੈ, ਪਰ ਇਹ ਜ਼ਰੂਰ ਸਾਫ਼ ਹੈ ਕਿ ਸਾਡਾ ਸਮਾਜ ਬਹੁਤ ਕੁਰੱਖ਼ਤ ਹੋ ਗਿਆ ਹੈ। ਸਾਡੇ 'ਚੋਂ ਕੁੱਝ ਲੋਕ ਫ਼ੋਨ ਦੇ ਪਿੱਛੇ ਲੁਕ ਕੇ ਅਪਣੇ ਆਪ ਨੂੰ ਹਕੀਕਤ ਤੋਂ ਹੋਰ ਦੂਰ ਕਰ ਲੈਂਦੇ ਹਨ ਅਤੇ ਕਈ ਤਾਂ ਐਵੇਂ ਖੜੇ ਵੇਖਦੇ ਹੀ ਰਹਿੰਦੇ ਹਨ ਅਤੇ ਫਿਰ ਅਪਣੀ ਦੁਨੀਆਂ ਵਿਚ ਗੁਆਚ ਜਾਂਦੇ ਹਨ, ਕਿਸੇ ਦੁਖਿਆਰੇ ਦੀ ਮਦਦ ਲਈ ਕੁੱਝ ਨਹੀਂ ਕਰਦੇ। ਇਹ ਇਨਸਾਨੀਅਤ ਦੀ ਮੌਤ ਹੀ ਤਾਂ ਹੈ। -ਨਿਮਰਤ ਕੌਰ