
ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਸਿੱਖਾਂ ਲਈ ਵਿਸ਼ੇਸ਼ ਹੈਲਮੈਟ ਅੱਜ ਵੀ ਮਿਲਦਾ ਹੈ ਕੇਵਲ 18% ਪਗੜੀਧਾਰੀ ਸਿੱਖ ਰਹਿ ਗਏ ਹਨ, ਇਸ ਬਾਰੇ ਵੀ ਕੁੱਝ ਕਰਨਾ ਚਾਹੀਦਾ ਹੈ
ਆਪ ਜੀ ਦੇ ਅਖ਼ਬਾਰ ਤੇ ਹੋਰ ਰਸਾਲਿਆਂ ਵਿਚ ਵੀ ਔਰਤਾਂ ਲਈ ਸਕੂਟਰ/ਮੋਟਰ ਸਾਈਕਲ ਚਲਾਉਣ ਸਮੇਂ ਹੈਲਮੈਟ ਤੋਂ ਛੋਟ ਦਾ ਜ਼ਿਕਰ ਕਿਸੇ ਨਾ ਕਿਸੇ ਰੂਪ ਵਿਚ ਚਲਦਾ ਆ ਰਿਹਾ ਹੈ। ਇਹ ਛੋਟ ਸਿੱਖ ਬੀਬੀਆਂ ਦੇ ਨਾਲ-ਨਾਲ ਸੱਭ ਬੀਬੀਆਂ ਨੂੰ ਮਿਲ ਗਈ ਜਾਪਦੀ ਹੈ। ਸਿੱਖ ਅਦਾਰੇ ਛੋਟ ਤੇ ਜ਼ੋਰ ਦੇ ਰਹੇ ਹਨ, ਪ੍ਰੰਤੂ ਛੋਟ ਨਾਲ ਔਰਤਾਂ ਵਲੋਂ ਪਗੜੀ ਦਾ ਜ਼ਿਕਰ ਜਿਵੇਂ ਲੋੜੀਂਦਾ ਹੀ ਨਹੀਂ ਰਿਹਾ। ਸਿੱਖ ਸਾਹਿਬਾਨ ਜੋ ਪਗੜੀਧਾਰੀ ਹਨ ਤੇ ਭਾਰੀ ਪਗੜੀ ਦੀ ਵਰਤੋਂ ਕਰਦੇ ਹਨ,
ਹੈਲਮੈਟ ਦੀ ਜ਼ਰੂਰਤ ਪੂਰੀ ਕਰਦੇ ਹਨ। ਇਨ੍ਹਾਂ ਵਿਚੋਂ ਜੋ ਪਗੜੀ ਬੰਨ੍ਹੀ ਬਨ੍ਹਾਈ ਉਤਾਰ ਕੇ ਰਖਦੇ ਹਨ ਤੇ ਉਸ ਨੂੰ ਦੁਬਾਰਾ ਧਰ ਲੈਂਦੇ ਹਨ, ਸ਼ਾਇਦ ਸੁਰੱਖਿਅਤ ਨਾ ਹੋਣ। ਜਦੋਂ ਦੁਰਘਟਨਾ ਦਾ ਝਟਕਾ ਲਗਦਾ ਹੈ ਤਾਂ ਪਗੜੀ ਪਹਿਲਾਂ ਦੂਰ ਜਾ ਡਿਗਦੀ ਹੈ ਤੇ ਸਿਰ ਨੂੰ ਸੱਟ ਉਸੇ ਤਰ੍ਹਾਂ ਪ੍ਰਭਾਵਤ ਕਰਦੀ ਹੈ ਜਿਸ ਤਰ੍ਹਾਂ ਨੰਗੇ ਸਿਰ ਵਾਲਿਆਂ ਨੂੰ। ਸਿਆਣੇ ਪਗੜੀਧਾਰੀ, ਪਗੜੀ ਦੇ ਉਤੋਂ ਠਾਠਾ ਬੰਨ੍ਹ ਕੇ ਪਗੜੀ ਨੂੰ ਬਚਾਈ ਰੱਖਣ ਦਾ ਉਪਰਾਲਾ ਕਰ ਲੈਂਦੇ ਹਨ।
ਗੱਲ ਬੀਬੀਆਂ ਨੂੰ ਹੈਲਮੇਟ ਤੋਂ ਛੋਟ ਦੇਣ ਦੀ ਉਠਾਈ ਗਈ ਹੈ। ਅੱਵਲ ਤਾਂ ਬੀਬੀਆਂ ਨੰਗੇ ਸਿਰ, ਦੁਪੱਟੇ ਨਾਲ ਹੁੰਦੀਆਂ ਹਨ ਤੇ ਕੋਈ ਵਿਰਲੀ ਹੀ ਕੇਸਕੀ (ਦਸਤਾਰ ਆਖੋ ਜਾਂ ਹਲਕੀ ਪਟਕੀ) ਬੰਨ੍ਹ ਲੈਂਦੀ ਹੈ। ਇਸ ਨਾਲ ਬਚਾਅ ਤਾਂ ਨਹੀਂ ਹੋ ਸਕਦਾ, ਹਾਂ ਸਰਕਾਰੀ ਕਾਨੂੰਨ ਤੋਂ ਜ਼ਰੂਰ ਬਚਾਅ ਹੋ ਜਾਂਦਾ ਹੈ। ਕੀ ਸਾਡੇ ਸਿੱਖ ਨੇਤਾ, ਖ਼ਾਸ ਤੌਰ ਤੇ ਸਿੱਖ ਔਰਤਾਂ ਦੇ ਆਗੂ ਮਾਮਲੇ ਦਾ ਸਰਵੇਖਣ ਕਰ ਕੇ ਕਿਸੇ ਨਤੀਜੇ ਉਤੇ ਨਹੀਂ ਪਹੁੰਚ ਸਕਦੇ? ਇਹ ਠੀਕ ਹੈ ਕੇ ਨੇਤਾ ਲੋਕ ਤਾਂ ਕਾਰਾਂ ਵਿਚ ਵਿਚਰਦੇ ਹਨ ਤੇ ਦੁਰਘਟਨਾਵਾਂ ਹਰ ਵੇਲੇ ਤਾਂ ਹੁੰਦੀਆਂ ਨਹੀਂ, ਪਰੰਤੂ ਬਚਾਅ ਦੀ ਵਿਧੀ ਜਾਂ ਛੋਟ ਸਿੱਖਾਂ ਲਈ ਹਾਸੋਹੀਣੀ ਲਗਦੀ ਹੈ।
Helmet For Woman
ਕੀ ਸਿੱਖ ਆਗੂ ਸਟੱਡੀ ਕਰਨਗੇ ਕਿ ਪਹਿਲੀ ਤੇ ਦੂਜੀ ਸੰਸਾਰ ਜੰਗ ਵਿਚ ਸਿੱਖ ਫ਼ੌਜੀਆਂ ਨੇ ਸਟੀਲ ਹੈਲਮੈਟ ਤੋਂ ਛੋਟ ਕਿਸ ਤਰ੍ਹਾਂ ਪ੍ਰਾਪਤ ਕੀਤੀ ਸੀ? ਸ਼ਾਇਦ ਉਨ੍ਹਾਂ ਨੇ ਲਿਖਤੀ ਰੂਪ ਵਿਚ ਦਿਤਾ ਹੋਵੇ ਕਿ ਸਿਰ ਦੀ ਸੱਟ ਨਾਲ ਮੌਤ ਦਾ ਇਵਜ਼ਾਨਾ ਅਜਿਹੇ ਸੈਨਿਕ ਨਹੀਂ ਮੰਗਣਗੇ। ਇਸ ਤੋਂ ਬਿਨਾ ਪਟਿਆਲਾ ਸਥਿਤ ਮੈਡਲ ਗੈਲਰੀ (ਪੁਰਾਣਾ ਮੋਤੀ ਬਾਗ਼) ਵਿਚ ਜਿਥੇ ਸਮੂਹ ਦੇਸ਼ਾਂ ਦੇ ਮੈਡਲ ਸੁਰੱਖਿਅਤ ਰੱਖੇ ਗਏ ਹਨ, ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੀ ਸਟੀਲ ਹੈਲਮੈਟ ਪਈ ਹੈ ਜਿਸ ਵਿਚ ਵਿਚਕਾਰੋਂ ਉਭਾਰ ਨਾਲ ਕੇਸਾਂ ਦੇ ਜੂੜੇ ਲਈ ਉਭਾਰ ਬਣਿਆ ਹੋਇਆ ਹੈ। ਅਧਿਐਨ ਕੀਤਿਆਂ ਹੈਲਮੈਟ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਹੋਵੇਗੀ।
ਉਂਜ ਬੜਾ ਮੁਸ਼ਕਿਲ ਹੈ ਗੱਲ ਕਰਨਾ। ਜਦੋਂ ਵੀ ਕਿਸੇ ਯੂਨੀਵਰਸਟੀ ਦੇ ਪ੍ਰੋਫ਼ੈਸਰ ਜਾਂ ਹੋਰ ਉੱਚ ਵਿਦਿਆ ਪ੍ਰਾਪਤ ਸਿੱਖ ਨੇ ਸੂਝਾਅ ਦਿਤੇ ਤਾਂ ਉਸ ਸਿੱਖ ਨੂੰ ਸਿੱਖੀ ਵਿਚੋਂ ਛੇਕ ਦਿਤਾ ਗਿਆ। ਹੋਰ ਤਾਂ ਹੋਰ ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਨੂੰ ਪਰਮ ਮਨੁੱਖ ਨਾਂ ਦੀ ਪੁਸਤਕ ਲਿਖਣ ਕਾਰਨ, ਜੋ ਉਨ੍ਹਾਂ ਸ਼ਰਧਾ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਅਰਪਣ ਕੀਤੀ, ਉਨ੍ਹਾਂ ਨੂੰ ਸਿੱਖੀ ਵਿਚੋਂ ਛੇਕਿਆ ਗਿਆ ਸੀ। ਬਾਅਦ ਵਿਚ ਵਾਪਸ ਲੈ ਲਿਆ ਗਿਆ। ਕੁੱਝ ਹੋਰ ਪ੍ਰੋਫ਼ੈਸਰਾਂ ਨੂੰ ਵੀ ਅਜਿਹਾ ਕੁੱਝ ਭਗਤਣਾ ਪਿਆ। ਵਕਤ ਦੀ ਜ਼ਰੂਰਤ ਹੈ ਕਿ ਸਿੱਖ ਬੁਧੀਜੀਵੀ, ਬੀਬੀਆਂ ਵਲੋਂ ਹੈਲਮੈਟ ਦੀ ਵਰਤੋਂ ਉਤੇ ਰੋਕ ਬਾਰੇ ਕੋਈ ਰਾਹ ਕੱਢਣ।
ਦੁੱਖ ਦੀ ਗੱਲ ਤਾਂ ਇਹ ਹੈ ਕਿ ਪਗੜੀਧਾਰੀ ਪੰਜਾਬ ਵਿਚ 18 ਫ਼ੀ ਸਦੀ ਹੀ ਰਹਿ ਗਏ ਹਨ। ਜੇ ਕੋਈ ਚਾਰਾਜੋਈ ਕਰਨੀ ਹੋਵੇ ਤਾਂ ਇਧਰ ਬਚਾਅ ਕਰੀਏ ਕਿਉਂਕਿ ਜੋ ਪਗੜੀਧਾਰੀ ਨਾ ਰਿਹਾ, ਉਸ ਨੇ ਤਾਂ ਮੋਟਰਸਾਈਕਲ ਚਲਾਉਣ ਵੇਲੇ ਹੈਲਮੈਟ ਪਾਉਣਾ ਹੀ ਹੈ। ਉਹ ਨਹੀਂ ਕਹਿ ਸਕੇਗਾ ਕੇ ਮੈਂ ਸਿੱਖ ਹਾਂ ਪਰ ਪਗੜੀ ਨਹੀਂ ਬੰਨ੍ਹਦਾ। ਆਉ ਅਸੀ ਆਪ ਵੀ ਅਪਣੇ ਬਾਰੇ ਕੁੱਝ ਸੋਚ ਵਿਚਾਰ ਕਰਦਿਆਂ, ਜੋ ਕੁੱਝ ਆਪ ਕਰ ਸਕਦੇ ਹਾਂ, ਜ਼ਰੂਰ ਕਰੀਏ। ਸ਼ੁਕਰ ਹੈ ਕਿ ਸੀਟ ਬੈਲਟ ਆਦਿ ਬਾਰੇ ਕੋਈ ਅਜੇਹੀ ਗੱਲ ਨਹੀਂ ਆਖੀ ਗਈ।
-ਕੈਪਟਨ ਮੋਹਿੰਦਰ ਸਿੰਘ, 1-ਏ /5 ਮਾਡਲ ਟਾਊਨ, ਪਟਿਆਲਾ -147001,
ਸੰਪਰਕ : 0175-5203076, 98153-97037