
ਕਿਸੇ ਦੀ ਮਿਹਨਤ ਦਾ ਸਤਿਕਾਰ ਕਰਨ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਸਥਾਨਕ ਭਾਸ਼ਾ, ਕਲਚਰ ਤੇ ਸਰਕਾਰੀ ਨੌਕਰੀਆਂ ’ਚੋਂ ਤੁਹਾਨੂੰ ਕੱਢ ਕੇ ਆਪ ਕਾਬਜ਼ ਹੋ ਜਾਵੇ
Editorial: ਸੁਖਪਾਲ ਖਹਿਰਾ ਵਲੋਂ ਜੋ ਕੁੱਝ ਪ੍ਰਵਾਸੀ ਮਜ਼ਦੂਰਾਂ ਬਾਰੇ ਆਖਿਆ ਗਿਆ, ਉਹ ਕਿਸੇ ਪੰਜਾਬੀ ਆਗੂ ਵਲੋਂ ਪਹਿਲੀ ਵਾਰ ਨਹੀਂ ਆਖਿਆ ਗਿਆ। ਭਾਵੇਂ ਪੰਜਾਬ ਦੀ ਆਰਥਕਤਾ ਵਿਚ ਪ੍ਰਵਾਸੀ ਮਜ਼ਦੂਰ ਦੀ ਮਿਹਨਤ ਦੇ ਪਸੀਨੇ ਦਾ ਓਨਾ ਹੀ ਹਿੱਸਾ ਹੁੰਦਾ ਹੈ ਜਿੰਨਾ ਬਰਤਾਨਵੀ, ਅਮਰੀਕੀ ਤੇ ਕੈਨੇਡੀਅਨ ਆਰਥਕਤਾ ਵਿਚ ਸਿੱਖਾਂ ਸਮੇਤ ਭਾਰਤੀਆਂ ਤੇ ਹੋਰ ਵਿਦੇਸ਼ੀਆਂ ਦਾ ਹਿੱਸਾ ਹੁੰਦਾ ਹੈ ਜਾਂ ਸ਼ਾਇਦ ਜ਼ਿਆਦਾ ਵੱਡਾ ਹਿੱਸਾ ਹੁੰਦਾ ਹੈ ਪਰ ਉਹ (ਗੋਰੇ) ਹਰ ਸਾਲ ਆਪ ਫ਼ੈਸਲਾ ਕਰਦੇ ਹਨ ਕਿ ਕਿੰਨੇ ਵਿਦੇਸ਼ੀਆਂ ਨੂੰ ਇਸ ਸਾਲ ਇਥੇ ਆਉਣ ਦੇਣਾ ਹੈ ਤੇ ਕਿੰਨਿਆਂ ਨੂੰ ਵਾਪਸ ਭੇਜ ਦੇਣਾ ਹੈ।
ਕਿਸੇ ਦੀ ਮਿਹਨਤ ਦਾ ਸਤਿਕਾਰ ਕਰਨ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਸਥਾਨਕ ਭਾਸ਼ਾ, ਕਲਚਰ ਤੇ ਸਰਕਾਰੀ ਨੌਕਰੀਆਂ ’ਚੋਂ ਤੁਹਾਨੂੰ ਕੱਢ ਕੇ ਆਪ ਕਾਬਜ਼ ਹੋ ਜਾਵੇ। ਅੰਗਰੇਜ਼ਾਂ ਨੂੰ ਵੀ ਜਦ ਸਾਡੀ ਸਸਤੀ ਲੇਬਰ ਦੀ ਲੋੜ ਸੀ, ਉਨ੍ਹਾਂ ਸਾਨੂੰ ਜੀਅ ਆਇਆਂ ਕਿਹਾ, ਉਸ ਤਰ੍ਹਾਂ ਹੀ ਜਿਵੇਂ ਅਸੀ ਕੋਰੋਨਾ ਕਾਲ ਸਮੇਂ ਪ੍ਰਵਾਸੀ ਲੇਬਰ ਨੂੰ ਦੁਗਣੇ ਚੌਗੁਣੇ ਰੇਟ ਦੇ ਦੇ ਕੇ ਵੀ ਜੀਅ ਆਇਆਂ ਕਿਹਾ। ਪਰ ਸਾਧਾਰਣ ਹਾਲਤ ਵਿਚ ਇੰਗਲੈਂਡ ਹੋਵੇ, ਚੀਨ ਹੋਵੇ, ਅਮਰੀਕਾ ਹੋਵੇ ਜਾਂ ਭਾਰਤ ਹੋਵੇ, ਹਰ ਇਕ ਨੂੰ ਅਪਣੀ ਸਲਾਮਤੀ ਤੇ ਬਰਤਰੀ ਨੂੰ ਪਹਿਲ ਦੇਣੀ ਹੀ ਪੈਂਦੀ ਹੈ।
ਅੱਜ ਪੰਜਾਬ ਕਾਂਗਰਸ ਵਿਚ ਆਪ ਹੀ ਇਸ ਮੁੱਦੇ ਬਾਰੇ ਸਹਿਮਤੀ ਨਹੀਂ ਕਿਉਂਕਿ ਹੁਣ ਪ੍ਰਵਾਸੀ ਕਈ ਥਾਵਾਂ ’ਤੇ ਪੱਕੇ ਪੈਰ ਜਮਾ ਚੁੱਕੇ ਹਨ। ਮਸਲਨ ਲੁਧਿਆਣਾ ਵਿਚ ਪ੍ਰਵਾਸੀ ਵੋਟਰ 3.5 ਲੱਖ ਦੇ ਕਰੀਬ ਹਨ। ਉਥੇ ਉਨ੍ਹਾਂ ਨੂੰ ਅਪਣੇ ਹੱਕ ਵਿਚ ਲਾਮਬੰਦ ਕਰਨ ਲਈ ਹਿੰਦੀ ਗੜ੍ਹ ਦੇ ਸਾਧ ਰਾਜ ਯੋਗੀ ਅਦਿਤਯਨਾਥ ਵਲੋਂ ਰੈਲੀ ਰੱਖੀ ਜਾ ਰਹੀ ਹੈ।
ਸੁਖਪਾਲ ਖਹਿਰਾ ਨੇ ਬਾਅਦ ਵਿਚ ਅਪਣੇ ਬਿਆਨ ਨੂੰ ਸਪੱਸ਼ਟ ਕਰਦਿਆਂ ਆਖਿਆ ਤਾਂ ਹੈ ਕਿ ਉਨ੍ਹਾਂ ਨੇ ਇਹ ਬਿਆਨ ਸਿਰਫ਼ ਹਿਮਾਚਲ ਵਿਚ ਗ਼ੈਰ-ਹਿਮਾਚਲੀਆਂ ਉਤੇ ਜ਼ਮੀਨ ਨਾ ਖ਼ਰੀਦ ਸਕਣ ਵਾਲੀ ਪਾਬੰਦੀ ਨੂੰ ਲੈ ਕੇ ਦਿਤਾ ਸੀ ਪਰ ਇਸ ਬਿਆਨ ਦਾ ਜੋ ਅਸਰ ਨਹੀਂ ਸੀ ਹੋਣਾ ਚਾਹੀਦਾ, ਉਹ ਹੋ ਕੇ ਰਿਹਾ। ਕਦੇ ਕੋਈ ਪ੍ਰਵਾਸੀ ਕਾਲੋਨੀਆਂ ਨੂੰ ਤੋੜ ਕੇ ਪੰਜਾਬੀਅਤ ਦੀ ਗੱਲ ਕਰਦਾ ਹੈ, ਕਦੇ ਮੰਚਾਂ ਤੋਂ ਯੂਪੀ ਬਿਹਾਰੀਆਂ ਬਾਰੇ ਹਲਕੇ ਅਲਫ਼ਾਜ਼ ਆਖੇ ਜਾਂਦੇ ਹਨ। ਇਸ ਦਾ ਅਸਰ ਵੋਟਾਂ ਤੇ ਪੈ ਸਕਦਾ ਹੈ, ਜਿਥੇ ਸ਼ਾਇਦ ਕੁੱਝ ਫ਼ਾਇਦਾ ਕਿਸੇ ਨੂੰ ਮਿਲ ਜਾਵੇ ਪਰ ਉਸ ਦਾ ਵੱਡਾ ਨੁਕਸਾਨ ਸਾਡੀ ਪੰਜਾਬੀਅਤ ’ਤੇ ਪੈਂਦਾ ਹੈ। ਪੰਜਾਬੀਅਤ ਐਸੀ ਤੰਗ ਦਿਲ ਨਹੀਂ ਕਿ ਉਹ ਅਪਣੇ ਨਾਲ ਹੱਥ ਵਟਾਉਣ ਵਾਲੇ ਨੂੰ ਇਸ ਤਰ੍ਹਾਂ ਦੀ ਨਜ਼ਰ ਨਾਲ ਵੇਖੇ।
ਅਪਣੀ ਜ਼ਬਾਨ, ਅਪਣੇ ਕਲਚਰ ਤੇ ਸਰਕਾਰ ਵਿਚ ਪੰਜਾਬੀ ਦੀ ਬਰਤਰੀ ਨੂੰ ਕਾਇਮ ਰੱਖਣ ਦੇ ਅੰਗਰੇਜ਼ਾਂ ਵਾਲੇ ਤਰੀਕੇ ਅਪਨਾਉਣੇ ਚਾਹੀਦੇ ਹਨ। ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਅਮਰੀਕਾ ਵਿਚ ਵੇਖਿਆ ਜਾ ਸਕਦੈ ਕਿ ਉਨ੍ਹਾਂ ਨੇ ਪ੍ਰਵਾਸੀਆਂ ਨੂੰ ਅਪਣੇ ਕਲਚਰ, ਭਾਸ਼ਾ ਤੇ ਸਰਕਾਰ ਉਤੇ ਛਾ ਜਾਣੋਂ ਵੀ ਰੋਕ ਲਿਆ ਤੇ ਪ੍ਰਵਾਸੀਆਂ ਨੂੰ ਬੇਗਾਨੇ ਹੋਣ ਦਾ ਅਹਿਸਾਸ ਵੀ ਨਹੀਂ ਹੋਣ ਦਿਤਾ। ਇਸ ਨੂੰ ਡਿਪਲੋਮੈਸੀ ਕਹਿੰਦੇ ਹਨ। ਸਿੱਖ ਵਿਦੇਸ਼ੀ ਸੰਸਦਾਂ ਵਿਚ ਦਸਤਾਰ ਪਾ ਕੇ ਅਹਿਮ ਅਹੁਦਿਆਂ ’ਤੇ ਬੈਠੇ ਹਨ। ਇਕ ਦਸਤਾਰਧਾਰੀ ਗੁਰਸਿੱਖ ਕੈਨੇਡਾ ਦਾ ਸੁਰੱਖਿਆ ਮੰਤਰੀ ਰਿਹਾ ਹੈ।
ਕਿੰਨੇ ਹੀ ਪ੍ਰਵਾਸੀ ਪੰਜਾਬੀ ਸਿੱਖ ਪ੍ਰਵਾਰ ਵਿਦੇਸ਼ਾਂ ਵਿਚ ਮਜ਼ਦੂਰੀ ਕਰਨ ਤੋਂ ਸ਼ੁਰੂਆਤ ਕਰ ਕੇ ਅੱਜ ਨਿੱਜੀ ਹਵਾਈ ਜਹਾਜ਼ਾਂ ’ਤੇ ਸਫ਼ਰ ਕਰ ਰਹੇ ਹਨ। ਸਾਡੇ ਅਪਣਿਆਂ ਨੂੰ ਵਿਦੇਸ਼ਾਂ ’ਚੋਂ ਬੜੀ ਵਾਰ ਕੱਢਣ ਦੇ ਯਤਨ ਕੀਤੇ ਗਏ ਪਰ ਉਨ੍ਹਾਂ ਗੋਰਿਆਂ ਦੇ ਦਿਲ ਵੱਡੇ ਸਨ ਤੇ ਉਨ੍ਹਾਂ ਨੇ ਅਪਣੇ ਸਿਸਟਮ ਵਿਚ ਪ੍ਰਵਾਸੀਆਂ ਲਈ ਵੀ ਥਾਂ ਬਣਾ ਲਈ। ਉਥੇ ਜੇ ਇਕ ਸਿੱਖ ਦੀ, ਨਫ਼ਰਤ ਕਾਰਨ ਮੌਤ ਹੋ ਜਾਂਦੀ ਹੈ ਤਾਂ ਸਰਕਾਰਾਂ ਕਾਤਲ ਨੂੰ ਫੜਨ ਤੇ ਸਜ਼ਾ ਦੇਣ ਲਈ ਡੱਟ ਜਾਂਦੀਆਂ ਹਨ। ਅਫ਼ਰੀਕਾ ਦੇ ਦੋ ਕੁ ਦੇਸ਼ਾਂ ਵਿਚ ਭਾਰਤੀ ਤੇ ਖ਼ਾਸ ਤੌਰ ’ਤੇ ਸਿੱਖ ਜਦ ਸਥਾਨਕ ਲੋਕਾਂ ਉਤੇ ਛਾ ਗਏ ਤਾਂ ਉਨ੍ਹਾਂ ਨੂੰ ਰਾਤੋ ਰਾਤ ਉਥੋਂ ਕੱਢ ਵੀ ਦਿਤਾ ਗਿਆ ਸੀ।
ਇਹ ਸਮਤੋਲ (ਬੈਲੈਂਸ) ਤਾਂ ਬਣਾ ਕੇ ਰਖਣਾ ਹੀ ਪੈਂਦਾ ਹੈ ਪਰ ਸਿਆਣਪ ਵਾਲੀ ਰਾਜਨੀਤੀ ਵਰਤ ਕੇ। ਪਛਮੀ ਦੇਸ਼ ਬੜੇ ਢੰਗ ਨਾਲ ਅਪਣੀ ਹਰ ਚੀਜ਼ ਨੂੰ ਬਣਾ ਲੈਂਦੇ ਹਨ ਪਰ ਅਸੀ ਰੌਲਾ ਪਾ ਕੇ ਅਪਣਾ ਨੁਕਸਾਨ ਜ਼ਿਆਦਾ ਕਰ ਲੈਂਦੇ ਹਾਂ। ਅਸੀ ਭਾਰਤ ਦੇ ਹਰ ਕੋਨੇ ਵਿਚ ਹਾਂ ਤੇ ਜਿਹੜੀ ਥਾਂ ਤੇ ਕਮੀ ਹੈ, ਉਸ ਨੂੰ ਪੂਰਾ ਕਰਵਾਇਆ ਜਾਵੇ ਪਰ ਵੋਟਾਂ ਖ਼ਾਤਰ ਅਜਿਹੇ ਪ੍ਰਸ਼ਨ ਨਾ ਉਛਾਲੇ ਜਾਣ ਜਾਣ ਤਾਂ ਬਿਹਤਰ ਹੋਵੇਗਾ। ਉਂਜ ਭਾਸ਼ਾਈ ਸੂਬੇ ਬਣਾਉਣ ਦਾ ਇਕ ਮਤਲਬ ਇਹ ਵੀ ਸੀ ਕਿ ਅਪਣੇ ਭਾਸ਼ਾਈ ਬਗੀਚੇ ਨੂੰ ਬਚਾਉਣ ਲਈ ਵਾੜ ਲਗਾਉਣ ਦਾ ਹੱਕ ਹਰ ਸੂਬੇ ਨੂੰ ਹੋਵੇਗਾ ਤੇ ਇਸ ਨੂੰ ਕੱਟੜਪੁਣਾ ਨਹੀਂ ਮੰਨਿਆ ਜਾਵੇਗਾ। - ਨਿਮਰਤ ਕੌਰ