
Editorial: ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਪ੍ਰੋ. ਭੁੱਲਰ ਵਿਰੁਧ ਸਨ ਤੇ ਮੰਨਦੇ ਸਨ ਕਿ ਪ੍ਰੋ. ਭੁੱਲਰ ਨੇ ਹੀ 1991 ’ਚ ਉਨ੍ਹਾਂ ਦੀ ਗੱਡੀ ’ਤੇ ਹਮਲਾ ਕਰਵਾਇਆ ਸੀ।
In the case of Bhullar, the double policy of the political parties is causing suffering to the entire Sikh panth: ਪ੍ਰੋ. ਭੁੱਲਰ ਨੂੰ ਮੁੜ ਤੋਂ ਰਿਹਾਈ ਨਾ ਦੇਣ ’ਤੇ ਸਾਰੇ ਸਿੱਖਾਂ ਅੰਦਰ ਭਾਰੀ ਨਿਰਾਸ਼ਾ ਪੈਦਾ ਹੋ ਗਈ ਹੈ। ਸਿਆਸੀ ਬਿਆਨਬਾਜ਼ੀ ਚਲਦੀ ਰਹੇਗੀ ਪਰ ਇਨ੍ਹਾਂ ’ਚੋਂ ਕਿਸੇ ’ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਜਿਹੜਾ ਕੋਈ ਅੱਜ ਅਪਣੇ ਆਪ ਨੂੰ ਸਾਫ ਦੱਸ ਰਿਹਾ ਹੈ, ਜ਼ਰੂਰੀ ਨਹੀਂ ਕਿ ਉਹ ਪਹਿਲਾਂ ਵੀ ਪ੍ਰੋ. ਭੁੱਲਰ ਦੇ ਖ਼ਿਲਾਫ਼ ਨਹੀਂ ਸੀ। ਅਕਾਲੀ ਦਲ ਅੱਜ ‘ਪੰਜਾਬ ਬਚਾਉ’ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ ਤੇ ਜ਼ਰੂਰ ਹੀ ਇਸ ਗੱਲ ਨੂੰ ਉਛਾਲੇਗਾ ਪਰ ਸੱਚ ਇਹ ਵੀ ਹੈ ਕਿ 2009 ਵਿਚ ਅਕਾਲੀ ਸਰਕਾਰ ਨੇ ਸੁਪਰੀਮ ਕੋਰਟ ’ਚ ਇਕ ਹਲਫ਼ਨਾਮਾ ਦਾਖ਼ਲ ਕੀਤਾ ਸੀ ਜਿਸ ਵਿਚ ਉਨ੍ਹਾਂ ਨੂੰ ਇਕ ਪੱਕਾ ਅਤਿਵਾਦੀ ਕਰਾਰ ਦਿਤਾ ਸੀ।
ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਪ੍ਰੋ. ਭੁੱਲਰ ਵਿਰੁਧ ਸਨ ਤੇ ਮੰਨਦੇ ਸਨ ਕਿ ਪ੍ਰੋ. ਭੁੱਲਰ ਨੇ ਹੀ 1991 ’ਚ ਉਨ੍ਹਾਂ ਦੀ ਗੱਡੀ ’ਤੇ ਹਮਲਾ ਕਰਵਾਇਆ ਸੀ। ਜੇ ਪ੍ਰੋ. ਭੁੱਲਰ ਦੇ ਕੇਸ ਦੀ ਅੱਜ ਵੀ ਕਿਸੇ ਅੰਤਰ-ਰਾਸ਼ਟਰੀ ਪੈਨਲ ਵਲੋਂ ਜਾਂਚ ਕੀਤੀ ਜਾਵੇ ਤਾਂ ਉਹ ਜ਼ਰੂਰ ਦੋਸ਼-ਮੁਕਤ ਸਾਬਤ ਹੋਵੇਗਾ ਪਰ ਜਦ ਇਕ ‘ਪੰਥਕ ਸਰਕਾਰ’ ਹੀ ਸਿੱਖ ਪ੍ਰੋਫ਼ੈਸਰ ਵਿਰੁਧ ਖੜੀ ਸੀ ਤਾਂ ਫਿਰ ਉਨ੍ਹਾਂ ਨੂੰ ਨਿਆਂ ਕਿਸ ਨੇ ਦੇਣਾ ਸੀ? ਪ੍ਰੋਫ਼ੈਸਰ ਭੁੱਲਰ ਇਕ ਤਾਂ ਜੇਲ ਵਿਚ ਰਿਹਾ ਸੀ ਤੇ ਦੂਜਾ ਦਹਾਕਿਆਂ ਤੋਂ ਤਸ਼ੱਦਦ ਝਲਦਾ ਅੱਜ ਇਕ ਮਾਨਸਕ ਰੋਗੀ ਬਣ ਚੁਕਾ ਹੈ ਜਿਸ ਕਾਰਨ 2023 ਵਿਚ ਸਿੱਖ ਜਥੇਬੰਦੀਆਂ ਦੇ ਜ਼ੋਰਦਾਰ ਦਬਾਅ ਹੇਠ ਅਕਾਲੀ ਦਲ ਨੇ ਉਸ ਲਈ ਰਾਹਤ ਮੰਗੀ ਸੀ।
ਅੰਤਰਰਾਸ਼ਟਰੀ ਸੰਸਥਾਵਾਂ ਤੋਂ ਲੈ ਕੇ ਕਈ ਭਾਜਪਾ ਆਗੂ ਵੀ ਪ੍ਰੋ. ਭੁੱਲਰ ਵਾਸਤੇ ਰਿਹਾਈ ਮੰਗਦੇ ਆ ਰਹੇ ਹਨ ਪਰ ਕਿਸੇ ਕਾਰਨ ਇਹ ਅਪੀਲ ਸਰਕਾਰ ਦੇ ਕੰਨਾਂ ਤਕ ਨਹੀਂ ਪਹੁੰਚ ਰਹੀ। ਗ੍ਰਹਿ ਮੰਤਰੀ ਆਖਦੇ ਹਨ ਕਿ ਜੋ ਲੋਕ ਅਪਣੀ ਗ਼ਲਤੀ ਨਹੀਂ ਮੰਨਦੇ, ਉਨ੍ਹਾਂ ਵਸਤੇ ਸਰਕਾਰ ਕੋਈ ਨਰਮੀ ਨਹੀਂ ਵਿਖਾਏਗੀ। ਪਰ ਜੋ ਇਨਸਾਨ ਇਕ ਮਾਨਸਿਕ ਮਰੀਜ਼ ਬਣ ਚੁਕਾ ਹੈ, ਉਸ ਵਾਸਤੇ ਸਰਕਾਰਾਂ ਕੀ ਸੋਚਦੀਆਂ ਹਨ? ਪ੍ਰੋ.ਭੁੱਲਰ ਨਾਲ ਜੋ-ਜੋ ਹੋਇਆ, ਉਹ ਕਈ ਸਿੱਖ ਪ੍ਰਰਵਾਰਾਂ ਦੀ ਕਹਾਣੀ ਹੈ। ਉਨ੍ਹਾਂ ਨੂੰ ਅਤਿਵਾਦੀ ਕਰਾਰ ਦੇ ਕੇ ਸਖ਼ਤ ਕੈਦ ਵਿਚ ਹੀ ਨਾ ਸੁਟਿਆ ਗਿਆ ਸਗੋਂ ਜਦ ਉਨ੍ਹਾਂ ਦੇ ਪਿਤਾ ਤੇ ਭਰਾ ਨੂੰ ਪੁਛ-ਗਿਛ ਵਾਸਤੇ ਚੁਕਿਆ ਗਿਆ ਫਿਰ ਕਦੀ ਉਨ੍ਹਾਂ ਦਾ ਪਤਾ ਹੀ ਨਾ ਲਗਿਆ। ਉਨ੍ਹਾਂ ਬਜ਼ੁਰਗਾਂ ਦੇ ਨਾਂ ਪੰਜਾਬ ਦੇ ਗਵਾਚੇ ਅਨੇਕਾਂ ਲੋਕਾਂ ਦੀ ਸੂਚੀ ਵਿਚ ਮਿਲ ਗਏ।
ਜਦ ਵੀ ਪੰਜਾਬ ਬਾਰੇ ਭਾਜਪਾ ਦੇ ਕਿਸੇ ਆਗੂ ਨਾਲ ਗੱਲ ਹੁੰਦੀ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ‘ਅਸੀ ਤਾਂ ਪੰਜਾਬ ਬਾਰੇ ਬਹੁਤ ਸੰਜੀਦਾ ਹਾਂ ਪਰ ਪੰਜਾਬ ਸਾਨੂੰ ਕਦੇ ਹੁੰਗਾਰਾ ਨਹੀਂ ਦੇਂਦਾ।’ ਅਪਣੇ ਕੀਤੇ ਕੰਮਾਂ ਦੀ ਸੂਚੀ ਵਿਚ ਕਰਤਾਰਪੁਰ ਲਾਂਘੇ ਦਾ ਖੁਲ੍ਹਣਾ, ਬਾਲ ਦਿਵਸ ਮਨਾਉਣਾ ਆਦਿ ਪ੍ਰਾਪਤੀਆਂ ਨੂੰ ਗਿਣਾਉਂਦੇ ਹੋਏ, ਉਹ ਫਿਰ ਪੁੱਛਣ ਲਗਦੇ ਹਨ, ‘ਪੰਜਾਬ ਤੋਂ ਖ਼ਾਸ ਕਰ ਸਿੱਖ ਖ਼ੁਸ਼ ਕਿਉਂ ਨਹੀਂ ਹਨ?’ ਇਸ ਦਾ ਜਵਾਬ ਪ੍ਰੋ. ਭੁੱਲਰ ਤੇ ਹੋਰ ਅਜਿਹੇ ਮਸਲਿਆਂ ਦੇ ਹੱਲ ਵਿਚ ਹੈ ਜੋ ਸ਼ੁਰੂ ਤਾਂ ਇੰਦਰਾ ਨੇ ਕੀਤੇ ਸਨ ਪਰ ਖ਼ਤਮ ਕਰਨ ਲਈ ਕੋਈ ਵੀ ਤਿਆਰ ਨਹੀਂ। ਅੱਜ ਸਿੱਖ ਜਗਤ ਕਦੇ ਉੱਚੀ ਤੇ ਕਦੇ ਦਬੀ ਆਵਾਜ਼ ਵਿਚ ਰੁਦਨ ਕਰਦਾ ਦਿਸਦਾ ਹੈ ਕਿ ਕੋਈ ਐਸਾ ਦਿਨ ਨਹੀਂ ਹੁੰਦਾ ਜਦ ਕੋਈ ਸਿੱਖਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਗਾਉਂਦਾ ਨਜ਼ਰ ਆਵੇ।
ਸਿੱਖਾਂ ਨਾਲ ਉਨ੍ਹਾਂ ਦੀ ਅਪਣੀ ਹੀ ‘ਪੰਥਕ ਪਾਰਟੀ’ ਨੇ ਐਸੀ ਦੋਗਲੀ ਖੇਡ ਖੇਡੀ ਕਿ ਉਹ ਅੱਜ ਅਪਣੇ ਕਿਸੇ ਆਗੂ ’ਤੇ ਵੀ ਵਿਸ਼ਵਾਸ਼ ਨਹੀਂ ਕਰ ਸਕਦੇ। ਪਰ ਉਹ ਦੇਸ਼ ਦੀ ਨਿਆਂ ਪ੍ਰਕਿਰਿਆ ’ਤੇ ਵੀ ਸਵਾਲ ਚੁਕਦੇ ਹਨ। ਜੇ ਬਿਲਕਿਸ ਬਾਨੋ ਦੇ ਹੈਵਾਨਾਂ ਨੂੰ ਮਾਫ਼ੀ ਦੇ ਕਾਬਲ ਮੰਨਿਆ ਜਾ ਸਕਦਾ ਹੈ, ਜੇ ਸੌਦਾ ਸਾਧ ਵਰਗੇ ਮੁਲਜ਼ਮ ਦੋ ਸਾਲ ਵਿਚ ਨੌਂ ਵਾਰ ਰਿਹਾਅ ਕਰ ਕੇ ਸ਼ਾਹੀ ਠਾਠ ਨਾਲ ਜੀਵਨ ਬਿਤਾਉਣ ਲਈ ਛੱਡੇ ਜਾ ਸਕਦੇ ਹਨ ਤਾਂ ਇਸ ਨਿਆਂ ਪ੍ਰਕਿਰਿਆ ਵਿਚ ਪ੍ਰੋ. ਭੁੱਲਰ ਵਾਸਤੇ ਕੋਈ ਥਾਂ ਕਿਉਂ ਨਹੀਂ? ਉਨ੍ਹਾਂ ਨੂੰ ਇਨਕਾਰ ਕਰਨਾ ਸਿਰਫ਼ ਪ੍ਰੋ. ਭੁੱਲਰ ਨੂੰ ਆਜ਼ਾਦੀ ਤੋਂ ਵਾਂਝਾ ਕਰਨਾ ਹੀ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਉਨ੍ਹਾਂ ਨਾਲ ਉਸ ਕਾਲੇ ਦੌਰ ਦੀ ਯਾਦ ਦੇ ਸੇਕ ਵਿਚ ਉਨ੍ਹਾਂ ਨਾਲ ਝੁਲਸੀ ਜਾਂਦੀ ਹੈ।
-ਨਿਮਰਤ ਕੌਰ