ਯੂਕਰੇਨ ਵਿਚ ਤੀਜੀ ਸੰਸਾਰ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ?
Published : Feb 25, 2022, 10:15 am IST
Updated : Feb 25, 2022, 10:27 am IST
SHARE ARTICLE
 Russia-Ukraine Crisis
Russia-Ukraine Crisis

ਮੁਸ਼ਕਲ ਨਾਲ ਕੋਰੋਨਾ ਦੇ ਬਾਅਦ ਦੁਨੀਆਂ ਵਿਚ ਵਿਕਾਸ ਦੀ ਉਮੀਦ ਪੈਦਾ ਹੋਈ ਸੀ ਪਰ ਰੂਸ ਵਲੋਂ ਸ਼ੁਰੂ ਕੀਤੀ ਇਹ ਜੰਗ ਮਹਿੰਗਾਈ ਨੂੰ ਹੋਰ ਤੇਜ਼ ਕਰ ਕੇ ਗ਼ਰੀਬ ਨੂੰ ਤੋੜ ਦੇੇਵੇਗੀ

 

ਤਕਰੀਬਨ 75 ਸਾਲ ਹੋ ਗਏ ਨੇ ਜਿਸ ਸਮੇਂ ਦੌਰਾਨ, ਦੁਨੀਆਂ ਨੇ ਇਕ ਵੱਡੀ ਜੰਗ ਨਹੀਂ ਵੇਖੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਦੁਨੀਆਂ ਦੇ ਵੱਡੇ ਤੇ ਪ੍ਰਮੁੱਖ ਆਗੂ ਸ਼ਾਂਤ ਹੋ ਬੈਠੇ ਹਨ। ਵੱਡੀ ਜੰਗ ਦੀ ਤਿਆਰੀ ਤਾਂ ਕਦੇ ਇਕ ਦਿਨ ਲਈ ਵੀ ਨਹੀਂ ਰੁਕੀ ਕਿਉਂਕਿ ਜਿਸ ਦਿਨ ਇਹ ਤਿਆਰੀ ਰੁਕ ਗਈ, ਉਸ ਦਿਨ ਅਮੀਰ ਦੇਸ਼ਾਂ ਦੇ ਹਥਿਆਰ ਵਿਕਣੇ ਬੰਦ ਹੋ ਜਾਣਗੇ। ਗ਼ਰੀਬ ਦੇਸ਼, ਡਰਦੇ ਮਾਰੇ, ਹੋਰ ਹਥਿਆਰ ਖ਼ਰੀਦੀ ਜਾਂਦੇ ਹਨ ਤਾਕਿ ਉਨ੍ਹਾਂ ਦੇ ਮਜ਼ਬੂਤ ਗਵਾਂਢੀ ਉਨ੍ਹਾਂ ਨੂੰ ਕਿਤੇ ਹੜਪ ਹੀ ਨਾ ਕਰ ਜਾਣ। ਇਹ ਡਰ ਹਥਿਆਰ ਵੇਚਣ ਵਾਲੀਆਂ ਵੱਡੀਆਂ ਤਾਕਤਾਂ ਨੇ ਹੀ ਪੈਦਾ ਕੀਤਾ ਹੁੰਦਾ ਹੈ।

Russia-Ukraine crisisRussia-Ukraine crisis

ਅੱਜ ਜਿਹੜੀ ਲੜਾਈ ਦੀ ਸ਼ੁਰੂਆਤ ਅਸੀ ਰੂਸ ਤੇ ਯੂਕਰੇਨ ਵਿਚਕਾਰ ਵੇਖ ਰਹੇ ਹਾਂ, ਉਹ ਕਿਸੇ ਪਿੰਡ ਦੇ ਦੋ ਭਰਾਵਾਂ ਵਿਚਕਾਰ ਲੜਾਈ ਤੋਂ ਬਹੁਤੀ ਵਖਰੀ ਨਹੀਂ। ਉਹ ਪਾਣੀ ਦੇ ਨਾਕੇ ਨੂੰ ਲੈ ਕੇ ਲੜਦੇ ਹਨ ਤੇ ਇਹ ਧਰਤੀ ਤੋਂ ਮਿਲਦੀ ਗੈਸ ਵਾਸਤੇ ਲੜ ਰਹੇ ਹਨ। ਇਤਿਹਾਸ ਵਿਚ ਗੁਆਚੀ ਅਪਣੀ ਇੱਜ਼ਤ ਅਤੇ ਦੁਨੀਆਂ ਵਿਚ ਅਪਣੇ ਰੁਤਬੇ ਨੂੰ ਲੈ ਕੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਹਨ ਪਰ ਗੱਲ ਅਖ਼ੀਰ ਪੈਸੇ ਤੇ ਆ ਕੇ ਰੁਕ ਜਾਂਦੀ ਹੈ। ਭਰਾਵਾਂ ਵਿਚ ਛੋਟੀਆਂ ਲੜਾਈਆਂ ਵੀ ਜ਼ਿਆਦਾਤਰ ਅਣਖ ਦੇ ਨਾਂ ਤੇ ਹੀ ਹੁੰਦੀਆਂ ਹਨ ਪਰ ਅਖ਼ੀਰ ਪੈਸੇ ਤੇ ਆ ਕੇ ਝਗੜੇ ਨਿਬੜ ਜਾਂਦੇ ਹਨ। ਵੱਡੀ ਅਣਖ ਰਖਣ ਵਾਲਿਆਂ ਦੀ ਵੀ ਕੀਮਤ ਬੜੀ ਛੋਟੀ ਹੁੰਦੀ ਹੈ।

PutinPutin

ਅੱਜ ਜੇ ਪੁਤਿਨ ਦੁਨੀਆਂ ਵਿਚ ਮਹਿੰਗਾਈ ਦਾ ਕਹਿਰ ਮਚਾ ਰਿਹਾ ਹੈ ਤਾਂ ਉਸ ਦੀ ਸ਼ੁੁਰੂਆਤ ਵੀ ਪੈਸੇ ਤੇ ਤਾਕਤ ਤੋਂ ਹੁੰਦੀ ਹੈ। 2004 ਤੋਂ ਪਹਿਲਾਂ ਯੂਕਰੇਨ ਰੂਸ ਦਾ ਹਿੱਸਾ ਸੀ। 2014 ਵਿਚ ਲੜਾਈ ਵੀ ਹੋਈ ਪਰ ਫਿਰ ਮਸਲੇ ਸ਼ਾਂਤੀ ਨਾਲ ਸੁਲਝਾ ਲਏ ਗਏ। ਰੂਸ ਦੀ ਸ਼ਰਤ ਇਹ ਸੀ ਕਿ ਯੂਕਰੇਨ ਇਕ ਹੱਦ ਤੋਂ ਵੱਧ ਤਾਕਤਵਰ ਨਹੀਂ ਬਣੇਗਾ ਪਰ ਆਜ਼ਾਦੀ ਮਿਲਦੇ ਹੀ ਯੂਕਰੇਨ ਵੀ ਅਪਣੇ ਆਪ ਨੂੰ ਵੱਡੀ ਤਾਕਤ ਵਜੋਂ ਵੇਖਣ ਲੱਗ ਪਿਆ। ਯੂਕਰੇਨ ਕੋਲ ਗੈਸ ਪਾਈਪ ਲਾਈਨਾਂ ਹਨ ਜੋ ਉਸ ਦੇ ਦੇਸ਼ ਵਿਚੋਂ ਲੰਘਦੀਆਂ ਹਨ ਤੇ ਯੂਰਪ ਵੀ ਉਨ੍ਹਾਂ ਉਤੇ ਨਿਰਭਰ ਕਰਦਾ ਹੈ ਤੇ ਇਹ ਰੂਸ ਦੀ ਸਰਦਾਰੀ ਅਤੇ ਆਰਥਕਤਾ ਲਈ ਚੁਨੌਤੀ ਬਣ ਰਿਹਾ ਹੈ। ਰੂਸ ਤੋਂ ਬਚਣ ਲਈ ਯੂਕਰੇਨ ਹੁਣ ਨਾਟੋ ਵਿਚ ਥਾਂ ਲੱਭ ਰਿਹਾ ਹੈ ਤੇ 30 ਦੇਸ਼, ਅਮਰੀਕਾ ਸਮੇਤ ਇਸ ਦੀ ਮਦਦ ਕਰ ਰਹੇ ਹਨ।

Russia-Ukraine crisisRussia-Ukraine crisis

ਰੂਸ ਨੇ ਪਿਛਲੇ ਸਾਲਾਂ ਵਿਚੋਂ ਨਾਰਥ ਦੀ ਗੈਸ ਪਾਈਪ ਲਾਈਨ ਸਮੁੰਦਰ ਵਿਚੋਂ ਕੱਢ ਕੇ ਜਰਮਨੀ ਤੇ ਯੂਰਪ ਵਲ ਨਵਾਂ ਲਾਂਘਾ ਕੱਢ ਲਿਆ ਤੇ ਇਸ ਦੀ ਮੁਕੰਮਲ ਸਰਦਾਰੀ ਦੇ ਰਸਤੇ ਵਿਚ ਸਿਰਫ਼ ਯੂਕਰੇਨ ਹੀ ਰੁਕਾਵਟ ਬਣਿਆ ਖੜਾ ਹੈ। ਰੂਸ ਸੋਚਦਾ ਹੈ, ਜੇ ਉਸ ਨੇ ਅੱਜ ਯੂਕਰੇਨ ਨੂੰ ਅਪਣੇ ਥੱਲੇ ਨਾ ਲਾਇਆ ਤਾਂ ਰੂਸ, ਯੂਰਪ ਨੂੰ ਅਪਣੀ ਨਵੀਂ ਪਾਈਪ ਲਾਈਨ ਨਾਲ ਅਪਣਾ ਗਾਹਕ ਨਹੀਂ ਬਣਾ ਸਕੇਗਾ। ਜਿਵੇਂ ਹੀ ਸਾਰੇ ਵੈਸਟਰਨ ਦੇਸ਼ਾਂ ਤੇ ਯੂ.ਕੇ. ਨੇ ਰੂਸ ਤੇ ਪਾਬੰਦੀਆਂ ਲਗਾਈਆਂ, ਪੁਤਿਨ ਦੇ ਇਕ ਮੰਤਰੀ ਨੇ ਯੂਰਪ ਨੂੰ ਦੁਗਣੀ ਕੀਮਤ ਤੇ ਗੈਸ ਦੇਣ ਦਾ ਸੁਨੇਹਾ ਦੇ ਦਿਤਾ। ਇਸ਼ਾਰਾ ਸਾਫ਼ ਹੈ ਕਿ ਜੇਕਰ ਗੈਸ ਰੂਸ ਨੂੰ ਰੋਕੀ ਗਈ ਤਾਂ ਰੂਸ ਦੁਨੀਆਂ ਵਿਚ ਮਹਿੰਗਾਈ ਦਾ ਜਿੰਨ ਛੱਡ ਦੇਵੇਗਾ।

Russia-Ukraine crisisRussia-Ukraine crisis

ਬੜੀ ਮੁਸ਼ਕਲ ਨਾਲ ਕੋਰੋਨਾ ਦੇ ਬਾਅਦ ਦੁਨੀਆਂ ਵਿਚ ਵਿਕਾਸ ਦੀ ਉਮੀਦ ਪੈਦਾ ਹੋਈ ਸੀ ਪਰ ਰੂਸ ਵਲੋਂ ਸ਼ੁਰੂ ਕੀਤੀ ਇਹ ਜੰਗ ਮਹਿੰਗਾਈ ਨੂੰ ਹੋਰ ਤੇਜ਼ ਕਰ ਕੇ ਗ਼ਰੀਬ ਨੂੰ ਤੋੜ ਦੇੇਵੇਗੀ। ਅੱਜ ਦੁਨੀਆਂ ਭਰ ਦੀ ਮਹਿੰਗਾਈ ਦਰ 5.7 ਫ਼ੀ ਸਦੀ ਹੈ ਤੇ ਇਹ 7 ਫ਼ੀ ਸਦੀ ਤਕ ਜਾ ਸਕਦੀ ਹੈ। ਇਸੇ ਡਰ ਕਾਰਨ ਵੈਸਟਰਨ ਦੇਸ਼ਾਂ ਨੇ ਜੰਗ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿਤਾ ਹੈ ਤੇ ਯੂਕਰੇਨ ਨੂੰ ਮਾਹਰਾਂ ਦੀ ਮਦਦ, ਦਵਾਈਆਂ ਤੇ ਅਸਲਾ ਭੇਜ ਕੇ ਹੀ ਬਸ ਕਰ ਰਹੇ ਹਨ। ਜੰਗ ਸ਼ੁਰੂ ਹੋ ਗਈ ਹੈ ਤੇ ਹੁਣ ਦੁਨੀਆਂ ਫਿਰ ਹੱਥ ਬੰਨ੍ਹ ਕੇ ਮਾਸੂਮ ਨਾਗਰਿਕਾਂ ਤੇ ਕਹਿਰ ਢਾਹਿਆ ਜਾਂਦਾ ਵੇਖੇਗੀ।

Russia-Ukraine crisisRussia-Ukraine crisis

ਵੈਸਟ ਨੇ ਰੂਸ ਨੂੰ ਨੱਥ ਪਾਉਣ ਲਈ ਯੂਕਰੇਨ ਨੂੰ ਅਪਣਾ ਮੋਹਰਾ ਬਣਾਇਆ ਪਰ ਹੁਣ ਬਰਬਾਦੀ ਵਿਚ ਅਪਣਾ ਨੁਕਸਾਨ ਨਹੀਂ ਕਰੇਗਾ। ਉਨ੍ਹਾਂ ਤਾਂ ਅਫ਼ਗ਼ਾਨਿਸਤਾਨ ਨੂੰ ਵੀ ਤਾਲਿਬਾਨ ਦੇ ਹਵਾਲੇ ਕਰ ਦਿਤਾ ਸੀ ਪਰ ਉਸ ਦੀ ਤਬਾਹੀ ਨੂੰ ਰੋਕਣ ਦਾ ਵੇਲਾ ਆਇਆ ਤਾਂ ਆਪ ਭੱਜ ਕੇ ਬਾਹਰ ਨਿਕਲ ਆਏ। ਅਸੀ ਸੋਚਦੇ ਹਾਂ ਕਿ ਦੁਨੀਆਂ ਬਦਲ ਰਹੀ ਹੈ ਪਰ ਨਹੀਂ, ਮਨੁੱਖ ਤੇ ਖ਼ਾਸ ਕਰ ਕੇ ਮਰਦ ਜਿਨ੍ਹਾਂ ਦੇ ਹੱਥ ਵਿਚ ਤਾਕਤ ਹੁੰਦੀ ਹੈ, ਉਹ ਅਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਸਤੇ ਤੇ ਦੌਲਤ ਇਕੱਠੀ ਕਰਨ ਲਈ ਇਹੋ ਜਿਹੀਆਂ ਖੇਡਾਂ ਖੇਡਦੇ ਰਹਿਣਗੇ। ਔਰਤਾਂ ਕਦੇ ਏਨੀ ਤਾਕਤ ਵਿਚ ਆਈਆਂ ਹੀ ਨਹੀਂ ਕਿ ਅੰਦਾਜ਼ਾ ਲਗਾਇਆ ਜਾ ਸਕੇ ਕਿ ਉਨ੍ਹਾਂ ਦੀ ਸੋਚ ਵਖਰੀ ਹੋਵੇਗੀ ਜਾਂ ਨਹੀਂ? ਪਰ ਜਿਨ੍ਹਾਂ ਨੂੰ ਰੱਬ ਨੇ ਪ੍ਰਜਨਨ ਵਾਸਤੇ ਘੜਿਆ ਹੈ, ਉਹ ਸ਼ਾਇਦ ਇਸ ਮਰਦ ਪ੍ਰਧਾਨ ਦੁਨੀਆਂ ਵਿਚ ਨਰਮੀ ਤੇ ਹਮਦਰਦੀ ਲਿਆ ਸਕਣ ਤਾਕਿ ਇਸ ਤਰ੍ਹਾਂ ਦੀ ਤਬਾਹੀ ਵਾਰ ਵਾਰ ਨਾ ਹੋਵੇ।                           -ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement