
ਭਾਰਤ ਅੱਜ ਦੀ ਤਰੀਕ ਵਿਚ ਵਿਰੋਧੀ ਧਿਰ ਦੀ ਗ਼ੈਰ-ਹਾਜ਼ਰੀ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ।
ਪੰਜਾਬ ਕਾਂਗਰਸ ਵਿਚ ਜੋ ਸੰਕਟ ਚੱਲ ਰਿਹਾ ਹੈ, ਉਹ ਹਰ ਸੂਬੇ ਵਿਚ ਕਾਂਗਰਸ ਦੇ ਅੰਦਰੂਨੀ ਸੰਕਟ ਦਾ ਪ੍ਰਤੀਕ ਹੈ ਤੇ ਇਹ ਲੜਾਈ ਸਿਰਫ਼ ਕਾਂਗਰਸ ਦੀ ਨਹੀਂ ਬਲਕਿ ਇਕ ਮਾਂ-ਪੁੱਤਰ ਦੀ ਲੜਾਈ ਵੀ ਹੈ। ਕਾਂਗਰਸ ਦੀ ਅੰਦਰੂਨੀ ਲੜਾਈ ਅੱਜ ਸਿਰਫ਼ ਕਾਂਗਰਸ ਵਾਸਤੇ ਹੀ ਮਹੱਤਵਪੂਰਨ ਨਹੀਂ ਬਲਕਿ ਜਿਵੇਂ ਰਾਸ਼ਟਰੀ ਮੰਚ ਦੇ ਐਲਾਨ ਤੋਂ ਸਾਫ਼ ਹੈ ਕਿ ਕਾਂਗਰਸ ਦੀ ਹੋਂਦ, ਭਾਰਤੀ ਲੋਕਤੰਤਰ ਨੂੰ ਜੀਵਤ ਰਖਣ ਲਈ ਵੀ ਜ਼ਰੂਰੀ ਹੈ ਕਿਉਂਕਿ ਕਾਂਗਰਸ ਬਿਨਾਂ ਅੱਜ ਕੋਈ ਹੋਰ ਪਾਰਟੀ ਜਾਂ ਪਾਰਟੀਆਂ ਵਿਰੋਧੀ ਧਿਰ ਨਹੀਂ ਬਣ ਸਕਦੀਆਂ।
Congress
ਭਾਰਤ ਅੱਜ ਦੀ ਤਰੀਕ ਵਿਚ ਵਿਰੋਧੀ ਧਿਰ ਦੀ ਗ਼ੈਰ-ਹਾਜ਼ਰੀ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ। ਪਰ ਅਜੀਬ ਗੱਲ ਹੈ ਕਿ ਜਿਸ ਪਾਰਟੀ ਦੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਅਹਿਮ ਭੂਮਿਕਾ ਰਹੀ ਸੀ, ਉਹ ਪਾਰਟੀ ਅੱਜ ਇਕ ‘ਮਾਂ’ ਦੇ ਸਾਹਮਣੇ ਹਾਰ ਰਹੀ ਹੈ। ਜਿਸ ਗਾਂਧੀ ਪ੍ਰਵਾਰ ਦੇ ਨਾਂ ਤੇ ਸੋਨੀਆ ਗਾਂਧੀ ਇਕ ਵਾਰ ਭਾਰਤ ਨੂੰ ਸਥਿਰਤਾ ਤੇ ਮਜ਼ਬੂਤੀ ਦੇਣ ਵਿਚ ਕਾਮਯਾਬ ਵੀ ਰਹੀ, ਅੱਜ ਉਹੀ ਗਾਂਧੀ ਨਾਮ ਕਾਂਗਰਸ ਦੀ ਕਮਜ਼ੋਰੀ ਦਾ ਕਾਰਨ ਬਣ ਰਿਹਾ ਹੈ।
Rahul Gandhi
ਰਾਹੁਲ ਗਾਂਧੀ ਤੋਂ ਜ਼ਿਆਦਾ ਇਕ ਮਾਂ ਦਾ ਪਿਆਰ ਵੀ ਕੰਮ ਕਰ ਰਿਹਾ ਹੈ ਤੇ ਇਕ ‘ਗਾਂਧੀ’ ਦੀ ਜ਼ਿੱਦ ਵੀ ਹੈ ਜੋ ਦੇਸ਼ ਤੇ ਪਾਰਟੀ, ਦੁਹਾਂ ਦੀ ਵਾਗਡੋਰ ਅਪਣੇ ਹੱਥਾਂ ਵਿਚ ਰੱਖਣ ਲਈ ਅੜਿਆ ਹੋਇਆ ਹੈ। ਜੇਕਰ ਸੋਨੀਆ ਗਾਂਧੀ ਅਪਣੇ ਪੁੱਤਰ ਨੂੰ ਸਚਮੁਚ ਹੀ ਕਾਂਗਰਸ ਦੀ ਵਾਗਡੋਰ ਸੰਭਾਲਣ ਯੋਗ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਸਿਆਸਤ ਵਿਚ ਜ਼ਿੰਮੇਵਾਰੀ ਨਾਲ ਚਲਣਾ ਵੀ ਸਿਖਾਵੇ। ਰਾਹੁਲ ਨੂੰ ਸ਼ਹਿਜ਼ਾਦਾ, ਸੋਨੀਆ ਗਾਂਧੀ ਦੇ ਪਛਮੀ ਢੰਗ ਦੇ ਪਾਲਣ ਪੋਸਣ ਨੇ ਬਣਾਇਆ ਪਰ ਸੋਨੀਆ ਵਿਚ ਇਕ ਔਰਤ ਵੀ ਹੈ
Sonia Gandhi
ਜਿਸ ਨੂੰ ਇਕ ਆਮ ਘਰਾਣੇ ਤੋਂ ਉਠ ਕੇ ਇਕਦੰਮ ਭਾਰਤ ਦੀ ਸੱਭ ਤੋਂ ਵੱਡੀ ਤੇ ਪੁਰਾਣੀ ਪਾਰਟੀ ਦੀ ਵਾਗਡੋਰ ਸੰਭਾਲਣ ਨੂੰ ਮਿਲੀ ਤੇ ਹੁਣ ਉਹ ਉਸ ਤਾਕਤ ਨੂੰ ਛੱਡ ਦੇਣ ਦੀ ਹਿੰਮਤ ਜੁਟਾਉਣ ਵਿਚ ਸਫ਼ਲ ਨਹੀਂ ਹੋ ਰਹੀ, ਭਾਵੇਂ ਤਾਕਤ ਉਸ ਦੇ ਅਪਣੇ ਪੁੱਤਰ ਨੂੰ ਹੀ ਕਿਉਂ ਨਾ ਮਿਲ ਰਹੀ ਹੋਵੇ। ਇਹੀ ਮੁਸ਼ਕਲ ਕਾਂਗਰਸ ਵਿਚ ਹਰ ਪੱਧਰ ਤੇ ਨਜ਼ਰ ਆ ਰਹੀ ਹੈ ਕਿ ਸੋਨੀਆ ਵਾਂਗ ਪੁਰਾਣੇ ਸਿਆਸੀ ਆਗੂ ਅਪਣੀ ਤਾਕਤ ਅਗਲੀ ਪੀੜ੍ਹੀ ਨੂੰ ਦੇਣ ਲਈ ਤਿਆਰ ਨਹੀਂ ਹੋ ਰਹੇ ਜਿਸ ਕਾਰਨ ਸਥਿਤੀ ਅਜਿਹੀ ਉਤਪਨ ਹੋ ਗਈ ਹੈ ਕਿ ਅੱਜ ਦੇ ਦਿਨ ਵਾਗਡੋਰ ਪੂਰੀ ਤਰ੍ਹਾਂ ਨਾ ਤਾਂ ਟਕਸਾਲੀ ਕਾਂਗਰਸੀਆਂ ਕੋਲ ਹੈ ਤੇ ਨਾ ਹੀ ਨੌਜੁਆਨਾਂ ਕੋਲ ਤੇ ਇਸ ਹਾਲਤ ਵਿਚ, ਆਮ ਕਾਂਗਰਸੀ ਦੇ ਨਾਲ-ਨਾਲ ਭਾਰਤ ਦਾ ਲੋਕਤੰਤਰ ਵੀ ਪਿਸ ਰਿਹਾ ਹੈ ਜਿਸ ਨੇ ਆਜ਼ਾਦ ਭਾਰਤ ਵਿਚ ਪਿਛਲੇ 70 ਸਾਲਾਂ ਤੋਂ ਕਾਂਗਰਸ ਨੂੰ ਵੋਟ ਦੇ ਨਾਲ ਨਾਲ ਅਪਣੇ ਪੂਰੇ ਵਿਸ਼ਵਾਸ ਨਾਲ ਪਾਰਟੀ ਨੂੰ ਸਮਰਥਨ ਦਿਤਾ।
Jyotiraditya Scindia
ਭਾਰਤ ਵਿਚ ਆਉਂਦੀਆਂ ਚੋਣਾਂ ਵਿਚ ਨੌਜੁਆਨਾਂ ਦੀ ਵੋਟ ਫ਼ੀ ਸਦੀ ਵੱਧ ਹੈ ਤੇ ਇਹ ਵਰਗ ਹੁਣ ਬਦਲਾਅ ਚਾਹੁੰਦਾ ਹੈ। ਉਹ ਨੌਕਰੀਆਂ ਚਾਹੁੰਦਾ ਹੈ। ਇਹ ਵਰਗ ਇੰਤਜ਼ਾਰ ਕਰਦਾ ਕਰਦਾ, ਟਕਸਾਲੀਆਂ ਪਿੱਛੇ ਚੁੱਪ ਚਾਪ ਖੜਾ ਰਹਿ ਕੇ ਇੰਤਜ਼ਾਰ ਕਰਨ ਦੀ ਤਾਕਤ ਗਵਾ ਬੈਠਾ ਹੈ। ਜੋਤੀਰਾਜਦਿਤਿਆ ਸਿੰਧੀਆ, ਇਸੇ ਕਾਰਨ ਕਾਂਗਰਸ ਛੱਡ ਗਏ ਸਨ ਕਿਉਂਕਿ ਉਹ ਅਪਣੇ ਪਿਤਾ ਦੀ ਬਦੌਲਤ ਜਲਦ ਹੀ ਕੇਂਦਰ ਵਿਚ ਮੰਤਰੀ ਬਣ ਗਏ ਸਨ ਤੇ ਹੁਣ ਉਹ ਸੂਬੇ ਵਿਚ ਕਿਸੇ ਹੋਰ ਦੇ ਪਿੱਛੇ ਹੌਲੀ ਚਾਲ ਨਾਲ ਚਲਣ ਲਈ ਤਿਆਰ ਨਹੀਂ ਸਨ।
captain amarinder singh
ਇਹੀ ਪੰਜਾਬ ਵਿਚ ਹੋ ਰਿਹਾ ਹੈ ਪਰ ਪੰਜਾਬ ਵਿਚ ਬਗ਼ਾਵਤ ਦੇ ਬੱਦਲ ਬਹੁਤ ਦੇਰੀ ਨਾਲ ਪ੍ਰਗਟ ਹੋਏ ਹਨ ਜਿਥੇ ਲੋਕ ਇਹ ਮੰਨਦੇ ਹਨ ਕਿ ਇਸ ਸਿਆਸੀ ਬਗ਼ਾਵਤ ਵਿਚ ਬਗ਼ਾਵਤ ਘੱਟ ਤੇ ਲੋਕ ਕਚਹਿਰੀ ਵਿਚ ਪੇਸ਼ ਹੋਣ ਦਾ ਡਰ ਜ਼ਿਆਦਾ ਹੈ। ਹੁਣ ਇਹ ਮਾਂ-ਪੁੱਤਰ ਦੀ ਲੜਾਈ ਪੰਜਾਬ ਵਿਚ ਤਕਰੀਬਨ 80 ਫ਼ੀ ਸਦੀ ਤਕ ਕਾਂਗਰਸ ਮੁੱਖ ਮੰਤਰੀ ਦੇ ਅਹੁਦੇ ਦੁਆਲੇ ਹੀ ਘੁੰਮ ਰਹੀ ਹੈ। ਇਸ ਵਿਚ ਮੁੱਖ ਮੰਤਰੀ ਵਿਰੁਧ ਦੋ ਚਿਹਰੇ ਨਜ਼ਰ ਆ ਰਹੇ ਹਨ, ਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਤੇ ਦੂਜਾ ਨਵਜੋਤ ਸਿੰਘ ਸਿੱਧੂ ਦਾ।
Navjot Sidhu
ਇਹ ਚਿਹਰੇ ਤਿੰਨ ਮੈਂਬਰੀ ਕਮੇਟੀ ਵਿਚ ਵੀ ਚਰਚਾ ਦਾ ਵਿਸ਼ਾ ਬਣੇ। ਰਾਹੁਲ ਗਾਂਧੀ ਖ਼ਾਸ ਤੌਰ ਤੇ, ਕਿਸੇ ਦੀ ਹਮਾਇਤ ਕਰਨ ਤੋਂ ਪਹਿਲਾਂ (ਮੌਜੂਦਾ ਮੁੱਖ ਮੰਤਰੀ ਸਮੇਤ) ਇਹ ਯਕੀਨ ਕਰਨਾ ਚਾਹੁੰਦੇ ਹਨ ਕਿ ਜਿਸ ਦੀ ਹਮਾਇਤ ਉਹ ਕਰਨ, ਉਸ ਨੂੰ ਐਮ.ਐਲ.ਏਜ਼ ਦੀ ਬਹੁਗਿਣਤੀ ਦੀ ਹਮਾਇਤ ਵੀ ਪ੍ਰਾਪਤ ਹੋਵੇ।
ਲੋੜ ਹੈ ਕਿ ਪੰਜਾਬ ਵਿਚ ਇਸ ਲੜਾਈ ਨੂੰ ਮਾਂ ਤੇ ਪੁੱਤਰ ਤੋਂ ਅੱਗੇ ਲਿਜਾਇਆ ਜਾਵੇ ਜਾਂ ਧੜੇਬਾਜ਼ੀ ਤੋਂ ਮੁਕਤ ਹੋ ਕੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਜਾਵੇ। ਜੇ ਕਾਂਗਰਸ ਇਹੀ ਵੇਖਦੀ ਰਹੇਗੀ ਕਿ ਕਿਹੜੀ ਟੀਮ ਰਾਹੁਲ ਹਮਾਇਤੀ ਹੈ ਜਾਂ ਕਿਹੜੀ ਟੀਮ ਸੋਨੀਆ ਹਮਾਇਤੀ ਹੈ ਤਾਂ ਪੰਜਾਬ ਜਾਂ ਭਾਰਤ ਵਿਚ ਕਦੇ ਵੀ ਇਹ ਪਾਰਟੀ ਸਿਰ ਨਹੀਂ ਚੁੱਕ ਸਕੇਗੀ।
Sonia Gandhi, Rahul Gandhi
ਅੱਜ ਇਸ ਪਾਰਟੀ ਨੂੰ ਯਾਦ ਕਰਨ ਦੀ ਲੋੜ ਹੈ ਕਿ ਇਸ ਨੇ ਦੇਸ਼ ਵਿਚ ਕਦੋਂ ਤੇ ਕਿਸ ਆਸ਼ੇ ਨੂੰ ਸਾਹਮਣੇ ਰੱਖ ਕੇ ਜਨਮ ਲਿਆ ਸੀ ਤੇ ਕੀ ਇਕ ਪ੍ਰਵਾਰ ਦੇ ਹੱਥ ਵਿਚ ਸੱਤਾ ਦਾ ਕਲਮਦਾਨ ਸੌਂਪੀ ਰਖਣਾ ਵੀ ਉਸ ਆਸ਼ੇ ਵਿਚ ਸ਼ਾਮਲ ਸੀ? ਕਾਂਗਰਸ ਹਾਈਕਮਾਂਡ ਨੂੰ ਹੁਣ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨ ਦੀ ਲੋੜ ਹੈ ਪਰ ਉਹ ਇਹ ਵੀ ਯਾਦ ਰੱਖਣ ਕਿ ਹਰ ਵਾਰ ਦੇਰ ਆਏ ਦਰੁਸਤ ਆਏ ਦੀ ਸੋਚ ਨਹੀਂ ਚਲੇਗੀ।
Captain Government
ਪੰਜਾਬ ਵਿਚ ਕਾਂਗਰਸ, ਲੋਕਾਂ ਦਾ ਵਿਸ਼ਵਾਸ, ਕਾਫ਼ੀ ਹੱਦ ਤਕ ਗਵਾ ਚੁੱਕੀ ਹੈ ਤੇ ਇਹ ਹਾਰ ਕਾਂਗਰਸ ਮੁਕਤ ਭਾਰਤ ਦੀ ਇੱਛਾ ਪਾਲਣ ਵਾਲਿਆਂ ਨੂੰ ਖ਼ੁਸ਼ ਕਰ ਸਕਦੀ ਹੇ ਪਰ ਦੇਸ਼ ਦੇ ਲੋਕਤੰਤਰੀ ਢਾਂਚੇ ਦਾ ਤਹਿਸ ਨਹਿਸ ਵੀ ਕਰ ਕੇ ਵੀ ਰੱਖ ਦੇਵੇਗੀ।
-ਨਿਮਰਤ ਕੌਰ