
ਸਾਡੇ ਕੋਲ ਸਰਕਾਰੀ ਘਰਾਂ ਦਾ ਹੜ੍ਹ ਤਾਂ ਹੈ ਹੀ ਪਰ ਉਨ੍ਹਾਂ ਵਿਚ ਸਹੂਲਤਾਂ ਦਾ ਵੀ ਹੜ੍ਹ ਹੈ....................
ਸਾਡੇ ਕੋਲ ਸਰਕਾਰੀ ਘਰਾਂ ਦਾ ਹੜ੍ਹ ਤਾਂ ਹੈ ਹੀ ਪਰ ਉਨ੍ਹਾਂ ਵਿਚ ਸਹੂਲਤਾਂ ਦਾ ਵੀ ਹੜ੍ਹ ਹੈ। ਹਰ ਮੁੱਖ ਮੰਤਰੀ, ਮੰਤਰੀ, ਸਰਕਾਰੀ ਅਫ਼ਸਰ ਸਰਕਾਰੀ ਘਰ ਵਿਚ ਦਾਖ਼ਲ ਹੁੰਦਿਆਂ ਹੀ, ਲੱਖਾਂ ਦਾ ਖ਼ਰਚਾ ਸਜਾਵਟ ਉਤੇ ਕਰਨ ਲੱਗ ਜਾਂਦਾ ਹੈ। ਮੰਤਰੀਆਂ ਦੇ ਘਰਾਂ ਦੇ ਰੰਗ ਰੋਗ਼ਨ ਤੋਂ ਲੈ ਕੇ ਚਾਦਰਾਂ ਵੀ ਸਰਕਾਰੀ ਖ਼ਜ਼ਾਨੇ ਤੋਂ ਆਉਂਦੀਆਂ ਹਨ। ਅਸੀ ਅਪਣੀਆਂ ਜੜ੍ਹਾਂ ਨਾਲ ਜੁੜਨ ਦੀ ਗੱਲ ਕਰਦੇ ਹਾਂ, ਪਰ ਅੰਗਰੇਜ਼ਾਂ ਵਾਲੀ ਹਕੂਮਤੀ ਠਾਠ ਨੂੰ ਤਾਂ ਸਾਡੇ ਦੇਸੀ ਹਾਕਮ ਛੱਡਣ ਨੂੰ ਤਿਆਰ ਹੀ ਨਹੀਂ।
Angela Merkel Chancellor of Germany
ਜਦੋਂ ਸੱਭ ਦਾ ਧਿਆਨ ਪਾਕਿਸਤਾਨ ਦੇ ਫ਼ੌਜ ਮੁਖੀ ਅਤੇ ਨਵਜੋਤ ਸਿੰਘ ਸਿੱਧੂ ਦੀ ਜੱਫੀ ਨੇ ਖਿਚਿਆ ਹੋਇਆ ਸੀ, ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਬੜੀ ਅਹਿਮ ਗੱਲ ਕੀਤੀ ਜਿਸ ਵਲ ਖ਼ਾਸ ਧਿਆਨ ਨਹੀਂ ਦਿਤਾ ਗਿਆ। ਉਨ੍ਹਾਂ ਇਹ ਫ਼ੈਸਲਾ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਿਵਾਸ ਵਿਚ ਨਹੀਂ ਰਹਿਣਗੇ। ਰਹਿਣਾ ਤਾਂ ਉਹ ਅਪਣੇ ਨਿਜੀ ਘਰ ਵਿਚ ਹੀ ਚਾਹੁੰਦੇ ਸਨ ਪਰ ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਨੂੰ ਸਰਕਾਰੀ ਮਕਾਨ ਵਿਚ ਰਹਿਣਾ ਪਿਆ। ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਦੇ ਘਰ ਵਿਚ 524 ਨੌਕਰ ਅਤੇ 80 ਗੱਡੀਆਂ ਹਨ ਜਿਨ੍ਹਾਂ ਵਿਚੋਂ 33 ਬੁਲੇਟ ਪਰੂਫ਼ ਹਨ। ਜਹਾਜ਼ ਅਤੇ ਹੈਲੀਕਾਪਟਰ ਵੀ ਹਨ।
ਇਮਰਾਨ ਖ਼ਾਨ ਨੇ ਇਨ੍ਹਾਂ ਸੱਭ ਸਹੂਲਤਾਂ ਨੂੰ ਠੁਕਰਾਉਣ ਦਾ ਫ਼ੈਸਲਾ ਕੀਤਾ ਕਿਉਂਕਿ ਉਹ ਮੰਨਦੇ ਹਨ ਕਿ ਜਦੋਂ ਲੋਕਾਂ ਵਾਸਤੇ ਪੈਸਾ ਨਹੀਂ ਤਾਂ ਪ੍ਰਧਾਨ ਮੰਤਰੀ ਏਨਾ ਖ਼ਰਚਾ ਕਿਸ ਤਰ੍ਹਾਂ ਕਰ ਸਕਦੇ ਹਨ। ਇਹ ਬਿਆਨ ਕਈ ਸਿਆਸਤਦਾਨ ਜਿੱਤਣ ਤੋਂ ਪਹਿਲਾਂ ਆਮ ਕਰਦੇ ਹਨ ਪਰ ਘੱਟ ਹੀ ਹੋਣਗੇ ਜੋ ਅਪਣੇ ਲਫ਼ਜ਼ਾਂ ਉਤੇ ਬਾਅਦ ਵਿਚ ਵੀ ਅਮਲ ਕਰਦੇ ਹਨ। ਜਿੰਨਾ ਕੋਈ ਗ਼ਰੀਬ ਦੇਸ਼ ਹੁੰਦਾ ਹੈ, ਓਨਾ ਹੀ ਹਾਕਮ ਪਾਰਟੀ ਦੇ ਲੀਡਰਾਂ ਉਤੇ ਖ਼ਰਚਾ ਵਧਾ ਚੜ੍ਹਾ ਕੇ ਕੀਤਾ ਜਾਂਦਾ ਹੈ। ਇਸੇ ਹਫ਼ਤੇ ਦੋ ਦੇਸ਼ਾਂ ਦੇ ਮੰਤਰੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
New Zealand Ministers Julie Anne Genter
ਕਰੋਏਸ਼ੀਆ ਦੀ ਰਾਸ਼ਟਰਪਤੀ ਅਪਣੇ ਘਰ ਦੀ ਸਫ਼ੈਦੀ ਆਪ ਕਰ ਰਹੀ ਸੀ ਅਤੇ ਨਿਉਜ਼ੀਲੈਂਡ ਦੀ ਮੰਤਰੀ, ਜੋ ਕਿ 40 ਹਫ਼ਤੇ ਅਤੇ 4 ਦਿਨ ਦੀ ਗਰਭਵਤੀ ਸੀ, ਖ਼ੁਦ ਸਾਈਕਲ ਚਲਾ ਕੇ ਹਸਪਤਾਲ ਜਾ ਰਹੀ ਸੀ। ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਵੀ ਅਪਣੇ ਘਰ ਵਿਚ ਹੀ ਰਹਿੰਦੀ ਹੈ, ਨਾਕਿ ਸਰਕਾਰੀ ਖ਼ਜ਼ਾਨੇ ਉਤੇ ਭਾਰ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਜਰਮਨੀ, ਕਰੋਏਸ਼ੀਆ ਅਤੇ ਨਿਊਜ਼ੀਲੈਂਡ ਏਨੇ ਅਮੀਰ ਦੇਸ਼ ਹਨ ਕਿ ਇਨ੍ਹਾਂ ਦੇ ਪ੍ਰਧਾਨ ਮੰਤਰੀਆਂ ਨੂੰ ਕੰਜੂਸੀ ਕਰਨ ਦੀ ਜ਼ਰੂਰਤ ਵੀ ਕੋਈ ਨਹੀਂ। ਪਰ ਇਮਰਾਨ ਖ਼ਾਨ ਵਾਂਗ ਇਨ੍ਹਾਂ ਨੂੰ ਅਪਣੇ ਦੇਸ਼ ਦੀ ਜਨਤਾ ਦੀ ਕਮਾਈ ਵਿਚੋਂ ਟੈਕਸਾਂ ਰਾਹੀਂ ਇਕੱਤਰ ਕੀਤੀ ਗਈ ਮਿਹਨਤ ਦੀ ਕਮਾਈ ਦੀ ਕਦਰ ਹੈ।
ਜਦੋਂ ਤਕ ਉਹ ਕਦਰ ਭਾਰਤ ਦੇ ਸਿਆਸਤਦਾਨਾਂ ਅੰਦਰ ਪੈਦਾ ਨਹੀਂ ਹੁੰਦੀ, ਭਾਰਤ ਦਾ ਵਿਕਾਸ ਮੁਮਕਿਨ ਨਹੀਂ ਹੋਣਾ। ਪ੍ਰਧਾਨ ਮੰਤਰੀ ਮੋਦੀ ਤੋਂ ਵੀ ਬੜੀ ਉਮੀਦ ਸੀ ਕਿ ਉਹ ਭਾਰਤ ਵਿਚ ਬਣੇ ਸਮਾਨ ਨੂੰ ਪਹਿਲ ਦੇ ਕੇ ਇਕ ਸਵਦੇਸ਼ੀ ਮੁਹਿੰਮ ਸ਼ੁਰੂ ਕਰਨਗੇ। ਮੇਕ ਇਨ ਇੰਡੀਆ ਵਾਸਤੇ ਅੰਬੈਸਡਰ ਗੱਡੀ ਤੋਂ ਪਹਿਲ ਕੀਤੀ ਜਾ ਸਕਦੀ ਸੀ। ਪਰ ਮੋਦੀ ਜੀ ਲੈਂਡਰੋਵਰ ਦੇ ਕਾਫ਼ਲੇ ਨਾਲ ਘੁੰਮਦੇ ਹਨ, ਜਿਸ ਦੀ ਕੀਮਤ ਸਵਾ ਕਰੋੜ ਤੋਂ ਸ਼ੁਰੂ ਹੁੰਦੀ ਹੈ।
Croatia President Kolinda Grabar-Kitarović
ਸਾਡੇ ਕੋਲ ਸਰਕਾਰੀ ਘਰਾਂ ਦਾ ਹੜ੍ਹ ਤਾਂ ਹੈ ਹੀ ਪਰ ਉਨ੍ਹਾਂ ਵਿਚ ਸਹੂਲਤਾਂ ਦਾ ਵੀ ਹੜ੍ਹ ਹੈ। ਹਰ ਮੁੱਖ ਮੰਤਰੀ, ਮੰਤਰੀ, ਸਰਕਾਰੀ ਅਫ਼ਸਰ, ਸਰਕਾਰੀ ਘਰ ਵਿਚ ਦਾਖ਼ਲ ਹੁੰਦਿਆਂ ਹੀ, ਲੱਖਾਂ ਦਾ ਖ਼ਰਚਾ ਸਜਾਵਟ ਉਤੇ ਕਰਨ ਲੱਗ ਜਾਂਦਾ ਹੈ। ਮੰਤਰੀਆਂ ਦੇ ਘਰਾਂ ਦੇ ਰੰਗ ਰੋਗ਼ਨ ਤੋਂ ਲੈ ਕੇ ਚਾਦਰਾਂ ਵੀ ਸਰਕਾਰੀ ਖ਼ਜ਼ਾਨੇ 'ਚੋਂ ਆਉਂਦੀਆਂ ਹਨ। ਅਸੀ ਅਪਣੀਆਂ ਜੜ੍ਹਾਂ ਨਾਲ ਜੁੜਨ ਦੀ ਗੱਲ ਕਰਦੇ ਹਾਂ, ਪਰ ਅੰਗਰੇਜ਼ਾਂ ਵਾਲੀ ਹਕੂਮਤੀ ਠਾਠ ਨੂੰ ਤਾਂ ਸਾਡੇ ਦੇਸੀ ਹਾਕਮ ਛੱਡਣ ਨੂੰ ਤਿਆਰ ਹੀ ਨਹੀਂ। -ਨਿਮਰਤ ਕੌਰ