
ਕੁੱਝ ਦਿਨ ਪਹਿਲਾਂ ਅਪਣੇ ਬੇਟੇ ਨਾਲ ਹਸਪਤਾਲ ਜਾਣ ਦੀ ਲੋੜ ਪੈ ਗਈ। ਪੀ.ਜੀ.ਆਈ. ਦੇ ਮਰੀਜ਼ਾਂ ਨਾਲ ਖਚਾਖਚ ਭਰੇ ਲੰਮੇ ਬਰਾਂਡਿਆਂ 'ਚੋਂ ਲੰਘਦੀ ਹੋਈ, ਮੈਂ ਅਪਣੀਆਂ ਹੀ....
ਕੁੱਝ ਦਿਨ ਪਹਿਲਾਂ ਅਪਣੇ ਬੇਟੇ ਨਾਲ ਹਸਪਤਾਲ ਜਾਣ ਦੀ ਲੋੜ ਪੈ ਗਈ। ਪੀ.ਜੀ.ਆਈ. ਦੇ ਮਰੀਜ਼ਾਂ ਨਾਲ ਖਚਾਖਚ ਭਰੇ ਲੰਮੇ ਬਰਾਂਡਿਆਂ 'ਚੋਂ ਲੰਘਦੀ ਹੋਈ, ਮੈਂ ਅਪਣੀਆਂ ਹੀ ਸੋਚਾਂ ਵਿਚ ਗੁੰਮ ਸੁੰਮ ਚਲਦੀ ਜਾ ਰਹੀ ਸੀ। ਬੇਟੇ ਨੇ ਪੁਛਿਆ, ''ਮਾਮਾ ਕਿਉਂ ਅਪਣਾ ਦੇਸ਼ ਅਰਬਾਂ ਰੁਪਏ ਖ਼ਰਚ ਕੇ ਲੀਡਰਾਂ ਦੇ ਬੁਤ ਬਣਾਉਣ ਵਿਚ ਲੱਗਾ ਹੋਇਐ ਜਦਕਿ ਹਸਪਤਾਲਾਂ 'ਚ ਮਰੀਜ਼ ਵੀ ਇਨ੍ਹਾਂ ਕੋਲੋਂ ਸੰਭਾਲੇ ਨਹੀਂ ਜਾ ਰਹੇ?'' ਅੱਗੇ ਜਾ ਕੇ ਹਸਪਤਾਲ ਦੀ ਇਕ ਨਰਸ ਅਪਣੇ ਆਪ ਨਾਲ ਗੱਲਾਂ ਕਰਦੀ ਹੋਈ ਕਲਪ ਰਹੀ ਸੀ। ਕਾਰਡੀਉ ਆਈ.ਸੀ.ਯੂ. ਵਿਚ ਬਿਮਾਰਾਂ ਅਤੇ ਪ੍ਰਵਾਰਾਂ ਉਤੇ ਗੁੱਸਾ ਕੱਢ ਰਹੀ ਸੀ, ''ਜਦ ਮੁਸੀਬਤ ਪੈਂਦੀ ਹੈ ਤਾਂ ਪੀ.ਜੀ.ਆਈ. ਭੱਜੇ ਆਉਂਦੇ ਨੇ ਪਰ ਜਦ ਪੀ.ਜੀ.ਆਈ. ਨੂੰ ਲੋੜ ਪੈਂਦੀ ਏ ਤਾਂ ਨਾਲ ਕੋਈ ਨਹੀਂ ਖੜਾ ਹੁੰਦਾ। ਮੁਜ਼ਾਹਰੇ ਤਾਂ ਮੰਦਰਾਂ ਵਾਸਤੇ ਹੀ ਕੀਤੇ ਜਾਂਦੇ ਨੇ।''
Diwali
ਉਹ ਦਰਦ ਜੋ ਬੱਚਾ ਵੀ ਸਮਝ ਰਿਹਾ ਸੀ, ਸਾਡਾ ਸਿਆਣਾ, ਪੜ੍ਹਿਆ-ਲਿਖਿਆ ਸਮਾਜ ਨਹੀਂ ਸਮਝ ਪਾ ਰਿਹਾ। ਸਾਡੇ ਸਮਾਜ ਵਿਚ ਅਜਿਹਾ ਕੀ ਚੱਕਰ ਹੈ ਕਿ ਹਰ ਚੰਗੀ ਚੀਜ਼ ਨੂੰ ਅਸੀਂ ਖ਼ਤਮ ਕਰਨ ਵਿਚ ਕਾਮਯਾਬ ਹੋ ਜਾਂਦੇ ਹਾਂ। ਨੌਜੁਆਨਾਂ ਦਾ ਜੋਸ਼ ਹਕੀਕਤਾਂ ਹੇਠ ਦੱਬ ਜਾਂਦਾ ਹੈ। ਕਿਉਂ ਭਾਰਤ ਦੇ ਨਾਗਰਿਕ ਅਪਣੇ ਦਿਲ 'ਚੋਂ ਹਮਦਰਦੀ ਨੂੰ ਖ਼ਤਮ ਕਰਦੇ ਜਾ ਰਹੇ ਹਨ? ਦੀਵਾਲੀ ਮਨਾਉਣ ਦੇ ਕੁੱਝ ਕਾਰਨ ਹਨ। ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਹਿੰਦੂ ਇਸ ਨੂੰ ਅਯੋਧਿਆ ਨਰੇਸ਼ ਰਾਮ ਦੀ ਯਾਦ ਵਿਚ ਇਹ ਤਿਉਹਾਰ ਵਜੋਂ ਮਨਾਉਂਦੇ ਹਨ ਅਤੇ ਸਿੱਖ ਇਸ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਦੋਹਾਂ ਘਟਨਾਵਾਂ ਨੂੰ ਬਦੀ ਉਪਰ ਨੇਕੀ ਦੀ ਜਿੱਤ ਦੀਆਂ ਪ੍ਰਤੀਕ ਦਸਿਆ ਜਾਂਦਾ ਹੈ। ਪਰ ਉਸੇ ਸੱਚ ਦੀ ਜਿੱਤ ਨੂੰ ਮਨਾਉਣ ਲਗਿਆਂ ਅੱਜ ਦੇ ਦਿਹਾੜੇ ਤੋਂ ਵੱਧ ਅਸੱਤ (ਝੂਠ) ਕਿਸੇ ਹੋਰ ਦਿਨ ਨਹੀਂ ਉਜਾਗਰ ਹੁੰਦਾ।
Diwali firecrackers
ਦੀਵਾਲੀ ਭਾਰਤ ਦੇ ਭ੍ਰਿਸ਼ਟਾਚਾਰ ਦਾ ਕੌਮੀ ਤਿਉਹਾਰ ਬਣ ਗਿਆ ਹੈ ਜਿਥੇ ਸਿਰਫ਼ 20-30 ਫ਼ੀ ਸਦੀ ਲੋਕ ਹੀ ਅਪਣੇ ਲਾਭ ਨੂੰ ਸਾਹਮਣੇ ਰੱਖ ਕੇ, ਨਕਲੀ ਮੁਖੌਟਿਆਂ ਵਾਲੀ ਖ਼ੁਸ਼ੀ ਵੰਡਦੇ ਫਿਰਦੇ ਹਨ ਅਤੇ ਦੀਵਾਲੀ ਦੇ ਤੋਹਫ਼ਿਆਂ ਦੇ ਨਾਂ ਤੇ ਅਫ਼ਸਰਸ਼ਾਹੀ ਤੇ ਹਾਕਮਾਂ ਨੂੰ ਰਿਸ਼ਵਤ ਵੰਡੀ ਜਾਂਦੀ ਹੈ ਪਰ ਗ਼ਰੀਬ ਨੂੰ ਧੱਕਾ ਮਾਰ ਕੇ ਪਰੇ ਸੁਟ ਦਿਤਾ ਜਾਂਦਾ ਹੈ। ਅਫ਼ਸਰਸ਼ਾਹੀ, ਸਿਆਸਤਦਾਨਾਂ ਤੋਂ ਲੈ ਕੇ ਪ੍ਰਵਾਰਕ ਰਿਸ਼ਤੇਦਾਰੀਆਂ ਵਿਚ ਲੈਣ-ਦੇਣ ਚਲਦਾ ਹੈ ਜਿਸ ਵਿਚ ਦੇਣ ਵਾਲੇ ਨੂੰ ਤਾਂ ਖ਼ੁਸ਼ੀ ਨਹੀਂ, ਅਪਣੀ ਮਜਬੂਰੀ ਹੀ ਨਜ਼ਰ ਆਉਂਦੀ ਹੈ। ਭਾਰਤੀ ਸਮਾਜ ਵਿਚ ਰਿਸ਼ਤੇ ਏਨੇ ਭ੍ਰਿਸ਼ਟ ਹੋ ਚੁੱਕੇ ਹਨ ਕਿ ਤਿਉਹਾਰ, ਕੁੜੀਆਂ ਦੇ ਮਾਪਿਆਂ ਤੋਂ ਤੋਹਫ਼ਿਆਂ ਦੇ ਨਾਂ 'ਤੇ ਅਪਣਾ ਲਾਲਚ ਪੂਰਾ ਕਰਨ ਦਾ ਜ਼ਰੀਆ ਬਣ ਚੁਕੇ ਹਨ।
Nagar kirtan
ਅਤੇ ਦੀਵਾਲੀ ਹੀ ਕਿਉਂ, ਸਾਡੇ ਸਮਾਜ ਦੀ ਅਜਿਹੀ ਸੋਚ ਹੈ ਕਿ ਉਹ ਹਰ ਰੀਤ, ਹਰ ਤਿਉਹਾਰ, ਹਰ ਜਸ਼ਨ ਵਿਚ ਲੈਣ-ਦੇਣ ਦੇ ਸੌਦੇ ਲਿਆ ਖੜਾ ਕਰਦਾ ਹੈ। ਮੌਤ ਮੌਕੇ ਵੀ ਕਿਸੇ ਨਾ ਕਿਸੇ ਰੀਤ ਮੁਤਾਬਕ ਕੁੱਝ ਲੈਣ-ਦੇਣ ਸ਼ੁਰੂ ਹੋ ਜਾਂਦਾ ਹੈ। ਏਨਾ ਲੈਣ-ਦੇਣ ਹੋਰਨਾਂ ਦੇਸ਼ਾਂ ਵਿਚ ਘੱਟ ਹੀ ਹੁੰਦਾ ਹੋਵੇਗਾ ਪਰ ਏਨੀ ਵੱਧ ਨਾਖ਼ੁਸ਼ੀ ਵੀ ਕਿਸੇ ਹੋਰ ਦੇਸ਼ ਵਿਚ ਨਹੀਂ ਹੁੰਦੀ ਹੋਵੇਗੀ। ਕਿੱਥੇ ਜਾ ਰਿਹਾ ਹੈ ਸਾਡਾ ਸਮਾਜ ਕਿ ਹਰ ਚੰਗੀ ਗੱਲ ਨੂੰ ਵੀ ਮੈਲਾ ਕਰ ਦਿੰਦਾ ਹੈ। ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਦੇ ਨਾਂ ਨੂੰ ਵੀ ਤਾਂ ਇਸੇ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਨਗਰ ਕੀਰਤਨਾਂ ਦੇ ਬਹਾਨੇ ਪੈਸੇ ਇਕੱਠੇ ਕਰ ਕੇ ਸ਼ਰਧਾਵਾਨ ਗ਼ਰੀਬ ਤੇ ਮੱਧ ਸ਼੍ਰੇਣੀ ਦੇ ਆਮ ਭੋਲੇ ਭਾਲੇ ਸਿੱਖਾਂ ਦੀ ਲੁੱਟ ਕੀਤੀ ਜਾ ਰਹੀ ਹੈ ਤੇ ਅਪਣੀ ਸਿਆਸੀ ਚੜ੍ਹਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਵੀ ਦੀਵਾਲੀ ਦੇ ਜਸ਼ਨਾਂ ਵਾਂਗ, ਭ੍ਰਿਸ਼ਟਾਚਾਰ ਦਾ ਇਕ ਰੂਪ ਬਣ ਕੇ ਰਹਿ ਗਿਆ ਹੈ।
Punjab Flood
ਹੜ੍ਹ ਆਇਆਂ ਨੂੰ ਦੋ ਮਹੀਨੇ ਹੋ ਚੁੱਕੇ ਹਨ ਪਰ ਅਜੇ ਵੀ ਪੰਜਾਬ ਦੇ ਅਨੇਕਾਂ ਪਿੰਡਾਂ ਦੇ ਖੇਤਾਂ ਵਿਚ ਪਾਣੀ ਭਰਿਆ ਹੋਇਆ ਹੈ। ਉਨ੍ਹਾਂ ਪਿੰਡਾਂ ਵਿਚ ਸ਼ਾਇਦ ਖ਼ੁਸ਼ੀ ਦੇ ਦੀਵੇ ਨਹੀਂ ਬਲਣਗੇ। ਜਿਨ੍ਹਾਂ ਕੋਲ ਰੁਜ਼ਗਾਰ ਨਹੀਂ, ਖਾਣ ਲਈ ਪੈਸਾ ਨਹੀਂ, ਉਨ੍ਹਾਂ ਦੇ ਦੀਵੇ ਨਹੀਂ ਬਲਣਗੇ। ਫਿਰ ਕੀ 'ਲਛਮੀ' ਉਨ੍ਹਾਂ ਘਰਾਂ ਵਿਚ ਹੀ ਜਾਵੇਗੀ ਜਿਥੇ ਘਿਉ ਦੇ ਦੀਵੇ ਬਲਣਗੇ? ਕੀ ਹੁਣ ਭਾਰਤ ਦੇ ਰੱਬ ਵੀ ਏਨੇ ਭ੍ਰਿਸ਼ਟ ਹੋ ਚੁੱਕੇ ਹਨ ਕਿ ਉਹ ਸਿਰਫ਼ ਅਮੀਰਾਂ ਦੇ ਘਰ ਹੀ ਲਛਮੀ ਭੇਜਦੇ ਹਨ? ਕਿਸੇ ਨੇ ਸਮਝਾਇਆ ਕਿ ਇਹ ਗ਼ਰੀਬੀ ਵੀ ਅਕਾਲ ਪੁਰਖ ਦੇ ਹੁਕਮ ਨਾਲ ਹੀ ਆਉਂਦੀ ਹੈ। ਰੱਬ ਉਥੇ ਹੀ ਪੈਸੇ ਭੇਜਦਾ ਹੈ ਜਿੱਥੇ ਉਸ ਦੀ ਮਰਜ਼ੀ ਹੁੰਦੀ ਹੈ। ਫਿਰ ਤਾਂ ਸ਼ਾਇਦ ਰੱਬ ਨੇ ਵੀ ਭਾਰਤੀ ਸਮਾਜ ਵਿਚ ਰਹਿੰਦਿਆਂ-ਰਹਿੰਦਿਆਂ ਇਥੋਂ ਦੇ ਤੌਰ-ਤਰੀਕੇ ਹੀ ਅਪਣਾ ਲਏ ਹਨ।
Diwali
ਦੀਵਾਲੀ ਦੇ ਖ਼ਾਲੀ ਬਾਜ਼ਾਰ ਦਸਦੇ ਹਨ ਕਿ ਲੋਕ ਖ਼ੁਸ਼ ਨਹੀਂ ਹਨ। ਚੋਣਾਂ ਦੇ ਨਤੀਜੇ ਦਸਦੇ ਹਨ ਕਿ ਲੋਕ ਬਦਲਾਅ ਮੰਗਦੇ ਹਨ। ਪਰ ਕੀ ਅਗਲੀ ਦੀਵਾਲੀ ਇਸ ਦੀਵਾਲੀ ਤੋਂ ਬਿਹਤਰ ਹੋਵੇਗੀ? ਜੇ ਇਸ ਸਮਾਜ ਨੇ ਰੱਬ ਨੂੰ ਹੀ ਅਮੀਰਾਂ ਵਾਸਤੇ ਕੰਮ ਕਰਨ ਨੂੰ ਲਾ ਲਿਆ ਤਾਂ ਫਿਰ ਰੱਬ ਵੀ ਕੁੱਝ ਬਦਲਾਅ ਨਹੀਂ ਲਿਆ ਸਕੇਗਾ। ਭਾਰਤੀ ਸਮਾਜ ਦੀ ਸੱਭ ਤੋਂ ਵੱਡੀ ਕਮੀ ਹਮਦਰਦੀ ਜਾਪਦੀ ਹੈ ਜਿਥੇ ਤਕਰੀਬਨ ਹਰ ਰਿਸ਼ਤਾ ਅਪਣੀ ਲੋੜ ਨੂੰ ਪੂਰਾ ਕਰਨ ਵਾਸਤੇ ਕਾਇਮ ਕੀਤਾ ਗਿਆ ਹੁੰਦਾ ਹੈ।
ਦੀਵਾਲੀ ਦੀ ਰਾਤ ਨੂੰ ਪੁਲਾੜ 'ਚੋਂ ਵੀ ਭਾਰਤ ਹੀ ਚਮਕਦਾ ਨਜ਼ਰ ਆਵੇਗਾ ਅਤੇ ਉਹ ਸਿਰਫ਼ ਦੀਵਿਆਂ ਦੀ ਲੋ ਹੋਵੇਗੀ। ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਦੀਵਿਆਂ ਦੀ ਲੋਅ ਦੀ ਕੁੱਝ ਗਰਮੀ ਦਿਲਾਂ ਵਿਚ ਵੀ ਥਾਂ ਬਣਾ ਲਵੇ ਅਤੇ ਇਸ ਸਮਾਜ ਦੀ ਕਠੋਰਤਾ ਨੂੰ ਅਪਣੇ ਨਿੱਘ ਅਤੇ ਪਿਆਰ ਨਾਲ ਇਕ ਦੂਜੇ ਪ੍ਰਤੀ ਸੱਚੀ ਹਮਦਰਦੀ ਵਿਚ ਬਦਲ ਦੇਵੇ। -ਨਿਮਰਤ ਕੌਰ