Editorial: ਹਿੰਦੁਸਤਾਨ ਦੀ ਸਚਾਈ ਸਮਝ ਕੇ ਨੀਤੀਆਂ ਘੜਨ ਲਈ ਦੇਸ਼ ਦਾ ਐਕਸ-ਰੇ ਜ਼ਰੂਰੀ

By : NIMRAT

Published : Apr 26, 2024, 8:11 am IST
Updated : Apr 26, 2024, 8:16 am IST
SHARE ARTICLE
File Photo
File Photo

ਪਹਿਲਾ ਵਿਵਾਦ ਤਾਂ ਕਾਂਗਰਸ ਦੇ ਸੈਮ ਪਿਤਰੋਦਾ ਦੇ ਬਿਆਨ ਤੋਂ ਸ਼ੁਰੂ ਹੋਇਆ ਜੋ ਅਮਰੀਕਾ ਦੀ ਤਰਜ਼ ਤੇ ਵਿਰਾਸਤੀ ਟੈਕਸ ਦੀ ਗੱਲ ਕਰ ਰਹੇ ਹਨ

Editorial:  ਭਾਰਤੀ ਸਮਾਜ ਵਿਚ ਹਰ ਨਾਗਰਿਕ ਨੂੰ ਮਿਲੇ ਬਰਾਬਰੀ ਦੇ ਸੰਵਿਧਾਨਕ ਅਧਿਕਾਰ ਨੂੰ ਅਮਲ ਵਿਚ ਲਾਗੂ ਕਰਨ ਦੀ ਸਖ਼ਤ ਲੋੜ ਹੈ ਪਰ ਇਸ ਰਸਤੇ ਪਹੁੰਚਣ ਵਾਸਤੇ ਸਿਆਸੀ ਪਾਰਟੀਆਂ ਦੀ ਵਖਰੀ ਸੋਚ ਕਾਰਨ ਉਨ੍ਹਾਂ ਵਿਚ ਜ਼ਬਰਦਸਤ ਸ਼ਬਦੀ ਜੰਗ ਛਿੜ ਪਈ ਹੈ। ਕਾਂਗਰਸ ਵਲੋਂ ਬੋਲੇ ਹਰ ਸ਼ਬਦ ਨੂੰ ਵਿਰੋਧੀ ਉਲਟਾ ਸਮਝਦੇ ਹਨ ਤੇ ਵਿਚਾਰਧਾਰਾ ਵਿਚ ਹੀ ਨਹੀਂ, ਆਰਥਕ ਨੀਤੀਆਂ ਘੜਨ ਵਿਚ ਵੀ ਬੜਾ ਫ਼ਰਕ ਹੈ ਜਿਸ ਕਾਰਨ ਦੂਜੇ ਦੀ ਗੱਲ ਸਮਝ ਤੋਂ ਬਾਹਰ ਦੀ ਲਗਦੀ ਹੈ। 

ਪਹਿਲਾ ਵਿਵਾਦ ਤਾਂ ਕਾਂਗਰਸ ਦੇ ਸੈਮ ਪਿਤਰੋਦਾ ਦੇ ਬਿਆਨ ਤੋਂ ਸ਼ੁਰੂ ਹੋਇਆ ਜੋ ਅਮਰੀਕਾ ਦੀ ਤਰਜ਼ ਤੇ ਵਿਰਾਸਤੀ ਟੈਕਸ ਦੀ ਗੱਲ ਕਰ ਰਹੇ ਹਨ। ਕਾਂਗਰਸ ਨੇ ਅਪਣੇ ਹੀ ਮਾਹਰ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ ਜੋ ਸਹੀ ਵੀ ਹੈ। ਭਾਵੇਂ ਸੈਮ ਪਿਤਰੋਦਾ ਨੇ ਹੀ ਭਾਰਤ ਵਿਚ ਟੈਲੀਕਾਮ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ ਪਰ ਵਿਰਾਸਤੀ ਟੈਕਸ ਭਾਰਤ ਵਿਚ ਜਚਦਾ ਨਹੀਂ ਕਿਉਂਕਿ ਭਾਰਤ ਵਿਚ ਇਕ ਪ੍ਰਵਾਰ ਵਿਚ ਤਾਂ ਕੰਮ ਵੀ ਪੀੜ੍ਹੀ ਦਰ ਪੀੜ੍ਹੀ ਚਲਦਾ ਹੈ ਤੇ ਪ੍ਰਵਾਰ ਆਪਸ ਵਿਚ ਜੁੜੇ ਰਹਿੰਦੇ ਹਨ।

ਜੋ ਨੀਤੀ ਅਮਰੀਕਾ ਵਿਚ ਚਲਦੀ ਹੈ, ਉਹ ਸਾਡੇ ਸਮਾਜਕ ਢਾਂਚੇ ਨੂੰ ਨਹੀਂ ਜਚਦੀ। ਅਮਰੀਕਾ ਵਿਚ ਰਿਸ਼ਤਿਆਂ ਵਿਚ ਉਹ ਨਿੱਘ ਨਹੀਂ ਹੁੰਦਾ ਜੋ ਪੀੜ੍ਹੀ ਦਰ ਪੀੜ੍ਹੀ ਇਕ ਖ਼ਾਨਦਾਨ ਨੂੰ ਉਸੇ ਕਿੱਤੇ, ਵਪਾਰ ਜਾਂ ਧੰਦੇ ਨਾਲ ਜੋੜੀ ਰਖਦਾ ਹੈ ਤੇ ਇਕ ਵਿਹੜੇ ਦਾ ਵਾਸੀ ਬਣਾਈ ਰਖਦਾ ਹੈ। 50 ਫ਼ੀ ਸਦੀ ਟੈਕਸ ਤਾਂ ਸਰਕਾਰਾਂ ਨੂੰ ਦੇਣ ਬਾਰੇ ਅਜੇ ਸੋਚਿਆ ਹੀ ਨਹੀਂ ਜਾ ਸਕਦਾ।

33 ਫ਼ੀਸਦੀ ਟੈਕਸ ਵੀ ਚੁਭਦਾ ਹੈ ਕਿਉਂਕਿ ਬਦਲੇ ਵਿਚ ਸਰਕਾਰਾਂ ਕੋਲੋਂ ਬਣਦੀਆਂ ਸਹੂਲਤਾਂ ਨਹੀਂ ਮਿਲਦੀਆਂ। ਦੂਜਾ ਕਾਂਗਰਸ ਦੇ ਰਾਹੁਲ ਗਾਂਧੀ ਦੇ ਐਕਸਰੇ ਬਿਆਨ ’ਤੇ ਵੀ ਜੰਗ ਚਲ ਰਹੀ ਹੈ। ਸਿਆਸੀ ਆਗੂ ਮੰਚ ਤੋਂ ਖੜੇ ਹੋ ਕੇ ਇਕ ਦੂਜੇ ’ਤੇ ਚਿੱਕੜ ਤਾਂ ਸੁੱਟਣਗੇ ਹੀ ਪਰ ਇਹ ਬਿਆਨ ਨੀਤੀ-ਘਾੜਿਆਂ ਵਲੋਂ ਅਪਣੀ ਨੀਤੀ ਵਿਚ ਬੰਨ੍ਹ ਲਿਆ ਗਿਆ ਤਾਂ ਭਾਰਤ ਦੀ ਕਾਇਆ ਕਲਪ ਹੋ ਸਕਦੀ ਹੈ।

ਸਾਡੇ ਨੀਤੀਘਾੜੇ, ਸੈਮ ਪਿਤਰੋਦਾ ਵਾਂਗ ਹਰ ਸੋਚ ਪੱਛਮ ਤੋਂ ਲੈ ਕੇ ਆਉਂਦੇ ਹਨ ਪਰ ਜੇ ਤੁਸੀ ਅਪਣੇ ਹੀ ਢਾਂਚੇ ਨੂੰ ਨਹੀਂ ਸਮਝ ਪਾਉਗੇੇ ਤਾਂ ਤੁਹਾਡੀਆਂ ਨੀਤੀਆਂ ਕਦੇ ਵੀ ਅਸਰਦਾਰ ਨਹੀਂ ਬਣ ਸਕਣਗੀਆਂ। ਕਈ ਡਾਕਟਰ ਇਲਾਜ ਕਰਨ ਤੋਂ ਪਹਿਲਾਂ ਲੋੜ ਅਨੁਸਾਰ ਟੈਸਟ ਕਰਵਾਉਂਦੇ ਹਨ ਪਰ ਜਦੋਂ ਅਜੇ ਆਧੁਨਿਕ ਟੈਸਟਾਂ ਦੀ ਕਾਢ ਨਹੀਂ ਹੋਈ ਸੀ ਤਾਂ ਸਾਡੀ ਕੁਲ ਉਮਰ 50-60 ਸਾਲ ਤੋਂ ਉਤੇ ਨਹੀਂ ਸੀ ਵਧਦੀ। ਇਨ੍ਹਾਂ ਟੈਸਟਾਂ ਨੇ ਸਰੀਰ ਅੰਦਰ ਦੀ ਸਚਾਈ ਸਮਝਣ ਵਿਚ ਮਦਦ ਕੀਤੀ ਤੇ ਕਲ ਵਾਲੇ 60 ਦੇ ਅੱਜ 80 ਦੇ ਬਣ ਗਏ ਹਨ। 

ਜੇ ਅਸੀ ਅਪਣੇ ਸਮਾਜ ਦੀ ਅਸਲੀਅਤ ਮੁਤਾਬਕ ਸੱਚ ਵੇਖ ਚੁਕਣ ਮਗਰੋਂ ਅਪਣੀ ਨੀਤੀ ਬਣਾਈਏ ਤਾਂ ਫਿਰ ਸਾਡੇ ਨੀਤੀਘਾੜੇ ਭਾਰਤ ਦੇ ਹਾਲਾਤ ਨੂੰ ਜ਼ਿਆਦਾ ਬਿਹਤਰ ਬਣਾ ਸਕਦੇ ਹਨ। ਪਛਮੀ  ਸੋਚ ਨੂੰ ਆਧਾਰ ਬਣਾ ਕੇ ਨੀਤੀਆਂ ਘੜਨੀਆਂ ਸੱਭ ਵਾਸਤੇ ਗ਼ਲਤ ਹਨ, ਭਾਵੇਂ ਉਹ ਸੈਮ ਪਿਤਰੋਦਾ ਹੋਵੇ ਜਾਂ ਨੀਤੀ ਆਯੋਗ। ਪੰਜ ਤਾਰਾ ਹੋਟਲਾਂ ਦੀਆਂ ਕਾਨਫ਼ਰੰਸਾਂ ਵਿਚ ਵਿਦੇਸ਼ੀ ਮਾਹਰਾਂ ਦੀਆਂ ਕਿਤਾਬਾਂ ਤੋਂ ਅੱਗੇ ਵੱਧ ਕੇ ਭਾਰਤ ਦੇ ਪਿੰਡਾਂ ਵਿਚ, ਛੋਟੇ ਸ਼ਹਿਰਾਂ ਵਿਚ ਆਮ ਲੋਕਾਂ ਦੇ ਹਾਲਾਤ ਦਾ ਐਕਸਰੇਅ ਕਰਨ ਤੋਂ ਬਾਅਦ ਬਣਾਈ ਨੀਤੀ ’ਤੇ ਹਰ ਕਿਸੇ ਲਈ ਵਿਸ਼ਵਾਸ ਕਰਨਾ ਆਸਾਨ ਹੋਵੇਗਾ ਕਿਉਂਕਿ ਉਸ ਵਿਚ ਆਮ ਭਾਰਤੀ ਦੀ ਅਸਲ ਲੋੜ ਝਲਕਦੀ ਹੋਵੇਗੀ।
- ਨਿਮਰਤ ਕੌਰ

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement