ਇਕ ਸਿੱਖ ਅਪਣੇ ਹੱਕ ਦੀ ਗੱਲ ਵੀ ਕਰ ਲਵੇ ਤਾਂ ਸਾਰੇ ਸਿੱਖ ਕਟਹਿਰੇ ਵਿਚ ਖੜੇ ਕਰ ਦਿਤੇ ਜਾਂਦੇ ਹਨ
ਨੌਜੁਆਨ ਸਿੱਖ ਗਾਇਕ ਸ਼ੁਭ ਨੇ ਮਾਰਚ ਦੇ ਮਹੀਨੇ ਇਕ ਕਲਾਕਾਰ ਵਿਸ਼ੇਸ਼ ਰਚਨਾਤਮਕ ਪੇਸ਼ਕਸ਼ ਸਾਂਝੀ ਕੀਤੀ ਸੀ ਜਿਸ ਵਿਚ ਪੰਜਾਬ ਹਨੇਰੇ ਵਿਚ ਸੀ ਤੇ ਇੰਟਰਨੈੱਟ ਦੀ ਤਾਰ ਇਕ ਪੁਲਿਸ ਵਾਲੇ ਨੇ ਕੱਢੀ ਹੋਈ ਸੀ। ਉਸ ਨੇ ਇਹ ਉਸ ਵਕਤ ਦੇ ਪੰਜਾਬ ਵਿਚ ਅੰਮ੍ਰਿਤਪਾਲ ਦੀ ਤਲਾਸ਼ ਤੇ ਦੇਸ਼ ਭਰ ਵਿਚ ਪੰਜਾਬ ਬਾਰੇ ਚਿੰਤਾਜਨਕ ਟਿਪਣੀਆਂ ਦੇ ਮਾਹੌਲ ਵਿਚ ਕੀਤੀ ਸੀ ਤੇ ਨਾਲ ਲਿਖਿਆ ਸੀ ਕਿ ਪੰਜਾਬ ਵਾਸਤੇ ਅਰਦਾਸ ਕਰੋ। ਉਸ ਵਕਤ ਕੁੱਝ ਲੋਕਾਂ ਨੇ ਸਵਾਲ ਖੜਾ ਕਰ ਦਿਤਾ ਤੇ ਉਸ ਨੇ ਤੇ ਕਲਾਕਾਰ ਨੇ ਵੀ ਤਸਵੀਰ ਹਟਾ ਦਿਤੀ।
ਪਰ ਹੁਣ ਜਦ ਭਾਰਤ-ਕੈਨੇਡਾ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ ਤਾਂ ਉਸ ਮਾਰਚ ਦੀ ਗੱਲ ਦਾ ਹਵਾਲਾ ਦੇ ਕੇ ਸ਼ੁਭ ਦਾ ਅਗਲੇ ਮਹੀਨੇ ਦਾ ਭਾਰਤ ਦੌਰਾ ਰੱਦ ਕਰ ਦਿਤਾ ਗਿਆ ਹੈ। ਟਿਪਣੀਆਂ ਕਈ ਹੋ ਰਹੀਆਂ ਹਨ ਪਰ ਸੋਚ ਦੀ ਜ਼ਿਆਦਾ ਗੰਦਗੀ ਕੰਗਨਾ ਰਨੌਤ ਦੇ ਬਿਆਨ ਵਿਚ ਨਜ਼ਰ ਆਈ ਜਿਸ ਨੇ ਕਿਹਾ ਕਿ ਭਾਰਤੀ ਸਿੱਖਾਂ ਨੂੰ ਖ਼ਾਲਿਸਤਾਨੀਆਂ ਤੋਂ ਦੂਰ ਹੋ ਕੇ ਅਖੰਡ ਭਾਰਤ ਨਾਲ ਜੁੜਨ ਦੀ ਜ਼ਰੂਰਤ ਹੈ।
ਉਂਜ ਤਾਂ ਸੜਕ ਤੇ ਭੌਂਕਦੇ ਕੁੱਤੇ ਦਾ ਕੋਈ ਜਵਾਬ ਨਹੀਂ ਦੇਣਾ ਚਾਹੀਦਾ ਪਰ ਇਸ ਅਭਿਨੇਤਰੀ ਨੂੰ ਸਰਕਾਰ ਵਲੋਂ ਜ਼ੈੱਡ ਪਲੱਸ ਸੁਰੱਖਿਆ ਦੇ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਦਾ ਸਾਹਸ ਦਿਤਾ ਹੋਇਆ ਹੈ। ਪੰਜਾਬ ਭਾਜਪਾ ਕੋਰ ਕਮੇਟੀ ਦੇ ਮੈਂਬਰ ਹਰਜੀਤ ਗਰੇਵਾਲ ਨੇ ਕੰਗਨਾ ਰਨੌਤ ਦੀ ਸਕਿਉਰਿਟੀ ਵਾਪਸ ਲੈਣ ਦੀ ਗੱਲ ਕੀਤੀ ਪਰ ਜਿਵੇਂ ਸਰਕਾਰਾਂ ਦੀ ਸੋਚ ਬਣੀ ਹੋਈ ਹੈ, ਉਹ ਸਿਆਣੀਆਂ ਗੱਲਾਂ ਨਹੀਂ ਸੁਣਦੀਆਂ। ਸ਼ੁਭ ਉਸ ਸ਼ੇ੍ਰਣੀ ਦੇ ਸਿੱਖ ਨੌਜੁਆਨਾਂ ਦਾ ਸਤਿਕਾਰ ਕਰਦਾ ਹੈ ਜੋ ਭਾਵੇਂ ਦੇਸ਼ ਤੋਂ ਦੂਰ ਹਨ ਪਰ ਦਿਲ ਇਸ ਧਰਤੀ ’ਤੇ ਛੱਡ ਗਏ ਹਨ।
ਪੰਜਾਬ ਵਾਸਤੇ ਚਿੰਤਾ ਕਰਨਾ, ਪੰਜਾਬ ਵਿਚ ਸੁੱਖ ਸ਼ਾਂਤੀ ਦੀ ਸੁਖਣਾ ਮੰਗਣਾ, ਪੰਜਾਬ ਦੇ ਪਾਣੀ ਦੀ ਗੱਲ ਕਰਨੀ, ਪੰਜਾਬ ਦੀ ਰਾਜਧਾਨੀ ਬਾਰੇ ਆਵਾਜ਼ ਚੁੱਕਣ ਦਾ ਮਤਲਬ ਇਹ ਸੀ ਕਿ ਸਿੱਖਾਂ ਨੂੰ ਭਾਰਤ ਪ੍ਰਤੀ ਅਪਣੀ ਜ਼ਿੰਮੇਵਾਰੀ ਯਾਦ ਕਰਵਾਉਣ ਦੀ ਪੈਰਵੀ ਕੰਗਨਾ ਰਨੌਤ ਵਰਗੀਆਂ ਨੂੰ ਕਰਨ ਦਾ ਕੋਈ ਹੱਕ ਨਹੀਂ। ਇਸ ਦੇਸ਼ ਦੀ ਅਖੰਡਤਾ ਜੇ ਕੰਗਨਾ ਰਨੌਤ ਜਾਂ ਹੋਰਨਾਂ ਭਾਰੀ ਆਬਾਦੀ ਵਾਲੇ ਸੂਬਿਆਂ ਦੇ ਹੱਥ ਵਿਚ ਹੁੰਦੀ ਤਾਂ ਇਥੇ ‘ਅਖੰਡ ਭਾਰਤ’ ਆਖਣ ਦਾ ਹੱਕ ਅੱਜ ਵੀ ਪ੍ਰਾਪਤ ਨਾ ਹੁੰਦਾ।
ਭਾਰਤ ਦੀ ਆਜ਼ਾਦੀ ਦੀ ਲਹਿਰ ਦੀ ਸਫ਼ਲਤਾ ਦਾ ਇਕ ਵੱਡਾ ਕਾਰਨ ਇਹ ਹੈ ਕਿ ਪੰਜਾਬੀ ਹੱਕ ਮੰਗਣ ਤੋਂ ਡਰਦੇ ਨਹੀਂ। ਉਹ ਦਬਾਅ ਹੇਠ ਝੁਕਦੇ ਨਹੀਂ ਤੇ ਪੰਜਾਬ ਤੋਂ ਆਜ਼ਾਦੀ ਲਹਿਰ ਨੂੰ ਨਾ ਸਿਰਫ਼ ਇਕ ਸ਼ਹੀਦ ਮਿਲਿਆ ਬਲਕਿ ਤਕਰੀਬਨ 90 ਫ਼ੀ ਸਦੀ ਸ਼ਹਾਦਤਾਂ ਪੰਜਾਬ ’ਚੋਂ ਹੋਈਆਂ ਤੇ ਪਹਿਲੀ ਕੁਰਬਾਨੀ ਭਾਈ ਮਹਿਰਾਜ ਸਿੰਘ ਦੀ 1830 ਵਿਚ ਹੋਈ ਸੀ, ਨਾਕਿ 1857 ਦੀ ਬਗ਼ਾਵਤ। ਪਰ ਜਾਣਕਾਰੀ ਲਏ ਬਿਨਾ ਜਦ ਕੰਗਨਾ ਵਰਗੇ ਅਪਣੇ ਆਪ ਨੂੰ ਰਾਸ਼ਟਰਵਾਦੀ ਅਖਵਾਉਣ ਦਾ ਯਤਨ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ ਹੀ ਠੇਸ ਪਹੁੰਚਾਉਂਦੇ ਹਨ ਜਿਨ੍ਹਾਂ ਕਾਰਨ ਭਾਰਤ ਆਜ਼ਾਦ ਹੋਇਆ ਹੈ।
ਸ਼ੁਭ ਦਾ ਭਾਰਤ ਦੌਰਾ ਰੱਦ ਕਰਨ ਨਾਲ ਭਾਰਤ ਤੇ ਕੈਨੇਡਾ ਸਰਕਾਰਾਂ ਦੀਆਂ ਦੂਰੀਆਂ ਖ਼ਤਮ ਨਹੀਂ ਹੋਣ ਵਾਲੀਆਂ। ਇਹ ਇਕ ਪੇਚੀਦਾ ਮਸਲਾ ਹੈ ਜੋ ਅਸਲ ਵਿਚ ਦੋਹਾਂ ਸਰਕਾਰਾਂ ਨੂੰ ਮਿਲ ਕੇ ਸੁਲਝਾਣਾ ਪਵੇਗਾ ਕਿਉਂਕਿ ਐਨ.ਆਈ.ਏ. ਦੀ ਚਾਰਜਸ਼ੀਟ ਵਿਚ ਲਾਰੰਸ ਬਿਸ਼ਨੋਈ ਨੂੰ ਵਿਦੇਸ਼ਾਂ ਵਿਚ ਬੈਠੇ ਕੁੱਝ ਗਰਮ ਖ਼ਿਆਲੀ ਤੱਤਾਂ ਨਾਲ ਪੈਸੇ ਦੇ ਲੈਣ ਦੇਣ ਨਾਲ ਜੋੜਿਆ ਗਿਆ ਹੈ।
ਪਰ ਜਦ ਲਾਰੰਸ ਬਿਸ਼ਨੋਈ ਦਾ ਨਾਮ ਇਸ ਵਿਚ ਆਉਂਦਾ ਹੈ ਜਾਂ ਉਸ ਨਾਲ ਨਾਮ ਮੋਨੂੰ ਮਾਨੇਸਰ (ਨੂਹ ਹਿੰਸਾ ਵਾਲਾ) ਨਾਲ ਜੁੜਦਾ ਹੈ ਤਾਂ ਕੀ ਸਾਰੀ ਬਿਸ਼ਨੋਈ ਬਰਾਦਰੀ ਨੂੰ ਦੇਸ਼ ਪ੍ਰੇਮ ਦਾ ਸਬੂਤ ਦੇਣ ਵਾਸਤੇ ਕਿਹਾ ਜਾਂਦਾ ਹੈ? ਜਾਂ ਬਿਸ਼ਨੋਈ ਭਾਈਚਾਰੇ ਦੇ ਆਗੂ ਕੁਲਦੀਪ ਬਿਸ਼ਨੋਈ ਨੂੰ ਪਾਰਟੀ ’ਚੋਂ ਕੱਢ ਦਿਤਾ ਜਾਂਦਾ ਹੈ? ਨਹੀਂ।
ਪਰ ਇਕ ਸਿੱਖ ਅਪਣੇ ਹੱਕ ਦੀ ਗੱਲ ਵੀ ਕਰ ਲਵੇ ਤਾਂ ਸਾਰੇ ਸਿੱਖ ਕਟਹਿਰੇ ਵਿਚ ਖੜੇ ਕਰ ਦਿਤੇ ਜਾਂਦੇ ਹਨ। ਇਸ ਆਜ਼ਾਦ ਹਿੰਦੁਸਤਾਨ ਦੀ ਸਲਾਮਤੀ ਤੋਂ ਲੈ ਕੇ ਹਰ ਖੇਤਰ ਵਿਚ ਉਘਾ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨੂੰ ਅਪਣੇ ਦੇਸ਼ ਤੋਂ ਨਿਆਂ ਦੀ ਮੰਗ ਕਰਨ ਦਾ ਹੱਕ ਹੈ। ਪਰ ਜੇ ਸਰਕਾਰਾਂ ਵਾਰ ਵਾਰ ਕਿਰਤੀ ਸਿੱਖ ਨੌਜੁਆਨਾਂ ਜਿਵੇਂ ਸ਼ੁਭ ਨਾਲ ਕੁੱਝ ਗ਼ਲਤ ਹੋਣ ਦੇਣਗੀਆਂ ਤਾਂ ਫਿਰ ਉਹ ਆਪ ਅਪਣਿਆਂ ਨੂੰ ਪਰਾਏ ਬਣਾਉਣ ਦਾ ਕੰਮ ਹੀ ਕਰ ਰਹੀਆਂ ਹੋਣਗੀਆਂ। ਆਸ ਕਰਦੇ ਹਾਂ ਕਿ ਕੰਗਨਾ ਰਨੌਤ ਦੀ ਸੁਰੱਖਿਆ ਵਾਪਸ ਲੈ ਲਈ ਜਾਵੇਗੀ ਤੇ ਸ਼ੁਭ ਨੂੰ ਜਲਦ ਭਾਰਤ ਦੌਰੇ ਵਾਸਤੇ ਬੁਲਾ ਕੇ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਆਪ ਲਵੇ ਤਾਕਿ ਗੈਂਗਸਟਰਾਂ ਤੇ ਪੈਸੇ ਦੀ ਖੇਡ ਨਾਲ ਪੰਜਾਬ ਦਾ ਨੁਕਸਾਨ ਨਾ ਹੋਵੇ। - ਨਿਮਰਤ ਕੌਰ