
ਪਰ ਮੁਸ਼ਕਲ ਇਹ ਹੈ ਕਿ ਗ਼ਰੀਬ, ਦਬੇ ਕੁਚਲੇ, ਪਛੜੀਆਂ ਜਾਤੀਆਂ ਵਾਲੇ ਮਰਦ ਤੇ ਔਰਤਾਂ, ਸੱਭ ਸੁਪਨੇ ਵੇਖ ਕੇ ਅੱਗੇ ਤਾਂ ਆ ਜਾਂਦੇ ਹਨ ਪਰ...
ਭਾਰਤ ਦੀ ਨਵੀਂ ਰਾਸ਼ਟਰਪਤੀ ਨੇ ਬੜੀ ਸਹੀ ਗੱਲ ਆਖੀ ਹੈ ਕਿ ਗ਼ਰੀਬ ਵੀ ਹੁਣ ਅਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਭਾਰਤ ਦੇ ਵਿਕਾਸ ਦੀ ਕਹਾਣੀ ਅੱਜ ਗ਼ਰੀਬਾਂ ਨੇ ਹੀ ਅਪਣੇ ਸੁਪਨੇ ਪੂਰੇ ਕਰ ਕੇ ਰਚੀ ਹੈ। ਜੇ ਅਸੀ ਸੰਵਿਧਾਨ ਦੀ ਰਚਨਾ ਪਿੱਛੇ ਬਾਬਾ ਸਾਹਿਬ ਜਾਂ ਹੋਰ ਗ਼ਰੀਬ ਆਜ਼ਾਦੀ ਘੁਲਾਟੀਆਂ ਵਲ ਵੇਖੀਏ ਤਾਂ ਦ੍ਰੌਪਦੀ ਮੁਰਮੂ ਵਿਚ ਵੀ ਉਹੀ ਖ਼ੂਨ ਵੇਖਿਆ ਜਾ ਸਕਦਾ ਹੈ। ਜੇ ਆਜ਼ਾਦੀ ਲੈਣ ਦੀ ਜ਼ਿੰਮੇਵਾਰੀ ਸਾਡੀ ਭਾਰਤੀ ਅਫ਼ਸਰਸ਼ਾਹੀ ਜਾਂ ਰਾਜਿਆਂ ਦੇ ਹਵਾਲੇ ਛੱਡ ਦਿਤੀ ਹੁੰਦੀ ਤਾਂ ਉਹ ਕਦੇ ਨਾ ਮਿਲਦੀ ਬਲਕਿ ਅੱਜ ਵੀ ਅਸੀ ਗ਼ੁਲਾਮ ਹੁੰਦੇ।
ਉਨ੍ਹਾਂ ਅਮੀਰਾਂ ਨੇ ਤਾਂ ਜਨਰਲ ਡਾਇਰ ਵਲੋਂ ਜਲਿਆਂਵਾਲੇ ਬਾਗ਼ ਵਿਚ ਗੋਲੀਆਂ ਚਲਾਉਣ ਤੋਂ ਬਾਅਦ ਉਨ੍ਹਾਂ ਨੂੰ ਦਾਵਤਾਂ ਦਿਤੀਆਂ ਤੇ ਸਿਰੋਪਾਉ ਵੀ ਦਿਤੇ। ਪਰ ਆਜ਼ਾਦੀ ਦਾ ਸੁਪਨਾ ਗ਼ਰੀਬਾਂ ਦੇ ਦਿਲ ਵਿਚ ਸੀ ਜਿਸ ਕਾਰਨ ਦੇਸ਼ ਵਿਚ ਆਜ਼ਾਦੀ ਤੇ ਵਿਕਾਸ ਆਇਆ। ਅਡਾਨੀ, ਮੁਕੇਸ਼ ਅੰਬਾਨੀ ਦੇ ਪਿਤਾ ਤਾਂ ਗ਼ਰੀਬ ਹੀ ਸਨ ਤੇ ਉਨ੍ਹਾਂ ਵਲੋਂ ਕੀਤੀ ਮਿਹਨਤ ਦੀ ਬੁਨਿਆਦ ਤੇ ਅੱਜ ਮੁਕੇੇਸ਼ ਅੰਬਾਨੀ ਦੁਨੀਆਂ ਦੇ ਸੱਭ ਤੋਂ ਵੱਡੇ ਚੌਥੇ ਅਮੀਰ ਬਣ ਚੁੱਕੇ ਹਨ। ਇਸ ਤਰ੍ਹਾਂ ਦੀਆਂ ਕਹਾਣੀਆਂ ਬਿਆਨ ਕਰਨ ਵਾਲੇ ਲੋਕ ਹਰ ਖੇਤਰ ਵਿਚ ਮਿਲ ਜਾਂਦੇ ਹਨ।
ਪਰ ਮੁਸ਼ਕਲ ਇਹ ਹੈ ਕਿ ਗ਼ਰੀਬ, ਦਬੇ ਕੁਚਲੇ, ਪਛੜੀਆਂ ਜਾਤੀਆਂ ਵਾਲੇ ਮਰਦ ਤੇ ਔਰਤਾਂ, ਸੱਭ ਸੁਪਨੇ ਵੇਖ ਕੇ ਅੱਗੇ ਤਾਂ ਆ ਜਾਂਦੇ ਹਨ ਪਰ ਉਸ ਤੋਂ ਬਾਅਦ ਆਪ ਜਿਸ ਥਾਂ ਤੋਂ ਉਠ ਕੇ ਆਏ ਹਨ, ਉਸ ਨੂੰ ਭੁਲਾ ਦੇਂਦੇ ਹਨ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਦ੍ਰੌਪਦੀ ਮੁਰਮੂ ਉੜੀਸਾ ਦੇ ਮੰਤਰੀ ਤੇ ਗਵਰਨਰ ਵੀ ਰਹਿ ਚੁੱਕੇ ਹਨ ਪਰ ਜਿਸ ਆਦੀਵਾਸੀ ਪਿੰਡ ਵਿਚੋਂ ਉਹ ਆਏ ਹਨ, ਉਸ ਵਿਚ ਅੱਜ ਤਕ ਬੱਚਿਆਂ ਵਾਸਤੇ ਉੱਚ ਸਿਖਿਆ ਦਾ ਜਾਂ 8ਵੀਂ ਦਾ ਸਕੂਲ ਵੀ ਨਹੀਂ ਹੈ। ਮੁਕੇਸ਼ ਅੰਬਾਨੀ ਭਾਵੇਂ ਦੁਨੀਆਂ ਦਾ ਚੌਥਾ ਅਮੀਰ ਇਨਸਾਨ ਹੋਵੇਗਾ ਪਰ ਉਸ ਦਾ ਦਿਲ ਸੱਭ ਤੋਂ ਜ਼ਿਆਦਾ ਗ਼ਰੀਬ ਹੈ। ਜਦ ਮਹਾਂਮਾਰੀ ਦੌਰਾਨ ਅੰਬਾਨੀ ਪ੍ਰਵਾਰ ਵਲੋਂ ਯੋਗਦਾਨ ਨਾ ਕਰਨ ਦੀ ਆਲੋਚਨਾ ਹੋਈ ਤਾਂ ਉਨ੍ਹਾਂ ਕੁੱਝ ਦਾਨ ਕਰ ਦਿਤਾ ਪਰ ਉਸ ਤੋਂ ਵੱਧ ਤਾਂ ਸ਼ਾਇਦ ਉਸ ਦੇ ਪ੍ਰਚਾਰ ਉਤੇ ਖ਼ਰਚ ਦਿਤਾ। 75 ਸਾਲਾਂ ਤੋਂ ਪਛੜੀਆਂ ਜਾਤੀਆਂ ਵਾਸਤੇ ਰਾਖਵਾਂਕਰਨ ਲਾਗੂ ਹੈ ਪਰ ਕੀ 75 ਸਾਲਾਂ ਬਾਅਦ ਵੀ ਪਛੜੀਆਂ ਜਾਤੀਆਂ ਸਾਰੇ ਸਮਾਜ ਦੇ ਬਰਾਬਰ ਆ ਚੁਕੀਆਂ ਹਨ?
ਗ਼ਰੀਬ ਦਾ ਸੁਪਨਾ ਸਾਕਾਰ ਹੋਣ ਦੀ ਪ੍ਰਥਾ ਹਮੇਸ਼ਾ ਤੋਂ ਹੀ ਚਲੀ ਆ ਰਹੀ ਹੈ ਪਰ ਸਾਡੇ ਸਮਾਜ ਵਿਚ ਇਕ ਕਮਜ਼ੋਰੀ ਹੈ ਜਿਸ ਸਦਕਾ ਅਪਣੇ ਸੁਪਨੇ ਪੂਰੇ ਕਰ ਲੈਣ ਮਗਰੋਂ ਅਪਣੇ ਵਰਗੇ ਕਿਸੇ ਦੂਜੇ ਦੀ ਮਦਦ ਕਰਨ ਦੀ ਗੱਲ ਸੋਚੀ ਵੀ ਨਹੀਂ ਜਾਂਦੀ। ਹਰਿਆਣਾ ਵਿਚ 15 ਕਰੋੜ ਦਾ ਘਪਲਾ ਸਾਹਮਣੇ ਆਇਆ ਹੈ ਜਿਥੇ ਐਸ.ਸੀ/ਐਸ.ਆਈ. ਬੱਚਿਆਂ ਲਈ ਸਰਕਾਰ ਨੇ ਸਿਖਿਆ ਵਿਚ ਮਦਦ ਦੇਣ ਵਾਸਤੇ ਇਹ ਪੈਸਾ ਰਖਿਆ ਸੀ। ਚੰਡੀਗੜ੍ਹ ਵਿਚ ਇਕ ਆਰ.ਟੀ.ਆਈ. ਨੇ ਭੇਤ ਖੋਲ੍ਹਿਆ ਕਿ ਅਫ਼ਸਰ ਪੈਰਿਸ ਵਿਚ ਇਕ ਸੰਮੇਲਨ ਲਈ ਗਏ ਸਨ ਪਰ ਛੇ ਦਿਨਾਂ ਵਿਚ ਹੀ 25 ਲੱਖ ਰੁਪਏ ਖ਼ਰਚ ਆਏ। ਵਿਦੇਸ਼ਾਂ ਵਿਚ ਸਿਖਣ ਦੇ ਨਾਮ ਤੇ ਜਾਨ ਅਤੇ ਪੈਸੇ ਦੀ ਦੁਰਵਰਤੋਂ ਤੇ ਗ਼ਬਨ ਸਿਰਫ਼ ਚੰਡੀਗੜ੍ਹ ਦੀ ਅਫ਼ਸਰਸ਼ਾਹੀ ਦਾ ਹੀ ਖ਼ਾਸਾ ਨਹੀਂ ਬਲਕਿ ਸਾਰੇ ਦੇਸ਼ ਵਿਚ ਇਹੀ ਹਾਲ ਹੈ ਜਿਸ ਵਿਚ ਗ਼ੈਰ-ਸਰਕਾਰੀ ਨਾਗਰਿਕ ਵੀ ਸ਼ਾਮਲ ਹਨ।
ਅੱਜ ਪੰਜਾਬ ਵਿਚ ਸਰਕਾਰ ਵਲੋਂ ਇਮਾਨਦਾਰ ਸਰਕਾਰ ਦੇਣ ਦੀ ਕੋਸ਼ਿਸ਼ ਚਲ ਰਹੀ ਹੈ। ਪਰ ਭ੍ਰਿਸ਼ਟਾਚਾਰ ਤੇ ਕੋਈ ਰੋਕ ਨਹੀਂ ਕਿਉਂਕਿ ਅਸੀ ਆਪ ਰਿਸ਼ਵਤ ਦੇ ਕੇ ਜਲਦੀ ਕੰਮ ਕਰਵਾਉਣਾ ਚੁਣਦੇ ਹਾਂ। ਜਿਥੇ ਪੈਸਾ ਤੇ ਤਾਕਤ ਆ ਜਾਂਦੀ ਹੈ, ਭਾਰਤੀ ਕਿਰਦਾਰ ਅਪਣੇ ਸਮਾਜ, ਅਪਣੀ ਬੁਨਿਆਦ, ਅਪਣੀ ਨੌਕਰੀ ਪ੍ਰਤੀ ਇਮਾਨਦਾਰੀ ਛੱਡ ਦੇਂਦੇ ਹਨ। ਜੇ ਅਸੀ ਅਪਣੇ ਦੇਸ਼ ਨੂੰ ਅਸਲ ਤਾਕਤ ਬਣਾਉਣਾ ਹੈ ਤਾਂ ਸਾਨੂੰ ਸਿਰਫ਼ ਸੁਪਨੇ ਸਾਕਾਰ ਕਰਨ ਦੀ ਤਾਕਤ ਹੀ ਨਹੀਂ ਪੈਦਾ ਕਰਨੀ ਚਾਹੀਦੀ ਬਲਕਿ ਅਪਣੇ ਕਿਰਦਾਰ ਵਿਚ ਇਕ ਜ਼ਿੰਮੇਵਾਰੀ ਤੇ ਇਮਾਨਦਾਰੀ ਦਾ ਬੀਜ ਵੀ ਬੀਜਣਾ ਚਾਹੀਦਾ ਹੈ।
ਅਸੀ ਇਮਾਨਦਾਰੀ ਦੂਜੇ ਤੋਂ ਮੰਗਦੇ ਹਾਂ - ਸਾਡੀ ਸਰਕਾਰ ਇਮਾਨਦਾਰ ਹੋਵੇ, ਸਾਡੀ ਪੁਲਿਸ ਇਮਾਨਦਾਰ ਹੋਵੇ ਪਰ ਕੀ ਅਸੀ ਆਪ ਇਮਾਨਦਾਰ ਹਾਂ? ਕੀ ਅਸੀ ਅਪਣੇ ਸਮਾਜ ਪ੍ਰਤੀ ਜ਼ਿੰਮੇਵਾਰ ਹਾਂ? ਇਸ ਧਰਤੀ ਨੇ ਸਾਨੂੰ ਸੱਭ ਕੁੱਝ ਦਿਤਾ ਪਰ ਅਸੀ ਵਾਪਸ ਕੀ ਦਿਤਾ? ਜਿਸ ਸੰਵਿਧਾਨ ਨੇ ਸਾਨੂੰ ਆਜ਼ਾਦੀ ਦਿਤੀ, ਸੁਪਨੇ ਸਾਕਾਰ ਕਰਨ ਦਾ ਮਾਹੌਲ ਦਿਤਾ, ਕੀ ਅਸੀ ਉਸ ਪ੍ਰਤੀ ਜ਼ਿੰਮੇਵਾਰੀ ਨਿਭਾ ਰਹੇ ਹਾਂ?
- ਨਿਮਰਤ ਕੌਰ