
ਪਾਰਟੀਆਂ ਵਲੋਂ ਦਿਤੇ ਜਾ ਰਹੇ ਭਾਸ਼ਣਾਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਅੱਜ ਭਾਰਤ ਦੀ ਹਾਲਤ ਗੰਭੀਰ ਹੋ ਚੁੱਕੀ ਹੈ
ਬਿਹਾਰ ਚੋਣਾਂ ਦੇਸ਼ ਦੀਆਂ ਸੱਭ ਤੋਂ ਮਹੱਤਵਪੂਰਨ ਸੂਬਾ ਚੋਣਾਂ ਮੰਨੀਆਂ ਜਾਂਦੀਆਂ ਹਨ ਕਿਉਂਕਿ ਦਿੱਲੀ ਦੀ ਗੱਦੀ ’ਤੇ ਬੈਠਣਾ ਚਾਹੁਣ ਵਾਲੇ ਲਈ ਯੂ.ਪੀ. ਅਤੇ ਬਿਹਾਰ ’ਚ ਅਪਣੀ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਹਾਰ ਚੋਣਾਂ ਦਾ ਨਤੀਜਾ ਕੋਰੋਨਾ ਕਾਲ ਵਿਚ ਸਰਕਾਰ ਦੀ ਕਾਰਗੁਜ਼ਾਰੀ ਉਤੇ ਸੱਭ ਤੋਂ ਵੱਡਾ ਫ਼ੈਸਲਾ ਸਾਬਤ ਹੋਵੇਗਾ ਜਿਸ ਕਰ ਕੇ ਇਨ੍ਹਾਂ ਨੂੰ ਜਿੱਤਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
Nitish Kumar
ਪਾਰਟੀਆਂ ਵਲੋਂ ਦਿਤੇ ਜਾ ਰਹੇ ਭਾਸ਼ਣਾਂ ਨੇ ਇਹ ਸਾਬਤ ਕਰ ਦਿਤਾ ਹੈ ਕਿ ਅੱਜ ਭਾਰਤ ਦੀ ਹਾਲਤ ਇਸ ਕਦਰ ਗੰਭੀਰ ਹੋ ਚੁੱਕੀ ਹੈ ਕਿ ਸਿਆਸਤਦਾਨਾਂ ਨੇ ਰਾਮ ਮੰਦਰ ਵਰਗੇ ਧਾਰਮਕ ਮੁੱਦਿਆਂ ਨੂੰ ਲੈ ਕੇ ਪ੍ਰਚਾਰ ਕਰਨਾ ਛੱਡ ਦਿਤਾ ਹੈ। ਭਾਜਪਾ ਵਲੋਂ ਰਾਮ ਮੰਦਰ ਦੇ ਨਿਰਮਾਣ ਦੀ ਗੱਲ ਹੀ ਨਹੀਂ ਕੀਤੀ ਜਾ ਰਹੀ ਕਿਉਂਕਿ ਉਹ ਵੀ ਜਾਣ ਗਏ ਹਨ ਕਿ ਬਿਹਾਰ ਵਿਚ ਜਨਤਾ ਕੀ ਸੁਣਨਾ ਚਾਹੁੰਦੀ ਹੈ।
Tejashwi Yadav
ਲਾਲੂ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਨੇ ਲੋਕਾਂ ਦੀ ਨਬਜ਼ ਪਛਾਣਦਿਆਂ ਬਿਹਾਰ ਵਿਚ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕਰ ਦਿਤਾ ਜਿਸ ਕਾਰਨ ਨਿਤਿਸ਼ ਕੁਮਾਰ ਵੀ 19 ਲੱਖ ਨੌਕਰੀਆਂ ਦੇਣ ਦਾ ਵਾਅਦਾ ਕਰਨ ’ਤੇ ਮਜਬੂਰ ਹੋ ਗਏ। ਇਹੀ ਨਹੀਂ, ਨਿਰਮਲਾ ਸੀਤਾਰਮਨ ਨੇ ਬਿਹਾਰ ਵਿਚ ਹਰ ਵਿਅਕਤੀ ਲਈ ਮੁਫ਼ਤ ਕੋਰੋਨਾ ਵੈਕਸੀਨ ਦਾ ਐਲਾਨ ਕਰ ਦਿਤਾ।
Sushant Singh Rajput
ਹੁਣ ਇਹ ‘ਰਿਸ਼ਵਤ’ ਕਾਨੂੰਨੀ ਤੌਰ ’ਤੇ ਜਾਇਜ਼ ਵੀ ਹੈ ਜਾਂ ਨਹੀਂ, ਇਹ ਤਾਂ ਸੱਤਾ ਵਿਚ ਬੈਠੇ ਲੋਕ ਹੀ ਤੈਅ ਕਰਨਗੇ ਪਰ ਹੈਰਾਨੀ ਦੀ ਗੱਲ ਹੈ ਕਿ ਜੋ ਤਿਆਰੀ ਪਿਛਲੇ ਕੁੱਝ ਸਮੇਂ ਤੋਂ ਬਿਹਾਰ ਚੋਣਾਂ ਲਈ ਕੀਤੀ ਜਾ ਰਹੀ ਸੀ, ਉਹ ਬਿਲਕੁਲ ਵਿਅਰਥ ਚਲੀ ਗਈ। ਬਿਹਾਰ ਚੋਣਾਂ ਵਿਚ ਰਾਮ ਮੰਦਰ ਨੂੰ ਆਧਾਰ ਬਣਾ ਕੇ ਸਿਰਫ਼ ਧਾਰਮਕ ਪ੍ਰਚਾਰ ਹੀ ਨਹੀਂ ਸੀ ਹੋਣਾ ਸਗੋਂ ਸੁਸ਼ਾਂਤ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ, ਬਿਹਾਰੀਆਂ ਨੂੰ ਮਰਾਠਿਆਂ ਵਿਰੁਧ ਭੜਕਾਏ ਜਾਣ ਦੀ ਪੂਰੀ ਤਿਆਰੀ ਸੀ।
Rhea Chakraborty
ਇਸ ਤਿਆਰੀ ਵਿਚ ਇਕ ਬੇਟੀ ਰੀਆ ਚੱਕਰਵਰਤੀ ਦੀ ਕੁਰਬਾਨੀ ਲੈਣ ਦੀ ਭਰਪੂਰ ਕੋਸ਼ਿਸ਼ ਬਿਹਾਰ ਦੇ ਡੀਜੀਪੀ ਵਲੋਂ ਕੀਤੀ ਗਈ ਜਿਸ ਨੇ ਰੀਆ ਚੱਕਰਵਰਤੀ ਨੂੰ ਉਸ ਦੀ ‘ਔਕਾਤ’ ਦਿਖਾਉਣ ਲਈ ਸਾਰੇ ਵਿਵਾਦ ਦੀ ਸ਼ੁਰੂਆਤ ਕੀਤੀ। ਮੁੰਬਈ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਸੀ.ਬੀ.ਆਈ. ਅਤੇ ਐਨ.ਸੀ.ਬੀ. ਅਤੇ ਗੋਦੀ ਮੀਡੀਆ ਸਦਕੇ ਸੁਸ਼ਾਂਤ ਕੇਸ ਨੂੰ ਬਿਹਾਰ ਦੀ ਆਬਰੂ ਦਾ ਮਾਮਲਾ ਬਣਾ ਧਰਿਆ।
NCB
ਡੀ.ਜੀ.ਪੀ. ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਵੀ ਦਿਤਾ ਅਤੇ ਚੋਣਾਂ ਵਿਚ ਆਉਣ ਦੀ ਤਿਆਰੀ ਵੀ ਕੀਤੀ ਪਰ ਉਸ ਨੂੰ ਟਿਕਟ ਨਾ ਮਿਲੀ। ਸ਼ਾਇਦ ਇਸ ਸਮੇਂ ਤਕ ਸਿਆਸਤਦਾਨਾਂ ਦੀ ਸਮਝ ਵਿਚ ਆਉਣਾ ਸ਼ੁਰੂ ਹੋ ਚੁੱਕਾ ਸੀ ਕਿ ਜਨਤਾ ਨੂੰ ਇਸ ਮਾਮਲੇ ਵਿਚ ਹੁਣ ਕੋਈ ਦਿਲਚਸਪੀ ਨਹੀਂ ਰਹੀ। ਇਹ ਸਾਰੇ ਮਾਮਲੇ ਅਸਲ ਵਿਚ ਚਟਣੀ ਅਤੇ ਅਚਾਰ ਵਰਗੇ ਹੁੰਦੇ ਹਨ ਜੋ ਤੁਹਾਡੀ ਰੋਟੀ ਦਾ ਸਵਾਦ ਬਣਾਉਂਦੇ ਹਨ
Economy Growth
ਪਰ ਜੇ ਰੋਟੀ ਹੀ ਨਾ ਰਹੀ ਤਾਂ ਫਿਰ ਇਕੱਲੀ ਚਟਣੀ ਅਤੇ ਅਚਾਰ ਨਹੀਂ ਖਾਧੇ ਜਾ ਸਕਦੇ। ਅੱਜ ਅਸੀ ਸਾਰੇ ਹੀ ਆਰਥਕ ਮੁਸ਼ਕਲਾਂ ਮਹਿਸੂਸ ਕਰ ਰਹੇ ਹਾਂ ਪਰ ਜਿਹੜਾ ਦਰਦ ਬਿਹਾਰ ਅਤੇ ਯੂ.ਪੀ. ਦੇ ਮਜ਼ਦੂਰਾਂ ਨੇ ਝੇਲਿਆ ਹੈ, ਉਸ ਦਾ ਅਹਿਸਾਸ ਸਾਨੂੰ ਨਹੀਂ ਹੋ ਸਕਦਾ ਅਤੇ ਜਿਸ ਡਰ ਵਿਚ ਘਿਰ ਕੇ ਕਰੋੜਾਂ ਮਜ਼ਦੂਰਾਂ ਨੇ ਮੀਲਾਂ ਦਾ ਸਫ਼ਰ ਪੈਦਲ ਚਲ ਕੇ ਤੈਅ ਕੀਤਾ, ਉਹ ਗੱਲਾਂ ਤੇ ਭਾਸ਼ਣਾਂ ਰਾਹੀਂ ਦੂਰ ਨਹੀਂ ਕੀਤਾ ਜਾ ਸਕਦਾ।
Workers
ਅਸੀ ਅਕਸਰ ਗੱਲ ਕਰਦੇ ਤੇ ਸੁਣਦੇ ਹਾਂ ਕਿ ਬਿਹਾਰ ਤੋਂ ਆਏ ਮਜ਼ਦੂਰ ਬੜੇ ਮਹਿੰਗੇ ਹੋ ਗਏ ਹਨ, ਉਹ ਅਪਣੀ ਮਜ਼ਦੂਰੀ ਲਈ ਮੂੰਹ ਮੰਗੀ ਕੀਮਤ ਮੰਗ ਰਹੇ ਹਨ ਪਰ ਅਸੀ ਸਮਝਦੇ ਨਹੀਂ ਕਿ ਸਾਡੇ 10-12 ਹਜ਼ਾਰ ਰੁਪਿਆਂ ਨਾਲ ਉਸ ਨੇ ਇਕ ਮਹੀਨਾ 4-5 ਮੈਂਬਰਾਂ ਦੇ ਪ੍ਰਵਾਰ ਨੂੰ ਹੀ ਨਹੀਂ ਚਲਾਇਆ ਬਲਕਿ ਇਨ੍ਹਾਂ ਨਾਲ ਕਈ ਮਹੀਨਿਆਂ ਤਕ ਵੱਡੇ ਪ੍ਰਵਾਰ ਵੀ ਚਲਾਏ ਹਨ। ਉਨ੍ਹਾਂ ਵਿਚ ਕੇਵਲ ਮਜ਼ਦੂਰ ਹੀ ਨਹੀਂ ਬਲਕਿ ਕਈ ਗ਼ਰੀਬ ਕਿਸਾਨ ਵੀ ਹਨ ਜੋ ਪੰਜਾਬ ਅਤੇ ਹਰਿਆਣਾ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹਨ।
workers
ਦੂਜੇ ਪਾਸੇ ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਅਪਣੀ ਆਬਾਦੀ ਵਿਚ ਇਸ ਕਦਰ ਵਾਧਾ ਕੀਤਾ ਹੈ ਕਿ ਉਹ ਉਨ੍ਹਾਂ ਦੀ ਸੱਭ ਤੋਂ ਵੱਡੀ ਕਮਜ਼ੋਰੀ ਅਤੇ ਖ਼ਰਾਬੀ ਬਣ ਗਈ ਹੈ। ਉਨ੍ਹਾਂ ਨੇ ਸੋਚਿਆ ਤਾਂ ਇਹ ਸੀ ਕਿ ਜਿੰਨਾ ਵੱਡਾ ਪ੍ਰਵਾਰ ਹੋਵੇਗਾ, ਓਨੀ ਆਮਦਨ ਅਤੇ ਤਾਕਤ ਵਧੇਗੀ ਪਰ ਉਨ੍ਹਾਂ ਦੀ ਇਸ ਵਧੀ ਆਬਾਦੀ ਨੇ ਹੀ ਉਨ੍ਹਾਂ ਨੂੰ ਦੇਸ਼ ਦੇ ਕੌਮੀ ਮਜ਼ਦੂਰ ਬਣਾ ਕੇ ਰਖਿਆ ਹੋਇਆ ਹੈ।
Nitish Kumar
ਨਿਤਿਸ਼ ਕੁਮਾਰ ਨੂੰ ਬੜੇ ਸਿਆਣੇ ਅਤੇ ਸਾਫ਼ ਸੁਥਰੇ ਸਿਆਸਤਦਾਨ ਵਜੋਂ ਪੇਸ਼ ਕੀਤਾ ਜਾਂਦਾ ਹੈ ਪਰ ਸਚਾਈ ਇਨ੍ਹਾਂ ਮਜ਼ਦੂਰਾਂ ਦੀ ਬੇਬਸੀ ਬਿਆਨ ਕਰਦੀ ਹੈ। ਬਿਹਾਰ ਵਿਚ ਭਾਵੇਂ ਇਕ ਵੱਡੀ ਗਿਣਤੀ ਅਫ਼ਸਰਸ਼ਾਹੀ ਵਿਚ ਵੀ ਸ਼ਾਮਲ ਹੋ ਰਹੀ ਹੈ ਪਰ ਜ਼ਿਆਦਾ ਆਬਾਦੀ ਉਤੇ ਸਿਖਿਆ ਦਾ ਕਿੰਨਾ ਕੁ ਅਸਰ ਹੈ, ਇਹ ਸਾਫ਼ ਵੇਖਿਆ ਜਾ ਸਕਦਾ ਹੈ।
Tejashwi Yadav, Nitish Kumar
ਇਹ ਬਿਹਾਰ ਦੀ ਜਨਤਾ ਦੀ ਤਰਾਸਦੀ ਹੈ ਕਿ ਸਿਅਸਤਦਾਨਾਂ ਨੇ ਉਨ੍ਹਾਂ ਲਈ ਅਜਿਹਾ ਜਾਲ ਵਿਛਾਇਆ ਹੈ ਕਿ ਉਹ ਅੱਜ ਵੀ ਰੋਟੀ ਪਿਛੇ ਵਿਲਕ ਰਹੇ ਹਨ। 19 ਲੱਖ ਨੌਕਰੀਆਂ ਕਿਸ ਤਰ੍ਹਾਂ ਮਿਲਣਗੀਆਂ, ਜਦੋਂ ਸੱਤਾ ਵਿਚ ਰਹਿਣ ਵਾਲੀ ਸਰਕਾਰ ਉਨ੍ਹਾਂ ਨੂੰ ਐਨੇ ਸਾਲਾਂ ਤੋਂ ਕੰਮ ਹੀ ਨਹੀਂ ਦੇ ਸਕੀ? ਅੱਜ ਚੋਣ ਬਿਹਾਰ ਦੀ ਹੈ ਪਰ ਜੇ ਆਰਥਕ ਹਾਲਤ ਨਾ ਸੁਧਰੇ ਤਾਂ ਇਹ ਚੋਣ ਦੇਸ਼ ਦੀ ਚੋਣ ਵੀ ਬਣ ਸਕਦੀ ਹੈ। - ਨਿਮਰਤ ਕੌਰ