
ਪਰ ਭਾਜਪਾ ਸੱਭ ਤੋਂ ਅੱਗੇ ਹੈ...
ਅਮਰੀਕਾ ਵਿਚ ਫ਼ੇਸਬੁਕ ਤੋਂ ਲੋਕਾਂ ਦੀਆਂ ਨਿਜੀ ਜਾਣਕਾਰੀਆਂ ਲੀਕ ਹੋਣ ਨਾਲ ਸ਼ੁਰੂ ਹੋਇਆ ਸਿਲਸਿਲਾ ਹੁਣ ਭਾਰਤੀ ਸਿਆਸਤਦਾਨਾਂ ਦੇ ਪਰਦੇ ਵੀ ਖੋਲ੍ਹਦਾ ਜਾ ਰਿਹਾ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਡਾਟਾ ਨਵੇਂ ਯੁਗ ਦਾ ਸੋਨਾ ਹੈ ਅਤੇ ਉਹ ਸਹੀ ਵੀ ਸਨ। ਪਰ ਜਨਤਾ ਇਸ ਸੋਨੇ ਦਾ ਮਤਲਬ ਨਹੀਂ ਸਮਝ ਪਾ ਰਹੀ। ਆਮ ਇਨਸਾਨ ਨੂੰ ਜਾਪਦਾ ਹੈ ਕਿ ਇੰਟਰਨੈੱਟ ਉਨ੍ਹਾਂ ਦੇ ਮਨੋਰੰਜਨ ਅਤੇ ਵਿਛੜਿਆਂ ਨੂੰ ਮਿਲਾਉਣ ਦਾ ਸਾਧਨ ਮਾਤਰ ਹੀ ਹੈ। ਉਹ ਤਾਂ ਹੈ ਹੀ ਪਰ ਉਸ ਤਰ੍ਹਾਂ ਨਹੀਂ ਜਿਵੇਂ ਪਹਿਲਾਂ ਸਾਲਾਨਾ ਪੇਂਡੂ ਮੇਲੇ ਹੋਇਆ ਕਰਦੇ ਸਨ ਜੋ ਵਾਕਫ਼ਾਂ, ਮਿੱਤਰਾਂ ਨਾਲ ਸਾਲ ਵਿਚ ਇਕ ਵਾਰ ਮਿਲਾ ਵੀ ਦਿਆ ਕਰਦੇ ਸਨ ਅਤੇ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਵੀ ਪੂਰੀਆਂ ਕਰ ਦਿਆ ਕਰਦੇ ਸਨ। ਕੋਈ ਵੰਗਾਂ ਵੇਚਣ ਆਉਂਦਾ ਸੀ ਅਤੇ ਕੋਈ ਵੰਗਾਂ ਖ਼ਰੀਦਣ। ਕੋਈ ਅਪਣੀ ਪ੍ਰੇਮਿਕਾ ਨੂੰ ਮੇਲੇ ਵਿਚੋਂ ਵੰਗਾਂ ਲੈ ਕੇ ਦੇਂਦਾ ਸੀ ਤੇ ਕੋਈ ਜਲੇਬੀਆਂ, ਪਰਾਂਦੇ ਤੇ ਸੁਰਮੇਦਾਨੀਆਂ। ਪਰ ਉਥੇ ਜੇਬਕਤਰੇ ਵੀ ਆਉਂਦੇ ਸਨ, ਡਾਂਗਾਂ ਵੀ ਚਲਦੀਆਂ ਸਨ। ਮੇਲੇ ਵਿਚ ਕਈ ਗਵਾਚ ਵੀ ਜਾਂਦੇ ਸਨ ਅਤੇ ਇਸੇ ਤਰ੍ਹਾਂ ਇੰਟਰਨੈੱਟ ਰੂਪੀ ਹਵਾਈ ਮੇਲੇ ਵਿਚ ਵੀ ਕਈ ਕੁੱਝ ਚੰਗਾ ਅਤੇ ਕਈ ਕੁੱਝ ਮਾੜਾ ਵੀ ਹੋ ਜਾਂਦਾ ਹੈ। ਜਦੋਂ ਇਕੱਠ ਏਨਾ ਵੱਡਾ ਹੋਵੇਗਾ ਤਾਂ ਜੇਬਕਤਰੇ ਵੀ ਵੱਡੇ ਹੀ ਹੋਣਗੇ।
Narendra Modi
ਵਿਵਾਦ ਵਿਚ ਫਸੀਆਂ ਭਾਜਪਾ ਅਤੇ ਕਾਂਗਰਸ ਵੀ ਇਸੇ ਇੰਟਰਨੈੱਟ ਵਾਲੇ ਮੇਲੇ ਦਾ ਫ਼ਾਇਦਾ ਉਠਾ ਰਹੀਆਂ ਹਨ। ਫ਼ੇਸਬੁਕ ਤੋਂ ਤਾਂ ਇਹ ਦੋਵੇਂ ਲਾਭ ਉਠਾਉਂਦੀਆਂ ਹੀ ਹਨ। ਇਨ੍ਹਾਂ ਦੋਹਾਂ ਨੇ ਅਪਣੀ ਅਪਣੀ ਮੋਬਾਈਲ ਫ਼ੋਨ ਐਪ ਵੀ ਸ਼ੁਰੂ ਕਰ ਦਿਤੀ ਸੀ। ਭਾਜਪਾ ਦੀ ਐਪ ਨਾਲ 50 ਲੱਖ ਲੋਕ ਜੁੜੇ ਹਨ ਅਤੇ ਅਜੇ ਹੋਰ ਲੋਕ ਵੀ ਜੁੜਨਗੇ ਕਿਉਂਕਿ ਪ੍ਰਧਾਨ ਮੰਤਰੀ ਦਫ਼ਤਰ ਤੋਂ ਐਨ.ਸੀ.ਸੀ. ਕੈਡੇਟਸ ਨੂੰ ਵੀ ਇਸ ਐਪ ਨੂੰ ਅਪਣੇ ਫ਼ੋਨ ਵਿਚ ਇੰਸਟਾਲ ਕਰਨ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ। ਖ਼ੈਰ, ਜਿਸ ਦੀ ਸਰਕਾਰ ਹੈ, ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਉਸ ਦੇ ਹੁਕਮ ਦੀ ਤਾਮੀਲ ਕਰਨੀ ਹੀ ਪਵੇਗੀ। ਕਾਂਗਰਸ ਦੀ ਐਪ ਕਮਜ਼ੋਰ ਸੀ ਅਤੇ ਸਿਰਫ਼ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫ਼ਾਰਮਾਂ ਨੂੰ ਜੋੜਦੀ ਸੀ। ਜਦੋਂ ਫ਼ਰਾਂਸ ਦੇ ਇਕ ਮਾਹਰ ਨੇ ਦੋਹਾਂ ਦੀਆਂ ਐਪ ਅਤੇ ਉਸ ਵਿਚ ਲੋਕਾਂ ਦੀ ਜਾਣਕਾਰੀ ਦੀ ਸੁਰੱਖਿਆ ਬਾਰੇ ਸਵਾਲ ਚੁੱਕੇ ਤਾਂ ਕਾਂਗਰਸ ਨੇ ਤਾਂ ਅਪਣੀ ਐਪ ਹੀ ਗੂਗਲ ਦੇ ਪਲੇਸਟੋਰ ਤੋਂ ਹਟਾ ਲਈ। ਭਾਜਪਾ ਨੇ ਸਹੀ ਕਿਹਾ ਕਿ ਕਾਂਗਰਸ ਤਕਨੀਕੀ ਪੱਧਰ ਤੇ ਅਨਾੜੀ ਹੈ ਕਿਉਂਕਿ ਉਨ੍ਹਾਂ ਦੀ ਐਪ ਕਮਜ਼ੋਰ ਸੀ ਅਤੇ ਉਨ੍ਹਾਂ ਨੂੰ ਕੁੱਝ ਖ਼ਾਸ ਫ਼ਾਇਦਾ ਵੀ ਨਹੀਂ ਸੀ ਦਿਵਾ ਰਹੀ। ਕਾਂਗਰਸ ਅਜੇ ਵੀ ਪੁਰਾਣੇ ਤਰੀਕੇ ਦੇ ਪ੍ਰਚਾਰ ਉਤੇ ਨਿਰਭਰ ਹੈ ਅਤੇ ਇਸੇ ਕਰ ਕੇ ਉਹ ਭਾਜਪਾ ਸਾਹਮਣੇ ਤਕਨੀਕੀ ਮੁਕਾਬਲੇ ਵਿਚ ਕਿਤੇ ਨਹੀਂ ਟਿਕਦੀ।
Snowden
ਦੂਜੇ ਪਾਸੇ ਭਾਜਪਾ ਇਨ੍ਹਾਂ ਮਾਮਲਿਆਂ ਵਿਚ ਬੜੀ ਸੂਝ-ਬੂਝ ਨਾਲ ਚਲਦੀ ਹੈ। ਉਨ੍ਹਾਂ ਸਿਰਫ਼ ਰਵਾਇਤੀ ਮੀਡੀਆ ਰਾਹੀਂ ਹੀ ਭਾਰਤ ਤੇ ਕਬਜ਼ਾ ਨਹੀਂ ਕੀਤਾ ਬਲਕਿ ਸੋਸ਼ਲ ਮੀਡੀਆ ਤੇ ਵੀ ਫ਼ਤਹਿ ਪ੍ਰਾਪਤ ਕੀਤੀ ਹੈ। 'ਨਮੋ ਐਪ' ਵਿਚ ਜੋ ਲੋਕ ਮੈਂਬਰਸ਼ਿਪ ਲੈਂਦੇ ਸਨ, ਉਨ੍ਹਾਂ ਤੋਂ 22 ਤਰ੍ਹਾਂ ਦੀਆਂ ਇਜਾਜ਼ਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਸਨ, ਜਿਸ ਨਾਲ ਉਹ ਐਪ ਪ੍ਰਯੋਗਕਰਤਾ ਦੇ ਫ਼ੋਨ ਤੋਂ ਕਾਫ਼ੀ ਜਾਣਕਾਰੀ ਲੈ ਲੈਂਦੇ ਸਨ। ਭਾਵੇਂ ਉਸ ਐਪ ਤੇ ਲਿਖਿਆ ਗਿਆ ਸੀ ਕਿ ਇਹ ਜਾਣਕਾਰੀ ਕਿਸੇ ਹੋਰ ਤੀਜੀ ਧਿਰ ਨੂੰ ਨਹੀਂ ਦਿਤੀ ਜਾਵੇਗੀ ਪਰ ਅਸਲ ਵਿਚ ਇਹ ਜਾਣਕਾਰੀ ਉਹ ਇਕ ਹੋਰ ਅਮਰੀਕੀ ਕੰਪਨੀ 'ਕਲੈਵਰ ਟੈਪ' ਨੂੰ ਭੇਜਦੀ ਸੀ। ਇਹ ਧੋਖੇ ਦਾ ਕੇਸ ਬਣਦਾ ਹੈ। ਇਕ ਫ਼ਰਾਂਸੀਸੀ ਮਾਹਰ ਦੇ ਪ੍ਰਗਟਾਵੇ ਤੋਂ ਬਾਅਦ 'ਨਮੋ' ਐਪ ਨੇ ਅਪਣੀ ਨਿਜਤਾ ਅਤੇ ਸੁਰੱਖਿਆ ਨੀਤੀ ਨੂੰ ਝਟਪਟ ਬਦਲ ਦਿਤਾ।
ਹੁਣ ਮਾਹਰਾਂ ਵਲੋਂ ਬੜੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ ਜਿਵੇਂ ਇਹ ਕਿ 'ਨਮੋ ਐਪ' ਦੇ ਪ੍ਰਯੋਗਕਰਤਾਵਾਂ ਦੀ ਸਾਰੀ ਜਾਣਕਾਰੀ ਸਰਕਾਰ ਨੂੰ ਦਿਤੀ ਜਾਂਦੀ ਸੀ। ਆਮ ਇਨਸਾਨ ਵਾਸਤੇ ਇਹ ਕੋਈ ਚੰਗੀ ਗੱਲ ਨਹੀਂ ਕਿਉਂਕਿ ਉਨ੍ਹਾਂ ਕੋਈ ਗੁਨਾਹ ਤਾਂ ਨਹੀਂ ਕੀਤਾ ਪਰ ਇਥੇ ਗੁਨਾਹ ਦੀ ਪਰਿਭਾਸ਼ਾ ਸਮਝਣੀ ਪਵੇਗੀ।
ਸਿਆਸੀ ਪਾਰਟੀ ਵਾਸਤੇ ਗੁਨਾਹ ਅਤੇ ਕਾਨੂੰਨੀ ਗੁਨਾਹ ਕੁੱਝ ਹੋਰ ਹੁੰਦਾ ਹੈ। ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕਰਨਾ ਗੁਨਾਹ ਹੁੰਦਾ ਹੈ ਨਾਕਿ ਕਤਲ ਜਾਂ ਚੋਰੀ। ਮੁਖ਼ਬਰ (ਵਿਸਲਬਲੋਅਰ) ਹੀ ਇਸ ਦੇ ਘੇਰੇ ਵਿਚ ਆਉਂਦੇ ਹਨ ਜਿਨ੍ਹਾਂ ਦੀ ਸੋਨੇ ਵਰਗੀ ਜਾਣਕਾਰੀ ਉਤੇ ਨਜ਼ਰ ਰੱਖੀ ਜਾਂਦੀ ਹੈ। ਤੁਸੀ ਕਿਸ ਵੇਲੇ ਸਰਕਾਰ ਵਿਰੁਧ ਕੀ ਬੋਲਿਆ, ਤੁਸੀ ਉਸ ਬਾਰੇ ਕੀ ਕਦਮ ਚੁਕਿਆ, ਇਹ ਡਾਟਾ ਆਮ ਇਨਸਾਨ ਦੀ ਆਜ਼ਾਦੀ ਉਤੇ ਪਾਬੰਦੀਆਂ ਲਾ ਦੇਂਦਾ ਹੈ। ਤੁਹਾਡੇ ਵਿਚਾਰਾਂ ਤੇ ਅਸਰਅੰਦਾਜ਼ ਹੋਣਾ ਤੇ ਛੋਟੇ ਬੱਚਿਆਂ ਦੇ ਦਿਮਾਗ਼ਾਂ ਤੇ ਹਾਵੀ ਹੋਣਾ ਵੀ ਇਸ ਦੇ ਘੇਰੇ ਵਿਚ ਆਉਂਦੇ ਹਨ। ਐਡਵਰਡ ਸੋਨੇਡੇਨ, ਅਮਰੀਕੀ ਸਰਕਾਰ ਬਾਰੇ ਪ੍ਰਗਟਾਵੇ ਕਾਰਨ 2013 ਤੋਂ ਰੂਸ ਵਿਚ ਲੁਕਿਆ ਹੋਇਆ ਹੈ। ਉਸ ਨੇ ਆਮ ਨਾਗਰਿਕਾਂ ਦੀ ਹਰ ਪਲ ਚਲ ਰਹੀ ਨਿਗਰਾਨੀ ਵਿਰੁਧ ਆਵਾਜ਼ ਚੁੱਕਣ ਦਾ ਟੀਚਾ ਮਿੱਥ ਲਿਆ ਹੈ। ਕੀ ਸਰਕਾਰ, ਜੋ ਸਾਰੇ ਵਰਗਾਂ ਦੇ ਇਨਸਾਨਾਂ ਤੋਂ ਬਣੀ ਹੈ, ਆਮ ਆਦਮੀ ਦੇ ਹਰ ਕਦਮ ਤੇ ਨਜ਼ਰ ਰੱਖ ਸਕਦੀ ਹੈ? ਨਹੀਂ, ਤਾਂ ਫਿਰ ਸਰਕਾਰਾਂ ਆਮ ਇਨਸਾਨ ਦਾ ਤਕਨੀਕੀ ਰੱਬ ਬਣਨ ਦੀ ਕੋਸ਼ਿਸ਼ ਕਿਉਂ ਕਰ ਰਹੀਆਂ ਹਨ? ਜਦੋਂ ਕੋਈ ਵਸਤੂ ਮੁਫ਼ਤ ਵਿਚ ਮਿਲਦੀ ਹੈ ਤਾਂ ਉਸ ਦੀ ਛੁਪੀ ਹੋਈ ਕੀਮਤ ਜੋ ਦੁਗਣੇ ਚੌਗੁਣੇ ਰੂਪ ਵਿਚ, ਮਗਰੋਂ ਅਦਾ ਕਰਨੀ ਪਵੇਗੀ, ਉਸ ਬਾਰੇ ਵੇਲੇ ਸਿਰ ਸਮਝਣਾ ਜ਼ਰੂਰੀ ਹੋ ਜਾਂਦਾ ਹੈ। -ਨਿਮਰਤ ਕੌਰ