
ਸੁਪ੍ਰੀਮ ਕੋਰਟ ਅਤੇ ਦੁਨੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਿੱਖਾਂ ਨੂੰ ਇਕ ਹੋਣ ਦੀ ਲੋੜ
ਯਹੂਦੀ ਧਰਮ ਵਿਚ ਵੀ ਸਿਰ ਤੇ ਇਕ ਕਿਪਾਹ ਪਾਉਣਾ ਜ਼ਰੂਰੀ ਹੁੰਦਾ ਹੈ ਪਰ ਉਨ੍ਹਾਂ ਦੇ ਧਰਮ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਕਿਪਾਹ ਕਿਸ ਸਮੇਂ ਉਤਾਰ ਸਕਦੇ ਹਨ। ਬੜਾ ਆਸਾਨ ਹੈ ਕਿਸੇ ਨੂੰ ਪਤਿਤ ਆਖਣਾ ਤੇ ਕਿਸੇ ਨੂੰ ਤਨਖ਼ਾਹੀਆ ਕਹਿਣਾ ਪਰ ਬੜਾ ਮੁਸ਼ਕਲ ਹੈ ਕਿਸੇ ਨੂੰ ਅਪਣੀ ਸੋਚ ਨਾਲ ਜੋੜਨਾ ਤੇ ਜਦ ਤਕ ਅਸੀ ਆਪ ਅਪਣੀਆਂ ਬੁਨਿਆਦਾਂ ਪੱਕੀਆਂ ਨਹੀਂ ਕਰਦੇ ਤੇ ਖ਼ਾਹਮਖ਼ਾਹ ਦੀਆਂ ਨਾਰਾਜ਼ਗੀਆਂ/ਵੰਡੀਆਂ ਖ਼ਤਮ ਕਰ ਕੇ ਇਕ 'ਕੌਮ' ਬਣਨ ਦਾ ਯਤਨ ਕਰ ਕੇ ਸੁਪ੍ਰੀਮ ਕੋਰਟ ਸਮੇਤ, ਦੁਨੀਆਂ ਦੇ ਸਵਾਲਾਂ ਦੇ ਸਰਬ-ਪ੍ਰਵਾਨਤ ਜਵਾਬ ਨਹੀਂ ਤਿਆਰ ਕਰਦੇ, ਸਿੱਖ ਫ਼ਲਸਫਾ ਦੁਨੀਆਂ ਤਾਂ ਕੀ, ਪੰਜਾਬ ਵਿਚ ਵੀ ਨਹੀਂ ਬਚ ਪਾਵੇਗਾ।ਸੁਪਰੀਮ ਕੋਰਟ ਵਿਚ ਇਕ ਸਿੱਖ ਨੇ ਅਰਜ਼ੀ ਪਾਈ ਹੈ ਜਿਸ ਵਿਚ ਉਸ ਨੇ ਆਖਿਆ ਹੈ ਕਿ ਉਸ ਨੂੰ ਸਾਈਕਲ ਰੈਲੀਆਂ ਵਿਚ ਭਾਗ ਲੈਣ ਸਮੇਂ ਦਸਤਾਰ ਉਤਾਰਨ ਲਈ ਨਾ ਆਖਿਆ ਜਾਵੇ। ਸਾਈਕਲ ਰੇਸ ਵਿਚ ਖਿਡਾਰੀ ਦੇ ਸਿਰ ਨੂੰ ਸੱਟ ਤੋਂ ਬਚਾਉਣ ਖ਼ਾਤਰ ਉਸ ਲਈ ਹੈਲਮਟ ਪਾਉਣਾ ਜ਼ਰੂਰੀ ਹੁੰਦਾ ਹੈ। ਪਰ ਸੁਪਰੀਮ ਕੋਰਟ ਨੇ ਸਵਾਲ ਖੜਾ ਕਰ ਦਿਤਾ ਕਿ ਸਿੱਖ ਲਈ ਸਿਰ ਢਕਣਾ ਜ਼ਰੂਰੀ ਹੈ ਜਾਂ ਦਸਤਾਰ ਸਜਾਉਣੀ ਵੀ? ਪੁਰਾਣੇ ਖਿਡਾਰੀ, ਖੇਡਦੇ ਸਮੇਂ, ਮਿਸਾਲ ਵਜੋਂ ਮਿਲਖਾ ਸਿੰਘ ਵਰਗੇ, ਦਸਤਾਰ ਨਹੀਂ ਸਨ ਪਹਿਨਦੇ! ਇਸ ਤਰ੍ਹਾਂ ਕਈ ਹੋਰ ਖਿਡਾਰੀ ਹਨ, ਜੋ ਅੱਜ ਵੀ ਸਿਰਫ਼ ਪਟਕਾ ਬੰਨ੍ਹ ਕੇ ਖੇਡਦੇ ਹਨ, ਜਿਵੇਂ ਹਰਭਜਨ ਸਿੰਘ, ਸਰਦਾਰ ਸਿੰਘ ਤੇ ਅਨੇਕਾਂ ਹੋਰ। ਸੁਪਰੀਮ ਕੋਰਟ ਵਲੋਂ ਪੁਛਿਆ ਗਿਆ ਕਿ ਹੈਲਮਟ ਪਾਉਣ ਵਿਚ ਕੀ ਖ਼ਰਾਬੀ ਹੈ ਜੋਕਿ ਤੁਹਾਡੇ ਸਿਰ ਦੀ ਸੁਰੱਖਿਆ ਕਰਦੀ ਹੈ? ਤੁਸੀ ਅਪਣੇ ਸਿਰ ਨੂੰ ਖ਼ਤਰੇ ਵਿਚ ਕਿਉਂ ਪਾਉਣਾ ਚਾਹੁੰਦੇ ਹੋ?
ਹੁਣ ਇਹ ਵਿਵਾਦ ਸਿਆਸੀ ਰੁਖ਼ ਵੀ ਧਾਰਨ ਕਰ ਗਿਆ ਹੈ ਕਿਉਂਕਿ ਸਾਈਕਲਿੰਗ ਫ਼ੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ (ਅਕਾਲੀ ਦਲ) ਹਨ ਤੇ ਸਕੱਤਰ ਮਨਜੀਤ ਸਿੰਘ ਜੀ ਕੇ (ਦਿੱਲੀ ਗੁ. ਪ੍ਰਬੰਧਕ ਕਮੇਟੀ)। ਹੁਣ ਇਨ੍ਹਾਂ ਪੰਥਕ ਆਗੂਆਂ ਦੀ ਅਗਵਾਈ ਹੇਠਲੀ ਜਥੇਬੰਦੀ ਵਲੋਂ ਹੀ ਦਸਤਾਰ ਸਜਾਉਣ ਤੇ ਰੋਕ ਲਗਦੀ ਹੈ ਤਾਂ ਜ਼ਾਹਿਰ ਹੈ ਇਹ ਦੋਵੇਂ ਆਪ ਹੀ ਦਸਤਾਰ ਤੇ ਖੇਡ ਦੇ ਅਸੂਲਾਂ ਬਾਰੇ ਜਾਣੂ ਨਹੀਂ ਹਨ। ਇਨ੍ਹਾਂ ਦੇ ਹੁੰਦਿਆਂ ਇਕ ਸਿੱਖ ਨੂੰ ਸਾਈਕਲਿੰਗ ਫ਼ੈਡਰੇਸ਼ਨ ਅਧੀਨ ਹੋ ਰਹੀ ਦੌੜ ਵਿਚ ਭਾਗ ਲੈਣ ਦਿਤਾ ਜਾਂਦਾ ਤਾਂ ਸੁਪਰੀਮ ਕੋਰਟ ਤਕ ਜਾਣ ਦੀ ਨੌਬਤ ਹੀ ਨਹੀਂ ਆਉਣੀ ਸੀ।
Supreme Court
ਇਹ ਮੁੱਦਾ ਬੜੀ ਦੇਰ ਤੋਂ ਭਖਿਆ ਹੋਇਆ ਹੈ। ਸਿੱਖ ਕੁੜੀਆਂ ਵਲੋਂ ਸਕੂਟਰ ਚਲਾਉਣ ਸਮੇਂ ਹੈਲਮਟ ਪਾਉਣ ਤੋਂ ਇਨਕਾਰ ਕੀਤਾ ਜਾਂਦਾ ਹੈ ਪਰ ਉਹ ਦਸਤਾਰ ਬਹੁਤ ਘੱਟ ਸਜਾਉਂਦੀਆਂ ਹਨ। ਫ਼ਰਾਂਸ ਵਿਚ ਸਿੱਖਾਂ ਦੇ ਦਸਤਾਰ ਸਜਾਉਣ ਉਤੇ ਰੋਕ ਹੈ ਪਰ ਸਾਡੀ ਕੇਂਦਰ ਸਰਕਾਰ ਨੇ ਕੁੱਝ ਨਹੀਂ ਕੀਤਾ ਤੇ ਨਾ ਹੀ ਸਿੱਖ ਆਗੂਆਂ ਨੇ ਉਸ ਨੂੰ ਇਕ ਪੰਥਕ ਮੁੱਦਾ ਹੀ ਬਣਾਇਆ ਹੈ। 2013 ਵਿਚ ਕਿਊਬਿਕ (ਕੈਨੇਡਾ) ਵਿਚ ਦਸਤਾਰ ਸਜਾ ਕੇ ਖੇਡਦੇ ਫ਼ੁਟਬਾਲ ਖਿਡਾਰੀਆਂ ਨੂੰ ਕਿਹਾ ਗਿਆ ਸੀ ਕਿ ਘਰ ਦੇ ਪਿਛਵਾੜੇ ਵਿਚ ਖੇਡੋ। ਜੇ ਖੇਡਣ ਵਾਸਤੇ ਫ਼ੀਲਡ ਵਿਚ ਆਉਣਾ ਹੈ ਤਾਂ ਹੈਲਮਟ ਪਾਉਣੀ ਪਵੇਗੀ। ਐਂਟਾਰੀਉ ਕੈਨੇਡਾ ਵਿਚ ਸਿੱਖ ਮੁੰਡਿਆਂ ਲਈ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਾਉਣੀ ਲਾਜ਼ਮੀ ਹੈ। ਉਲਝਣ ਤਦ ਉਠਦੀ ਹੈ ਜਦ ਨਿਯਮਾਂ ਨੂੰ ਸਪੱਸ਼ਟ ਨਹੀਂ ਕੀਤਾ ਜਾਂਦਾ।ਅੱਜ ਇੰਗਲੈਂਡ ਵਿਚ 77 ਫ਼ੀ ਸਦੀ ਸਿੱਖ ਮਾਨਸਕ ਉਦਾਸੀ ਤੋਂ ਪੀੜਤ ਹਨ। ਸਿੱਖ ਕੌਮ ਜੋ ਦਲੇਰ ਕੌਮ ਕਰ ਕੇ ਮੰਨੀ ਜਾਂਦੀ ਸੀ, ਅੱਜ ਪੰਜਾਬ ਵਿਚ ਨਸ਼ਾ, ਤਮਾਕੂ ਗੁੰਡਾਗਰਦੀ ਤੇ ਸ਼ਰਾਬ ਨਾਲ ਜੂਝ ਰਹੀ ਹੈ ਤੇ ਵਿਦੇਸ਼ਾਂ ਵਿਚ ਬੈਠੇ ਸਿੱਖ ਉਦਾਸ ਹਨ। ਉਹ ਮੁੜ ਪੰਜਾਬ ਵੀ ਪਰਤਣਾ ਨਹੀਂ ਚਾਹੁੰਦੇ ਪਰ ਉਥੇ ਵੀ ਖ਼ੁਸ਼ ਨਹੀਂ ਹਨ। ਕਾਰਨ ਕਈ ਹੋ ਸਕਦੇ ਹਨ ਜਾਂ ਕਹਿ ਲਉ ਕਿ ਇਕ ਤਰ੍ਹਾਂ ਨਾਲ ਸਾਡਾ ਬੁਨਿਆਦੀ ਢਾਂਚਾ ਹੀ ਹਿੱਲ ਗਿਆ ਹੈ। ਅਸੀ ਅਪਣੇ ਵਜੂਦ ਬਾਰੇ ਆਪ ਹੀ ਸਪੱਸ਼ਟ ਨਹੀਂ ਲਗਦੇ। ਨਹੀਂ ਜਾਣਦੇ ਕਿ ਸਿੱਖ ਮਰਿਆਦਾ ਤਹਿਤ 'ਨਾਨਕ ਸ਼ਾਹ ਫ਼ਕੀਰ' ਠੀਕ ਹੈ ਜਾਂ ਨਹੀਂ। ਇਸ ਕੌਮੀ ਪੱਧਰ ਦੀ ਉਲਝਣ ਵਿਚ ਫੱਸ ਕੇ ਦੂਜੇ ਨੂੰ ਹੀ ਦੋਸ਼ੀ ਠਹਿਰਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਸਕਦਾ ਹੈ ਜਾਂ ਅਪਣੇ ਸਿਰ ਮਿੱਟੀ ਪਵਾਈ ਜਾ ਸਕਦੀ ਹੈ ਜਾਂ ਅਪਣੇ ਸੁਪਨਿਆਂ ਨੂੰ ਮਿੱਟੀ ਵਿਚ ਮਿਲਾਇਆ ਜਾ ਸਕਦਾ ਹੈ।ਅੱਜ ਸ਼੍ਰ੍ਰੋਮਣੀ ਗੁਰਦਵਾਰਾ ਕਮੇਟੀ, ਅਕਾਲੀ ਦਲ, ਪੰਥ ਦੇ ਮਾਹਰ, ਵਿਦਵਾਨ ਤੇ ਜਨਤਾ ਕਿੰਨੇ ਹੀ ਟੁਕੜਿਆਂ ਵਿਚ ਵੰਡੇ ਹੋਏ ਹਨ ਪਰ ਹੁਣ ਜਦ ਦੁਨੀਆ ਸਾਡੇ ਤੇ ਸਵਾਲ ਕਰ ਰਹੀ ਹੈ, ਜਦ ਅਦਾਲਤਾਂ ਸਾਡੇ ਕੋਲੋਂ ਜਵਾਬ ਮੰਗ ਰਹੀਆਂ ਹਨ ਤਾਂ ਕਿਉਂ ਨਾ ਮਿਲ ਬੈਠ ਕੇ ਦੁਨੀਆਂ ਸਾਹਮਣੇ ਅਪਣੇ ਵਜੂਦ ਬਾਰੇ ਇਕ ਜਵਾਬ ਦਿਤਾ ਜਾਵੇ? ਯਹੂਦੀ ਧਰਮ ਵਿਚ ਵੀ ਸਿਰ ਤੇ ਇਕ ਕਿਪਾਹ ਪਾਉਣਾ ਜ਼ਰੂਰੀ ਹੁੰਦਾ ਹੈ ਪਰ ਉਨ੍ਹਾਂ ਦੇ ਧਰਮ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਕਿਪਾਹ ਕਿਸ ਸਮੇਂ ਉਤਾਰ ਸਕਦੇ ਹਨ। ਬੜਾ ਆਸਾਨ ਹੈ ਕਿਸੇ ਨੂੰ ਪਤਿਤ ਆਖਣਾ ਤੇ ਕਿਸੇ ਨੂੰ ਤਨਖ਼ਾਹੀਆ ਕਹਿਣਾ ਪਰ ਬੜਾ ਮੁਸ਼ਕਲ ਹੈ ਕਿਸੇ ਨੂੰ ਅਪਣੀ ਸੋਚ ਨਾਲ ਜੋੜਨਾ ਤੇ ਜਦ ਤਕ ਅਸੀ ਆਪ ਅਪਣੀਆਂ ਬੁਨਿਆਦਾਂ ਪੱਕੀਆਂ ਨਹੀਂ ਕਰਦੇ ਤੇ ਖ਼ਾਹਮਖ਼ਾਹ ਦੀਆਂ ਨਾਰਾਜ਼ਗੀਆਂ/ਵੰਡੀਆਂ ਖ਼ਤਮ ਕਰ ਕੇ ਇਕ 'ਕੌਮ' ਬਣਨ ਦਾ ਯਤਨ ਕਰ ਕੇ ਸੁਪ੍ਰੀਮ ਕੋਰਟ ਸਮੇਤ, ਦੁਨੀਆਂ ਦੇ ਸਵਾਲਾਂ ਦੇ ਸਰਬ-ਪ੍ਰਵਾਨਤ ਜਵਾਬ ਨਹੀਂ ਤਿਆਰ ਕਰਦੇ, ਸਿੱਖ ਫ਼ਲਸਫ਼ਾ ਦੁਨੀਆਂ ਤਾਂ ਕੀ, ਪੰਜਾਬ ਵਿਚ ਵੀ ਨਹੀਂ ਬਚ ਪਾਵੇਗਾ। -ਨਿਮਰਤ ਕੌਰ