
ਸੋ ਅਸਲ ਲੜਾਈ ਵਟਸਐਪ ਦੀ ਨਹੀਂ ਬਲਕਿ ਅਪਣੀ ਆਵਾਜ਼ ਨੂੰ ਆਜ਼ਾਦ ਰੱਖਣ ਦੀ ਹੈ ਤੇ ਕਲ ਜੇ ਸਰਕਾਰ ਬਦਲ ਵੀ ਗਈ ਤਾਂ ਇਹ ਸੋਚ ਹੋਰ ਗੂੜ੍ਹੀ ਹੋ ਜਾਵੇਗੀ
ਵਿਅਕਤੀਗਤ ਆਜ਼ਾਦੀ ਦੀ ਰਾਖੀ ਅੱਜ ਇਕ ਅਜਿਹਾ ਨਿਜੀ ਵਪਾਰਕ ਅਦਾਰਾ ਕਰ ਰਿਹਾ ਹੈ ਜੋ ਅਪਣੇ ਖਪਤਕਾਰਾਂ ਬਾਰੇ ਜਾਣਕਾਰੀ ਮੁਨਾਫ਼ਾ ਕਮਾਉਣ ਲਈ ਵਰਤਦਾ ਹੈ। ਇਸ ਤੋਂ ਵੱਡੀ ਤਰਾਸਦੀ ਭਾਰਤੀ ਆਜ਼ਾਦੀ ਦੀ ਨਹੀਂ ਹੋ ਸਕਦੀ ਕਿ ਇਕ ਸਰਕਾਰ ਅਪਣੇ ਨਾਗਰਿਕਾਂ ’ਤੇ ਨਜ਼ਰ ਰੱਖਣ ਦੇ ਦੋਸ਼ ਹੇਠ, ਅਦਾਲਤ ਦੇ ਕਟਹਿਰੇ ਵਿਚ ਖੜੀ ਹੈ। ਸਰਕਾਰ ਨੂੰ ਕਟਹਿਰੇ ਵਿਚ ਵਟੱਸਐਪ ਨੇ ਖੜਾ ਕੀਤਾ ਹੈ। ਪਾਠਕਾਂ ਨੂੰ ਯਾਦ ਹੋਵੇਗਾ, ਕੁੱਝ ਦੇਰ ਪਹਿਲਾਂ, ਵਟਸਐਪ ਨੂੰ ਵਿਅਕਤੀਗਤ ਜਾਣਕਾਰੀ ਕਮਾਈ ਕਰਨ ਲਈ ਫ਼ੇਸਬੁੱਕ ਦੇ ਹਵਾਲੇ ਕਰਨ ਨੂੰ ਲੈ ਕੇ ਲੜਾਈ ਚਲੀ ਸੀ।
WhatsApp
ਅਸੀ ਅੱਜ ਵਟਸਐਪ ਦੇ ਇਸ ਕਦਰ ਆਦੀ ਹੋ ਚੁੱਕੇ ਹਾਂ ਕਿ ਇਸ ਤੋਂ ਬਿਨਾਂ ਜ਼ਿੰਦਗੀ ਅਧੂਰੀ ਜਾਪਦੀ ਹੈ। ਵਟੱਸਐਪ ਰਾਹੀਂ ਦੂਰ ਬੈਠੇ ਲੋਕਾਂ ਨਾਲ ਪਲਕ ਝਪਕਦਿਆਂ ਗੱਲਬਾਤ ਹੋ ਜਾਂਦੀ ਹੈ। ਵੀਡੀਉ ਕਾਲ ਸਦਕਾ ਤਾਲਾਬੰਦੀ ਦੌਰਾਨ ਵੀ ਇਕੱਲਾਪਨ ਕਦੇ ਮਹਿਸੂਸ ਨਹੀਂ ਹੋਇਆ। ਹੁਣ ਤਾਂ ਬੱਚਾ ਬੱਚਾ ਵਟਸਐਪ ਤੇ ਅਪਣਾ ਸਕੂਲ ਵੀ ਚਲਾ ਰਿਹਾ ਹੈ ਤੇ ਇਸ ਪ੍ਰਤੀ ਪਿਆਰ ਦਾ ਇਜ਼ਹਾਰ ਵੀ ਕਰ ਰਿਹਾ ਹੈ। ਰਿਸ਼ਤੇ ਬਣਦੇ ਤੇ ਟੁਟਦੇ ਰਹਿੰਦੇ ਹਨ। ਵਪਾਰ ਚਲਦਾ ਹੈ, ਡਾਕਟਰੀ ਸਲਾਹ ਵੀ ਵਟਸਐਪ ਰਾਹੀਂ ਹੀ ਮਿਲ ਜਾਂਦੀ ਹੈ।
WhatsApp
ਪਹਿਲਾਂ ਆਦਤ ਪਾਈ ਗਈ ਕਿ ਇਸ ਮੁਫ਼ਤ ਸਹੂਲਤ ਵਾਸਤੇ ਤੁਹਾਨੂੰ ਅਪਣੀ ਜਾਣਕਾਰੀ ਫ਼ੇਸਬੁੱਕ ਨਾਲ ਸਾਂਝੀ ਕਰਨੀ ਪਵੇਗੀ ਤਾਕਿ ਉਹ ਤੁਹਾਡੀ ਲੋੜ ਨੂੰ ਸਮਝ ਕੇ ਤੁਹਾਨੂੰ ਉਸ ਸਮਾਨ ਦਾ ਇਸ਼ਤਿਹਾਰ ਦਿਖਾਵੇ ਜਿਸ ਦੀ ਤੁਹਾਨੂੰ ਜ਼ਰੂਰਤ ਹੋਵੇ। ਕਈ ਵਾਰ ਤਾਂ ਫ਼ੇਸਬੁੱਕ ਦੇ ਪਿਛੇ ਲੱਗੇ ਰੋਬੋਟ ਤੁਹਾਡੇ ਮੰਗਣ ਤੋਂ ਪਹਿਲਾਂ ਸਮਝ ਜਾਂਦੇ ਹਨ ਕਿ ਤੁਹਾਡੀ ਜ਼ਰੂਰਤ ਕੀ ਹੈ ਅਤੇ ਤੁਹਾਨੂੰ ਉਸੇ ਤਰ੍ਹਾਂ ਦਾ ਸਮਾਨ ਵੇਚਣਾ ਸ਼ੁਰੂ ਕਰ ਦੇਂਦੇ ਹਨ। ਪਰ ਹੁਣ ਸਰਕਾਰ ਨੇ ਨਵੇਂ ਨਿਯਮ ਬਣਾਏ ਹਨ ਜਿਨ੍ਹਾਂ ਤਹਿਤ ਸਰਕਾਰ ਜਦ ਵੀ ਚਾਹੇ ਕਿਸੇ ਵੀ ਵਟਸਐਪ ਸੰਦੇਸ਼ ਜਾਂ ਕਾਲ ਦੀ ਜਾਣਕਾਰੀ ਲੈ ਸਕਦੀ ਹੈ।
Facebook
ਹੁਣ ਸਰਕਾਰ ਤੁਹਾਡੇ ਨਿਜੀ ਸਬੰਧਾਂ ਵਿਚ ਤਾਂ ਨਹੀਂ ਪੈ ਸਕਦੀ ਪਰ ਜਦ ਸਰਕਾਰ ਤੁਹਾਡੇ ਉਤੇ ਇਸ ਕਦਰ ਨਜ਼ਰ ਰਖਣਾ ਚਾਹੇ ਤਾਂ ਸਮਝੋ ਆਜ਼ਾਦ ਆਵਾਜ਼ ਦੇ ਦਿਨ ਥੋੜੇ ਹੀ ਰਹਿ ਗਏ ਹਨ। ਪਹਿਲਾਂ ਜਦ ਸੰਦੇਸ਼ ਭੇਜਣ ਦੇ ਪੁਰਾਣੇ ਤਰੀਕੇ ਹੁੰਦੇ ਸਨ ਤਾਂ ਉਸ ਦਾ ਰੀਕਾਰਡ ਰਖਿਆ ਜਾਂਦਾ ਸੀ ਜੋ ਕਿ ਕੰਪਨੀ ਤੋਂ ਕਢਵਾਇਆ ਜਾ ਸਕਦਾ ਸੀ। ਫਿਰ ਹੁਣ ਵਟੱਸਐਪ ਤੋਂ ਵੀ ਕਢਵਾ ਲਿਆ ਜਾਵੇਗਾ ਤਾਂ ਵੱਡੀ ਗੱਲ ਕੀ ਹੋਈ?
WhatsApp
ਦਰਅਸਲ ਵਟਸਐਪ ਨੇ ਸਾਡੀ ਜ਼ਿੰਦਗੀ ਵਿਚ ਨਿਜੀ ਆਜ਼ਾਦੀ ਦੀ ਅਜਿਹੀ ਆਦਤ ਪਾ ਦਿਤੀ ਹੈ, ਉਹ ਵੀ ਮੁਫ਼ਤ ਵਿਚ, ਕਿ ਹੁਣ ਲਗਾਮ ਬਹੁਤ ਢਿੱਲੀ ਪੈ ਚੁੱਕੀ ਹੈ। ਵਟਸਐਪ ਵਰਸਿਟੀ ਵਿਚ ਸੱਚੀ ਨਾਲੋਂ ਜ਼ਿਆਦਾ ਝੂਠੀ ਜਾਣਕਾਰੀ ਭੇਜੀ ਜਾਂਦੀ ਹੈ ਤੇ ਇਹ ਸਿਆਸਤਦਾਨ ਦਾ ਸੱਭ ਤੋਂ ਵੱਡਾ ਹਥਿਆਰ ਵੀ ਬਣ ਸਕਦਾ ਹੈ। ਪਾਰਟੀਆਂ ਅਤੇ ਵਟਸਐਪ ਸਦਾ ਯਤਨਸ਼ੀਲ ਰਹਿੰਦੇ ਹਨ ਪਰ ਉਹ ਅਪਣੇ ਪ੍ਰਚਾਰ ਨਾਲੋਂ ਜ਼ਿਆਦਾ ਦੂਜੀ ਪਾਰਟੀ ਵਿਰੁਧ ਸੱਚੀ ਝੂਠੀ ਜਾਣਕਾਰੀ ਫੈਲਾਉਣ ਦਾ ਕੰਮ ਕਰਦੇ ਹਨ। ਵਟਸਐਪ ਵਰਸਿਟੀ ਉਹ ਕੰਮ ਕਰ ਰਹੀ ਹੈ ਜੋ ਗੋਦੀ ਮੀਡੀਆ ਨਹੀਂ ਕਰ ਸਕਦਾ। ਉਹ ਸਰਕਾਰ ਨੂੰ ਘੇਰਨ ਦਾ ਕੰਮ ਕਰ ਰਿਹਾ ਹੈ।
Twitter
ਟਵਿਟਰ, ਫ਼ੇਸਬੁੱਕ ਤੇ ਤਾਂ ਫਿਰ ਵੀ ਸਰਕਾਰ ਦੀ ਨਜ਼ਰ ਰਹਿੰਦੀ ਹੈ। ਕਿਸੇ ਨੂੰ ਬੰਦ ਕਰ ਲਿਆ, ਕਿਸੇ ਦਾ ਅਕਾਊਂਟ ਬੰਦ ਕਰ ਲਿਆ। ਪਰ ਵਟਸਐਪ ਖ਼ੁਫ਼ੀਆ ਹੈ। ਜੋ ਲੜਾਈ ਅੱਜ ਸਰਕਾਰ ਤੇ ਵਟਸਐਪ ਦਰਮਿਆਨ ਅਦਾਲਤ ਵਿਚ ਚਲ ਰਹੀ ਹੈ, ਉਹ ਸਾਡੀ ਤੁਹਾਡੀ ਆਜ਼ਾਦੀ ਦੀ ਨਹੀਂ ਬਲਕਿ ਵਟਸਐਪ ਦਾ ਨੁਕਸਾਨ ਰੋਕਣ ਦਾ ਯਤਨ ਹੈ। ਜਦ ਸਰਕਾਰ ਦੀ ਨਜ਼ਰ ਪਵੇਗੀ ਤਾਂ ਖਪਤਕਾਰ ਸਿਗਨਲ ਜਾਂ ਇੰਸਟਾਗ੍ਰਾਮ ਤੇ ਜਾਣ ਦੀ ਆਦਤ ਬਣਾ ਲਵੇਗਾ।
ਸੋ ਅਸਲ ਲੜਾਈ ਵਟਸਐਪ ਦੀ ਨਹੀਂ ਬਲਕਿ ਅਪਣੀ ਆਵਾਜ਼ ਨੂੰ ਆਜ਼ਾਦ ਰੱਖਣ ਦੀ ਹੈ ਤੇ ਕਲ ਜੇ ਸਰਕਾਰ ਬਦਲ ਵੀ ਗਈ ਤਾਂ ਇਹ ਸੋਚ ਹੋਰ ਗੂੜ੍ਹੀ ਹੋ ਜਾਵੇਗੀ ਕਿਉਂਕਿ ਸਰਕਾਰਾਂ ਜਨਤਾ ਨੂੰ ਕਾਬੂ ਹੇਠ ਰੱਖਣ ਦਾ ਕੋਈ ਮੌਕਾ ਨਹੀਂ ਛਡਦੀਆਂ। ਲੋੜ ਹੈ ਕਿ ਵਿਅਕਤੀਗਤ ਆਜ਼ਾਦੀ ਦੇ ਕਾਨੂੰਨ, ਅੱਜ ਦੀ ਸਰਕਾਰ ਵਲੋਂ, ਵਿਦੇਸ਼ੀ ਵਪਾਰ ਘਰਾਣਿਆਂ ਦੇ ਹੱਥਾਂ ਵਿਚੋਂ ਕੱਢ ਕੇ ਸੰਵਿਧਾਨ ਮੁਤਾਬਕ ਬਣਾਏ ਜਾਣ।
-ਨਿਮਰਤ ਕੌਰ