
ਇਹ ਪਹਿਲੀ ਵਾਰ ਨਹੀਂ ਹੋਵੇਗਾ ਜਦ ਸਾਡੇ ਸਿਸਟਮ ਵਿਚ ਢਿੱਲਾਂ ਕਾਰਨ ਭਾਰਤੀ ਲੋਕਾਂ ਨੂੰ ਦਰਦਨਾਕ ਅੰਤ ਵੇਖਣ ਨੂੰ ਮਿਲਿਆ ਹੈ।
Editorial: ਰਾਜਕੋਟ ਵਿਚ 27 ਲੋਕ ਜਿਨ੍ਹਾਂ ਵਿਚ 6 ਬੱਚੇ ਵੀ ਸਨ, ਅੱਗ ਵਿਚ ਸੜ ਕੇ ਦਰਦਨਾਕ ਮੌਤ ਮਾਰੇ ਗਏ ਹਨ। ਸਵਾਲ ਜੋ ਬਾਕੀ ਰਹਿ ਗਿਆ ਹੈ, ਉਹ ਇਹ ਹੈ ਕਿ ਕਸੂਰਵਾਰ ਕਿਸ ਨੂੰ ਠਹਿਰਾਇਆ ਜਾਵੇਗਾ। ਉਸ ਖੇਡ ਜ਼ੋਨ ਦੇ ਮਾਲਕ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਜਾਂ ਉਸ ਅਫ਼ਸਰ ਨੂੰ ਜੋ ਉਸ ਖੇਡਾਂ ਦੀ ਦੁਕਾਨ ਨੂੰ ਐਨਓਸੀ ਦੇ ਕੇ ਗਿਆ ਸੀ ਜਾਂ ਅਸੀ ਅਪਣੇ ਇਸ ਸਿਸਟਮ ਵਿਚ ਵਸਦਾ ਤੇ ਮਕਬੂਲ ਫ਼ਿਕਰਾ ‘ਸੱਭ ਚਲਦਾ ਹੈ’ ਵਾਲੀ ਸੋਚ ਨੂੰ ਜ਼ਿੰਮੇਵਾਰ ਬਣਾਵਾਂਗੇ?
ਇਹ ਪਹਿਲੀ ਵਾਰ ਨਹੀਂ ਹੋਵੇਗਾ ਜਦ ਸਾਡੇ ਸਿਸਟਮ ਵਿਚ ਢਿੱਲਾਂ ਕਾਰਨ ਭਾਰਤੀ ਲੋਕਾਂ ਨੂੰ ਦਰਦਨਾਕ ਅੰਤ ਵੇਖਣ ਨੂੰ ਮਿਲਿਆ ਹੈ। 1997 ਵਿਚ ਉਪਹਾਰ ਸਿਨੇਮਾ ਨੇ ਇਸੇ ਢਿੱਲ ਕਾਰਨ 59 ਲੋਕਾਂ ਨੂੰ ਝੁਲਸ ਕੇ ਮਰਨ ਦਿਤਾ ਸੀ ਜਿਸ ਦੀ ਕੀਮਤ 18 ਸਾਲ ਬਾਅਦ ਮਾਲਕਾਂ ਉਤੇ 3 ਕਰੋੜ ਦਾ ਜੁਰਮਾਨਾ ਲੱਗਾ ਤੇ ਇਕ ਸਾਲ ਦੀ ਸਜ਼ਾ ਮਿਲੀ (ਜੋ ਬਜ਼ੁਰਗ ਹੋਣ ਦੇ ਨਾਤੇ ਮਾਫ਼ ਕਰ ਦਿਤੀ ਗਈ ਸੀ)। ਪੰਜਾਬ ਵਿਚ ਪਿਛਲੇ ਮਹੀਨੇ ਕੇਕ ਬਣਾਉਣ ਵਿਚ ਢਿੱਲ ਵਰਤਣ ਕਾਰਨ ਇਕ 10 ਸਾਲ ਦੀ ਬੱਚੀ ਅਪਣੇ ਹੀ ਜਨਮ ਦਿਨ ਤੇ ਮਾਰੀ ਗਈ ਸੀ।
ਗੁਰੂ ਗ੍ਰਾਮ ਸਕੂਲ ਬੱਸ ਚਾਲਕ ਦੀ ਢਿੱਲ ਅਤੇ ਬੱਸ ਦੀ ਹਾਲਤ ਕਾਰਨ ਛੇ ਬੱਚੇ ਅਤੇ 20 ਲੋਕ ਮਾਰੇ ਗਏ ਸਨ। ਦਿੱਲੀ ਵਿਚ ਪਿਛਲੇ ਹਫ਼ਤੇ ਛੇ ਨਵ-ਜੰਮੇ ਬੱਚੇ ਅੱਗ ਵਿਚ ਝੁਲਸ ਕੇ ਮਾਰੇ ਗਏ ਤੇ ਉਸ ਹਸਪਤਾਲ ਕੋਲ ਕੋਈ ਲਾਈਸੈਂਸ ਹੀ ਕੋਈ ਨਹੀਂ ਸੀ। ਉਸ ਕੋਲ ਅੱਗ ਬੁਝਾਉਣ ਦਾ ਸਮਾਨ ਜਾਂ ਬਚਾਅ ਵਾਸਤੇ ਵਖਰਾ ਰਸਤਾ ਵੀ ਨਹੀਂ ਸੀ। ਮੁੰਬਈ ਵਿਚ ਇਕ ਬਿਲ ਬੋਰਡ ਦੇ ਡਿੱਗਣ ਨਾਲ 15 ਲੋਕ ਮਾਰੇ ਗਏ ਜਦਕਿ ਉਸ ਬਿਲਬੋਰਡ ਨੂੰ ਉਤਾਰਨ ਵਾਸਤੇ ਹੁਕਮ ਜਾਰੀ ਕੀਤਾ ਜਾ ਚੁੱਕਾ ਸੀ। ਅਨੇਕਾਂ ਦਰਦਨਾਕ ਹਾਦਸੇ ਚੱਪੇ ਚੱਪੇ ’ਤੇ ਹੁੰਦੇ ਹਨ ਪਰ ਕਦੇ ਵੀ ਕਿਸੇ ਸਰਕਾਰੀ ਸਥਾਨ, ਜਿਥੇ ਕਿਸੇ ਤਾਕਤਵਰ ਸਿਆਸਤਦਾਨ ਜਾਂ ਅਫ਼ਸਰਸ਼ਾਹੀ ਨੇ ਬੈਠਣਾ ਹੁੰਦਾ ਹੈ, ਉਸ ਸਥਾਨ ਤੇ ਕੋਈ ਢਿੱਲ ਵਰਤੀ ਗਈ ਨਹੀਂ ਵੇਖੀ ਗਈ।
ਆਮ ਵੇਖਿਆ ਜਾਂਦਾ ਹੈ ਕਿ ਸਰਹੱਦਾਂ ’ਤੇ ਫ਼ੌਜ ਕੋਲ ਪੂਰਾ ਸੁਰੱਖਿਆ ਸਮਾਨ ਨਹੀਂ ਹੁੰਦਾ ਪਰ ਤਸਵੀਰ ਖਿਚਵਾਉਣ ਲਈ ਜਾਣ ਵਾਲੇ ਸਿਆਸਤਦਾਨ ਕੋਲ ਤਾਂ ਸੱਭ ਤੋਂ ਵਧੀਆ ਸੁਰੱਖਿਆ ਕਵਚ ਹੁੰਦਾ ਹੈ। ਸਿਆਸਤਦਾਨ ਦੀ ਗੱਡੀ ਤਿੰਨ-ਚਾਰ ਸਾਲ ਬਾਅਦ ਬਦਲ ਦਿਤੀ ਜਾਂਦੀ ਹੈ ਪਰ ਸਕੂਲਾਂ ਦੀਆਂ ਬਸਾਂ ਦੀ ਜਾਂਚ ਦੀ ਗੱਲ ਦੀ ਵੀ 500 ਦੇ ਨੋਟ ਨਾਲ ਅਣਦੇਖੀ ਕਰ ਦਿਤੀ ਜਾਂਦੀ ਹੈ। ਪਿਛਲੇ ਸਾਲ ਗੁਜਰਾਤ ਵਿਚ ਇਕ ਪੁਲ ਡਿਗਿਆ ਸੀ ਕਿਉਂਕਿ ਉਸ ਨੂੰ ਬਣਾਉਣ ਵਾਲਾ ਕੰਟਰੈਕਟਰ ਹੀ ਕੰਮ ਕਰਨ ਦੀ ਕਾਬਲੀਅਤ ਨਹੀਂ ਸੀ ਰਖਦਾ ਪਰ ਕੀ ਹੋਇਆ? ਆਮ ਇਨਸਾਨ ਵਾਸਤੇ ਬਣੀਆਂ ਸਹੂਲਤਾਂ ਨੂੰ ਹਲਕੇ ਪੱਧਰ ਤੇ ਚਲਣ ਦਿਤਾ ਜਾਂਦਾ ਹੈ ਕਿਉਂਕਿ ਉਹ ਭ੍ਰਿਸ਼ਟ ਸਿਸਟਮ ਵਾਸਤੇ ਇਕ ਐਸੀ ਮੁਰਗੀ ਹੈ ਜੋ ਹਰ ਰੋਜ਼ ਅੰਡਾ ਦੇਂਦੀ ਹੈ।
ਚੱਪੇ ਚੱਪੇ ਤੇ ਗ਼ੈਰ-ਕਾਨੂੰਨੀ, ਨਿਯਮਾਂ ਦੀ ਉਲੰਘਣਾ ਕਰਦੇ ਛੋਟੇ ਉਦਯੋਗ ਹਨ ਜੋ ਹਫ਼ਤਾ ਦੇਂਦੇ ਹਨ ਤੇ ਹਲਕਾ ਕੰਮ ਚਲਾਈ ਰਖਦੇ ਹਨ। 140 ਕਰੋੜ ਵਿਚ ਆਏ ਦਿਨ ਕੁੱਝ ਦਰਦਨਾਕ ਮੌਤਾਂ ਸਿਰਫ਼ ਇਕ ਦੋ ਦਿਨ ਦੀਆਂ ਸੁਰਖ਼ੀਆਂ ਨੂੰ ਹੀ ਨਿਆਂ ਸਮਝ ਸਕਦੀਆਂ ਹਨ। ਸਾਡੇ ਦੇਸ਼ ਵਿਚ ਤਾਂ ਮਰਨ ਵਾਲਿਆਂ ’ਚੋਂ ਬਹੁਤਿਆਂ ਨੂੰ ਅਖ਼ਬਾਰੀ ਸੁਰਖ਼ੀ ਵੀ ਨਸੀਬ ਨਹੀਂ ਹੁੰਦੀ। ਕਿਸੇ ਮਾਲਕ ਨੂੰ ਉਪਹਾਰ ਸਿਨੇਮਾ ਦੇ ਮਾਲਕਾਂ ਵਾਂਗ ਇਕ ਅੱਧ ਸਾਲ ਸਲਾਖ਼ਾਂ ਪਿਛੇ ਬਿਤਾਣਾ ਪੈ ਜਾਵੇਗਾ ਪਰ ਬਦਲੇਗਾ ਤਾਂ ਕੁੱਝ ਵੀ ਨਹੀਂ!
- ਨਿਮਰਤ ਕੌਰ