
ਅੱਜ ਤਕ ਹਮੇਸ਼ਾ ਭਾਰਤ ਦੇ ਸਿਆਸਤਦਾਨਾਂ ਨੇ ਅੰਗਰੇਜ਼ਾਂ ਤੋਂ ਸਿਖ ਕੇ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਹੀ ਅਪਣਾਈ ਹੈ।
ਵਿਰੋਧੀ ਲੀਡਰਾਂ ਦਾ ਪਟਨਾ ਵਿਚ ਜਿਹੜਾ ਇਕੱਠ ਹੋਇਆ ਹੈ, ਉਸ ਦੀ ਸਫ਼ਲਤਾ ਦਾ ਅੰਦਾਜ਼ਾ ਅਜੇ ਵਿਰੋਧੀ ਧਿਰਾਂ ਦੇ ਆਗੂਆਂ ਦੇ ਬਚਨਾਂ ਅਤੇ ਖ਼ਾਮੋਸ਼ੀਆਂ ’ਚੋਂ ਨਹੀਂ ਲਗਾਇਆ ਜਾ ਸਕਦਾ ਪਰ ਜਦੋਂ ਭਾਜਪਾ ਦੇ ਆਗੂਆਂ ਦੇ ਬਿਆਨ ਸੁਣੋ ਤਾਂ ਲਗਦਾ ਹੈ ਕਿ ਅੱਜ ਜਿਸ ਰਸਤੇ ’ਤੇ ਵਿਰੋਧੀ ਪਾਰਟੀਆਂ ਦੇ ਲੀਡਰ ਚਲ ਪਏ ਹਨ, ਉਹ ਹੁਣ ਭਾਰਤ ਦੀ ਸਿਆਸਤ ਵਿਚ ਸ਼ਾਇਦ ਇਕ ਨਵਾਂ ਮੋੜ ਲਿਆ ਕੇ ਹੀ ਰਹਿਣਗੇ।
ਅੱਜ ਤਕ ਹਮੇਸ਼ਾ ਭਾਰਤ ਦੇ ਸਿਆਸਤਦਾਨਾਂ ਨੇ ਅੰਗਰੇਜ਼ਾਂ ਤੋਂ ਸਿਖ ਕੇ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਹੀ ਅਪਣਾਈ ਹੈ। ਇਹ ਪਹਿਲੀ ਵਾਰ ਹੈ ਕਿ ਭਾਰਤ ਦੇ ਵੰਡੇ ਹੋਏ ਸਿਆਸਤਦਾਨ, ਆਪਸ ਵਿਚ ਜੁੜ ਕੇ ਜਿੱਤਣ ਦੀ ਗੱਲ ਕਰ ਰਹੇ ਹਨ। ਜਿਵੇਂ ਅਮਰੀਕਾ ਵਿਚ ਰਾਹੁਲ ਗਾਂਧੀ ਨੂੰ ਆਮ ਅਮਰੀਕਨਾਂ ਅਤੇ ਬੁੱਧੀਜੀਵੀਆਂ ਕੋਲੋਂ ਸਤਿਕਾਰ ਤੇ ਪਿਆਰ ਮਿਲਿਆ, ਉਸ ਨੂੰ ਵੇਖ ਕੇ, ਕੇਂਦਰ ਸਰਕਾਰ ਮਜਬੂਰ ਹੋ ਗਈ ਕਿ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਜੀ ਨੂੰ ਅਮਰੀਕਾ ਭੇਜ ਕੇ ਰਾਹੁਲ ਦੀ ਫੇਰੀ ਦਾ ਅਸਰ ਘੱਟ ਕੀਤਾ ਜਾਏ। ਇਸ ਕੰਮ ਲਈ ਭਾਰਤ ਸਰਕਾਰ ਦੇ ਨੀਤੀਵਾਨਾਂ ਨੂੰ ਇਕ ਵਖਰੀ ਤਰ੍ਹਾਂ ਦੀ ਮਿਹਨਤ ਕਰਨੀ ਪਈ! ਨਤੀਜੇ ਵਜੋਂ ਹੁਣ ਭਾਜਪਾ ਵਲੋਂ ਅਪਣੇ ਨਾਰਾਜ਼ ਭਾਈਵਾਲਾਂ ਨੂੰ ਮਨਾਉਣ ਦੇ ਯਤਨ ਵੀ ਸ਼ੁਰੂ ਹੋ ਗਏ ਹਨ।
ਕੇਂਦਰੀ ਮੰਤਰੀ ਰਾਜਨਾਥ ਸਿੰਘ ਚੰਡੀਗੜ੍ਹ ਵਿਚ ਆ ਕੇ ਕਹਿ ਗਏ ਕਿ ਅਸੀ ਅਪਣੇ ਪੁਰਾਣੇ ਭਾਈਵਾਲ ਅਕਾਲੀ ਦਲ ਨੂੰ ਅਜੇ ਵੀ ਪਿਆਰ ਕਰਦੇ ਹਾਂ ਯਾਨੀ ਅਸੀ ਵੇਖ ਸਕਦੇ ਹਾਂ ਕਿ ਵਿਰੋਧੀ ਲੀਡਰਾਂ ਦੇ ਇਕੱਠੇ ਹੋਣ ਦੀ ਤਿਆਰੀ ਨਾਲ, ਨਾ ਸਿਰਫ਼ ਉਨ੍ਹਾਂ ਦੀ ਏਕਤਾ ਹੋਂਦ ਵਿਚ ਆ ਜਾਏਗੀ ਸਗੋਂ ਦੂਜੇ ਪਾਸੇ ਭਾਜਪਾ ਵੀ ਅਪਣੇ ਰੁੱਸੇ ਭਾਈਵਾਲਾਂ ਨੂੰ ਮਨਾਉਣ ਤੇ ਉਨ੍ਹਾਂ ਨੂੰ ਇੱਜ਼ਤ ਦੇਣ ਦੇ ਰਸਤੇ ’ਤੇ ਚਲ ਪਈ ਹੈ।
ਇਨ੍ਹਾਂ ਸਾਰੀਆਂ ਤਬਦੀਲੀਆਂ ਦੀ ਸ਼ੁਰੂਆਤ ‘ਭਾਰਤ ਜੋੜੋ’ ਯਾਤਰਾ ਨਾਲ ਸ਼ੁਰੂ ਹੋਈ ਜਦੋਂ ਰਾਹੁਲ ਗਾਂਧੀ ਨੇ ਆਮ ਭਾਰਤੀ ਦੇ ਕਦਮ ਨਾਲ ਕਦਮ ਮਿਲਾਉਂਦੇ ਹੋਏ, ਸਾਰੇ ਦੇਸ਼ ਵਿਚ ਪੈਦਲ ਯਾਤਰਾ ਕੀਤੀ ਤੇ ਆਮ ਆਦਮੀ ਦੀ ਗੱਲ ਸੁਣਨੀ ਸ਼ੁਰੂ ਕੀਤੀ। ਉਨ੍ਹਾਂ ਵਲੋਂ ‘ਨਫ਼ਰਤ ਕੇ ਬਾਜ਼ਾਰ ਮੇਂ, ਮੁਹੱਬਤ ਕੀ ਦੁਕਾਨ’ ਖੋਲ੍ਹਣ ਦੀ ਗੱਲ ਕੀਤੀ ਗਈ। ਜਿਥੇ ਸਾਰੇ ਸਿਆਸਤਦਾਨ ਸਟੇਜਾਂ ਤੋਂ ਇਕ ਦੂਜੇ ਪ੍ਰਤੀ ਨਫ਼ਰਤ ਉਗਲਦੇ ਸਨ, ਉਥੇ ਬੜੇ ਹੀ ਸ਼ਾਂਤ ਤਰੀਕੇ ਨਾਲ ਰਾਹੁਲ ਗਾਂਧੀ ਨੇ ਇਸ ਨਵੀਂ ਰਾਜ-ਨੀਤੀ ਦੀ ਸ਼ੁਰੂਆਤ ਕੀਤੀ।
ਇਸ ਸਫ਼ਲਤਾ ਪਿਛੋਂ ਹੁਣ ਰਾਹੁਲ ਗਾਂਧੀ ਨੂੰ ਅਪਣੀ ਮੁਹੱਬਤ ਦੀ ਦੁਕਾਨ ਨੂੰ ਉਨ੍ਹਾਂ ਲੋਕਾਂ ਵਾਸਤੇ ਵੀ ਖੋਲ੍ਹਣਾ ਪਵੇਗਾ ਜੋ ਆਰ.ਐਸ.ਐਸ. ਨਾਲ ਜੁੜੇ ਹੋਏ ਹਨ। ਜੇ ਰਾਹੁਲ ਗਾਂਧੀ ਭਾਰਤ ਦੇ ਆਗੂ ਬਣਨਾ ਚਾਹੁੰਦੇ ਹਨ, ਭਾਰਤ ਦੇ ਲੀਡਰ ਬਣਨਾ ਚਾਹੁੰਦੇ ਹਨ ਤੇ ਭਾਰਤ ਨੂੰ ਵਿਕਾਸ ਦੀ ਉਸ ਮੰਜ਼ਲ ਤਕ ਲੈ ਕੇ ਜਾਣਾ ਚਾਹੁੰਦੇ ਹਨ ਜਿਥੇ ਇਕ ਆਮ ਭਾਰਤੀ ਵੀ ਗ਼ਰੀਬੀ ਤੋਂ ਉਪਰ ਉਠਣ ਦੀ ਸੋਚ ਸਕੇ ਤਾਂ ਉਨ੍ਹਾਂ ਨੂੰ ਅਪਣੀ ਮੁਹੱਬਤ ਦੀ ਦੁਕਾਨ ਨੂੰ ਥੋੜਾ ਹੋਰ ਵੱਡਾ ਕਰਨਾ ਪਵੇਗਾ। ਉਸ ਦੀ ਸ਼ੁਰੂਆਤ ਲਈ ਉਨ੍ਹਾਂ ਨੂੰ ਅਪਣੇ ਉਨ੍ਹਾਂ ਲੋਕਾਂ ਨਾਲ ਗੱਲ ਕਰਨੀ ਪਵੇਗੀ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਅਜੇ ਪੂਰੀ ਤਰ੍ਹਾਂ ਧਰਮ ਨਿਰਪੱਖ ਨਹੀਂ ਹਨ ਜਾਂ ਜਿਹੜੇ ਲੋਕ ਕਾਂਗਰਸ ਪਾਰਟੀ ਨੂੰ ਖ਼ਤਮ ਕਰ ਕੇ, ਅਪਣੀ ਹੋਂਦ ਕਾਇਮ ਕਰਨ ਦੀ ਗੱਲ ਹੁਣ ਤਕ ਸੋਚਦੇ ਆਏ ਹਨ।
ਜੇ ਵਿਰੋਧੀ ਲੀਡਰ ਇਕੱਠੇ ਹੁੰਦੇ ਹਨ, ਉਹ ਨਾ ਸਿਰਫ਼ ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰਨਗੇ ਤੇ ਨਾ ਸਿਰਫ਼ ਧਰਮ ਨਿਰਪੱਖ ਦੇਸ਼ ਦੀ ਗੱਲ ਕਰਨਗੇ ਸਗੋਂ ਉਹ ਆਰਥਕ ਨੀਤੀਆਂ ਬਾਰੇ ਵੀ ਗੱਲ ਕਰਨਗੇ ਜਿਸ ਨਾਲ ਆਮ ਭਾਰਤੀ ਦੇ ਮਨ ਵਿਚੋਂ ਰੋਟੀ, ਕਪੜਾ ਤੇ ਮਕਾਨ ਲਈ ਜਦੋਜਹਿਦ ਕਰਨ ਦੀ ਚਿੰਤਾ ਖ਼ਤਮ ਹੋ ਸਕੇ। ਸਾਰੇ ਕੋਸ਼ਿਸ਼ ਤਾਂ ਕਰ ਰਹੇ ਹਨ
ਪਰ ਸੱਭ ਤੋਂ ਵੱਡੀ ਕੋਸ਼ਿਸ਼ ਅੱਜ ਉਸ ਪਾਰਟੀ ਨੂੰ ਹੀ ਕਰਨੀ ਹੋਵੇਗੀ ਜੋ ਭਾਰਤ ਦੀ ਸੱਭ ਤੋਂ ਪੁਰਾਣੀ ਪਾਰਟੀ ਹੈ। ਉਸ ਨੂੰ ਛੋਟੀਆਂ, ਨਵੀਆਂ ਪਾਰਟੀਆਂ ਨੂੰ ਮੁਹੱਬਤ ਦੀ ਦੁਕਾਨ ਵਿਚ ਬੁਲਾਉਣਾ ਪਵੇਗਾ। ਉਹ ਲੋਕ ਜਿਹੜੇ ਕਿਸੇ ਅਗਾਂਹਵਧੂ ਸੋਚ ਵਿਚ ਵਿਸ਼ਵਾਸ ਰਖਦੇ ਹਨ ਪਰ ਆਰਥਕ ਹਾਲਤ ਉਨ੍ਹਾਂ ਦੀ ਬਹੁਤ ਮਾੜੀ ਹੈ, ਉਨ੍ਹਾਂ ਵਾਸਤੇ ਵੀ ਮੁਹੱਬਤ ਦੀ ਦੁਕਾਨ ਖੋਲ੍ਹਣੀ ਪਵੇਗੀ। ਜਦੋਂ ਮੁਹੱਬਤ ਸਾਨੂੰ ਮਿਲ ਜਾਵੇਗੀ ਤਾਂ ਨਫ਼ਰਤ ਅਪਣੇ ਆਪ ਚਲੀ ਜਾਵੇਗੀ। ਇਸ ਵਾਸਤੇ ਸੱਭ ਤੋਂ ਪਹਿਲਾਂ ਖੁਲ੍ਹਦਿਲੀ ਕਾਂਗਰਸ ਨੂੰ ਹੀ ਵਿਖਾਣੀ ਪਵੇਗੀ।
- ਨਿਮਰਤ ਕੌਰ