Editorial : ਬੇਦਾਗ਼ ਸਿਆਸਤਦਾਨ ਤੇ ਨਫ਼ੀਸ ਇਨਸਾਨ ਦੀ ਰੁਖ਼ਸਤਗੀ
Published : Dec 28, 2024, 7:10 am IST
Updated : Dec 28, 2024, 7:10 am IST
SHARE ARTICLE
Manmohan Singh
Manmohan Singh

Editorial : ਪ੍ਰਧਾਨ ਮੰਤਰੀ ਦੇ ਰੁਤਬੇ ਤਕ ਪੁੱਜਣ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਬਹੁਤ ਸਾਰੇ ਉੱਚਾ ਅਹੁਦਿਆਂ ’ਤੇ ਰਹੇ।

ਪ੍ਰਧਾਨ ਮੰਤਰੀ ਦੇ ਰੁਤਬੇ ਤਕ ਪੁੱਜਣ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਬਹੁਤ ਸਾਰੇ ਉੱਚਾ ਅਹੁਦਿਆਂ ’ਤੇ ਰਹੇ। ਇਹ ਵਖਰੀ ਗੱਲ ਹੈ ਕਿ ਇਨ੍ਹਾਂ ਅਹੁਦਿਆਂ-ਰੁਤਬਿਆਂ ਦੇ ਬਾਵਜੂਦ ਉਨ੍ਹਾਂ ਨੇ ਸ਼ਰਾਫ਼ਤ, ਨਫ਼ਾਸਤ ਤੇ ਹਲੀਮੀ ਦਾ ਪੱਲਾ ਕਦੇ ਨਹੀਂ ਛਡਿਆ। ਇਹ ਸ਼ਾਇਦ ਉਸ ਜੱਦੋਜਹਿਦ ਦਾ ਅਸਰ ਸੀ ਜਿਹੜੀ ਗ਼ੁਰਬਤ ਵਿਚ ਜਨਮ ਤੋਂ ਲੈ ਕੇ ਰੁਤਬੇਦਾਰ ਬਣਨ ਤਕ ਦੇ ਚਾਰ ਦਹਾਕਿਆਂ ਦੇ ਸਫ਼ਰ ਦੌਰਾਨ ਉਨ੍ਹਾਂ ਨੂੰ ਲਗਾਤਾਰ ਕਰਨੀ ਪਈ। ਉਨ੍ਹਾਂ ਦਾ ਜਨਮ ਪੋਠੋਹਾਰ ਖਿੱਤੇ ਦੇ ਪਿੰਡ ਗਾਹ (ਜ਼ਿਲ੍ਹਾ ਚੱਕਵਾਲ, ਹੁਣ ਪਾਕਿਸਤਾਨ) ਵਿਚ ਹੋਇਆ। ਉਹ ਅਜੇ ਨਿੱਕੇ-ਨਿਆਣੇ ਹੀ ਸਨ ਕਿ ਮਾਂ ਚੱਲ ਵਸੀ।

ਦੁਕਾਨਦਾਰ ਪਿਤਾ ਨੇ ਮਹਿਜ਼ ਛੇ ਮਹੀਨਿਆਂ ਬਾਅਦ ਦੂਜਾ ਵਿਆਹ ਕਰਵਾ ਲਿਆ। ਲਿਹਾਜ਼ਾ, ਮਨਮੋਹਨ ਸਿੰਘ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਦਾਦੀ ਸਿਰ ਆਣ ਪਈ। 1947 ਵਿਚ ਦੇਸ਼-ਵੰਡ ਕਾਰਨ ਇਹ ਪ੍ਰਵਾਰ ਗਾਹ ਤੋਂ ਉਜੜ ਕੇ ਅੰਮ੍ਰਿਤਸਰ ਆ ਗਿਆ। ਇੱਥੇ ਮਨਮੋਹਨ ਸਿੰਘ ਨੇ ਪੰਜਵੀਂ ਤੋਂ ਅਗਲੀ ਸਕੂਲੀ ਤਾਲੀਮ ਫ਼ੀਸਾਂ ਮੁਆਫ਼ ਕਰਵਾ ਕੇ ਪੂਰੀ ਕੀਤੀ ਅਤੇ ਫਿਰ ਹਿੰਦੂ ਕਾਲਜ ਤੋਂ ਬੀ.ਏ. ਕੀਤੀ। ਅਰਥ ਸ਼ਾਸਤਰ ਵਿਚ ਐਮ.ਏ. ਸਰਕਾਰੀ ਕਾਲਜ, ਹੁਸ਼ਿਆਰਪੁਰ ਤੋਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਵਿਚ ਨੌਕਰੀ ਮਿਲ ਗਈ।

ਫ਼ਾਕਾਕਸ਼ੀ ਤਾਂ ਮਿੱਟ ਗਈ, ਪਰ ਅਗਲੇਰੀ ਪੜ੍ਹਾਈ ਦੀ ਚਾਹਤ ਆਕਸਫ਼ੋਰਡ (ਯੂ.ਕੇ.) ਲੈ ਗਈ। ਉਥੋਂ ਪੀ.ਐੱਚ.ਡੀ. ਕਰਨ ਅਤੇ ਕੈਂਬਰਿਜ ਯੂਨੀਵਰਸਟੀ ਤੋਂ ਹੋਰ ਡਿਗਰੀ ਹਾਸਲ ਕਰਨ ਮਗਰੋਂ ਵਤਨ-ਵਾਪਸੀ ਨੇ ਭਾਰਤ ਸਰਕਾਰ ’ਚ ਟੈਕਨੋਕਰੈਟ ਬਣਨ ਦੇ ਰਾਹ ਖੋਲ੍ਹ ਦਿਤੇ। ਵਿਦੇਸ਼ ਵਪਾਰ ਮੰਤਰਾਲੇ ਵਿਚ ਆਰਥਿਕ ਸਲਾਹਕਾਰ, ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ, ਕੇਂਦਰੀ ਵਿੱਤ ਸਕੱਤਰ, ਯੋਜਨਾ ਕਮਿਸ਼ਨ ਦਾ ਉਪ ਮੁਖੀ, ਯੂ.ਜੀ.ਸੀ. ਦਾ ਮੁਖੀ - ਇਨ੍ਹਾਂ ਸਾਰੇ ਅਹੁਦਿਆਂ ਨੇ ਮਨਮੋਹਨ ਸਿੰਘ ਦੀ ਆਰਥਿਕ ਜਗਤ ਵਿਚ ਦਮਦਾਰ ਹਸਤੀ ਵਾਲੀ ਪਛਾਣ ਬਣਾ ਦਿਤੀ। ਇਸੇ ਪਛਾਣ ਸਦਕਾ 1991 ਵਿਚ ਪ੍ਰਧਾਨ ਮੰਤਰੀ ਪੀ.ਵੀ. ਨਰਸਿਮ੍ਹਾ ਰਾਉ ਨੇ ਡਾ. ਮਨਮੋਹਨ ਸਿੰਘ ਨੂੰ ਕੇਂਦਰੀ ਵਿੱਤ ਮੰਤਰੀ ਥਾਪਿਆ। ਭਾਰਤ ਲਈ ਸੰਕਟਪੂਰਨ ਦਿਨ ਸਨ ਉਹ।

ਵਿਦੇਸ਼ੀ ਸਿੱਕੇ ਦੇ ਭੰਡਾਰ ਖੁਰ ਚੁੱਕੇ ਸਨ। ਨਾ ਦਰਾਮਦਾਂ ਲਈ ਵਿਦੇਸ਼ੀ ਸਿੱਕਾ ਬਚਿਆ ਸੀ ਅਤੇ ਨਾ ਹੀ ਕੌਮਾਂਤਰੀ ਕਰਜ਼ਿਆਂ ਦੀਆਂ ਕਿਸ਼ਤਾਂ ਤਾਰਨ ਲਈ। ਡਾ. ਮਨਮੋਹਨ ਸਿੰਘ ਨੇ ਇਸ ਸੰਕਟ ਨਾਲ ਸਿੱਝਣ ਲਈ ਮੁਲਕ ਦੇ ਅਰਥਚਾਰੇ ਨੂੰ ਸਮਾਜਵਾਦੀ ਦਲਦਲ ਵਿਚੋਂ ਕੱਢਣ ਤੇ ਵਿਦੇਸ਼ੀ ਨਿਵੇਸ਼ ਲਈ ਖੋਲ੍ਹਣ ਦੀ ਦਲੇਰੀ ਵਿਖਾਈ। ਸੰਕਟ ਦੇ ਬੱਦਲ ਛੱਟ ਗਏ। ਆਲਮੀ ਪੱਧਰ ’ਤੇ ਡਾ. ਮਨਮੋਹਨ ਸਿੰਘ ਦੀ ਬੱਲੇ-ਬੱਲੇ ਹੋ ਗਈ। ਭਾਰਤ ਦੀ ਕੌਮੀ ਵਿਕਾਸ ਦਰ 2-2.5 ਫ਼ੀ ਸਦੀ ਵਾਲੇ ਗੇੜ ਵਿਚੋਂ ਨਿਕਲ ਕੇ 5.0-6.5 ਫ਼ੀ ਸਦੀ ਵਾਲੇ ਦੌਰ ਵਿਚ ਦਾਖ਼ਲ ਹੋ ਗਈ। ਅਜਿਹੀ ਪ੍ਰਾਪਤੀ ਪਹਿਲੀ ਵਾਰ ਸੰਭਵ ਹੋਈ। 

ਪ੍ਰਧਾਨ ਮੰਤਰੀ ਵਜੋਂ ਡਾ. ਮਨਮੋਹਨ ਸਿੰਘ ਦਾ ਕਾਰਜਕਾਲ ਓਨਾ ਕਾਮਯਾਬ ਨਹੀਂ ਰਿਹਾ। ਇਕ ਤਾਂ ਉਹ ਸਿਰਫ਼ ਸਰਕਾਰ ਦੇ ਮੁਖੀ ਸਨ, ਰਾਜਸੱਤਾ ਦਾ ਅਸਲ ਧੁਰਾ ਨਹੀਂ; ਇਹ ਧੁਰਾ ਸੋਨੀਆ ਗਾਂਧੀ ਸਨ। ਦੂਜਾ, ਕਾਂਗਰਸ ਤੇ ਯੂ.ਪੀ.ਏ. ਵਿਚ ਇਸ ਦੀਆਂ ਭਾਈਵਾਲ ਪਾਰਟੀਆਂ ਸਮਾਜਵਾਦੀ ਦੌਰ ਵਾਲੀ ਮਾਨਸਿਕਤਾ ਤਿਆਗਣ ਲਈ ਤਿਆਰ ਨਹੀਂ ਸਨ। ਤੀਜਾ, ਭ੍ਰਿਸ਼ਟਾਚਾਰ ਜ਼ਿਆਦਾ ਖੁਲ੍ਹ ਕੇ ਹੋਣ ਲੱਗਾ। ਡਾ. ਮਨਮੋਹਨ ਸਿੰਘ ਕੋਲ ਇਹ ਰਾਜਸੀ ਅਖ਼ਤਿਆਰ ਨਹੀਂ ਸੀ ਕਿ ਉਹ ਭ੍ਰਿਸ਼ਟ ਧਿਰਾਂ ਨਾਲ ਕਰੜੇ ਹੱਥੀਂ ਸਿੱਝ ਸਕਣ। ਲਿਹਾਜ਼ਾ, 2010 ਤੋਂ ਬਾਅਦ ਸਰਕਾਰ ਨਿੱਤ ਨਵੇਂ ਸਕੈਂਡਲਾਂ ਨਾਲ ਜੂਝਦੀ ਰਹੀ। 2014 ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐਨਡੀਏ ਸਰਕਾਰ ਦੀ ਆਮਦ ਮਗਰੋਂ ਡਾ. ਮਨਮੋਹਨ ਸਿੰਘ ਭਾਵੇਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਪਰ ਹੌਲੀ ਹੌਲੀ ਸਰਗਰਮ ਸਿਆਸਤ ਤੋਂ ਦੂਰ ਹੁੰਦੇ ਗਏ। ਵੱਧਦੀ ਉਮਰ ਤੇ ਨਿਘਰਦੀ ਸਿਹਤ ਵੀ ਇਸ ਕਿਨਾਰਾਕਸ਼ੀ ਦੀ ਵਜ੍ਹਾ ਰਹੀ।

ਇਸ ਦੇ ਬਾਵਜੂਦ ਬੇਦਾਗ਼ ਤੇ ਕਾਬਲ ਸ਼ਖ਼ਸੀਅਤ ਵਾਲੇ ਉਨ੍ਹਾਂ ਦੇ ਅਕਸ ਨੂੰ ਕਾਂਗਰਸ ਹਰ ਮੰਚ ’ਤੇ ਭੁਨਾਉਣ ਦਾ ਯਤਨ ਕਰਦੀ ਰਹੀ। ਇੱਥੇ ਇਕ ਪੱਖ ਖ਼ਾਸ ਜ਼ਿਕਰਯੋਗ ਹੈ ਕਿ ਸਾਰੇ ਸੂਬਿਆਂ ਨਾਲ ਇਕੋ ਜਿਹਾ ਵਰਤਾਉ ਕਰਨ ਦੇ ਬਾਵਜੂਦ ਡਾ. ਮਨਮੋਹਨ ਸਿੰਘ ਪੰਜਾਬ ’ਤੇ ਖ਼ਾਸ ਮਿਹਰਬਾਨ ਰਹੇ। ਜਿਹੜੀਆਂ ਕੇਂਦਰੀ ਸਕੀਮਾਂ ਤੋਂ ਮਾਇਕ ਲਾਭ ਲੈਣ ਦਾ ਪੰਜਾਬ ਹੱਕਦਾਰ ਸੀ, ਉਹ ਹੱਕ ਇਸ ਨੂੰ ਬਾਕਾਇਦਗੀ ਨਾਲ ਮਿਲਦਾ ਰਿਹਾ। ਹਾਲਾਂਕਿ ਉਨ੍ਹਾਂ ਦੀ ਹੁਕਮਰਾਨੀ ਦੇ ਆਖ਼ਰੀ ਤਿੰਨ ਵਰ੍ਹੇ ਸਕੈਂਡਲਾਂ ਤੇ ਅੰਦੋਲਨਾਂ ਕਾਰਨ ਭਹੁਤ ਵਿਵਾਦਿਤ ਰਹੇ ਅਤੇ ਉਨ੍ਹਾਂ ਉੱਤੇ ‘ਕਮਜ਼ੋਰ ਪ੍ਰਧਾਨ ਮੰਤਰੀ’ ਦੇ ਠੱਪੇ ਵੀ ਲੱਗੇ, ਫਿਰ ਵੀ ਉਨ੍ਹਾਂ ਨੇ ਨਫ਼ਾਸਤ ਦਾ ਪੱਲਾ ਨਹੀਂ ਛੱਡਿਆ। ਇਕ ਮੀਡੀਆ ਕਰਮੀ ਵਲੋਂ ਇਸ ਬਾਰੇ ਉਨ੍ਹਾਂ ਦਾ ਪ੍ਰਤੀਕਰਮ ਜਾਣਨ ਦਾ ਜਦੋਂ ਯਤਨ ਕੀਤਾ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ : ‘‘ਮੈਨੂੰ ਉਮੀਦ ਹੈ, ਇਤਿਹਾਸ ਮੈਨੂੰ ਵੱਧ ਦਿਆਲਤਾ ਨਾਲ ਯਾਦ ਕਰੇਗਾ।’’ ਇਹ ਸ਼ਬਦ ਹੁਣ ਸੱਚੇ ਸਾਬਤ ਹੋ ਰਹੇ ਹਨ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement