
ਉਹ ਇਹ ਨਹੀਂ ਵਿਖਾਉਂਦੇ ਕਿ ਕੇਸਰੀ ਝੰਡੇ ਦੇ ਨਾਲ ਕਿਸਾਨੀ ਝੰਡਾ ਵੀ ਸੀ ਅਤੇ ਦੋਵੇਂ ਹੀ ਤਿਰੰਗੇ ਦੇ ਹੇਠਾਂ ਲੱਗੇ ਹੋਏ ਸਨ।
26 ਜਨਵਰੀ ਨੂੰ ਜੋ ਵਾਪਰਿਆ ਸੋ ਵਾਪਰਿਆ। ਉਸ ਤੋਂ ਬਾਅਦ ਗੋਦੀ ਮੀਡੀਆ ਵਲੋਂ ਕਿਸਾਨਾਂ ਵਿਰੁਧ ਜਿਹੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਦੇਸ਼ ਵਿਚ ਤਣਾਅ ਪੈਦਾ ਕਰ ਰਿਹਾ ਹੈ। ਗੋਦੀ ਮੀਡੀਆ ਅੱਜ ਤਕ ਕਿਸਾਨ ਅੰਦੋਲਨ ਦੀ ਸੱਚਾਈ ਪੇਸ਼ ਕਰਨ ਤੋਂ ਕਤਰਾ ਰਿਹਾ ਸੀ ਪਰ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੀ ਨਲਾਇਕੀ ਜਾਂ ਚਾਲ ਜੋ ਵੀ ਮੰਨ ਲਵੋ, ਦੇ ਬਾਅਦ ਗੋਦੀ ਮੀਡੀਆ ਅੰਦਰ ਨਵੀਂ ਜਾਨ ਆ ਗਈ ਹੈ। ਉਹ ਵਾਰ ਵਾਰ ਲਾਲ ਕਿਲ੍ਹੇ ਅਤੇ ਆਈ.ਟੀ.ਓ. ਵਿਖੇ ਹੋਈ ਕਥਿਤ ਗੜਬੜ ਦੀਆਂ ਤਸਵੀਰਾਂ ਵਿਖਾਉਂਦਾ ਹੈ। ਉਹ ਵਾਰ ਵਾਰ ਇਹ ਵਿਖਾਉਂਦੇ ਹਨ ਕਿ ਕਿਸਾਨ ਲਾਲ ਕਿਲ੍ਹੇ ਦੀ ਫ਼ਸੀਲ ’ਤੇ ਚੜ੍ਹ ਕੇ ਕੇਸਰੀ ਤਿਰੰਗਾ ਲਹਿਰਾਉਂਦੇ ਹਨ ਜਿਸ ਨੂੰ ਉਹ ਤਿਰੰਗੇ ਦਾ ਅਪਮਾਨ ਕਹਿ ਕੇ ਪ੍ਰਚਾਰਦੇ ਹਨ। ਉਹ ਇਹ ਨਹੀਂ ਵਿਖਾਉਂਦੇ ਕਿ ਕੇਸਰੀ ਝੰਡੇ ਦੇ ਨਾਲ ਕਿਸਾਨੀ ਝੰਡਾ ਵੀ ਸੀ ਅਤੇ ਦੋਵੇਂ ਹੀ ਤਿਰੰਗੇ ਦੇ ਹੇਠਾਂ ਲੱਗੇ ਹੋਏ ਸਨ।
Deep Sidhu and Lakha Sidhana
ਤਿਰੰਗੇ ਦੀ ਬੇਇੱਜ਼ਤੀ ਦੇ ਵੀਡੀਉ ਵਖਰੇ ਹਨ ਜਿਥੇ ਵਰਦੀ ਪਾਈ ਪੁਲਿਸ, ਕਿਸਾਨਾਂ ਦੇ ਹੱਥੋਂ ਤਿਰੰਗੇ ਝੰਡੇ ਖੋਹ ਕੇ ਜ਼ਮੀਨ ਤੇ ਸੁੱਟ ਰਹੀ ਸੀ। ਪਰ ਗੋਦੀ ਮੀਡੀਆ ਇਹ ਤਸਵੀਰ ਨਹੀਂ ਵਿਖਾ ਰਿਹਾ। ਗੋਦੀ ਮੀਡੀਆ ਪੁਲਿਸ ਉਤੇ ਟਰੈਕਟਰ ਚੜ੍ਹਾਉਂਦੇ ਕਿਸਾਨਾਂ ਦੀਆਂ ਤਸਵੀਰਾਂ ਵਿਖਾ ਰਿਹਾ ਹੈ। ਉਹ ਪੁਲਿਸ ਨੂੰ ਲਾਲ ਕਿਲ੍ਹੇ ਦੇ ਆਸ ਪਾਸ ਦੀ ਖਾਈ ਵਿਚ ਲਟਕਦੇ ਸਮੇਂ ਦੀਆਂ ਤਸਵੀਰਾਂ ਵਿਖਾ ਰਿਹਾ ਹੈ, ਉਹ ਜ਼ਖ਼ਮੀ ਪੁਲਸੀਆਂ ਦੀਆਂ ਸੱਟਾਂ ਵਿਖਾ ਰਿਹਾ ਹੈ ਪਰ ਉਹ ਇਹ ਨਹੀਂ ਵਿਖਾ ਰਿਹਾ ਕਿ 99 ਫ਼ੀ ਸਦੀ ਕਿਸਾਨਾਂ ਨੇ ਸ਼ਾਂਤੀ ਨਾਲ ਰੈਲੀ ਸਮਾਪਤ ਕੀਤੀ।
flag
ਉਸ ਨੇ ਕਦੇ ਨਹੀਂ ਵਿਖਾਇਆ ਕਿ ਕਿਸਾਨਾਂ ਦੇ ਜ਼ਖ਼ਮਾਂ ਤੇ ਪੁਲਿਸ ਦੇ ਡੰਡਿਆਂ ਨੇ ਕਿਸ ਤਰ੍ਹਾਂ ਦੇ ਜ਼ਖ਼ਮ ਲਗਾਏ ਸਨ। ਉਨ੍ਹਾਂ ਨੇ 125 ਕਿਸਾਨਾਂ ਦੀ ਦਿੱਲੀ ਦੀਆਂ ਸਰਹੱਦਾਂ ਤੇ ਹੋਈ ਮੌਤ ਕਦੇ ਨਹੀਂ ਵਿਖਾਈ ਤੇ ਇਹ ਵਤੀਰਾ ਉਨ੍ਹਾਂ ਦਾ ਸੱਦਾ ਹੀ ਇਸੇ ਤਰ੍ਹਾਂ ਦਾ ਰਿਹਾ ਹੈ। ਇਹ ਉਨ੍ਹਾਂ ਦਾ ਏਜੰਡਾ ਹੈ ਪਰ ਗ਼ਲਤੀ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਪਿਛੇ ਲੱਗੇ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਗੋਦੀ ਮੀਡੀਆ ਨੂੰ ਮੌਕਾ ਦਿਤਾ ਕਿ ਕਿਸਾਨਾਂ ਨੂੰ ਨੀਵਾਂ ਕਰ ਕੇ ਵਿਖਾ ਸਕਣ। ਜਾਪਦਾ ਤਾਂ ਇਹੀ ਹੈ ਕਿ ਇਨ੍ਹਾਂ ਦੋਵਾਂ ਨੇ ਇਹ ਮੌਕਾ ਅਨਜਾਣੇ ਵਿਚ ਨਹੀਂ ਦਿਤਾ ਬਲਕਿ ਇਨ੍ਹਾਂ ਵਲੋਂ ਇਹ ਸਾਜ਼ਸ਼ ਰਚੀ ਗਈ ਸੀ ਪਰ ਜਦ ਤਕ ਸਬੂਤ ਨਹੀਂ ਸਨ, ਇਨ੍ਹਾਂ ਨੂੰ ਬੇਵਕੂਫ਼ ਤੇ ਲਾਲਚੀ ਹੀ ਆਖ ਦੇਂਦੇ ਰਹੇ। ਇਨ੍ਹਾਂ ਦੋਵਾਂ ਨੂੰ ਅਪਣੀ ਨਿਜੀ ਚੜ੍ਹਤ ਐਨੀ ਪਿਆਰੀ ਸੀ ਕਿ ਇਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਤੋਂ ਬਾਗ਼ੀ ਹੋਣ ਦੀ ਯੋਜਨਾ ਬਣਾਈ।
Police
ਵੈਸੇ ਤਾਂ ਇਨ੍ਹਾਂ ਦੋਵਾਂ ਨੂੰ ਜਿੱਤੀ ਹੋਈ ਬਾਜ਼ੀ ਹਰਾਉਣ ਲਈ ਹੋਰ ਕੁੱਝ ਨਹੀਂ ਕਰਨਾ ਚਾਹੀਦਾ ਪਰ ਇਹ ਦੋਵੇਂ ਵਾਰ ਵਾਰ ਅਪਣੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਅਜੇ ਵੀ ਅਪਣੇ ਨਾਲ ਜੋੜਨ ਦਾ ਯਤਨ ਕਰ ਰਹੇ ਹਨ। ਇਨ੍ਹਾਂ ਵਲੋਂ ਅਜੇ ਮਾਫ਼ੀ ਨਹੀਂ ਮੰਗੀ ਗਈ ਸਗੋਂ ਦੀਪ ਸਿੱਧੂ ਵਲੋਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਕਿ ਕਿਸਾਨ ਜਥੇਬੰਦੀਆਂ ਦੀਆਂ ਅੰਦਰਲੀਆਂ ਗੱਲਾਂ ਬਾਹਰ ਕੱਢ ਦੇਵੇਗਾ। ਇਹ ਦਰਸਾਉਂਦਾ ਹੈ ਕਿ ਇਹ ਸ਼ਖ਼ਸ ਕਿੰਨਾ ਨਿਡਰ ਹੈ ਜਿਸ ਕਾਰਨ ਅੱਜ ਵੀ ਉਸ ਦੇ ਪਿਛੇ ਸਾਡੇ ਕਈ ਅਲ੍ਹੱੜ ਨੌਜਵਾਨ ਲੱਗੇ ਹੋਏ ਹਨ। ਕਿਸਾਨ ਅੰਦੋਲਨ ਨੂੰ ਸਿੱਖ ਧਰਮ ਨਾਲ ਜੋੜ ਕੇ ਦੀਪ ਸਿੱਧੂ ਤੇ ਲੱਖਾ ਨੇ ਨਾ ਸਿਰਫ਼ ਇਕ ਸਰਬ-ਭਾਰਤ ਅੰਦੋਲਨ ਬਣ ਚੁੱਕੇ ਸੰਘਰਸ਼ ਨੂੰ ਖ਼ਾਹਮਖ਼ਾਹ ਸਿੱਖ ਸੰਘਰਸ਼ ਵਜੋਂ ਪੇਸ਼ ਕਰ ਦਿਤਾ ਬਲਕਿ ਇਨ੍ਹਾਂ ਨੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਸਰਕਾਰ ਅੱਗੇ ਕਮਜ਼ੋਰ ਹੀ ਕੀਤਾ ਹੈ। ਉਨ੍ਹਾਂ ਦੀ ਇਸ ‘ਸਾਜ਼ਸ਼ੀ ਭਾਈਵਾਲੀ’ ਕਾਰਨ ਸਰਕਾਰ ਵਲੋਂ ਲਾਲ ਕਿਲ੍ਹਾ ਨਾਟਕ ਦਾ ਅਗਲਾ ਕਾਂਡ ਹੁਣ ਕਿਸੇ ਸਮੇਂ ਵੀ ਸ਼ੁਰੂ ਹੋ ਸਕਦਾ ਹੈ।
Red Fort
ਸ਼ੰਭੂ ਤੇ ਮੋਰਚਾ ਲੱਗੇ ਨੂੰ 3-4 ਮਹੀਨੇ ਹੋ ਚੁੱਕੇ ਹਨ ਤੇ ਹਰ ਪਾਸਿਉਂ ਸਮਰਥਨ ਹੀ ਮਿਲਿਆ ਹੈ ਪਰ ਅੱਜ ਲਾਲ ਕਿਲ੍ਹੇ ਤੇ ਹਮਲੇ ਦੇ ਬਾਅਦ ਸ਼ੰਭੂ ਵਿਚ ਬੈਠੇ ਕਿਸਾਨਾਂ ਦੇ ਵਿਰੋਧ ਵਿਚ ਲੋਕ ਆ ਗਏ ਹਨ ਤੇ ਉਨ੍ਹਾਂ ਨੂੰ ਉਥੋਂ ਹਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਿੰਘੂ ਬਾਰਡਰ ਤੇ ਪਹਿਲੀ ਵਾਰ ਦਿੱਲੀ ਦੇ ਲੋਕ ਉਨ੍ਹਾਂ ਵਿਰੁਧ ਨਾਹਰੇ ਮਾਰਦੇ ਆਏ। ਗ਼ਾਜ਼ੀਆਬਾਦ ਵਿਚ ਯੂ.ਪੀ. ਸਰਕਾਰ ਵਲੋਂ ਇੰਟਰਨੈੱਟ ਬੰਦ ਕਰ ਕੇ ਸੰਘਰਸ਼ ਤੇ ਬੈਠੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਮਾਰ ਕੇ ਭਜਾਇਆ ਗਿਆ। ਅੱਜ ਦੇਸ਼ ਵਿਚ ਗੋਦੀ ਮੀਡੀਆ ਤਿਰੰਗੇ ਨੂੰ ਖ਼ਤਰਾ ਦਸ ਰਿਹਾ ਹੈ ਜਿਸ ਸਦਕਾ ਆਮ ਲੋਕ ਕਿਸਾਨਾਂ ਵਿਰੁਧ ਬੋਲਣਾ ਸ਼ੁਰੂ ਹੋ ਰਹੇ ਹਨ।
farmers
ਕੰਗਨਾ ਰਣੌਤ ਵਰਗੀ ਔਰਤ ਝੱਟ ਸੋਸ਼ਲ ਮੀਡੀਆ ਤੇ ਕਿਸਾਨਾਂ ਨੂੰ ਦੇਸ਼ ਵਿਰੋਧੀ ਆਖਣ ਲੱਗ ਪਈ। ਜੇ ਗੋਦੀ ਮੀਡੀਆ ਇਸੇ ਤਰ੍ਹਾਂ ਅਪਣੀ ਨਫ਼ਰਤ ਫੈਲਾਉਂਦਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ 1984 ਵਾਂਗ ਸਿੱਖਾਂ ਦੀ ਫਿਰ ਤੋਂ ਨਸਲਕੁਸ਼ੀ ਸ਼ੁਰੂ ਹੋ ਜਾਵੇਗੀ। ਕਸੂਰ ਕਿਸ ਦਾ ਹੋਵੇਗਾ? ਗੋਦੀ ਮੀਡੀਆ ਦਾ, ਦੀਪ ਸਿੱਧੂ ਦਾ ਜਾਂ ਦੀਪ ਸਿੱਧੂ ਦੇ ਪਿਛੇ ਲੱਗੇ ਗੁਮਰਾਹ ਹੋਏ ਨੌਜਵਾਨਾਂ ਦਾ?
kangana ranaut
ਨੌਜਵਾਨਾਂ ਨੇ ਅਪਣੀ ਤਾਕਤ ਨਾਲ ਕਿਸਾਨੀ ਸੰਘਰਸ਼ ਨੂੰ ਅੱਗੇ ਵਧਾਇਆ। ਉਹ ਅਪਣੀ ਤਾਕਤ ਪ੍ਰਤੀ ਆਪ ਵਾਕਫ਼ ਹੋ ਗਏ ਹਨ। ਪਰ ਅੱਜ ਦੀ ਘੜੀ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਤੋਂ ਦੂਰ ਹੋ ਜਾਣ ਜੋ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰ ਰਹੇ ਹਨ। ਇਹ ਪੰਜਾਬ ਦਾ ਨਹੀਂ, ਇਹ ਕਿਸਾਨਾਂ ਦਾ ਸੰਘਰਸ਼ ਹੈ। 2022 ਦਾ ਚੋਣ ਅਖਾੜਾ ਨਹੀਂ, ਕਿਸਾਨਾਂ ਦੇ ਖੇਤਾਂ ਦਾ ਸਵਾਲ ਹੈ। ਨੌਜਵਾਨਾਂ ਦੀ ਤਾਕਤ ਅਨੁਸ਼ਾਸਨ ਮੰਗਦੀ ਹੈ ਤੇ ਅਨੁਸ਼ਾਸਨ ਦੀ ਪ੍ਰੇਰਨਾ ਉਹ ਗੋਦੀ ਮੀਡੀਆ ਦੀਆਂ ਤਸਵੀਰਾਂ ਤੋਂ ਲੈ ਲੈਣ। ਜੇ ਉਹ 26 ਜਨਵਰੀ ਨੂੰ ਜਥੇਬੰਦੀਆਂ ਦੇ ਅਨੁਸ਼ਾਸਨ ਵਿਚ ਰਹੇ ਹੁੰਦੇ ਤਾਂ ਅੱਜ ਕਿਸਾਨ ਜਿੱਤ ਦੇ ਕਰੀਬ ਹੁੰਦੇ ਨਾ ਕਿ 100 ਕਦਮ ਪਿਛੇ।
(ਨਿਮਰਤ ਕੌਰ)