
ਕਰਨਾਟਕ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਚਲਿਆ ਆ ਰਿਹਾ ਸਿਆਸੀ ਨਾਟਕ ਆਖ਼ਰ ਖ਼ਤਮ ਹੋ ਹੀ ਗਿਆ ਹੈ। ਨਾਟਕ ਭਾਵੇਂ ਪਿਛਲੇ ਮਹੀਨੇ ਹੀ ਦੁਨੀਆਂ ਭਰ ਦਾ ਧਿਆਨ ਖਿੱਚਣ ਵਿਚ....
ਕਰਨਾਟਕ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਚਲਿਆ ਆ ਰਿਹਾ ਸਿਆਸੀ ਨਾਟਕ ਆਖ਼ਰ ਖ਼ਤਮ ਹੋ ਹੀ ਗਿਆ ਹੈ। ਨਾਟਕ ਭਾਵੇਂ ਪਿਛਲੇ ਮਹੀਨੇ ਹੀ ਦੁਨੀਆਂ ਭਰ ਦਾ ਧਿਆਨ ਖਿੱਚਣ ਵਿਚ ਸਫ਼ਲ ਹੋਇਆ ਪਰ ਇਸ ਦੀ ਸ਼ੁਰੂਆਤ ਤਾਂ 14 ਮਹੀਨੇ ਪਹਿਲਾਂ ਹੀ ਹੋ ਗਈ ਸੀ ਜਦੋਂ ਕਰਨਾਟਕ ਵਿਚ ਚੋਣਾਂ ਹੋਈਆਂ ਸਨ। ਉਦੋਂ ਕਾਂਗਰਸ ਨੇ ਭਾਜਪਾ ਦੇ ਸਿਆਸੀ ਦਾਅ-ਪੇਚ ਆਪ ਵਰਤ ਕੇ, ਅਪਣੇ ਪੁਰਾਣੇ ਦੁਸ਼ਮਣ ਨਾਲ ਗਠਜੋੜ ਕਰ ਲਿਆ ਅਤੇ ਸਰਕਾਰ ਬਣਾ ਲਈ। ਯੇਦੀਯੁਰੱਪਾ ਜਿੱਤ ਕੇ ਵੀ ਹਾਰ ਗਏ ਸਨ। ਅੱਜ ਮੁੜ ਕੇ ਉਨ੍ਹਾਂ ਨੇ 104 ਵਿਧਾਇਕਾਂ ਨਾਲ ਅਪਣੀ ਸਰਕਾਰ ਤਾਂ ਬਣਾ ਲਈ ਹੈ ਪਰ ਨਾਲ ਹੀ ਭਾਰਤੀ ਲੋਕਤੰਤਰ ਸਾਹਮਣੇ ਨਵੀਆਂ ਚਿੰਤਾਵਾਂ ਵੀ ਲਿਆ ਖੜੀਆਂ ਕੀਤੀਆਂ ਹਨ।
Karnataka Crisis
ਇਹ ਹੈ ਉਹ ਰਾਜਨੀਤੀ ਜਿਥੇ ਲੋਕਤੰਤਰ ਦੀਆਂ ਲੱਤਾਂ ਬਾਹਵਾਂ ਤੋੜਨ ਮਰੋੜਨ ਵਾਲੇ ਜੇਤੂ ਸਾਬਤ ਹੁੰਦੇ ਹਨ। ਯੇਦੀਯੁਰੱਪਾ ਦਾ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠਣ ਦਾ ਇਹ ਚੌਥਾ ਮੌਕਾ ਹੈ ਅਤੇ ਬੀਤੇ ਵਿਚ ਤਿੰਨੇ ਵਾਰ ਉਹ ਹਫ਼ਤਾ ਭਰ ਵੀ ਗੱਦੀ ਉਤੇ ਟਿਕੇ ਨਹੀਂ ਸਨ ਰਹਿ ਸਕੇ। ਪਰ ਉਨ੍ਹਾਂ ਨੇ ਅਪਣੀ ਕੁਰਸੀ ਦੇ ਮੋਹ ਨੂੰ ਘੱਟ ਨਾ ਹੋਣ ਦਿਤਾ। ਇਸ ਵਾਰ ਦੀ ਇਸ ਕਾਮਯਾਬੀ ਨਾਲ ਉਨ੍ਹਾਂ ਨੇ ਵਿਧਾਇਕਾਂ ਨੂੰ ਮੰਡੀ ਵਿਚ ਮਜ਼ਦੂਰਾਂ ਵਾਂਗ ਇਸਤੇਮਾਲ ਕਰ ਕੇ ਪਾਸੇ ਸੁੱਟ ਦੇਣ ਦੀ ਨਵੀਂ ਪ੍ਰਥਾ ਸਥਾਪਤ ਕਰ ਦਿਤੀ ਹੈ। ਜਾਂਦੇ ਜਾਂਦੇ ਕਰਨਾਟਕ ਦੇ ਸਪੀਕਰ ਨੇ ਬਾਗ਼ੀ ਵਿਧਾਇਕਾਂ ਨੂੰ ਮੌਜੂਦਾ ਵਿਧਾਨ ਸਭਾ ਦੇ ਅੰਤ ਤਕ ਮੈਂਬਰੀ ਤੋਂ ਹਟਾ ਕੇ ਯੇਦੀਯੁਰੱਪਾ ਦੀ ਮਦਦ ਤਾਂ ਕੀਤੀ ਹੈ ਪਰ ਨਾਲ ਹੀ ਲੋਕਤੰਤਰ ਵਿਚ ਅਪਣੀ ਕੁਰਸੀ ਅਤੇ ਲੋਕਾਂ ਦੇ ਭਰੋਸੇ ਦੀਆਂ ਬੋਲੀਆਂ ਲਾ ਕੇ ਵਰਤਣ ਵਾਲਿਆਂ ਨੂੰ ਇਕ ਸਬਕ ਵੀ ਸਿਖਾ ਦਿਤਾ ਹੈ।
BS Yeddyurappa
ਯੇਦੀਯੁਰੱਪਾ ਦਾ ਇਹ ਕਾਰਜਕਾਲ ਲੰਮੇ ਸਮੇਂ ਤਕ ਚਲੇਗਾ ਕਿਉਂਕਿ ਹੁਣ ਉਨ੍ਹਾਂ ਨੂੰ ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਥਾਂ ਨਹੀਂ ਦੇਣੀ ਪਵੇਗੀ ਅਤੇ ਉਹ ਅਪਣੇ ਹੀ ਵਿਧਾਇਕਾਂ ਨਾਲ ਅਪਣੀ ਸਰਕਾਰ ਚਲਾਉਣਗੇ। ਅਮਿਤ ਸ਼ਾਹ ਨਾਲ ਭਾਵੇਂ ਯੇਦੀਯੁਰੱਪਾ ਦੀ ਨਾ ਵੀ ਬਣਦੀ ਹੋਵੇ, ਅਮਿਤ ਸ਼ਾਹ ਨੂੰ ਕਰਨਾਟਕ ਵਿਚ ਉਨ੍ਹਾਂ ਦੀ ਜਿੱਤ ਨੂੰ ਸਵੀਕਾਰਨਾ ਹੀ ਪਵੇਗਾ। ਮਹਾਰਾਸ਼ਟਰ ਤੋਂ ਬਾਅਦ ਹੁਣ ਕਰਨਾਟਕ ਦੀ ਜਿੱਤ ਭਾਜਪਾ ਨੂੰ ਇਕ ਵੱਡੀ ਆਰਥਕ ਮਜ਼ਬੂਤੀ ਵੀ ਦੇਵੇਗੀ ਕਿਉਂਕਿ ਇਹ ਦੋਵੇਂ ਸੂਬੇ ਪੈਸੇ ਦੇ ਧਨੀ ਹਨ ਅਤੇ ਪਾਰਟੀ ਨੂੰ ਖੁਲ੍ਹਾ ਪੈਸਾ ਦੇ ਕੇ ਖੜਾ ਕਰ ਸਕਦੇ ਹਨ।
Karnataka rebel MLAs
ਬਾਗ਼ੀਆਂ ਨੂੰ ਅਪਣੇ 'ਵਿਕਾਊ ਮੁੱਲ' ਦੀ ਕੀਮਤ ਦੇ ਹਿੱਸੇ ਵਜੋਂ ਦੋ ਹਫ਼ਤੇ ਆਲੀਸ਼ਾਨ ਹੋਟਲਾਂ ਵਿਚ ਰਹਿਣਾ ਵੀ ਮਿਲ ਗਿਆ ਅਤੇ ਅਸੈਂਬਲੀ ਤੋਂ ਬਾਹਰ ਰਹਿ ਕੇ ਅਪਣੀ ਜ਼ਮੀਰ ਵਲ ਝਾਕਣ ਦਾ ਮੌਕਾ ਵੀ ਮਿਲੇਗਾ। ਇਹ ਬਾਕੀ ਸਿਆਸਤਦਾਨਾਂ ਵਾਸਤੇ ਵੀ ਇਕ ਚੰਗੀ ਉਦਾਹਰਣ ਹੈ ਜੋ ਪੰਜਾਬ ਵਿਚ ਵੀ ਅਪਨਾਉਣੀ ਚਾਹੀਦੀ ਹੈ। ਜਿਹੜਾ ਵਿਧਾਇਕ ਅਪਣੀ ਜ਼ੁਬਾਨ 'ਚੋਂ ਨਿਕਲੇ ਸ਼ਬਦਾਂ ਉਤੇ ਅਮਲ ਨਹੀਂ ਕਰ ਸਕਦਾ, ਉਹ ਲੋਕਾਂ ਦਾ ਭਲਾ ਵੀ ਨਹੀਂ ਕਰ ਸਕਦਾ।
HD Kumaraswamy
ਕਾਂਗਰਸ ਦਾ ਹਾਲ ਵੇਖ ਕੇ ਸਾਫ਼ ਹੈ ਕਿ ਇਹ ਪਾਰਟੀ ਅਪਣੇ ਆਪ ਨੂੰ ਤਬਾਹ ਕਰ ਕੇ ਹੀ ਚੈਨ ਨਾਲ ਬੈਠੇਗੀ। ਇਸ ਸਾਰੇ ਮਾਮਲੇ ਵਿਚ ਸਿਰਫ਼ ਭਾਜਪਾ ਹੀ ਸਰਕਾਰ ਤੋੜਨ ਲਈ ਜ਼ਿੰਮੇਵਾਰ ਨਹੀਂ ਸੀ ਬਲਕਿ ਇਸ ਰਾਜ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਿੱਧਾਰਮਈਆ ਵੀ ਸਰਕਾਰ ਤੋੜਨਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਤੋਂ ਅਪਣਾ ਦੁਸ਼ਮਣ ਕੁਮਾਰਸਵਾਮੀ ਕੁਰਸੀ ਉਤੇ ਬਰਦਾਸ਼ਤ ਨਹੀਂ ਸੀ ਹੋ ਰਿਹਾ।
Sonia Gandhi, Rahul Gandhi, Dr. Manmohan Singh
ਕਾਂਗਰਸ ਹਾਈ ਕਮਾਨ ਤਾਂ ਹੁਣ ਖ਼ਤਮ ਹੋ ਚੁੱਕਾ ਹੈ ਤੇ ਇਸ ਸਾਰੇ ਨਾਟਕ ਵਿਚ ਹਾਈਕਮਾਨ ਵਲੋਂ ਕੋਈ ਕਦਮ ਨਹੀਂ ਚੁਕਿਆ ਗਿਆ। ਹਾਈਕਮਾਨ ਅਪਣੇ ਥੋੜ੍ਹੇ-ਬਹੁਤ ਬਚੇ ਖੁਚੇ ਆਗੂਆਂ ਵਿਰੁਧ ਵੀ ਕੁੱਝ ਨਹੀਂ ਬੋਲ ਸਕਦੀ, ਸੋ ਚੁਪਚਾਪ ਉਨ੍ਹਾਂ ਵਲੋਂ ਕੀਤੀ ਜਾ ਰਹੀ ਪਾਰਟੀ ਦੀ ਬਰਬਾਦੀ ਹੁੰਦੀ ਵੇਖ ਰਹੀ ਹੈ। ਕਾਂਗਰਸ ਦਾ ਅੱਜ ਹਰ ਵੱਡਾ ਆਗੂ ਇਹ ਆਖ ਰਿਹਾ ਹੈ ਕਿ 'ਮੈਂ ਨਹੀਂ ਤਾਂ ਪਾਰਟੀ ਵੀ ਨਹੀਂ' ਅਤੇ ਇਹ ਅਸੀ ਹਰ ਪਾਸੇ ਵੇਖ ਰਹੇ ਹਾਂ। ਅਗਲਾ ਨਾਟਕ ਕਿਸ ਸੂਬੇ ਵਿਚ ਰਚਿਆ ਜਾਵੇਗਾ, ਜਨਤਾ ਨੂੰ ਉਸ ਦੀ ਉਡੀਕ ਰਹੇਗੀ। -ਨਿਮਰਤ ਕੌਰ