
Editorial : ਪੰਜਾਬ ਵਿਚ ਪਹਿਲੀ ਜੂਨ ਤੋਂ ਲੈ ਕੇ 25 ਅਗੱਸਤ ਤਕ ਨਾਰਮਲ ਨਾਲੋਂ 123 ਫ਼ੀ ਸਦੀ ਵੱਧ ਬਾਰਸ਼ਾਂ ਪੈ ਚੁਕੀਆਂ
Punjab flood Editorial News : ਪੰਜਾਬ ਵਿਚ ਹੜ੍ਹਾਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਿਚ ਕਮੀ ਆਉਣ ਦੇ ਆਸਾਰ ਵੀ ਅਜੇ ਨਜ਼ਰ ਨਹੀਂ ਆ ਰਹੇ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੀਆਂ ਤਾਜ਼ਾ ਪੇਸ਼ੀਨਗੋਈਆਂ ਹਿਮਾਚਲ ਪ੍ਰਦੇਸ਼, ਜੰਮੂ ਖਿੱਤੇ ਅਤੇ ਪੰਜਾਬ ਵਿਚ ਮੀਂਹਾਂ ਦਾ ਦੌਰ ਘੱਟੋਘਟ 4 ਸਤੰਬਰ ਤਕ ਜਾਰੀ ਰਹਿਣ ਦੀ ਬਾਤ ਪਾਉਂਦੀਆਂ ਹਨ। ਇਸੇ ਵਿਭਾਗ ਦੇ ਹੀ ਬੁਲੇਟਿਨਾਂ ਮੁਤਾਬਿਕ ਪੰਜਾਬ ਵਿਚ ਪਹਿਲੀ ਜੂਨ ਤੋਂ ਲੈ ਕੇ 25 ਅਗੱਸਤ ਤਕ ਨਾਰਮਲ ਨਾਲੋਂ 123 ਫ਼ੀ ਸਦੀ ਵੱਧ ਬਾਰਸ਼ਾਂ ਪੈ ਚੁਕੀਆਂ ਹਨ। ਹਿਮਾਚਲ ਵਿਚ ਇਹ ਅੰਕੜਾ 197% ਹੈ।
ਜੰਮੂ ਖਿੱਤੇ ਵਿਚ 49 ਵਰਿ੍ਹਆਂ ਬਾਅਦ ਹਰ ਪਾਸੇ ਹੜ੍ਹ ਲਿਆਉਣ ਵਾਲੀਆਂ ਬਾਰਸ਼ਾਂ ਪਈਆਂ ਹਨ। ਦਰਅਸਲ, ਪੰਜਾਬ ਅਪਣੇ ਮੀਹਾਂ ਦੀ ਬਜਾਏ ਜੰਮੂ ਡਿਵੀਜ਼ਨ ਤੇ ਹਿਮਾਚਲ ਪ੍ਰਦੇਸ਼ ਵਿਚ ਪੈ ਰਹੀਆਂ ਭਾਰੀ ਬਾਰਸ਼ਾਂ ਦਾ ਕਹਿਰ ਵੱਧ ਝੱਲ ਰਿਹਾ ਹੈ। ਸੂਬੇ ਦੇ ਤਿੰਨੋਂ ਵੱਡੇ ਡੈਮ-ਭਾਖੜਾ, ਪੌਂਗ ਤੇ ਰਣਜੀਤ ਸਾਗਰ ਆਪੋ-ਅਪਣੇ ਫਲੱਡਗੇਟਾਂ ਰਾਹੀਂ ਵਾਧੂ ਪਾਣੀ ਰਿਲੀਜ਼ ਕਰਦੇ ਆ ਰਹੇ ਹਨ। ਇਸੇ ਕਾਰਨ ਪੰਜਾਬ ਦੇ ਘੱਟੋਘਟ ਅੱਠ ਜ਼ਿਲ੍ਹਿਆਂ-ਪਠਾਨਕੋਟ, ਗੁਰਦਾਸਪੁਰ, ਫ਼ਿਰੋਜ਼ਪੁਰ, ਤਰਨ ਤਾਰਨ, ਫ਼ਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਹੜ੍ਹਾਂ ਹੇਠਲੇ ਰਕਬੇ ਵਿਚ ਲਗਾਤਾਰ ਵਾਧਾ ਹੋਈ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਵੀ ਸਤਲੁਜ ਦੇ ਚੜ੍ਹਨ ਕਾਰਨ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਅਜਿਹੇ ਹੀ ਖ਼ਤਰੇ ਨਾਲ ਸਿੱਝਣ ਲਈ ਲੁਧਿਆਣਾ ਜ਼ਿਲ੍ਹੇ ਵਿਚ ਵੀ ਪਿੰਡਾਂ ਵਾਲਿਆਂ ਵਲੋਂ ਪੇਸ਼ਬੰਦੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ 2022 ਵਿਚ ਆਏ ਹੜ੍ਹਾਂ ਤੋਂ ਸਬਕ ਸਿੱਖਦਿਆਂ ਇਸ ਵਾਰ ਹੜ੍ਹ-ਰੋਕੂ ਇੰਤਜ਼ਾਮਾਂ ਉੱਤੇ 230 ਕਰੋੜ ਰੁਪਏ ਖ਼ਰਚ ਕੀਤੇ। ਇਨ੍ਹਾਂ ਇੰਤਜ਼ਾਮਾਂ ਵਿਚ ਦਰਿਆਈ ਬੰਨ੍ਹਾਂ ਦੀ ਮਜ਼ਬੂਤੀ, ਚੈਨਲਾਂ ਦੀ ਸਫ਼ਾਈ, ਆਰਜ਼ੀ ਬੰਨ੍ਹਾਂ ਲਈ ਰੇਤੇ ਦੀਆਂ ਬੋਰੀਆਂ ਦਾ ਢੁਕਵਾਂ ਪ੍ਰਬੰਧ, ਕਿਸ਼ਤੀਆਂ ਦੀ ਉਪਲਬਧਤਾ ਆਦਿ ਕਦਮ ਸ਼ਾਮਲ ਸਨ। ਪਰ ਇਹ ਸਾਰੇ ਕਦਮ, ਆਮ ਤੌਰ ’ਤੇ, ਨਾਕਾਰਗਰ ਸਾਬਤ ਹੋਏ ਹਨ। ਇਹ ਦੋਸ਼ ਆਮ ਲੱਗ ਰਹੇ ਹਨ ਕਿ ਬਹੁਤਾ ਕੁਝ ਕਾਗ਼ਜ਼ਾਂ ਵਿਚ ਹੋਇਆ, ਅਮਲੀ ਤੌਰ ’ਤੇ ਨਹੀਂ।
ਕੁਝ ਮੀਡੀਆ ਰਿਪੋਰਟਾਂ ਇਹ ਵੀ ਦਰਸਾਉਂਦੀਆਂ ਹਨ ਕਿ ਹੜ੍ਹਾਂ ਦੇ ਸੰਭਾਵੀ ਖ਼ਤਰੇ ਵਾਲੇ ਕਈ ਜ਼ਿਲ੍ਹਿਆਂ ਲਈ ਰਕਮਾਂ ਤਾਂ ਅਲਾਟ ਹੋਈਆਂ, ਪਰ ਸੂਬਾ ਸਰਕਾਰ ਨੂੰ ਦਰਪੇਸ਼ ਮਾਲੀ ਸੰਕਟ ਕਾਰਨ ਰਿਲੀਜ਼ ਨਹੀਂ ਹੋਈਆਂ। ਅਜਿਹਾ ਘਟਨਾਕ੍ਰਮ ਪੰਜਾਬ ਲਈ ਕੋਈ ਨਵਾਂ ਨਹੀਂ। ਦਹਾਕਿਆਂ ਤੋਂ ਸੂਬੇ ਦੇ ਲੋਕ, ਸਰਕਾਰਾਂ ’ਤੇ ਟੇਕ ਰੱਖਣ ਦੀ ਥਾਂ ਆਪ ਹਿੰਮਤ ਕਰਨ ਦੀ ਬਿਰਤੀ ਸ਼ਲਾਘਾਯੋਗ ਢੰਗ ਨਾਲ ਦਰਸਾਉਂਦੇ ਆ ਰਹੇ ਹਨ। ਹੁਣ ਵੀ ਦੂਰ-ਦੁਰੇਡੇ ਦੇ ਪਿੰਡਾਂ ਤੋਂ ਵਾਲੰਟੀਅਰਾਂ ਦੇ ਰਾਹਤ ਸਮੱਗਰੀ ਦੀਆਂ ਟਰਾਲੀਆਂ ਸਮੇਤ ਹੜ੍ਹ-ਪੀੜਤ ਖੇਤਰਾਂ ਵਲ ਚਾਲੇ, ਦੁਖਿਆਰਿਆਂ ਦੀ ਬਾਂਹ ਫੜਨ ਦੇ ਪੰਜਾਬੀ ਜਜ਼ਬੇ ਨੂੰ ਨਵੇਂ ਸਿਰਿਉਂ ਹੁਲਾਰਾ ਦੇਣ ਲੱਗੇ ਹਨ।
ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਵਿਚ ਚੜ੍ਹੇ ਪਾਣੀਆਂ ਨੇ ਲਹਿੰਦੇ ਪੰਜਾਬ ਵਿਚ ਵੀ ਹੜ੍ਹ ਲਿਆਂਦੇ ਹੋਏ ਹਨ। ਬੀਬੀਸੀ ਦੀ ਰਿਪੋਰਟ ਮੁਤਾਬਿਕ ਭਾਰਤੀ ਅਧਿਕਾਰੀਆਂ ਨੇ ਨਾ ਸਿਰਫ਼ ਤਵੀ ਦਰਿਆ ਵਿਚ ਆਏ ਹੜ੍ਹ ਸਬੰਧੀ ਪਾਕਿਸਤਾਨ ਨੂੰ ਸਮੇਂ ਸਿਰ ਚੌਕਸ ਕੀਤਾ ਸਗੋਂ ਰਾਵੀ, ਸਤਲੁਜ ਤੇ ਬਿਆਸ ਦੇ ਹੜ੍ਹਾਂ ਬਾਰੇ ਵੀ ਪੇਸ਼ਗੀ ਸੂਚਨਾਵਾਂ, ਇਨਸਾਨੀਅਤ ਦੇ ਨਾਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਅਜਿਹੀ ਪੇਸ਼ਗੀ ਜਾਣਕਾਰੀ ਭਾਵੇਂ ਕੁਝ ਕੁ ਪੇਸ਼ਬੰਦੀਆਂ ਕਰਨ ਪੱਖੋਂ ਤਾਂ ਸਾਜ਼ਗਾਰ ਹੋਈ, ਪਰ ਹੜ੍ਹਾਂ ਦਾ ਕਹਿਰ ਨਹੀਂ ਰੋਕ ਸਕੀ।
ਨਾਰੋਵਾਲ ਜ਼ਿਲ੍ਹੇ ਵਿਚ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਹੜ੍ਹ ਵਿਚ ਘਿਰੇ ਹੋਣ ਦੀਆਂ ਤਸਵੀਰਾਂ ਤੇ ਵੀਡੀਓਜ਼, ਮੀਡੀਆ ਵਿਚ ਆ ਹੀ ਚੁੱਕੀਆਂ ਹਨ। ਸਿਆਲਕੋਟ ਸ਼ਹਿਰ, ਲਾਹੌਰ ਸ਼ਹਿਰ ਦੀਆਂ ਉੱਤਰ ਪੂਰਬੀ ਬਸਤੀਆਂ, ਸ਼ੇਖੂਪੁਰਾ ਤੇ ਕਸੂਰ ਜ਼ਿਲ੍ਹਿਆਂ ਦੀਆਂ ਦੋ ਦੋ ਤਹਿਸੀਲਾਂ ਅਤੇ ਖ਼ਾਨੇਵਾਲ, ਸਾਹੀਵਾਲ ਤੇ ਪਾਕ ਪੱਤਣ ਜ਼ਿਲ੍ਹਿਆਂ ਵਿਚ ਹੜ੍ਹਾਂ ਕਾਰਨ ਹੋਈ ਤਬਾਹੀ, ਮੌਨਸੂਨ ਦੇ ਕਹਿਰ ਦਾ ਹੌਲਨਾਕ ਮੰਜ਼ਰ ਪੇਸ਼ ਕਰਦੀ ਹੈ। ਨਨਕਾਣਾ ਸਾਹਿਬ ਜ਼ਿਲ੍ਹੇ ਦੇ ਕੁਝ ਇਲਾਕੇ ਵੀ ਹੜ੍ਹਗ੍ਰਸਤ ਹੋਣ ਦੀਆਂ ਖ਼ਬਰਾਂ ਹਨ। ਲਹਿੰਦੇ ਪੰਜਾਬ ਦੇ ਨੌਂ ਮਗ਼ਰਬੀ (ਪੱਛਮੀ ਜ਼ਿਲ੍ਹੇ) ਪਹਿਲਾਂ ਹੀ ਜਿਹਲਮ ਦੇ ਹੜ੍ਹ ਕਾਰਨ ਚਾਰ-ਚਾਰ ਫੁੱਟ ਉੱਚੇ ਪਾਣੀ ਵਿਚ ਡੁੱਬੇ ਹੋਏ ਹਨ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਦਾ ਉੱਤਰ-ਪੱਛਮੀ ਖੇਤਰ ਅਤੇ ਪੂਰਾ ਉੱਤਰੀ ਪਾਕਿਸਤਾਨ ਇਸ ਵੇਲੇ ਆਲਮੀ ਤਪਸ਼ ਵਿਚ ਵਾਧੇ ਕਾਰਨ ਵਜੂਦ ਵਿਚ ਆਈਆਂ ਮੌਸਮੀ ਤਬਦੀਲੀਆਂ ਦੀ ਸਿੱਧੀ ਮਾਰ ਹੇਠ ਹਨ। ਇਸ ਸਾਰੇ ਖੇਤਰ ਵਿਚ ਜਿੱਥੇ ਮੌਨਸੂਨ ਦਾ ਜ਼ੋਰ ਪਿਛਲੇ ਕਈ ਵਰਿ੍ਹਆਂ ਨਾਲੋਂ ਜ਼ਿਆਦਾ ਹੈ, ਉੱਥੇ ਅੰਧ ਮਹਾਂਸਾਗਰ ਤੇ ਮੱਧ ਸਾਗਰ ਦੇ ਪਾਣੀਆਂ ਦੇ ਵੱਧ ਗਰਮ ਹੋਣ ਕਾਰਨ ਭਾਫ਼ ਨਾਲ ਭਰੀਆਂ ਹਵਾਵਾਂ ਵੀ ਵੱਧ ਸੰਖਿਆ ਵਿਚ ਪੱਛਮੀ ਚੱਕਰਵਾਤਾਂ ਦੇ ਰੂਪ ਵਿਚ ਹਿਮਾਲੀਆ ਪਰਬਤਮਾਲਾ ਵਲ ਆ ਰਹੀਆਂ ਹਨ। ਇੱਥੇ ਆ ਕੇ ਇਨ੍ਹਾਂ ਦੀ ਸਿੱਧੀ ਟੱਕਰ ਜਦੋਂ ਹਿਮਾਲੀਆ ਦੀ ਪੱਛਮੀ ਭੁਜਾ ਨਾਲ ਹੁੰਦੀ ਹੈ ਤਾਂ ਇਨ੍ਹਾਂ ਦਾ ਸਾਰਾ ਪਾਣੀ ਇਸ ਇਲਾਕੇ ’ਤੇ ਹੀ ਆ ਡਿੱਗਦਾ ਹੈ।
ਇਸੇ ਵਰਤਾਰੇ ਕਾਰਨ ਇਸ ਵਾਰ ਉੱਤਰ ਪੂਰਬੀ ਭਾਰਤ ਵਿਚ ਮੀਂਹ ਮੁਕਾਬਲਤਨ ਘੱਟ ਪਏ ਹਨ ਜਦੋਂਕਿ ਉੱਤਰ ਪੱਛਮੀ ਭਾਰਤ ਤੇ ਪਾਕਿਸਤਾਨ ਵਿਚ ਵੱਧ। ਉਂਜ ਵੀ, ਪਹਾੜਾਂ ਤੇ ਜੰਗਲਾਂ ਦੀ ਜਿੰਨੀ ਤੇਜ਼ੀ ਨਾਲ ਵੱਢ-ਟੁੱਕ ਪਿਛਲੇ ਦੋ ਦਸ਼ਕਾਂ ਦੌਰਾਨ ਇਨ੍ਹਾਂ ਇਲਾਕਿਆਂ ਵਿਚ ਹੋਈ ਹੈ, ਉਸ ਦਾ ਖ਼ਮਿਆਜ਼ਾ ਤਾਂ ਸਾਨੂੰ ਭੁਗਤਣਾ ਹੀ ਪੈਣਾ ਸੀ। ਅਫ਼ਸੋਸਨਾਕ ਤੱਥ ਇਹ ਹੈ ਕਿ ਅਜਿਹੇ ਖਮਿਆਜ਼ੇ ਲਈ ਨਾ ਤਾਂ ਸਰਕਾਰਾਂ ਤਿਆਰ ਸਨ ਅਤੇ ਨਾ ਹੀ ਆਮ ਲੋਕ। ਕੁਦਰਤ ਨੇ ਹੁਣ ਜੋ ਕਹਿਰ ਢਾਹਿਆ ਹੈ, ਉਸ ਤੋਂ ਇਕ ਸਬਕ ਤਾਂ ਜ਼ਰੂਰ ਸਿੱਖ ਲਿਆ ਜਾਣਾ ਚਾਹੀਦਾ ਹੈ : ਜੋ ਜੋ ਮੁਰੰਮਤ ਵੀ ਕਰਨੀ ਹੈ, ਉਹ ਵਾਤਾਵਰਨ ਵਿਗਿਆਨ ਦੇ ਨੇਮਾਂ ਅਨੁਸਾਰ ਕੀਤੀ ਜਾਵੇ। ਕੁਦਰਤ ਦੀ ਹੁਕਮ-ਅਦੂਲੀ ਜੇ ਹੁਣ ਵੀ ਜਾਰੀ ਰਹੀ ਤਾਂ ਇਹ ਭਲ੍ਹਕੇ ਜ਼ਰੂਰ ਕਹਿਰੀ ਜਵਾਬ ਲੈ ਕੇ ਆਏਗੀ। ...ਅਤੇ ਅਜਿਹੇ ਜਵਾਬ ਕਿੰਨੇ ਤਬਾਹਕੁੰਨ ਹੋਣਗੇ, ਉਸ ਦਾ ਅਨੁੁਮਾਨ ਹੁਣ ਵਾਲੇ ਕਹਿਰੀ ਰੂਪ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ।